ਫਿਰਕੂ ਸਿਆਸਤ ਤੋਂ ਗੁਰੇਜ਼ ਕਰਨ ਕੇਜਰੀਵਾਲ: ਅਕਾਲੀ ਦਲ

ਫਿਰਕੂ ਸਿਆਸਤ ਤੋਂ ਗੁਰੇਜ਼ ਕਰਨ ਕੇਜਰੀਵਾਲ: ਅਕਾਲੀ ਦਲ

*ਮਜੀਠੀਆ ਵੱਲੋਂ ਕੇਜਰੀਵਾਲ ਦਾ ਕਰੰਸੀ ਨੋਟਾਂ ਬਾਰੇ  ਬਿਆਨ ਫਿਰਕਾਪ੍ਰਸਤੀ ਫੈਲਾਉਣ ਵਾਲ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਪਵਾਉਣ ਦੀ ਮੰਗ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਦੇਸ਼ ਵਿੱਚ ਫਿਰਕੂ ਸਦਭਾਵਨਾ ਨੂੰ ਸੱਟ ਮਾਰਨ ਵਾਲਾ ਕਰਾਰ ਦਿੱਤਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ  ਕੇਜਰੀਵਾਲ ਦਾ ਬਿਆਨ ਦੇਸ਼ ਦੇ ਧਰਮ ਨਿਰਪੱਖ ਸਰੂਪ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਸਭਿਆਚਾਰਕ ਤੇ ਬਹੁ-ਭਾਸ਼ਾਈ ਮੁਲਕ ਹੈ ਅਤੇ ਦੇਸ਼ ਦੇ ਸੰਵਿਧਾਨ ਦਾ ਸਾਰੇ ਧਰਮ ਤੇ ਸੱਭਿਆਚਾਰ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਕਿਸੇ ਨੂੰ ਵੀ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ।

ਭਾਰਤ ਵਿੱਚ ਕਰੰਸੀ ਨੋਟ ਕਿਵੇਂ ਡਿਜ਼ਾਈਨ ਕੀਤੇ ਜਾਂਦੇ ਹਨ?   

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਰਤ ਦੇ ਕਰੰਸੀ ਨੋਟਾਂ 'ਤੇ ਦੇਵੀ ਲਕਸ਼ਮੀ ਅਤੇ ਗਣਪਤੀ ਦੀਆਂ ਫੋਟੋਆਂ ਛਾਪਣ ਦੀ ਮੰਗ ਕਰ ਕੇ ਹਲਚਲ ਮਚਾ ਦਿੱਤੀ ਹੈ।ਕਰੰਸੀ ਨੋਟਾਂ 'ਤੇ ਉੱਘੀਆਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਛਾਪਣ ਦੀਆਂ ਪਹਿਲਾਂ ਵੀ ਕਈ ਵਾਰ ਮੰਗਾਂ ਉੱਠਦੀਆਂ ਰਹੀਆਂ ਹਨ।

ਇਸ ਦੇ ਤਹਿਤ ਰਾਜਾ ਸ਼ਿਵਾਜੀ, ਬਾਬਾ ਸਾਹਿਬ ਅੰਬੇਡਕਰ ਤੋਂ ਲੈ ਕੇ ਵਿਨਾਇਕ ਸਾਵਰਕਰ, ਬਾਲਾ ਸਾਹਿਬ ਠਾਕਰੇ, ਨਰਿੰਦਰ ਮੋਦੀ ਦੀਆਂ ਤਸਵੀਰਾਂ ਕਰੰਸੀ ਨੋਟ ਛਾਪਣ ਦੀ ਮੰਗ ਕੀਤੀ ਜਾ ਰਹੀ ਹੈ।

ਫਿਲਹਾਲ ਭਾਰਤੀ ਕਰੰਸੀ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ।ਹਾਲਾਂਕਿ, ਰਿਜ਼ਰਵ ਬੈਂਕ ਨੇ ਇਹ ਕਹਿ ਕੇ ਇਸ ਚਰਚਾ ਨੂੰ ਖ਼ਤਮ ਕਰ ਦਿੱਤਾ ਸੀ ਕਿ ਮਹਾਤਮਾ ਗਾਂਧੀ ਦੀ ਫੋਟੋ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ।

ਯਾਦ ਰਹੇ ਕਿ ਰਿਜ਼ਰਵ ਬੈਂਕ ਦਾ ਕੇਂਦਰੀ ਬੋਰਡ ਕਰੰਸੀ ਨੋਟਾਂ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੇਖਦਾ ਹੈ। ਸਿੱਕਿਆਂ ਨਾਲ ਸਬੰਧਤ ਕੰਮ ਕੇਂਦਰ ਸਰਕਾਰ ਖ਼ੁਦ ਦੇਖਦੀ ਹੈ।ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਵਾਂਗ, ਆਰਬੀਆਈ ਨੂੰ ਮੁਦਰਾ ਨੋਟਾਂ ਦੀ ਰਚਨਾ ਜਾਂ ਡਿਜ਼ਾਈਨ ਨੂੰ ਬਦਲਣ ਦਾ ਅਧਿਕਾਰ ਹੈ।ਕਿਸੇ ਵੀ ਨੋਟ ਦੇ ਡਿਜ਼ਾਈਨ ਵਿੱਚ ਕਿਸੇ ਵੀ ਬਦਲਾਅ ਲਈ ਆਰਬੀਆਈ ਦੇ ਕੇਂਦਰੀ ਬੋਰਡ ਅਤੇ ਕੇਂਦਰ ਸਰਕਾਰ ਦੋਵਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।ਪਰ ਸਿੱਕੇ 'ਤੇ ਡਿਜ਼ਾਈਨ ਬਦਲਣ ਦਾ ਫ਼ੈਸਲਾ ਕੇਂਦਰ ਸਰਕਾਰ ਦੇ ਅਧਿਕਾਰ ਅਧੀਨ ਆਉਂਦਾ ਹੈ।

ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 22 ਇਹ ਦੱਸਦੀ ਹੈ।ਰਿਜ਼ਰਵ ਬੈਂਕ ਪਹਿਲਾਂ ਨੋਟਾਂ ਨੂੰ ਡਿਜ਼ਾਈਨ ਕਰਦਾ ਹੈ। ਫਿਰ ਇਸ ਨੂੰ ਆਰਬੀਆਈ ਸੈਂਟਰਲ ਬੋਰਡ ਨੂੰ ਭੇਜਿਆ ਜਾਂਦਾ ਹੈ।ਇਸ ਤੋਂ ਬਾਅਦ ਡਿਜ਼ਾਈਨ ਨੂੰ ਅੰਤਿਮ ਮਨਜ਼ੂਰੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਜਾਂਦਾ ਹੈ।ਸਿੱਕਾ ਐਕਟ, 2011 ਮੁਤਾਬਕ, ਭਾਰਤ ਸਰਕਾਰ ਕੋਲ ਸਿੱਕਿਆਂ ਸਬੰਧੀ ਮੁਕੰਮਲ ਅਧਿਕਾਰ ਹੈ।