ਪਿੰਡ ਵਾਸੀਆਂ ਨੇ ਡਰਗ ਵਿਕਣ ਕਾਰਣ ਧਲੇਤਾ ਦੀ ਪੁਲਿਸ ਚੌਕੀ ਨੂੰ ਲਾਇਆ ਜੰਦਰਾ

ਪਿੰਡ ਵਾਸੀਆਂ ਨੇ ਡਰਗ ਵਿਕਣ ਕਾਰਣ ਧਲੇਤਾ ਦੀ ਪੁਲਿਸ ਚੌਕੀ ਨੂੰ ਲਾਇਆ ਜੰਦਰਾ

ਅੰਮ੍ਰਿਤਸਰ ਟਾਈਮਜ਼

 ਗੁਰਾਇਆ : ਪਿੰਡ ਧੁਲੇਤਾ ਵਿਖੇ  ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਧਲੇਤਾ ਦੀ ਪੁਲਿਸ ਚੌਕੀ ਦੇ ਤਿੰਨਾਂ ਗੇਟਾਂ ਨੂੰ ਤਾਲਾ ਜੜ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਧਲੇਤਾ ਵਿਚ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਈ ਸੀ । ਜਿਸ ਕਾਰਨ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਪੁਲਿਸ ਚੌਕੀ ਧੁਲੇਤਾ ਵਿਖੇ ਧਰਨਾ ਦਿੱਤਾ ਗਿਆ ਸੀ । ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਪਿੰਡ ਧਲੇਤਾ 'ਵਿਚ ਪੁਲਿਸ ਮੁਲਾਜ਼ਮਾਂ ਦੇ ਮਿਲੀ ਭਗਤੀ ਨਾਲ ਹੀ ਨਸ਼ਾ ਵਿਕ ਰਿਹਾ ਹੈ ਅਤੇ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ਰ੍ਹੇਆਮ ਪੁਲਿਸ ਮੁਲਾਜ਼ਮਾਂ ਅਤੇ ਨਸ਼ੇ ਦੇ ਵਪਾਰੀਆਂ ਦੇ ਨਾਮ ਵੀ ਉਜਾਗਰ ਕੀਤੇ ਗਏ ਸਨ । ਜਿਸ 'ਤੇ ਡੀਐੱਸਪੀ ਫਿਲੌਰ ਹਰਲੀਨ ਸਿੰਘ ਵੱਲੋਂ ਇਕ ਮਹੀਨੇ ਦੇ ਅੰਦਰ ਪਿੰਡ ਵਿਚੋਂ ਨਸ਼ਾ ਖਤਮ ਕਰਨ ਦਾ ਭਰੋਸਾ ਦੇਣ ਅਤੇ ਨਸ਼ੇ ਦੇ ਵਪਾਰੀਆਂ ਦੇ ਵਿਰੁੱਧ ਬਣਦੀ ਕਾਰਵਾਈ ਕਰੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ ਸੀ । ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਾ ਚੁੱਕਣ ਚੁੱਕੇ ਜਾਣ 'ਤੇ ਪਿੰਡ ਵਾਸੀਆਂ ਵੱਲੋਂ ਪਿੰਡ ਧਲੇਤਾ ਦੀ ਪੁਲਿਸ ਚੌਕੀ ਦੇ ਤਿੰਨੇ ਗੇਟਾਂ ਨੂੰ ਤਾਲੇ ਜੜ ਦਿੱਤੇ ਗਏ ।

ਇਸ ਸਬੰਧੀ ਪਿੰਡ ਦੇ ਸਰਪੰਚ ਹਰਜੀਤ ਸਿੰਘ ਅਤੇ ਪੰਚ ਸੁਖਵੀਰ ਸਿੰਘ ਸੁੱਖੀ ਨੇ ਕਿਹਾ ਕਿ ਨਸ਼ੇ ਨਾਲ ਪਿੰਡ ਦੇ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ । ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਨਸ਼ੇ ਵਿਰੁੱਧ ਲਾਮਬੰਦੀ ਕਰਦੇ ਹੋਏ ਨਸ਼ਾ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ । ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਵਪਾਰੀਆਂ ਦੇ ਖ਼ਿਲਾਫ਼ ਠੋਸ ਕਾਰਵਾਈ ਨਾ ਕਰਨ 'ਤੇ ਅੱਜ ਪਿੰਡ ਵਾਸੀਆਂ ਵੱਲੋਂ ਪਿੰਡ ਧੁਲੇਤਾ ਦੀ ਪੁਲਿਸ ਚੌਕੀ ਨੂੰ ਤਾਲੇ ਲਾ ਕੇ ਪੁਲਿਸ ਚੌਕੀ ਅੱਗੇ ਇਕ ਲੰਮਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ।

ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਦੇ ਦੋ ਸਾਬਕਾ ਮੰਤਰੀ ਹਾਈ ਕੋਰਟ ਦੀ ਸ਼ਰਨ , ਆਸ਼ੂ ਤੇ ਸਿੰਗਲਾ ਨੇ ਦਾਖ਼ਲ ਕੀਤੀ ਪਟੀਸ਼ਨ

