ਚੰਨੀ ਪਰਿਵਾਰ ਉਪਰ ਈਡੀ ਛਾਪੇ ਕਾਂਗਰਸ ਧਰਮ ਸੰਕਟ ਵਿਚ 

ਚੰਨੀ ਪਰਿਵਾਰ ਉਪਰ ਈਡੀ ਛਾਪੇ ਕਾਂਗਰਸ ਧਰਮ ਸੰਕਟ ਵਿਚ 

 *ਕਾਂਗਰਸ ਨੇ ਚੋਣ ਕਮਿਸ਼ਨ ਦਾ ਦਖ਼ਲ ਮੰਗਿਆ                                                               *ਵਿਰੋਧੀ ਪਾਰਟੀਆਂ ਬਾਦਲ ਦਲ ,ਆਪ ਤੇ ਕੈਪਟਨ ਵਲੋਂ ਕਾਂਗਰਸ ਉਪਰ ਹਮਲਾ                    * ਗੈਰ-ਕਾਨੂੰਨੀ ਮਾਈਨਿੰਗ ਵਿਚ ਲਿਬੜੇ ਕਾਂਗਰਸੀ ਵਿਧਾਇਕਾਂ ਦੀ ਸ਼ਮੂਲੀਅਤ ਬਾਰੇ ਸੋਨੀਆ ਨੂੰ ਦੱਸ ਦਿੱਤਾ ਸੀ-ਕੈਪਟਨ 

* ਚੰਨੀ ਕੇਜਰੀਵਾਲ ਵਿਰੁਧ ਠੋਕਣਗੇ ਮੁਕਦਮਾ  ,ਵਿਰੋਧੀਆਂ ਨੂੰ ਦਿਤਾ ਗੜਕਵਾਂ ਉਤਰ 

ਅੰਮ੍ਰਿਤਸਰ ਟਾਈਮਜ਼

 ਜਲੰਧਰ:ਪੰਜਾਬ ਦੀ ਰਾਜਨੀਤੀ ਦੀਆਂ ਪਾਰਟੀਆਂ ਵਿਚ ਜਨਤਾ ਦੀਆਂ ਵੋਟਾਂ ਲੈਣ ਲਈ ਘਮਸਾਨ ਮਚਿਆ ਹੋਇਆ ਹੈ। ਪੰਜਾਬ ਦੀ ਜਨਤਾ ਦੀ ਹਾਲਤ ਵੀ ਬਾਜਾਂ ਵਿਚ ਘਿਰੀ ਚਿੜੀ ਤੋਂ ਵੱਖਰੀ ਨਹੀਂ ਹੈ। ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਲੀ ਦੇ ਬੇਟੇ (ਭਣੇਵੇਂ) 'ਤੇ ਈ.ਡੀ. ਵਲੋਂ ਮਾਰੇ ਗਏ ਛਾਪੇ ਅਤੇ ਬਰਾਮਦ ਹੋਏ ਕਰੋੜਾਂ ਰੁਪਈਆਂ ਦੀ ਹੈ। ਇਸ ਛਾਪੇ ਵਿਚ ਫੜੇ ਗਏ ਕਰੋੜਾਂ ਰੁਪਈਆਂ ਨੇ ਭਾਵੇਂ ਚੰਨੀ ਦੇ ਇਸ ਦਾਅਵੇ ਕਿ ਉਹ ਇਕ ਗ਼ਰੀਬ ਪਰਿਵਾਰ ਦਾ ਪੁੱਤਰ ਹੈ, ਨੂੰ ਕਾਫੀ ਨੁਕਸਾਨ ਵੀ ਪਹੁੰਚਾਇਆ ਹੈ ਪਰ ਮੁੱਖ ਮੰਤਰੀ ਵਲੋਂ ਖੇਡਿਆ ਜਾ ਰਿਹਾ ਮਜ਼ਲੂਮ ਹੋਣ ਦਾ ਕਾਰਡ ਚੰਨੀ ਦੀ ਦਲਿਤਾਂ ਵਿਚ ਆਮ ਤੌਰ 'ਤੇ ਰਵਿਦਾਸੀਆਂ ਵਿਚ ਖ਼ਾਸ ਤੌਰ 'ਤੇ ਪਕੜ ਹੋਰ ਮਜ਼ਬੂਤ ਕਰ ਰਿਹਾ ਵੀ ਦਿਖਾਈ ਦਿੰਦਾ ਹੈ। ਪਰ ਜੇਕਰ ਈ.ਡੀ. ਵਲੋਂ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਤੇ ਸੰਦੀਪ ਕੌਂਸਲ ਨੂੰ ਨੇੜ ਭਵਿੱਖ ਵਿਚ ਸੰਮਨ ਜਾਰੀ ਕਰਕੇ ਬੁਲਾਇਆ ਗਿਆ ਤੇ ਪੁਛਗਿੱਛ ਦੌਰਾਨ ਚੰਨੀ ਜਾਂ ਹੋਰ ਕਾਂਗਰਸੀ ਲੀਡਰਾਂ ਦੇ ਖਿਲਾਫ਼ ਸਬੂਤ ਲੱਭ ਗਏ ਤਾਂ ਕਾਂਗਰਸੀ ਆਗੂਆਂ ਸਮੇਤ ਕਾਂਗਰਸ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਹੈ।ਇਸ ਦਰਮਿਆਨ ਜਿਸ ਤਰ੍ਹਾਂ ਕਾਂਗਰਸੀ ਮੰਤਰੀਆਂ ਜਿਨ੍ਹਾਂ ਵਿਚ ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਣਾ ਗੁਰਜੀਤ ਸਿੰਘ ਆਦਿ ਸ਼ਾਮਿਲ ਹਨ, ਨੇ ਖੁੱਲ੍ਹ ਕੇ ਚੰਨੀ ਦਾ ਸਾਥ ਦਿੱਤਾ ਹੈ, ਉਸ ਨੇ ਵੀ ਚੰਨੀ ਦੀ ਪੁਜ਼ੀਸ਼ਨ ਕਾਂਗਰਸ ਵਿਚ ਕਮਜ਼ੋਰ ਹੋਣ ਤੋਂ ਬਚਾਈ ਹੈ।                                                   ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਿੱਤਰ ਆਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਬਾਰੇ ਉਨ੍ਹਾਂ  ਕਿਹਾ ਕਿ  ਅਜਿਹੇ ਛਾਪੇ ਜਾਣਬੁੱਝ ਕੇ ਅਤੇ ਗਲਤ ਸਮੇਂ 'ਤੇ ਕੀਤੇ ਜਾ ਰਹੇ ਹਨ। ਦੂਲੋਂ ਨੇ ਕਿਹਾ ਕਿ ਪੰਜਾਬ 'ਚ ਕਈ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਹੈ ਅਤੇ ਇਸ ਸਬੰਧੀ ਉਨ੍ਹਾਂ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਸੀ ਕਿ ਪੰਜਾਬ ਪੁਲਸ ਇਨ੍ਹਾਂ ਮਾਫੀਆ ਨੂੰ ਨੱਥ ਪਾਉਣ ਵਿਚ ਅਸਮਰਥ ਹੈ, ਇਸ ਲਈ ਉਨ੍ਹਾਂ ਦੀਆਂ ਏਜੰਸੀਆਂ ਇਨ੍ਹਾਂ ਖਿਲਾਫ ਕਾਰਵਾਈ ਕਰਨ ਪਰ ਅੱਜ ਸਿਰਫ ਇਕ ਦਲਿਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।                 ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਜਦੋਂ ਕੇਜਰੀਵਾਲ ਦੇ ਰਿਸ਼ਤੇਦਾਰ ਤੇ 2018 ਵਿਚ ਈ. ਡੀ. ਨੇ ਛਾਪਿਆ ਮਾਰਿਆ ਸੀ ਤਾਂ ਉਸ ਸਮੇਂ ਕੇਜਰੀਵਾਲ ਬਹੁਤ ਅੱਗ-ਬਬੂਲਾ ਹੋਏ ਸਨ ਅਤੇ ਕਿਹਾ ਸੀ ਕਿ ਇਹ ਕਾਰਵਾਈ ਬਦਲੇ ਦੀ ਰਾਜਨੀਤੀ ਦਾ ਸੰਕੇਤ ਹੈ।ਉਨ੍ਹਾਂ ਕਿਹਾ ਕਿ ਹੁਣ ਈ. ਡੀ. ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਤੇ ਛਾਪਾ ਮਾਰਿਆ ਹੈ ਤਾਂ ਕੇਜਰੀਵਾਲ ਵੱਲੋਂ ਈ. ਡੀ. ਦੀ ਕਾਰਵਾਈ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਇਸ ਨਾਲ ਕੇਜਰੀਵਾਲ ਦਾ ਦੋਗਲਾਪਨ ਜਨਤਾ ਦੇ ਸਾਹਮਣੇ ਆ ਚੁੱਕਾ ਹੈ।ਖਾਸ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ, ਜਦਕਿ ਤਿੰਨ ਦਿਨ ਪਹਿਲਾਂ ਸਿੱਧੂ ਦੀ ਪ੍ਰੈੱਸ ਕਾਨਫਰੰਸ 'ਚ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਵੀ ਮੌਜੂਦ ਸਨ। ਸੁਰਜੇਵਾਲਾ ਨੇ ਈਡੀ ਦੇ ਛਾਪੇ ਦੀ ਨਿੰਦਾ ਕੀਤੀ ਸੀ ਪਰ ਸਿੱਧੂ ਚੁੱਪ ਰਹੇ।  ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ 'ਤੇ ਈ.ਡੀ.ਦੀ ਛਾਪੇਮਾਰੀ ਖ਼ਿਲਾਫ਼ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕੀਤੀ ਅਤੇ ਦੋਸ਼ ਲਗਾਇਆ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ, ਮੁੱਖ ਮੰਤਰੀ ਅਤੇ ਪਾਰਟੀ ਦਾ ਅਕਸ ਖਰਾਬ ਕਰਨ ਲਈ ਕੀਤੀ ਗਈ ।ਕਾਂਗਰਸ ਦਾ ਇਕ ਵਫ਼ਦ ਵਰਚੂਅਲੀ ਤੌਰ 'ਤੇ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਉਸ ਨੂੰ ਮੰਗ ਪੱਤਰ ਦਿੰਦਿਆਂ ਦੋਸ਼ ਲਗਾਇਆ ਕਿ ਇਹ ਛਾਪੇਮਾਰੀ 20 ਫਰਵਰੀ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਾਰਨਾ ਬਣਾਉਣ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ ਹੈ ।ਵਫ਼ਦ ਵਿਚ ਸ਼ਾਮਿਲ ਰਣਦੀਪ ਸਿੰਘ ਸੂਰਜੇਵਾਲਾ, ਅਭਿਸ਼ੇਕ ਮਨੂ ਸਿੰਘਵੀ, ਹਰੀਸ਼ ਚੌਧਰੀ, ਦੇਵੇਂਦਰ ਯਾਦਵ, ਗਣੇਸ਼ ਗੋਡਿਆਲ, ਪ੍ਰਣਵ ਝਾਅ, ਅਮਨ ਪੰਵਾਰ ਨੇ ਵੀ ਮੁੱਖ ਚੋਣ ਕਮਿਸ਼ਨਰ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਉਤਰਾਖੰਡ 'ਵਿਚ ਸੱਤਾਧਾਰੀ ਭਾਜਪਾ ਦੁਆਰਾ ਕਥਿਤ ਸਰਕਾਰੀ ਰਿਕਾਰਡ 'ਚ ਛੇੜਛਾੜ ਕਰਨ ਬਾਰੇ ਯਾਦ ਕਰਵਾਇਆ ।       

