ਸਿੱਖ ਇਤਿਹਾਸ ਨਾਲ ਛੇੜਛਾੜ ਮਗਰੋਂ ਹੰਗਾਮਾ ਮਚਿਆ               

ਸਿੱਖ ਇਤਿਹਾਸ ਨਾਲ ਛੇੜਛਾੜ ਮਗਰੋਂ ਹੰਗਾਮਾ ਮਚਿਆ               

  *12ਵੀਂ ਜਮਾਤ ਦੀ ਕਿਤਾਬ ਵਿਚ 6ਵੇਂ ਗੁਰੂ ਬਾਰੇ ਲਿਖੀਆਂ ਵਿਵਾਦਤ ਗੱਲਾਂ

*ਪਰਗਟ ਸਿੰਘ ਵਲੋਂ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਦੇ ਮਾਮਲੇ ਵਿਚ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ        * ਪਹਿਲੀ ਤੋਂ ਚੌਥੀ ਜਮਾਤ ਤੱਕ ਸਿਖ ਇਤਿਹਾਸ ਵਿਗਾੜਨ ਵਾਲਿਆਂ  ਖਿਲਾਫ਼ ਦਰਜ ਹੋਵੇ ਪਰਚਾ - ਸਿੱਖ ਜਥੇਬੰਦੀਆਂ     

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬ 'ਵਿਚ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ।  ਜਾਣਕਾਰੀ ਮੁਤਾਬਕ ਇਸ ਕਿਤਾਬ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਬਾਰੇ ਵਿਵਾਦਤ ਗੱਲਾਂ ਲਿਖੀਆਂ ਗਈਆਂ ਹਨ। ਇਸ ਕਿਤਾਬ ਵਿਚ ਕਿਹਾ ਗਿਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਨੂੰ ਜੱਟਾਂ ਨੇ ਤਲਵਾਰ ਚੁੱਕਣ ਲਈ ਮਜ਼ਬੂਰ ਕੀਤਾ। ਇਸ 'ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ।ਕੁਲਤਾਰ ਸਿੰਘ ਸੰਧਵਾਂ ਨੇ ਵਿਵਾਦਤ ਪੁਸਤਕ ਨੂੰ ਸਿਲੇਬਸ ਵਿੱਚੋਂ ਤੁਰੰਤ ਹਟਾ ਕੇ ਤੱਥਾਂ ਨੂੰ ਦਰੁਸਤ ਕਰਨ ਲਈ ਕਿਹਾ ਹੈ। ਉਨ੍ਹਾਂ ਕਾਂਗਰਸ ਸਮੇਤ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਸਿੱਖ ਇਤਿਹਾਸ ਤੇ ਗੁਰੂਆਂ ਦੀ ਬਾਣੀ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਸੰਧਵਾਂ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਦੀ ਰਿਹਾਈ ਮਗਰੋਂ ਮੁਗ਼ਲ ਸ਼ਾਸਕ ਦੀ ਫ਼ੌਜ ਵਿੱਚ ਸੇਵਾ ਨਿਭਾਈ ਸੀ। ਇਹ ਗੱਲ ਪੰਜਾਬ ਕਾ ਇਤਿਹਾਸ ਨਾਂ ਦੀ ਕਿਤਾਬ ਦੇ ਪੰਨਾ ਨੰਬਰ 81 ਵਿੱਚ ਲਿਖੀ ਗਈ ਹੈ।ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ਬਾਦਲ ਨੂੰ ਇਸ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੱਟਾਂ ਕਰਕੇ ਖ਼ਾਲਸਾ ਪੰਥ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ, ਜੋ ਕਿ ਨਾ ਸਿਰਫ਼ ਗ਼ਲਤ ਹੈ, ਸਗੋਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਵਿੱਚ ਇਤਿਹਾਸਕ ਤੱਥਾਂ ਦੇ ਨਾਲ-ਨਾਲ ਸ਼੍ਰੀ ਗੁਰੂ ਤੇਗ ਬਹਾਦਰ, ਖਾਲਸਾ ਪੰਥ ਤੇ ਸ਼ਹੀਦ ਊਧਮ ਸਿੰਘ ਵਰਗੇ ਕ੍ਰਾਂਤੀਕਾਰੀਆਂ ਬਾਰੇ ਉਲ-ਜਲੂਲ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਤੇ ਤੁਰੰਤ ਪਾਬੰਦੀ ਲਗਾਈ ਜਾਵੇ।

ਪੰਜਾਬ ਦੇ ਇਤਿਹਾਸ ਬਾਰੇ ਪ੍ਰਕਾਸ਼ਿਤ ਕਿਤਾਬ ਬਾਰੇ ਉੱਠੇ ਇਤਰਾਜਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਂਚ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ 5 ਮਾਰਚ ਤੱਕ ਆ ਜਾਵੇਗੀ । ਪ੍ਰਗਟ ਸਿੰਘ ਨੇ ਨਾਲ ਹੀ ਸਪਸ਼ਟ ਕੀਤਾ ਕਿ ਜੇ ਇਸ ਮਾਮਲੇ ਵਿਚ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਗੈਰ-ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।