ਉਨ੍ਹਾਂ ਕਿਹਾ ਕਿ ਜਦ ਤਕ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਹੀਂ ਕਰਦੇ ਤਦ ਤਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਪਿੰਡ ਦੇ ਨਸ਼ਾ ਵਪਾਰੀਆਂ ਨੇ ਪਿੰਡ ਧਲੇਤਾ 'ਚ ਇਕ ਵੱਡੀ ਨਸ਼ੇ ਦੀ ਮੰਡੀ ਬਣਾਈ ਹੋਈ ਹੈ ਅਤੇ ਪਿੰਡ ਧਲੇਤਾ ਤੋਂ ਹੀ ਆਸ ਪਾਸ ਦੇ ਕਈ ਪਿੰਡਾਂ ਦੇ ਵਿਚ ਨਸ਼ੇ ਦੀ ਸਪਲਾਈ ਦਿੱਤੀ ਜਾਂਦੀ ਹੈ । ਉਨ੍ਹਾਂ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਮੜ੍ਹਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਕਾ-ਦੁੱਕਾ ਨਸ਼ਾ ਵੇਚਣ ਵਾਲਿਆਂ ਤੇ ਛੋਟੇ ਮੋਟੇ ਪਰਚੇ ਦੇ ਕੇ ਖਾਨਾਪੂਰਤੀ ਕੀਤੀ ਗਈ ਹੈ । ਜਦ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੇ ਵਿਚ ਨਾਕਾਮਯਾਬ ਰਿਹਾ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦ ਤਕ ਪੁਲਿਸ ਨਸ਼ੇ ਦੇ ਵੱਡੇ ਮਗਰਮੱਛਾਂ ਕਾਰਵਾਈ ਨਹੀਂ ਕਰਦੀ ਤਦ ਤਕ ਇਹ ਇਹ ਧਰਨਾ ਨਿਰੰਤਰ ਜਾਰੀ ਰਹੇਗਾ । ਇਸ ਸਬੰਧੀ ਧੁਲੇਤਾ ਚੌਂਕੀ ਇੰਚਾਰਜ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਜਿਨ੍ਹਾਂ ਸੱਤ ਬੰਦਿਆਂ ਦੇ ਨਾਮ ਲਿਖ ਕੇ ਦਿੱਤੇ ਗਏ ਸਨ। ਪੁਲਿਸ ਵੱਲੋਂ ਉਨ੍ਹਾਂ ਵਿਚੋਂ ਚਾਰ ਨਸ਼ਾ ਤਸਕਰਾਂ ਤੇ ਪਰਚੇ ਦੇ ਕੇ ਉਨ੍ਹਾਂ ਨੂੰ ਅੰਦਰ ਕਰ ਦਿੱਤਾ ਗਿਆ ਹੈ ਅਤੇ ਬਾਕੀ ਤਿੰਨ ਨਸ਼ਾ ਤਸਕਰਾਂ ਦੀ ਭਾਲ ਕਰ ਕੇ ਜਲਦੀ ਅੰਦਰ ਕਰ ਦਿੱਤੇ ਜਾਣਗੇ ਉਨ੍ਹਾਂ ਅਤੇ ਉਨ੍ਹਾਂ ਦੀ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਇਸ ਸਬੰਧੀ ਡੀਐੱਸਪੀ ਫਿਲੌਰ ਹਰਲੀਨ ਸਿੰਘ ਨੇ ਕਿਹਾ ਕਿ ਪੁਲਿਸ ਆਪਣੇ ਵੱਲੋਂ ਮੁਸਤੈਦੀ ਨਾਲ ਕੰਮ ਕਰ ਰਹੀ ਹੈ । ਪਿੰਡ 'ਚੋਂ ਨਸ਼ਾ ਖਤਮ ਕਰਨ ਲਈ ਪਿੰਡ ਵਾਸੀਆਂ ਤੋੰ ਦੋ ਜੁਲਾਈ ਤੱਕ ਦਾ ਸਮਾਂ ਲਿਆ ਗਿਆ ਸੀ । ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਦੋ ਜੁਲਾਈ ਤੋਂ ਪਹਿਲਾਂ ਪਹਿਲਾਂ ਪਿੰਡ ਧੁਲੇਤਾ ਦੇ ਵਿਚ ਕਿਸੇ ਕਿਸਮ ਦਾ ਵੀ ਨਸ਼ਾ ਦੇਖਣ ਨੂੰ ਨਹੀਂ ਮਿਲੇਗਾ । ਖ਼ਬਰ ਲਿਖੇ ਜਾਣ ਤੱਕ ਪੁਲਿਸ ਚੌਂਕੀ ਧੁਲੇਤਾ ਅੱਗੇ ਪਿੰਡ ਵਾਸੀਆਂ ਅਤੇ ਪੰਚਾਇਤ ਦਾ ਧਰਨਾ ਨਿਰੰਤਰ ਜਾਰੀ ਸੀ । ਇਸ ਮੌਕੇ ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ ਵੱਲੋਂ ਪਿੰਡ ਦੀ ਪੰਚਾਇਤ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ ।

...ਜਦੋਂ ਪੁਲਿਸ ਮੁਲਾਜ਼ਮ ਕੰਧਾਂ ਟੱਪਣ ਨੂੰ ਹੋਏ ਮਜ਼ਬੂਰ

ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਫਜ਼ੀਹਤ ਝੱਲਣੀ ਪਈ ਜਦੋਂ ਪਿੰਡ ਧੁਲੇਤਾ ਦੇ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਧੁਲੇਤਾ ਦੀ ਪੁਲਿਸ ਚੌਕੀ ਦੇ ਤਿੰਨੇ ਗੇਟਾਂ ਨੂੰ ਤਾਲੇ ਲਗਾ ਲਗਾ ਕੇ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਡੱਕ ਦਿੱਤਾ । ਜਿਸ ਨਾਲ ਪੁਲਿਸ ਮੁਲਾਜ਼ਮਾਂ 'ਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਚੌਕੀ ਦੀਆਂ ਕੰਧਾਂ ਟੱਪ ਕੇ ਬਾਹਰ ਆਉਣਾ ਪਿਆ।