ਐਨਆਈਏ ਵਲੋਂ  ਮੁੱਖ ਦੋਸ਼ੀ ਦੇ ਘਰ 'ਤੇ ਛਾਪੇਮਾਰੀ

ਐਨਆਈਏ ਵਲੋਂ  ਮੁੱਖ ਦੋਸ਼ੀ ਦੇ ਘਰ 'ਤੇ ਛਾਪੇਮਾਰੀ

                          ਮਾਮਲਾ ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਦਾ                   

ਅੰਮ੍ਰਿਤਸਰ ਟਾਈਮਜ਼         

 ਖੰਨਾ-ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਬੀਤੇ ਦਿਨੀਂ ਐਨਆਈਏ ਦੀ ਟੀਮ ਨੇ ਖੰਨਾ ਵਿਚ ਛਾਪਾ ਮਾਰਿਆ। ਟੀਮ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਵੀ ਹੈ। ਟੀਮ ਨੇ ਇਹ ਛਾਪੇਮਾਰੀ ਲਲਹੇੜੀ ਰੋਡ 'ਤੇ ਸਥਿਤ ਗੁਰੂ ਤੇਗ ਬਹਾਦਰ ਨਗਰ ਸਥਿਤ ਇਕ ਘਰ ਵਿਚ ਕੀਤੀ। ਇਹ ਰੇਡ ਟੀਮ ਨੇ ਬੰਬ ਧਮਾਕੇ ਦੇ ਮੁੱਖ ਦੋਸ਼ੀ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਗਗਨਦੀਪ ਸਿੰਘ ਦੇ ਪੁਰਾਣੇ ਘਰ ਵਿਚ ਕੀਤੀ ਹੈ। ਧਮਾਕੇ ਦੌਰਾਨ ਗਗਨਦੀਪ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਪ੍ਰੋਫੈਸਰ ਕਲੋਨੀ ਵਿੱਚ ਨਵੇਂ ਮਕਾਨ ਵਿੱਚ ਸ਼ਿਫਟ ਹੋਣ ਤੋਂ ਪਹਿਲਾਂ ਪਰਿਵਾਰ ਸਮੇਤ ਇਸ ਥਾਂ ਤੇ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਉਦੋਂ ਤੋਂ ਇਹ ਘਰ ਕੁਝ ਸਾਲਾਂ ਤੋਂ ਬੰਦ ਸੀ। ਇਸ ਬੰਦ ਘਰ ਵਿੱਚ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਟੀਮ ਦਾ ਇਹ ਅਚਾਨਕ ਛਾਪਾ ਕਿਸੇ ਵੱਡੇ ਸੁਰਾਗ ਵੱਲ ਇਸ਼ਾਰਾ ਕਰ ਰਿਹਾ ਹੈ। ਹਾਲਾਂਕਿ ਕਿਸੇ ਨੂੰ ਵੀ ਘਰ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਅਤੇ ਅਧਿਕਾਰੀ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ।

ਧਿਆਨ ਯੋਗ ਹੈ ਕਿ ਕੁਝ ਸਾਲ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੇ ਗਏ ਖੰਨਾ ਸਦਰ ਥਾਣੇ ਦੇ ਸਾਬਕਾ ਮੁਨਸ਼ੀ ਗਗਨਦੀਪ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਵਿੱਚ ਗਗਨਦੀਪ ਦੀ ਵੀ ਮੌਤ ਹੋ ਗਈ। ਕੁਝ ਦਿਨਾਂ ਬਾਅਦ ਗਗਨਦੀਪ ਦੀ ਲਾਸ਼ ਦੀ ਸ਼ਨਾਖਤ ਹੁੰਦੇ ਹੀ ਪੰਜਾਬ ਪੁਲਿਸ ਵਿਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਗਗਨਦੀਪ ਦੇ ਪਰਿਵਾਰ ਅਤੇ ਉਸ ਦੀ ਇਕ ਪ੍ਰੇਮਿਕਾ ਤੋਂ ਵੀ ਪੁੱਛਗਿੱਛ ਕੀਤੀ। ਪਰ ਇਸ ਸਾਰੀ ਜਾਂਚ ਵਿੱਚ ਕਿਤੇ ਵੀ ਇਸ ਪੁਰਾਣੇ ਘਰ ਦਾ ਜ਼ਿਕਰ ਨਹੀਂ ਆਇਆ।