 ਵਿਰੋਧੀ ਪਾਰਟੀਆਂ ਵਲੋਂ ਚੰਨੀ ਉਪਰ ਹਮਲਾ   

 ਇਸ ਦਰਮਿਆਨ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਨੂੰ ਘੇਰਨ ਦਾ ਯਤਨ ਕੀਤਾ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਈ.ਡੀ. ਦੇ ਛਾਪੇ ਨਾਲ ਸਾਡੀ ਗੱਲ ਠੀਕ ਸਾਬਤ ਹੋ ਗਈ ਕਿ ਚੰਨੀ ਹੀ ਸਭ ਤੋਂ ਵੱਡਾ ਰੇਤ ਮਾਫੀਆ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਨੇ ਉਨ੍ਹਾਂ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਮੁੱਖ ਮੰਤਰੀ ਦੇ ਭਾਣਜੇ ਦੀ ਰਿਹਾਇਸ਼ ਤੇ ਮਾਰੇ ਗਏ ਛਾਪੇ ਦੌਰਾਨ ਕਰੋੜਾਂ ਦੀ ਨਕਦੀ ਬਰਾਮਦ ਹੋਣ ਤੋਂ ਸਾਫ਼ ਹੋ ਗਿਆ ਹੈ ਕਿ ਸੂਬੇ ਵਿੱਚ ਰੇਤ ਮਾਫੀਆ ਸ੍ਰੀ ਚੰਨੀ ਵੱਲੋਂ ਚਲਾਇਆ ਜਾ ਰਿਹਾ ਹੈ।   

 ਆਪ ਦੇ ਮੁਖੀ ਕੇਜਰੀਵਾਲ ਨੇ ਕਿਹਾ ਕਿ ਮੁਖ ਮੰਤਰੀ ਚੰਨੀ ਆਮ ਆਦਮੀ ਨਹੀਂ ਸਗੋਂ ਬੇਈਮਾਨ ਆਦਮੀ ਹੈ ।

ਚੰਨੀ ਨੇ 111 ਦਿਨਾਂ ਦੇ ਰਾਜ ਵਿਚ ਭ੍ਰਿਸ਼ਟਾਚਾਰ ਵਿਚ ਕੈਪਟਨ ਤੇ ਬਾਦਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੇ ਪਰਿਵਾਰ ਦੇ ਗੁਨਾਹਾਂ ਲਈ ਮੈਨੂੰ ਦੋਸ਼ ਨਾ ਦਿਓ, ਈ.ਡੀ. ਮੈਨੂੰ ਰਿਪੋਰਟ ਨਹੀਂ ਕਰਦੀ। ਪੰਜਾਬ ਲੋਕ ਕਾਂਗਰਸ  ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਈ.ਡੀ. ਦੇ ਹਾਲ ਹੀ ਦੇ ਛਾਪਿਆਂ ਵਿਚ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਤੋਂ ਮਿਲੇ ਕਰੋੜਾਂ ਰੁਪਏ ਦੇ ਖ਼ੁਲਾਸੇ ਤੋਂ ਬਾਅਦ ਮੌਜੂਦਾ ਸਰਕਾਰ 'ਸੂਟਕੇਸ ਦੀ ਸਰਕਾਰ' ਵਜੋਂ ਬੇਨਕਾਬ ਹੋ ਗਈ ਹੈ । ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਦੇ ਰਿਸ਼ਤੇਦਾਰਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜ਼ਬਤੀ ਉਸ ਕੇਸ ਦੀ ਫਾਲੋ-ਅਪ ਸੀ ਜੋ ਏਜੰਸੀ ਨੇ ਉਦੋਂ ਦਰਜ ਕੀਤਾ ਸੀ ਜਦੋਂ ਉਨ੍ਹਾਂ ਨੇ ਸਰਕਾਰ ਦੀ ਅਗਵਾਈ ਕਰਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਸਨ ।ਬਦਕਿਸਮਤੀ ਨਾਲ ਉਨ੍ਹਾਂ ਕਿਹਾ ਕਿ ਉਹ ਸੂਬੇ ਵਿਚ ਗੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ  ਕਾਂਗਰਸੀ ਵਿਧਾਇਕਾਂ ਵਿਰੁੱਧ ਕੋਈ ਗੰਭੀਰ ਕਾਰਵਾਈ ਕਰਨ ਵਿਚ ਅਸਮਰੱਥ ਰਹੇ ਹਨ ਕਿਉਂਕਿ ਇਸ ਨਾਲ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਸੀ ਪਰ ਉਨ੍ਹਾਂ ਗੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਿਲ ਕਾਂਗਰਸੀ ਵਿਧਾਇਕ ਦੀ ਸ਼ਮੂਲੀਅਤ ਬਾਰੇ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ ਅਤੇ ਸੋਨੀਆ ਗਾਂਧੀ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣ 'ਚ ਅਸਫ਼ਲ ਰਹੀ ਸੀ ਕਿ ਉਹ ਕਿਸ ਮੰਤਰੀ ਜਾਂ ਵਿਧਾਇਕ ਨੂੰ ਇਸ ਮੁੱਦੇ 'ਤੇ ਬਰਖ਼ਾਸਤ ਕਰਨਾ ਚਾਹੁੰਦੇ ਸੀ ।  ਇਸ ਦੌਰਾਨ ਭਾਜਪਾ ਨੇ ਵੀ ਚੰਨੀ 'ਤੇ ਤਿੱਖੇ ਹਮਲੇ ਕੀਤੇ ਹਨ।     

