ਸੁਨੀਲ ਜਾਖੜ ਨੂੰ ਚੰਨੀ ਦੀ ਨੰਦਾ ਕਰ ਕੇ ਦਲਿਤ ਭਾਈਚਾਰੇ ਖ਼ਿਲਾਫ਼ ਬੋਲਣਾ ਪਿਆ ਮਹਿੰਗਾ     

ਸੁਨੀਲ ਜਾਖੜ ਨੂੰ ਚੰਨੀ ਦੀ ਨੰਦਾ ਕਰ  ਕੇ ਦਲਿਤ ਭਾਈਚਾਰੇ ਖ਼ਿਲਾਫ਼ ਬੋਲਣਾ ਪਿਆ ਮਹਿੰਗਾ     

      *ਐਸ ਸੀ ਕਮਿਸ਼ਨ ਵੱਲੋਂ ਕਾਰਵਾਈ ਦੇ ਹੁਕਮ   

ਅੰਮ੍ਰਿਤਸਰ ਟਾਈਮਜ਼ ਬਿਊਰੋ

 ਚੰਡੀਗੜ੍ਹ  : ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਦਲਿਤ ਭਾਈਚਾਰੇ ਖ਼ਿਲਾਫ਼ ਬੋਲਣਾ ਮਹਿੰਗਾ ਪੈ ਗਿਆ ਹੈ , ਕਿਉਂਕਿ ਦਲਿਤ ਭਾਈਚਾਰੇ ਵਿਰੁੱਧ ਅਪਸ਼ਬਦ ਬੋਲੇ ਜਾਣ ਦੇ ਮਾਮਲੇ 'ਚ ਐੱਸਸੀ ਕਮਿਸ਼ਨ ਚੰਡੀਗੜ੍ਹ ਨੇ ਨੋਟਿਸ ਲੈਂਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਕਾਂਗਰਸੀ ਨੇਤਾ ਸੁਨੀਲ ਜਾਖੜ ਖਿਲਾਫ਼ 15 ਦਿਨਾਂ ਅੰਦਰ ਜਾਂਚ ਕਰਕੇ ਐੱਸਸੀਐੱਸਟੀ ਐਕਟ ਤਹਿਤ ਐੱਫਆਈਆਰ ਦਰਜ ਕਰਨ ਲਈ ਕਿਹਾ ਹੈ।ਦਰਅਸਲ 'ਚ ਦਲਿਤ ਮੋਰਚਾ ਪੰਜਾਬ ਦੇ ਮੈਂਬਰ ਵਿਜੇ ਕੁਮਾਰ ਨੇ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਸਮਾਜ ਤੋਂ ਹੋਣ ਕਰਕੇ ਪੈਰਾਂ ਦੀ ਜੁੱਤੀ ਕਿਹਾ ਸੀ। ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਸ਼ਿਕਾਇਤ 'ਚ ਕਿਹਾ ਕਿ ਇੱਕ ਟੀਵੀ ਚੈਨਲ 'ਤੇ ਇੰਟਰਵਿਊ ਦੌਰਾਨ ਸੁਨੀਲ ਜਾਖੜ ਨੇ ਇਹ ਸ਼ਬਦ ਕਹੇ ਹਨ।  

ਜਿਸ ਨਾਲ ਉਨ੍ਹਾਂ ਕਾਨੂੰਨੀ ਤੌਰ 'ਤੇ ਅਪਰਾਧ ਕੀਤਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ 'ਚ ਕਾਨੂੰਨ ਦਾ ਡਰ ਰਹੇ। ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ 15 ਦਿਨਾਂ ਅੰਦਰ ਮਾਮਲੇ ਦੀ ਜਾਂਚ ਕਰਕੇ ਜਾਖੜ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਜੇ ਜਲੰਧਰ ਪੁਲਿਸ ਨੇ 15 ਦਿਨਾਂ ਅੰਦਰ ਕਾਰਵਾਈ ਨਾ ਕੀਤੀ ਤਾਂ ਪੁਲਿਸ ਕਮਿਸ਼ਨਰ ਜਾਂ ਉਨ੍ਹਾਂ ਦੇ ਕਿਸੇ ਨੁਮਾਇੰਦੇ ਨੂੰ ਐੱਸਸੀ ਕਮਿਸ਼ਨ ਸਾਹਮਣੇ ਪੇਸ਼ ਹੋਣਾ ਪਵੇਗਾ।ਦੱਸ ਦੇਈਏ ਕਿ ਓਧਰ ਕਾਂਗਰਸ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਾਖੜ ਨੂੰ ਇਹ ਨੋਟਿਸ  ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਦਿੱਤੇ ਬਿਆਨ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।