ਪੰਜਾਬ ਦੇ ਕੀਰਤਪੁਰ 'ਚ ਬੁਰੀ ਤਰ੍ਹਾਂ ਫਸੀ ਕੰਗਣਾ, ਕਿਸਾਨਾਂ ਨੇ ਰੋਕਿਆ ਕਾਫਲਾ, ਜਨਤਕ ਮੁਆਫ਼ੀ ਮੰਗਵਾਈ

ਪੰਜਾਬ ਦੇ ਕੀਰਤਪੁਰ 'ਚ ਬੁਰੀ ਤਰ੍ਹਾਂ ਫਸੀ ਕੰਗਣਾ, ਕਿਸਾਨਾਂ ਨੇ ਰੋਕਿਆ ਕਾਫਲਾ, ਜਨਤਕ ਮੁਆਫ਼ੀ ਮੰਗਵਾਈ

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ: (ਮਨਪ੍ਰੀਤ ਸਿੰਘ ਖ਼ਾਲਸਾ) ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਵਾਲੀ ਪੋਸਟ ਕਰਕੇ ਪੰਜਾਬ ਦੇ ਕੀਰਤਪੁਰ 'ਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੇ ਕਾਫਲੇ ਨੂੰ ਘੇਰ ਲਿਆ।  ਕਿਸਾਨਾਂ ਨੇ ਕੰਗਨਾ ਦੀ ਕਾਰ ਨੂੰ ਰੋਕਿਆ ਅਤੇ ਉਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ।  ਕਿਸਾਨਾਂ ਅਤੇ ਮਹਿਲਾ ਕਿਸਾਨਾਂ ਨੇ ਉਸ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ।


ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਮੌਕੇ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।  ਕਿਸਾਨ ਰਸਤਾ ਰੋਕ ਕੇ ਅੜੇ ਹੋਏ ਸਨ ਕਿ ਕੰਗਨਾ ਵੱਲੋਂ ਪਹਿਲਾਂ ਮੁਆਫੀ ਮੰਗਣ ਓਸ ਤੋਂ ਬਾਅਦ ਹੀ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ।  ਹਾਲਾਂਕਿ ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।  ਕੰਗਨਾ ਰਣੌਤ ਹਿਮਾਚਲ ਤੋਂ ਪੰਜਾਬ ਹੁੰਦੇ ਹੋਏ ਚੰਡੀਗੜ੍ਹ ਜਾ ਰਹੀ ਸੀ।  ਕੰਗਨਾ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਹੀ ਕਿਸਾਨਾਂ ਨੇ ਉਸ ਨੂੰ ਅੱਗੇ ਜਾਣ ਦਿੱਤਾ।
ਇਸ ਤੋਂ ਪਹਿਲਾਂ ਪੁਲੀਸ ਦੇ ਮਨਾਉਣ ’ਤੇ ਵੀ ਕਿਸਾਨ ਖਾਸ ਕਰਕੇ ਔਰਤਾਂ ਉਥੋਂ ਹਟਣ ਨੂੰ ਤਿਆਰ ਨਹੀਂ ਸਨ। ਕਿਸਾਨ ਕੰਗਨਾ ਨੂੰ ਔਰਤਾਂ ਤੋਂ ਮੁਆਫੀ ਮੰਗਣ 'ਤੇ ਜ਼ੋਰ ਦੇ ਰਹੇ ਸੀ।  ਉਹ ਕਹਿ ਰਹੇ ਸੀ ਕਿ ਕੰਗਨਾ ਨੂੰ ਸਾਡੀਆਂ ਔਰਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।  ਫਿਰ ਇੱਥੋਂ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ।  ਕਿਸਾਨਾਂ ਦੇ ਰੋਸ ਕਾਰਨ ਚੰਡੀਗੜ੍ਹ-ਊਨਾ ਹਾਈਵੇਅ ’ਤੇ ਲੰਮਾ ਜਾਮ ਲੱਗਿਆ ਰਿਹਾ।  ਟਰੈਫਿਕ ਜਾਮ ਲੱਗਣ ਤੋਂ ਬਾਅਦ ਨੰਗਲ ਦੇ ਰਸਤੇ ਹਿਮਾਚਲ ਵਿੱਚ ਦਾਖ਼ਲ ਹੋਣ ਵਾਲੇ ਅਤੇ ਕੀਰਤਪੁਰ ਸਾਹਿਬ ਤੋਂ ਗੜਾ ਮੋੜ ਰਾਹੀਂ ਹਿਮਾਚਲ ਵਿੱਚ ਦਾਖ਼ਲ ਹੋਣ ਵਾਲੇ ਪੈਦਲ ਯਾਤਰੀ ਟਰੈਫ਼ਿਕ ਜਾਮ ਵਿੱਚ ਫਸ ਗਏ।  ਇਸ ਮੌਕੇ ਡੀਐਸਪੀ ਕੁਲਦੀਪ ਸਿੰਘ ਵਿਰਕ ਵੀ ਹਾਜ਼ਰ ਸਨ।  ਕੰਗਨਾ ਦੇ ਮਾਫੀ ਮੰਗਣ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ।