ਮੁਖ ਮੰਤਰੀ ਚੰਨੀ ਦੋਸ਼ੀਆ ਦੇ ਹਕ ਵਿਚ ਭੁਗਤੇ

ਮੁਖ ਮੰਤਰੀ ਚੰਨੀ ਦੋਸ਼ੀਆ ਦੇ ਹਕ ਵਿਚ ਭੁਗਤੇ

ਮਾਮਲਾ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ਦਾ:  ਮੁਖਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਸਮੇਤ 12 ਥਾਈਂ ਈਡੀ ਦੀ ਛਾਪੇਮਾਰੀ

*ਈਡੀ ਨੇ ਹਨੀ ਤੋਂ ਪੁੱਛਿਆ ਕਿ ਨਾਜਾਇਜ਼ ਮਾਈਨਿੰਗ ਵਿਚ ਮੁੱਖ ਮੰਤਰੀ  ਚੰਨੀ ਦੇ ਰਸੂਖ ਦੀ ਵਰਤੋਂ ਕੀਤੀ ਹੈ? 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਰੇਤ ਮਾਈਨਿੰਗ ਤੋਂ ਨਾਜਾਇਜ਼ ਕਮਾਈ ਦੇ ਮਾਮਲੇ ਵਿਚ ਬੀਤੇ ਦਿਨੀਂਂ  ਪੰਜਾਬ ਵਿਚ ਵੱਡੀ ਕਾਰਵਾਈ ਕੀਤੀ। ਟੀਮ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ (ਸਾਲੀ ਦੇ ਬੇਟੇ) ਦੇ ਮੋਹਾਲੀ ਤੇ ਲੁਧਿਆਣਾ ਸਥਿਤ ਘਰਾਂ ਸਮੇਤ 12 ਥਾਵਾਂ ’ਤੇ ਛਾਪੇਮਾਰੀ ਕੀਤੀ।ਈਡੀ ਨੂੰ ਇਸ ਮਾਮਲੇ ਵਿਚ ਰੇਤ ਮਾਈਨਿੰਗ ਜ਼ਰੀਏ ਕਰੋਡ਼ਾਂ ਰੁਪਏ ਦੀ ਨਾਜਾਇਜ਼ ਕਮਾਈ ਦਾ ਸ਼ੱਕ ਹੈ। ਈਡੀ ਨੇ ਮੋਹਾਲੀ ਦੇ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਤੇ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਸਥਿਤ ਭੁਪਿੰਦਰ ਸਿੰਘ ਹਨੀ ਦੇ ਘਰਾਂ ’ਤੇ ਛਾਪੇ ਮਾਰੇ ਤੇ ਕਈ ਦਸਤਾਵੇਜ਼ ਜ਼ਬਤ ਕੀਤੇ।ਈਡੀ ਨੇ ਹਨੀ ਤੋਂ ਪੁੱਛਿਆ ਕਿ ਕੀ ਨਾਜਾਇਜ਼ ਮਾਈਨਿੰਗ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਸੂਖ ਦੀ ਵਰਤੋਂ ਕੀਤੀ ਹੈ? ਲੁਧਿਆਣੇ ਚ ਜਲੰਧਰੋਂ ਆਈ ਈਡੀ ਦੀ ਟੀਮ ਕਾਫ਼ੀ ਦੇਰ ਤਕ ਜਾਂਚ ਕਰਦੀ ਰਹੀ ਤੇ ਕਈ ਦਸਤਾਵੇਜ਼ ਨਾਲ ਲੈ ਗਈ। ਭੁਪਿੰਦਰ ਸਿੰਘ ਨੇ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੱਸਿਆ ਜਾਂਦਾ ਹੈ ਕਿ ਭੁਪਿੰਦਰ ਸਿੰਘ ਹਨੀ ਹੀ ਮੁੱਖ ਮੰਤਰੀ ਦੇ ਆਰਥਿਕ ਮਾਮਲਿਆਂ ਨੂੰ ਦੇਖਦਾ ਰਿਹਾ ਹੈ। ਉਸ ਤੇ ਦੋਸ਼ ਹੈ ਕਿ ਉਸ ਨੇ ਇਸ ਦੌਰਾਨ ਕਰੋਡ਼ਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਹੀ ਲੋ ਪ੍ਰੋਫਾਈਲਪਰਿਵਾਰ ਦੱਸਦੇ ਰਹੇ ਹਨ ਜਦਕਿ ਸਿਆਸੀ ਵਿਰੋਧੀ ਉਨ੍ਹਾਂ ਦੇ ਰਿਸ਼ਤੇਦਾਰ ਦੀਆਂ ਕਰੋਡ਼ਾਂ ਰੁਪਏ ਦੀ ਜਾਇਦਾਦ ਤੇ ਸਵਾਲ ਉਠਾਉਂਦੇ ਰਹੇ ਹਨ। ਉਧਰ ਪਠਾਨਕੋਟ ਦੇ ਮਾਮੂਨ ਚ ਸਵੇਰੇ ਕਰੀਬ ਅੱਠ ਵਜੇ ਈਡੀ ਦੀ ਟੀਮ ਨੇ ਕਾਰੋਬਾਰੀ ਵਿਕਰਮ ਜੋਸ਼ੀ ਦੇ ਘਰ ਤੇ ਛਾਪਾ ਮਾਰਿਆ ਤੇ ਸ਼ਾਮ ਸਾਢੇ ਛੇ ਵਜੇ ਰਿਕਾਰਡ ਤੇ ਬੈਂਕ ਖਾਤਿਆਂ ਦੀ ਡਿਟੇਲ ਦੀ ਪੁਣਛਾਣ ਕੀਤੀ। ਉਧਰ ਫ਼ਤਹਿਗਡ਼੍ਹ ਸਾਹਿਬ ਦੇ ਅਮਲੋਹ ਹਲਕੇ ਦੇ ਪਿੰਡ ਬੁੱਗਾ ਕਲਾਂ ਚ ਸਾਬਕਾ ਸਰਪੰਚ ਰਣਦੀਪ ਸਿੰਘ ਬੁੱਗਾ ਦੇ ਘਰ ’ਤੇ ਵੀ ਈਡੀ ਦੀ ਟੀਮ ਨੇ ਕਾਰਵਾਈ ਕੀਤੀ। ਇਹ ਕਾਰਵਾਈ ਵੀ ਨਾਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿਚ ਹੀ ਕੀਤੀ ਗਈ ਹੈ। ਬੁੱਗਾ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਦੇ ਕਰੀਬੀ ਹਨ। ਉਧਰ ਮੰਤਰੀ ਨੇ ਇਸ ਨੂੰ ਚੋਣ ਸਟੰਟ ਦੱਸਿਆ।