  ਚੰਨੀ ਦਾ ਵਿਰੋਧੀਆਂ ਨੂੰ ਮਾਰਿਆ ਲਲਕਾਰਾ

 ਜਵਾਬ ਵਿਚ ਇਕ ਪਾਸੇ ਚੰਨੀ ਮਜ਼ਲੂਮ ਤੇ ਬਦਲਾਖੋਰੀ ਦਾ ਸ਼ਿਕਾਰ ਹੋਣ ਦਾ ਰੋਲ ਨਿਭਾਅ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਦੀ ਰੈਲੀ ਅਸਫਲ ਰਹਿਣ ਦਾ ਬਦਲਾ ਲਿਆ ਜਾ ਰਿਹਾ ਹੈ। ਇਹ ਇਕ ਦਲਿਤ ਮੁੱਖ ਮੰਤਰੀ ਨੂੰ ਚੋਣ ਲੜਨ ਤੋਂ ਰੋਕਣ ਦੀ ਕੋਸ਼ਿਸ਼ ਹੈ ਅਤੇ ਭਾਜਪਾ ਤੇ ਆਪ ਵਿਚ ਸਮਝੌਤਾ ਹੈ। ਭਾਜਪਾ ਆਪ ਨੂੰ ਜਿਤਾਉਣਾ ਚਾਹੁੰਦੀ ਹੈ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਉਨ੍ਹਾਂ ਉਪਰ ਰੇਤ ਮਾਫੀਆ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਦਾ ਅਕਸ ਖਰਾਬ ਕਰ ਰਹੇ ਹਨ। ਇਸ ਲਈ ਉਹ ਕੇਜਰੀਵਾਲ ਤੇ ਮਾਣਹਾਨੀ ਦਾ ਮੁਕੱਦਮਾ ਕਰਨਗੇ, ਇਸ ਲਈ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਤੋਂ ਇਜਾਜ਼ਤ ਮੰਗੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿਚ 200 ਕਰੋੜ ਰੁਪਏ ਦੇ ਹੋਰਡਿੰਗਸ ਲਗਵਾਏ ਹਨ, ਪਹਿਲਾਂ ਉਹ ਦੱਸਣ ਕਿ ਉਨ੍ਹਾਂ ਕੋਲ ਇੰਨਾ ਪੈਸਾ ਕਿੱਥੋ ਆਇਆ ਹੈ। ਇਸ ਤੋਂ ਇਲਾਵਾ ਗੋਆ, ਉਤਰਾਖੰਡ ਵਿਚ ਵੀ ਕੇਜਰੀਵਾਲ ਨੇ ਕਰੋੜਾਂ ਰੁਪਏ ਖਰਚ ਕਰਕੇ ਹੋਰਡਿੰਗਸ ਲਗਵਾਏ ਹਨ। ਪਹਿਲਾਂ ਉਨ੍ਹਾਂ ਨੂੰ ਇਸ ਪੈਸੇ ਦਾ ਹਿਸਾਬ ਦੇਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਮੇਰੇ ਕੋਲ ਆਪਣੀ ਚੋਣ ਲੜਨ ਲਈ ਪੈਸੇ ਨਹੀਂ ਹਨ, ਲਿਹਾਜ਼ਾ ਉਨ੍ਹਾਂ ਦੇ ਆਪਣੇ ਹਲਕੇ ਵਿਚ ਅਜੇ ਤਕ ਉਨ੍ਹਾਂ ਦੇ ਨਾਂ ਦਾ ਕੋਈ ਹੋਰਡਿੰਗ ਨਹੀਂ ਲੱਗਾ।