  ਮੋਹ ਦੀਆਂ ਤੰਦਾਂ' ਬਾਰੇ ਵਿਵਾਦ

ਸਿੱਖ ਜਥੇਬੰਦੀਆਂ ਵਲੋਂ ਮੋਹ ਦੀਆਂ ਤੰਦਾਂ' ਸਿਰਲੇਖ ਹੇਠ ਛਪੀਆਂ ਪਹਿਲੀ ਤੋਂ ਚੌਥੀ ਜਮਾਤ ਤੱਕ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰਬਾਣੀ ਨੂੰ ਤੋੜ- ਮਰੋੜ ਕੇ ਲਿਖਣ ਵਾਲੇ ਸੰਪਾਦਕ ਜਗਜੀਤ ਸਿੰਘ ਧੂਰੀ ਤੇ ਪਬਲਿਸ਼ਰ ਗਲੋਬਲ ਲਰਨਿੰਗ ਸਲਿਊਸ਼ਨ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਸ਼ਿਕਾਇਤ ਵਿਚ ਹਰਜਿੰਦਰ ਸਿੰਘ ਮੁਖੀ ਜਥੇਬੰਦੀ, ਜਥਾ ਨੀਲੀਆਂ ਫੌਜਾਂ, ਮਨਜੀਤ ਸਿੰਘ ਪ੍ਰਧਾਨ ਆਵਾਜ਼-ਏ-ਕੌਮ, ਸੁਰਜੀਤ ਸਿੰਘ ਖਾਲਿਸਤਾਨੀ ਨੇ ਇਕ ਸ਼ਿਕਾਇਤ ਵਿਚ ਕਿਹਾ ਕਿ ਇਕ ਗਹਿਰੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਨੀਯਤ ਨਾਲ ਅਤੇ ਬੱਚਿਆਂ ਨੂੰ ਗਲਤ ਸਿੱਖ ਇਤਿਹਾਸ ਪੜ੍ਹਾਉਣ ਦੀ ਸਾਜ਼ਿਸ਼ ਰਚਣ ਅਧੀਨ ਕੁਝ ਕਿਤਾਬਾਂ 'ਮੋਹ ਦੀਆਂ ਤੰਦਾਂ' ਪੰਜਾਬੀ ਪਾਠ ਪੁਸਤਕ ਦੇ ਨਾਮ ਉੱਤੇ ਵੱਖ-ਵੱਖ ਕਿਤਾਬਾਂ ਛਾਪੀਆਂ ਗਈਆਂ ਹਨ ਜੋ ਕਿ ਵੱਖ-ਵੱਖ ਕਲਾਸਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਛਪਵਾਈਆਂ ਗਈਆਂ ਹਨ।

ਇਹ ਕਿਤਾਬਾਂ  ਸੀ.ਬੀ ਐਸ. ਈ ਅਤੇ ਪੰਜਾਬ ਬੋਰਡ ਨਾਲ ਐਫੀਲੇਟਡ ਸਕੂਲਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ ਜੋ ਕਿ ਪਹਿਲੀ ਤੋਂ ਚੌਥੀ ਕਲਾਸ ਦੀਆਂ ਕਿਤਾਬਾਂ ਹਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪਹਿਲੀ ਕਲਾਸ ਦੀ ਕਿਤਾਬ ਵਿਚ ਚੈਪਟਰ ਨੰਬਰ 2 ਉੱਤਮ ਦੌਲਤ ਵਿੱਦਿਆ ਦੇ ਪੇਜ ਨੰਬਰ 30 ਉੱਤੇ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਸਿਖਿਆਵਾਂ ਟਾਈਟਲ ਹੇਠ ਦੋ ਗੁਰਬਾਣੀ ਦੀਆਂ ਤੁੱਕਾਂ ਲਿਖੀਆਂ ਗਈਆਂ ਹਨ ਜੋ ਕਿ ਦੋਨੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਅੱਖਰੀ ਤੌਰ 'ਤੇ ਗਲਤ ਹਨ ਅਤੇ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਮੁਤਾਬਿਕ ਤੋੜ-ਮਰੋੜ ਕੇ ਲਿਖ ਦੇਵੇ ।ਇਸੇ ਤਰ੍ਹਾਂ ਹੀ ਦੂਸਰੀ ਕਲਾਸ ਦੀ ਕਿਤਾਬ ਵਿਚ ਚੈਪਟਰ ਨੰਬਰ 2 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਬੰਧ ਵਿਚ ਲਿਖੇ ਗਏ ਚੈਪਟਰ ਵਿਚ ਸਿਧਾਂਤਕ ਗਲਤੀ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸੁਸ਼ੋਭਿਤ ਕਰ ਦਿੱਤਾ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ 

