ਬੱਬਰ ਖ਼ਾਲਸਾ  ਦੇ 6 ਮੈਂਬਰਾਂ ਖ਼ਿਲਾਫ਼ ਐਨ.ਆਈ.ਏ. ਵਲੋਂ  ਦੋਸ਼ ਪੱਤਰ ਦਾਇਰ

ਬੱਬਰ ਖ਼ਾਲਸਾ  ਦੇ 6 ਮੈਂਬਰਾਂ ਖ਼ਿਲਾਫ਼ ਐਨ.ਆਈ.ਏ. ਵਲੋਂ  ਦੋਸ਼ ਪੱਤਰ ਦਾਇਰ

                  ਮਾਮਲਾ ਹਰਿਆਣਾ 'ਵਿਚ  ਹਥਿਆਰ ਬਰਾਮਦ ਹੋਣ  ਦਾ                                   

ਅੰਮ੍ਰਿਤਸਰ ਟਾਈਮਜ਼             

ਨਵੀਂ ਦਿੱਲੀ-ਹਰਿਆਣਾ 'ਵਿਚ ਇਕ ਵਾਹਨ 'ਵਿਚੋਂ ਹਥਿਆਰ ਤੇ ਧਮਾਕਾਖੇਜ਼ ਸਮਗਰੀ ਬਰਾਮਦ ਕਰਨ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 6 ਸ਼ੱਕੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ ।ਇਸ ਸੰਬੰਧੀ ਐਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ 'ਚ ਪਾਬੰਦੀਸ਼ੁਦਾ  ਸੰਗਠਨ ਦਾ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਵੀ ਸ਼ਾਮਿਲ ਹੈ, ਜਿਸ ਨੇ ਭਾਰਤ 'ਵਿਚ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਡਰੋਨ ਰਾਹੀਂ ਹਥਿਆਰ ਭਾਰਤ ਭੇਜੇ ਸਨ । ਅਧਿਕਾਰੀ ਨੇ ਦੱਸਿਆ ਕਿ ਮੁਢਲੇ ਤੌਰ 'ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਧਮਾਕਾਖੇਜ਼ ਪਦਾਰਥ ਐਕਟ ਤੇ ਅਸਲ੍ਹਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹਰਿਆਣਾ ਦੇ ਮਧੂਬਨ ਪੁਲਿਸ ਸਟੇਸ਼ਨ 'ਵਿਚ 5 ਤੇ 24 ਮਈ ਨੂੰ ਐਨ.ਆਈ.ਏ. ਵਲੋਂ ਦੁਬਾਰਾ ਕੇਸ ਦਰਜ ਕੀਤਾ ਗਿਆ ਸੀ । ਬੁਲਾਰੇ ਨੇ ਦੱਸਿਆ ਕਿ ਵਾਹਨ ਦੀ ਤਲਾਸ਼ੀ ਦੌਰਾਨ ਗੁਰਪ੍ਰੀਤ ਸਿੰਘ ਗੋਪੀ, ਅਮਨਦੀਪ ਸਿੰਘ ਦੀਪਾ, ਪਰਮਿੰਦਰ ਸਿੰਘ ਪਿੰਦਰ ਤੇ ਭੁਪਿੰਦਰ ਸਿੰਘ ਕੋਲੋਂ ਦੋ ਮੈਗਜ਼ੀਨ ਅਤੇ 31 ਰੌਂਦਾਂ ਸਮੇਤ ਇਕ ਪਿਸਤੌਲ, ਤਿੰਨ ਧਮਾਕਾਖੇਜ਼ ਯੰਤਰ (ਆਈ.ਈ.ਡੀ.) ਤੇ 1.30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ।ਰਿੰਦਾ ਤੇ ਰਾਜਬੀਰ ਸਿੰਘ ਰਾਜਾ ਸਮੇਤ 6 ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ । ਐਨ.ਆਈ.ਏ. ਦੇ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਸਿੰਘ, ਭੁਪਿੰਦਰ ਤੇ ਰਾਜਬੀਰ ਪੰਜਾਬ ਦੇ ਵਸਨੀਕ ਹਨ, ਜਦਕਿ ਰਿੰਦਾ ਮਹਾਰਾਸ਼ਟਰ ਦਾ ਵਸਨੀਕ ਹੈ ।