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੇਰੇ ਰਿਸ਼ਤੇਦਾਰ ਘਰੋਂ ਪੈਸੇ ਫੜੇ ਗਏ ਹਨ, ਤਾਂ ਇਸ ਵਿਚ ਮੇਰਾ ਨਾਮ ਕਿਉਂ ਜੋੜਿਆ ਜਾ ਰਿਹਾ ਹੈ। ਮੇਰੀ ਤਸਵੀਰ ਪੈਸਿਆਂ ਨਾਲ ਜੋੜ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਕੇਜਰੀਵਾਲ ਦਾ ਭਤੀਜਾ 130 ਕਰੋੜ ਰੁਪਏ ਨਾਲ ਫੜਿਆ ਗਿਆ ਸੀ, ਉਦੋਂ ਕਿਉਂ ਨਹੀਂ ਉਹ ਬੋਲੇ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਕੋਈ ਗ਼ਲਤੀ ਹੁੰਦੀ ਤਾਂ ਈ. ਡੀ. ਮੇਰੇ ਤੇ ਕਾਰਵਾਈ ਕਰਦੀ। ਮੈਨੂੰ ਮਜ਼ਬੂਰ ਹੋ ਕੇ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਨ ਦਾ ਫ਼ੈਸਲਾ ਲੈਣਾ ਪੈ ਰਿਹਾ ਹੈ।ਦੂਜੇ ਪਾਸੇ ਚੰਨੀ ਦੇ ਸਮਰਥਕ ਮੰਤਰੀ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਹਮਲਾਵਰ ਹਨ। ਉਹ ਚੰਨੀ 'ਤੇ ਹਰਫ਼ ਆਉਣ 'ਤੇ ਜੇਲ੍ਹਾਂ ਭਰਨ ਦੀ ਗੱਲ ਵੀ ਕਰਦੇ ਹਨ ਤੇ ਲਲਕਾਰੇ ਵੀ ਮਾਰ ਰਹੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਕੇਜਰੀਵਾਲ ਦੇ ਰਿਸ਼ਤੇਦਾਰ ਦੇ ਘਰ ਈ.ਡੀ. ਦਾ ਛਾਪਾ ਪਿਆ ਸੀ ਉਦੋਂ ਉਹੀ ਕਿਉਂ ਚੀਕ-ਚਿਹਾੜਾ ਪਾਉਂਦੇ ਸਨ ਇਸ ਤਰ੍ਹਾਂ ਚੰਨੀ ਸਿਰਫ ਆਪਣਾ ਦਲਿਤ ਵੋਟ ਬੈਂਕ ਹੋਰ ਪੱਕਾ ਕਰਨ ਦੀ ਕੋਸ਼ਿਸ਼ ਵਿਚ ਕਾਮਯਾਬ ਹੁੰਦੇ ਹੀ ਨਜ਼ਰ ਨਹੀਂ ਆ ਰਹੇ, ਸਗੋਂ ਉਨ੍ਹਾਂ ਦੇ ਕਈ ਮੰਤਰੀ ਖੁੱਲ੍ਹ ਕੇ ਇਹ ਵੀ ਕਹਿਣ ਲੱਗ ਪਏ ਹਨ ਕਿ ਚੰਨੀ ਨੂੰ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਹਾਲਾਂ ਕਿ ਕਾਂਗਰਸ ਇਹ ਫ਼ੈਸਲਾ ਕਰ ਚੁੱਕੀ ਹੈ ਕਿ ਉਹ ਇਹ ਚੋਣਾਂ ਸਮੂਹਿਕ ਲੀਡਰਸ਼ਿਪ ਅਧੀਨ ਹੀ ਲੜੇਗੀ।      

ਚੋਣ ਅਮਲ ਦੌਰਾਨ ਈ ਡੀ ਦੇ ਛਾਪੇ ਗ਼ਲਤ

ਪੰਜਾਬ ਦੀ ਸਿਆਸਤ ਵਿੱਚ ਮੁੱਖ ਮੰਤਰੀ ਚੰਨੀ ਦੀ ਸਾਲੀ ਦੇ ਮੁੰਡੇ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਉੱਤੇ ਈਡੀ ਵਲੋਂ ਛਾਪੇਮਾਰੀ   ਦਾ ਭਾਜਪਾ ਨੂੰ ਤਾਂ ਇਸ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ, ਹਾਂ, ਇਸ ਦਾ ਲਾਭ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਵਿੱਚ ਜ਼ਰੂਰ ਹੋ ਸਕਦਾ ਹੈ ।ਬੀਤੀ 5 ਜਨਵਰੀ ਵਾਲੀ ਫਿਰੋਜ਼ਪੁਰ ਰੈਲੀ ਕੀਤੇ ਬਿਨਾਂ ਜਦੋਂ ਮੋਦੀ ਨੂੰ ਬੇਰੰਗ ਵਾਪਸ ਮੁੜਨਾ ਪਿਆ ਸੀ ਤਾਂ ਉਸ ਵੇਲੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਥਿਤ ਖਾਮੀ ਲਈ ਚੰਨੀ ਸਰਕਾਰ ਨੂੰ ਦੋਸ਼ੀ ਗਰਦਾਨਿਆ ਸੀ । ਪੰਜਾਬ ਦੇ ਰਾਜਨੀਤਕ ਮਾਹਿਰਾਂ ਦਾ ਮੰਨਣਾ ਕਿ ਭਾਜਪਾ ਆਪ ਦੀ ਮਦਦ ਕਰ ਰਹੀ ਹੈ।ਉੱਤਰ ਪ੍ਰਦੇਸ਼ ਤੋਂ ਪੰਜਾਬ ਪਹੁੰਚੇ ਈ ਡੀ ਦੇ ਕਾਫ਼ਲੇ ਨੇ ਪੰਜਾਬ ਵਿੱਚ  ਕੀਤੀ ਹੈ । ਇਸ ਦੇ ਨਾਲ ਹੀ ਉਸ ਦੇ ਕੁਝ ਨੇੜਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ । ਇਹ ਮਾਮਲਾ ਰੇਤ ਦੀ ਨਜਾਇਜ਼ ਖੁਦਾਈ ਨਾਲ ਜੁੜਿਆ ਹੋਇਆ ਹੈ ।ਇਹ ਹਰ ਕੋਈ ਜਾਣਦਾ ਹੈ ਕਿ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਰਾਜ ਦੌਰਾਨ ਰੇਤ ਦੀ ਨਜਾਇਜ਼ ਖੁਦਾਈ ਦਾ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਰਿਹਾ ਹੈ । ਕਾਂਗਰਸ ਦੇ ਕਈ ਵਿਧਾਇਕਾਂ ਦੇ ਵੀ ਇਸ ਵਿੱਚ ਨਾਂਅ ਬੋਲਦੇ ਰਹੇ ਹਨ ।ਇਨ੍ਹਾਂ ਦੋਸ਼ਾਂ ਕਾਰਨ ਹੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ ।ਇਸ ਵੇਲੇ ਸਵਾਲ ਰੇਤ ਦੀ ਨਜਾਇਜ਼ ਖੁਦਾਈ ਦਾ ਨਹੀਂ, ਸਮੇਂ ਦਾ ਹੈ ।ਜਿਹੜੇ ਮਾਮਲੇ ਵਿੱਚ ਇਹ ਛਾਪੇ ਮਾਰੇ ਜਾ ਰਹੇ ਹਨ, ਉਹ ਤਿੰਨ ਸਾਲ ਤੋਂ ਵੱਧ ਪੁਰਾਣਾ ਹੈ । ਪੰਜਾਬ ਪੁਲਸ ਨੇ ਰੇਤ ਖੁਦਾਈ ਕਾਨੂੰਨ ਦੀ ਧਾਰਾ ਅਧੀਨ 2018 ਵਿੱਚ ਇੱਕ ਐੱਫ਼ ਆਈ ਆਰ ਦਰਜ ਕੀਤੀ ਸੀ । ਤਿੰਨ ਸਾਲਾਂ ਤੋਂ ਵੱਧ ਸਮੇਂ ਦੌਰਾਨ ਇਹ ਐਫ਼ ਆਈ ਆਰ ਫਾਈਲਾਂ ਵਿੱਚ ਪਈ ਧੂੜ ਫੱਕਦੀ ਰਹੀ | ਹੁਣ ਜਦੋਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਈ ਡੀ ਨੇ ਇਸ ਦੀ ਧੂੜ ਝਾੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸਪੱਸ਼ਟ ਤੌਰ ਉੱਤੇ ਇਹ ਛਾਪੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਮਾਰੇ ਗਏ ਹਨ । ਸਾਡਾ ਵਿਚਾਰ ਹੈ ਕਿ ਅਜਿਹੀਆਂ ਕਾਰਵਾਈਆਂ ਚੋਣ ਅਮਲ ਸ਼ੁਰੂ ਹੋਣ ਤੋਂ ਬਾਅਦ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ, ਇਹ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਕਾਰਨ ਬਣਦੀਆਂ ਹਨ, ਜਿਹੜੀ ਕਾਰਵਾਈ ਹੋਣੀ ਹੈ ਚੋਣਾਂ ਬਾਅਦ ਹੋਵੇ।