ਪੀਰ ਦੀ ਦਰਗਾਹ ’ਤੇ  ਅਖੰਡ ਪਾਠ ਕਰਵਾਉਣ ਕਾਰਣ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ

ਪੀਰ ਦੀ ਦਰਗਾਹ ’ਤੇ  ਅਖੰਡ ਪਾਠ ਕਰਵਾਉਣ ਕਾਰਣ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ

*ਸਤਿਕਾਰ ਕਮੇਟੀ  ਨੇ ਕੇਸ ਦਰਜ ਕਰਵਾਇਆ

ਅੰਮ੍ਰਿਤਸਰ ਟਾਈਮਜ਼  

ਭਿੱਖੀਵਿੰਡ : ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪੀਰ ਦੀ ਦਰਗਾਹ ਉੱਪਰ ਕਥਿਤ ਤੌਰ ’ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੇ ਦੋਸ਼ ਹੇਠ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 8 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜਨ ਭਿੱਖੀਵਿੰਡ ਦੇ ਡੀਐੱਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਪਿੰਡ ਬਲ੍ਹੇਰ ਵਿਖੇ ਕੁਝ ਵਿਅਕਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਖੇਤਾਂ ਵਿਚ ਬਣੀ ਪੀਰ ਦੀ ਜਗ੍ਹਾ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ।

ਇਸ ਸਬੰਧੀ ਪਹਿਲਾਂ 24 ਜੂਨ ਨੂੰ ਚੌਕੀ ਸੁਰਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੋਕਣ ਸਬੰਧੀ ਦਰਖਾਸਤ ਦਿੱਤੀ ਗਈ ਸੀ। ਜਿਸ ਦੇ ਬਾਵਜੂਦ ਤਰਸੇਮ ਸਿੰਘ , ਨਿਸ਼ਾਨ ਸਿੰਘ  , ਬਲਦੇਵ ਸਿੰਘ ਅਤੇ ਗੁਰਮੁੱਖ ਸਿੰਘ  ਬਲ੍ਹੇਰ ਤੋਂ ਇਲਾਵਾ ਪਾਠੀ ਸਿੰਘ ਗੁਰਦੀਪ ਸਿੰਘ , ਅੰਗਰੇਜ਼ ਸਿੰਘ , ਜੱਜਬੀਰ ਸਿੰਘ  ਅਤੇ ਗੁਰਪ੍ਰੀਤ ਸਿੰਘ  ਵੱਲੋਂ ਉਕਤ ਜਗ੍ਹਾ ’ਤੇ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ। ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਰਣਜੀਤ ਸਿੰਘ ਉਦੋਕੇ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। ਉਕਤ ਸਾਰੇ ਲੋਕਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਰਣਜੀਤ ਸਿੰਘ ਉਦੋਕੇ ਨੇ ਕਿਹਾ ਕਿ ਪਿੰਡ ਬਲ੍ਹੇਰ ਵਿਚ ਪੀਰ ਦੀ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਤੋਂ ਪਹਿਲਾਂ ਪੁਲਿਸ ਚੌਕੀ ਸੁਰਸਿੰਘ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਪਿੰਡ ਦੇ ਕੁਝ ਵਿਅਕਤੀ ਤੇ ਸਿਆਸੀ ਆਗੂ ਸਿੱਖ ਮਰਿਆਦਾ ਦੇ ਉਲਟ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹਨ। ਪਰ ਉਕਤ ਲੋਕਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੀ ਪਰਵਾਹ ਨਾ ਕਰਦਿਆਂ ਉਸੇ ਜਗ੍ਹਾ ’ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਗਏ। ਜਿਸ ਨੂੰ ਲੈ ਕੇ ਸਮੂਹ ਸਿੱਖ ਜਥੇਬੰਦੀਆਂ ਵਿਚ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ।