ਰੇਹੜੀ ਵਾਲੇ ਲੰਗਰ ਬਾਬਾ ਜਗਦੀਸ਼ ਸਿੰਘ ਆਹੂਜਾ ਨੂੰ ਮਿਲੇਗਾ ਪਦਮਸ਼੍ਰੀ

ਰੇਹੜੀ ਵਾਲੇ ਲੰਗਰ ਬਾਬਾ ਜਗਦੀਸ਼ ਸਿੰਘ ਆਹੂਜਾ ਨੂੰ ਮਿਲੇਗਾ ਪਦਮਸ਼੍ਰੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਜ਼ਿੰਦਗੀ ਭਰ ਸਖ਼ਤ ਮਿਹਨਤ ਨਾਲ ਕਰੋੜਾਂ ਦੀ ਜਾਇਦਾਦ ਨੂੰ ਮਰੀਜ਼ਾਂ ਅਤੇ ਤਾਮੀਰਦਾਰਾਂ ’ਤੇ ਖਰਚ ਕਰਨ ਵਾਲੇ ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਰਾਸ਼ਟਰਪਤੀ ਭਵਨ ਤੋਂ ਸੱਦਾ ਪਹੁੰਚ ਗਿਆ ਹੈ। ਲੰਗਰ ਬਾਬਾ ਜਗਦੀਸ਼ ਲਾਲ ਆਹੂਜਾ ਨੂੰ 8 ਨਵੰਬਰ ਨੂੰ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ। 25 ਜਨਵਰੀ 2020 ਨੂੰ ਕੇਂਦਰ ਸਰਕਾਰ ਵੱਲੋਂ ਐਲਾਨੀ ਪਦਮਸ਼੍ਰੀ ਸੂਚੀ ’ਚ ਜਗਦੀਸ਼ ਲਾਲ ਆਹੂਜਾ ਨੂੰ ਪਦਮਸ਼੍ਰੀ ਲਈ ਚੁਣਿਆ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਕਰੀਬ ਪੌਣੇ ਦੋ ਸਾਲਾਂ ਬਆਦ ਭਰਤ ਸਰਕਾਰ ਵੱਲੋਂ ਪਦਮਸ਼੍ਰੀ ਐਵਾਰਡ ਲਈ ਚੁਣੀਆਂ ਹਸਤੀਆਂ ਨੂੰ ਦਿੱਲੀ ਬੁਲਾਇਆ ਗਿਆ ਹੈ।ਸ਼ਨਿਚਰਵਾਰ ਨੂੰ ਪਦਮਸ਼੍ਰੀ ਪੁਰਸਕਾਰ ਸਮਾਰੋਹ ਦਾ ਸੱਦਾ ਪੱਤਰ ਜਗਦੀਸ਼ ਆਹੂਜਾ ਦੇ ਘਰ ਪਹੁੰਚ ਗਿਆ। ਮਨਿਸਟਰੀ ਆਫ਼ ਹੋਮ ਅਫੇਅਰ ਦੇ ਡਿਪਟੀ ਸੈਕਟਰੀ ਵੱਲੋਂ ਜਾਰੀ ਪੱਤਰ ’ਚ ਜਗਦੀਸ਼ ਆਹੂਜਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੱਤ ਨਵੰਬਰ ਨੂੰ ਦਿੱਲੀ ਸਥਿਤ ਹੋਟਲ ਅਸ਼ੋਕਾ ’ਚ ਪਹੁੰਚਣ ਦਾ ਸੱਦਾ ਦਿੱਤਾ ਹੈ। ਜਗਦੀਸ਼ ਆਹੂਜਾ ਚੰਡੀਗੜ੍ਹ ਤੋਂ ਸੋਸ਼ਲ ਵਰਕ ’ਚ ਪਦਮਸ਼੍ਰੀ ਲਈ ਚੁਣੇ ਜਾਣ ਵਾਲੇ ਇਕੋ-ਇਕ ਮੈਂਬਰ ਹਨ। ਰੇਹੜੀ ਵਾਲੇ ਨੂੰ ਪਦਮਸ਼੍ਰੀ ਲਈ ਚੁਣੇ ਤੋਂ ਬਾਅਦ ਲੰਗਰ ਬਾਬਾ ਮੀਡੀਆ ’ਚ ਇਕਦਮ ਚਰਚਾ ਵਿਚ ਆ ਗਏ ਸਨ। ਆਹੂਜਾ ਆਪਣੇ ਲੰਗਰ ਮਿਸ਼ਨ ’ਚ ਪਤਨੀ ਨਿਰਮਲ ਆਹੂਜਾ ਅਤੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਡਰਾਈਵਰ ਧਰਮਬੀਰ ਦਾ ਵਿਸ਼ੇਸ਼ ਯੋਗਦਾਨ ਮੰਨਦੇ ਹਨ।

ਕੈਂਸਰ ਨਾਲ ਲੜਦੇ ਹੋਏ ਵੀ ਹਿੰਮਤ ਨਹੀਂ ਹਾਰੀ

ਲੰਗਰ ਬਾਬਾ ਬੀਤੇ ਕੁਝ ਮਹੀਨਿਆਂ ਤੋਂ ਕੈਂਸਰ ਨਾਲ ਲੜ ਰਹੇ ਹਨ, ਪਰ ਅੱਜ ਵੀ ਉਨ੍ਹਾਂ ਦੀ ਲੰਗਰ ਜਾਰੀ ਰੱਖਣ ਦਾ ਜਜ਼ਬਾ ਘੱਟ ਨਹੀਂ ਹੋਇਆ। ਇਨ੍ਹੀ ਦਿਨੀਂ ਵੀ ਪੀਜੀਆਈ ਦੇ ਬਾਹਰ ਪੂਰਾ ਹਫ਼ਤਾ ਕਰੀਬ ਇਕ ਹਜ਼ਾਰ ਲੋਕਾਂ ਲਈ ਲੰਗਰ ਜਾਰੀ ਹੈ। ਪਦਮਸ਼੍ਰੀ ਸਨਮਾਨ ਸਮਾਰੋਹ ਤੋਂ ਸੱਦਾ ਆਉਣ ਤੋਂ ਬਾਅਦ ਦੈਨਿਕ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ’ਚ ਆਹੂਜਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਉਸ ਦੀ ਤਬੀਅਤ ਖ਼ਰਾਬ ਹੈ। ਪ੍ਰੋਗਰਾਮ ’ਚ ਜਾਣ ਨੂੰ ਲੈ ਕੇ ਅਜੇ ਕੋਈ ਪ੍ਰੋਗਰਾਮ ਫਾਈਨਲ ਨਹੀਂ ਹੋਇਆ। ਲੰਗਰ ਬਾਬਾ ਨੇ ਦੱਸਿਆ ਕਿ ਉਹ ਆਪਣੇ ਆਖਰੀ ਸਾਹ ਤਕ ਲੰਗਰ ਨੂੰ ਜਾਰੀ ਰੱਖੇਗਾ। ਸਿਹਤ ਖ਼ਰਾਬ ਹੋਣ ਕਾਰਨ ਹੁਣ ਬੈੱਡ ’ਤੇ ਹੀ ਰਹਿਣਾ ਪੈਂਦਾ ਹੈ। ਪੀਜੀਆਈ ’ਚ ਇਨ੍ਹੀਂ ਦਿਨੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੂਜਿਆਂ ਲਈ ਮਿਸਾਲ ਹੈ ਲੰਗਰ ਬਾਬਾ

ਚੰਡੀਗੜ੍ਹ ਵਿਚ ਇਕ ਰੇਹੜੀ ਤੋਂ ਸ਼ੁਰੂਆਤ ਕਰਨ ਵਾਲੇ ਲੰਗਰ ਬਾਬਾ ਦੇ ਜੀਵਨ ਦਾ ਸਫ਼ਰ ਸੌਖਾ ਨਹੀਂ ਰਿਹਾ। 85 ਸਾਲ ਪਾਰ ਹੋਣ ’ਤੇ ਵੀ ਉਹ ਪੀਜੀਆਈ ਦੇ ਬਾਹਰ ਲੱਗਣ ਵਾਲੇ ਲੰਗਰ ਦੀ ਦੇਖਰੇਖ ਖ਼ੁਦ ਕਰਦੇ ਹਨ। ਕੈਂਸਰ ਹੋਣ ਤੋਂ ਪਹਿਲਾਂ ਉਹ ਖ਼ੁਦ ਗੱਡੀ ’ਚ ਦੋ ਤੋਂ ਤਿੰਨ ਹਜ਼ਾਰ ਲੋਕਾਂ ਨੂੰ ਖਾਣਾ ਖਵਾਉਂਦੇ ਰਹੇ ਹਨ।ਆਹੂਜਾ ਨੇ ਸਖ਼ਤ ਮਿਹਨਤ ਨਾਲ ਚੰਡੀਗੜ੍ਹ ਅਤੇ ਆਸਪਾਸ ਕਾਫ਼ੀ ਜਾਇਦਾਦ ਬਣਾਈ, ਪਰ ਲੰਗਰ ਲਈ ਆਪਣੀ ਕੋਠੀ ਤਕ ਵੇਚ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ’ਚ ਵੀ ਪ੍ਰਸ਼ਾਸਨ ਦੇ ਨਿਰਦੇਸ਼ਾਂ ਕਾਰਨ ਸਿਰਫ਼ ਸੱਤ ਦਿਨ ਪੀਜੀਆਈ ਦੇ ਬਾਹਰ ਲੰਗਰ ਨੂੰ ਰੋਕਣਾ ਪਿਆ, ਉਂਜ ਚਾਲੀ ਸਾਲਾਂ ਤੋਂ ਬਾਬਾ ਦਾ ਲੰਗਰ ਜਾਰੀ ਹੈ। ਆਹੂਜਾ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਹ ਚੰਡੀਗੜ੍ਹ ’ਚ ਲੋੜਵੰਦਾਂ ਲਈ ਇਕ ਸਰਾਂ ਦਾ ਨਿਰਮਾਣ ਕਰਵਾ ਸਕੇ, ਜਿਸ ਲਈ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜ਼ਮੀਨ ਦੇਣ ਦੀ ਮੰਗ ਕੀਤੀ ਹੋਈ ਹੈ।