ਇਸੇ ਤਰ੍ਹਾਂ ਹੀ ਪੇਜ ਨੰਬਰ 18 ਉੱਪਰ ਗੁਰੂ ਅੰਗਦ ਦੇਵ ਜੀ ਦੇ ਜੋਤਿ ਜੋਤਿ ਸਮਾਉਣ ਦੀ ਮਿਤੀ 28 ਮਾਰਚ, 1522 ਈਸਵੀ ਲਿਖੀ ਗਈ ਹੈ ਜੋ ਕਿ ਬਿਲਕੁਲ ਗਲਤ ਹੈ । ਇਸ ਮੁਤਾਬਿਕ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ ਕੇਵਲ 18 ਸਾਲ ਬਣਦੀ ਹੈ ਜੋ ਕਿ ਗਲਤ ਅਤੇ ਬੇਬੁਨਿਆਦ ਜਾਣਕਾਰੀ ਹੈ | ਇਸੇ ਤਰ੍ਹਾਂ ਹੀ ਪੇਜ ਨੰਬਰ 20 ਉੱਪਰ ਵੀ ਇਹੀ ਗਲਤੀ ਦੁਹਰਾਈ ਗਈ ਹੈ ।ਇਸੇ ਤਰ੍ਹਾਂ ਹੀ ਚੌਥੀ ਕਲਾਸ ਦੀ ਕਿਤਾਬ 'ਮੋਹ ਦੀਆਂ ਤੰਦਾਂ' ਦੇ ਚੈਪਟਰ ਨੰਬਰ 2 ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣ ਸਬੰਧੀ ਲਿਖਿਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਤੱਖ ਰੂਪ ਵਿਚ ਤਸਵੀਰ ਲਗਾ ਦਿੱਤੀ ਗਈ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ । ਇਸੇ ਤਰ੍ਹਾਂ ਹੀ ਉਕਤ ਕਿਤਾਬ ਦੇ ਚੈਪਟਰ ਨੰਬਰ 11 ਦੇ ਪੰਨਾ ਨੰਬਰ 69 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੇਠ ਛਪੇ ਇਸ ਚੈਪਟਰ ਵਿਚ ਬਾਣੀ ਦੇ ਸਿਰਲੇਖ ਨੂੰ  ਗਲਤ ਤੌਰ ਤੇ 'ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ' ਛਾਪਿਆ ਗਿਆ ਹੈ ਜੋ ਕਿ ਗਲਤ ਹੈ । ਇਸ ਲਈ ਕਿਸੇ ਨੂੰ  ਵੀ ਕੋਈ ਅਧਿਕਾਰ ਨਾ ਹੋ ਕਿ ਉਹ ਗੁਰੂ ਸਾਹਿਬਾਨ ਦੀ ਬਾਣੀ ਨੂੰ  ਤੋੜ-ਮਰੋੜ ਕੇ ਲਿਖੇ ।

ਸ਼ਿਕਾਇਤ ਵਿਚ ਲਿਖਿਆ ਗਿਆ ਕਿ ਉਕਤ ਹਾਲਾਤ ਵਿਚ ਤੱਥਾਂ ਦੇ ਆਧਾਰ 'ਤੇ ਇਹ ਸਾਹਮਣੇ ਆਇਆ ਹੈ ਕਿ ਕਿਤਾਬਾਂ ਕਿਸੇ ਸਾਜ਼ਿਸ਼ ਅਧੀਨ ਬੱਚਿਆਂ ਦੇ ਮਨਾਂ ਵਿਚ ਸਿੱਖ ਇਤਿਹਾਸ ਸਬੰਧੀ ਗਲਤ ਧਾਰਨਾ ਪੈਦਾ ਕਰਨ, ਸਿੱਖ ਇਤਿਹਾਸ ਨੂੰ  ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਅੱਖਰੀ ਤੌਰ ਤੇ ਗਲਤ ਲਿਖ ਕੇ ਵੱਡੇ ਪੱਧਰ ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਮਨਾਂ ਨੂੰ  ਠੇਸ ਪਹੁੰਚਾਈ ਹੈ| ਇਸ ਦੇ ਮੱਦੇਨਜ਼ਰ ਉਕਤ ਕਿਤਾਬਾਂ ਦੀ ਸੇਲ, ਪ੍ਰੋਡਕਸ਼ਨ ਅਤੇ ਸਰਕੂਲੇਸ਼ਨ ਉੱਤੇ ਮੁਕੰਮਲ ਪਾਬੰਦੀ ਲਗਾਈ ਲਗਾਉਣ ਦੀ ਮੰਗ ਕੀਤੀ ਗਈ ਤਾਂ ਜੋ ਬੱਚਿਆਂ ਦੇ ਦਿਮਾਗ ਵਿਚ ਗਲਤ ਸਿੱਖ ਇਤਿਹਾਸ ਨਾ ਬੈਠ ਜਾਵੇ| ਇਸ ਮੋਕੇ ਹੋਰਾਂ ਤੋ ਇਲ਼ਾਵਾ ਜਸਵੰਤ ਸਿੰਘ ਖਾਲਸਾ, ਗੁਰਮਿੰਦਰ ਸਿੰਘ , ਗਗਨਦੀਪ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।