ਪੰਜਾਬ ਚ ਹਮੇਸ਼ਾ ਉਠਦਾ ਰਿਹੈ ਨਾਜਾਇਜ਼ ਮਾਈਨਿੰਗ ਦਾ ਮੁੱਦਾ

ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਹਮੇਸ਼ਾ ਤੋਂ ਹੀ ਵੱਡਾ ਮੁੱਦਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਵਿਚ ਹੈਲੀਕਾਪਟਰ ਰਾਹੀਂ ਦੌਰਾ ਕਰ ਕੇ ਇਸ ਮੁੱਦੇ ਨੂੰ ਹੋਰ ਹਵਾ ਦਿੱਤੀ ਸੀ। ਇਸ ਪਿੱਛੋਂ ਪ੍ਰਸ਼ਾਸਨ ਨੇ ਕਈ ਲੋਕਾਂ ਤੇ ਕਾਰਵਾਈ ਕੀਤੀ ਸੀ। ਉਸ ਵੇਲੇ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਮਾਮਲਾ ਉਠਾਇਆ ਸੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸੀਐੱਮ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ’ਚ ਨਾਜਾਇਜ਼ ਰੇਤ ਮਾਈਨਿੰਗ ਦੇ ਦੋਸ਼ ਲਾਏ ਸਨ। ਉਨ੍ਹਾਂ ਨੇ ਪਿੱੰਡ ਜਿੰਦਾਪੁਰ ਪੁੱਜ ਕੇ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਚੰਨੀ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ ਤੇ ਆਪ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਸੀ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਇਹ ਮੁੱਦਾ ਉਠਾਉਂਦੇ ਰਹੇ ਹਨ। ਉਨ੍ਹਾਂ ਨੇ ਆਪਣੇ ਪੰਜਾਬ ਮਾਡਲ ਵਿਚ ਰੇਤ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ।

ਇਹ ਹੈ ਮਾਮਲਾ

ਪੰਜਾਬ ਪੁਲਿਸ ਨੇ ਰੂਪਨਗਰ ਦੇ ਚਮਕੌਰ ਸਾਹਿਬ ਵਿਚ 2018 ਵਿਚ ਨਾਜਾਇਜ਼ ਰੇਤ ਮਾਈਨਿੰਗ ਦਾ ਇਕ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਮੁੱਖ ਮੰਤਰੀ ਚੰਨੀ ਦਾ ਵਿਧਾਨ ਸਭਾ ਹਲਕਾ ਹੈ। ਇਸ ਕੇਸ ਵਿਚ ਵਿੱਤੀ ਧੋਖਾਦੇਹੀ ਦੀ ਧਾਰਾ ਵੀ ਲੱਗੀ ਸੀ। ਉਸ ਕੇਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਭੁਪਿੰਦਰ ਸਿੰਘ ਹਨੀ ਹੀ ਸਾਰੇ ਮਾਮਲੇ ਦਾ ਸੂਤਰਧਾਰ ਹੈ। ਇਸ ਆਧਾਰ ’ਤੇ ਹੀ ਈਡੀ ਨੇ ਇਹ ਕੇਸ ਆਪਣੇ ਹੱਥ ਲਿਆ।

ਅਸੀਂ ਘਬਰਾਉਣ ਵਾਲੇ ਨਹੀਂ : ਚੰਨੀ

ਇਸ ਕਾਰਵਾਈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੰਗਾਲ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ’ਤੇ ਵੀ ਈਡੀ ਦੇ ਛਾਪੇ ਪਏ ਸਨ। ਇਹ ਕਾਰਵਾਈ ਵੀ ਉਸੇ ਤਰ੍ਹਾਂ ਦੀ ਹੈ ਪਰ ਅਸੀਂ ਇਸ ਤੋਂ ਘਬਰਾਉਣ ਵਾਲੇ ਨਹੀਂ ਹਾਂ। ਇਹ ਕਾਰਵਾਈ ਬਦਲੇ ਤਹਿਤ ਕੀਤੀ ਗਈ ਹੈ। ਨਾਜਾਇਜ਼ ਮਾਈਨਿੰਗ ਦੇ ਦੋਸ਼ ਬੇਬੁਨਿਆਦ ਹਨ। ਈਡੀ ਨੂੰ ਜਾਂਚ ਵਿਚ ਕੁਝ ਵੀ ਹਾਸਲ ਨਹੀਂ ਹੋਵੇਗਾ।

ਕਾਂਗਰਸ ਜਿੰਮੇਵਾਰ : ਕੇਜਰੀਵਾਲ

ਇਸ ਮਾਮਲੇ ਵਿਚ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਰਾਘਵ ਚੱਢਾ ਨੇ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਉਠਾਇਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉੱਥੇ ਕਿਸ ਤਰ੍ਹਾਂ ਰੇਤ ਦੀ ਚੋਰੀ ਹੋ ਰਹੀ ਹੈ ਪਰ ਫਿਰ ਵੀ ਚੰਨੀ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ।