ਪ੍ਰਧਾਨ ਮੰਤਰੀ  ਮੋਦੀ ਵਲੋਂ ਨਵੀਨੀਕਰਨ ਕਰਵਾਉਣ ਨੇ  ਬਹਿਸ ਛੇੜੀ 

ਪ੍ਰਧਾਨ ਮੰਤਰੀ  ਮੋਦੀ ਵਲੋਂ ਨਵੀਨੀਕਰਨ ਕਰਵਾਉਣ ਨੇ  ਬਹਿਸ ਛੇੜੀ 

ਜਲ੍ਹਿਆਂਵਾਲੇ ਬਾਗ਼ ਦੇ ਬੁਨਿਆਦੀ ਢਾਂਚੇ ਨਾਲ ਛੇੜਛਾੜ ਚਿੰਤਾਜਨਕ

*ਅਕਾਲ ਯੂਥ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਹੀ ਬੁੱਤ ਲਾਉਣ ਦੀ ਮੰਗ   

 ਵਿਸ਼ੇਸ਼ ਰਿਪੋਟ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮ੍ਰਿਤਸਰ-ਜਲ੍ਹਿਆਂਵਾਲਾ ਬਾਗ ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ਦਾ ਇਕ ਮਹਾਨ ਨਿਸ਼ਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਬਾਗ ਦਾ ਨਵੀਨੀਕਰਨ ਕਰਵਾਉਣ ਨੇ ਭਾਰਤ ਭਰ ਵਿਚ ਬਹਿਸ ਛੇੜ ਦਿੱਤੀ ਹੈ। ਇਤਿਹਾਸਕਾਰ ਇਰਫਾਨ ਹਬੀਬ ਨੇ ਟਵੀਟ ਕੀਤਾ ਕਿ ਇਹ ਸਮਾਰਕਾਂ ਦਾ ਨਿਗਮੀਕਰਨ ਹੈ। ਜਿਥੇ ਉਹ ਆਧੁਨਿਕ ਉਸਾਰੀਆਂ ਦੇ ਰੂਪ ਵਿਚ ਸਮਾਪਤ ਹੋ ਜਾਂਦੇ ਹਨ ਤੇ (ਆਪਣਾ) ਵਿਰਾਸਤੀ ਮੁੱਲ ਗੁਆ ਦਿੰਦੇ ਹਨ। ਸੀ.ਪੀ.ਐਮ. ਨੇਤਾ ਸੀਤਾ ਰਾਮ ਯੇਚੁਰੀ ਲਿਖਦੇ ਹਨ, 'ਸਿਰਫ ਉਹ ਜੋ ਆਜ਼ਾਦੀ ਦੀ ਲੜਾਈ ਤੋਂ ਦੂਰ ਰਹੇ, ਉਹ ਹੀ ਇਸ ਤਰ੍ਹਾਂ ਦਾ ਕਾਂਡ ਕਰ ਸਕਦੇ ਹਨ' ਇਕ ਹੋਰ ਇਤਿਹਾਸਕਾਰ ਏ. ਵੈਗਨਰ ਨੇ ਲਿਖਿਆ ਕਿ ਇਹ ਸੁਣ ਕੇ ਮੈਂ ਸੁੰਨ ਹਾਂ ਕਿ 1919 ਦੇ ਅੰਮ੍ਰਿਤਸਰ ਨਰ-ਸੰਘਾਰ ਦੇ ਸਥਾਨ ਜਲ੍ਹਿਆਂਵਾਲਾ ਬਾਗ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਹੈ। ਪਰ ਅਜਿਹਾ ਨਹੀਂ ਕਿ ਇਸ ਦਾ ਸਿਰਫ ਵਿਰੋਧ ਹੀ ਹੋੋ ਰਿਹਾ ਹੈ, ਬਹੁਤ ਸਾਰੇ ਲੋਕ ਇਸ ਦੇ ਹੱਕ ਵਿਚ ਵੀ ਹਨ, ਖ਼ਾਸ ਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖ਼ੁਦ ਵੀ ਇਕ ਇਤਿਹਾਸਕਾਰ ਹਨ ਤੇ ਆਪਣੀ ਪਾਰਟੀ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ਦੇ ਵਿਰੋਧ ਦੇ ਬਾਵਜੂਦ ਲਿਖਦੇ ਹਨ ਕਿ 'ਮੇਰੇ ਹਿਸਾਬ ਨਾਲ ਜੋ ਕੰਮ (ਜਲ੍ਹਿਆਵਾਲਾ ਬਾਗ ਵਿਚ) ਚੱਲ ਰਿਹਾ ਹੈ, ਉਹ ਬਿਲਕੁਲ ਠੀਕ ਹੈ' ਪਰ ਅਸੀਂ ਸਮਝਦੇ ਹਾਂ ਕਿ ਅਜਿਹੀਆਂ ਤਬਦੀਲੀਆਂ ਸ਼ਹੀਦਾਂ ਦੀ ਇਸ ਵਿਰਾਸਤ ਨੂੰ 'ਸੈਰਗਾਹ' ਵਿਚ ਤਾਂ ਬਦਲ ਦੇਣਗੀਆਂ। ਇਥੇ ਦੇਖਣ ਵਾਲਿਆਂ ਦੀ ਭੀੜ ਤਾਂ ਵਧੇਗੀ ਪਰ ਹੌਲੀ-ਹੌਲੀ ਇਸ ਯਾਦਗਾਰ ਦੀ ਦੇਸ਼ ਪ੍ਰਤੀ ਕੁਝ ਕਰ ਗੁਜ਼ਰਨ ਵਾਲਾ ਵਿਚਾਰ ਪੈਦਾ ਕਰਨ ਦੀ ਧਾਰ ਖੁੰਡੀ ਹੁੰਦੀ ਜਾਏਗੀ। ਗ਼ੌਰਤਲਬ ਹੈ ਕਿ ਇਹ ਜਲ੍ਹਿਆਵਾਲਾ ਬਾਗ ਦੀ ਹੀ ਧਰਤੀ ਸੀ ਜਿਥੇ ਆ ਕੇ ਸ਼ਹੀਦ ਊਧਮ ਸਿੰਘ ਨੇ ਇਥੇ ਸ਼ਹੀਦ ਹੋਏ ਲੋਕਾਂ ਦਾ ਬਦਲਾ ਲੈਣ ਦੀ ਸਹੁੰ ਚੁੱਕੀ।  ਇਹ ਉਹ ਧਰਤੀ ਹੈ ਜਿਥੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦਾ ਖੂਨ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿਚ ਮਿਲ ਗਿਆ ਸੀ ਅਤੇ ਭਾਰਤ ਦੀ ਆਜ਼ਾਦੀ ਦੀ ਤਹਿਰੀਕ ਹੋਰ ਤੇਜ਼ ਹੋ ਗਈ ਸੀ।

ਕੀ ਹੈ ਇਤਿਹਾਸ

ਅਸਲ ਵਿਚ ਪਹਿਲੇ ਵਿਸ਼ਵ ਯੁੱਧ ਵਿਚ 13 ਲੱਖ ਭਾਰਤੀ ਫ਼ੌਜੀ ਅੰਗਰੇਜ਼ਾਂ ਵਲੋਂ ਲੜੇ, ਉਨ੍ਹਾਂ ਵਿਚੋਂ 43 ਹਜ਼ਾਰ ਸ਼ਹੀਦ ਵੀ ਹੋਏ। ਪਰ ਅੰਗਰੇਜ਼ਾਂ ਨੇ ਇਸ ਦੇ ਬਦਲੇ ਭਾਰਤੀਆਂ ਨੂੰ ਰਿਆਇਤਾਂ ਦੇਣ ਦੀ ਬਜਾਏ ਇਸ ਦਰਮਿਆਨ ਪੰਜਾਬ ਅਤੇ ਬੰਗਾਲ ਵਿਚ ਅੰਗਰੇਜ਼ਾਂ ਖਿਲਾਫ਼ ਤੇਜ਼ ਹੋਏ ਵਿਰੋਧ ਨੂੰ ਦਬਾਉਣ ਲਈ 'ਭਾਰਤ ਸੁਰੱਖਿਆ ਐਕਟ' ਲਾਗੂ ਕਰ ਦਿੱਤਾ, ਜਿਸ ਨਾਲ ਵਿਰੋਧ ਕੁਝ ਸਮੇਂ ਲਈ ਦੱਬ ਗਿਆ ਪਰ ਅੰਗਰੇਜ਼ੀ ਸਰਕਾਰ ਦੀਆਂ ਖੁਫ਼ੀਆ ਰਿਪੋਰਟਾਂ ਕਿ ਵਿਰੋਧ ਦੀ ਚਿੰਗਾਰੀ ਅੰਦਰੋ-ਅੰਦਰੀ ਭਖ ਰਹੀ ਹੈ, ਨੂੰ ਵੇਖਦਿਆਂ ਬ੍ਰਿਟਿਸ਼ ਜੱਜ ਸਿਡਨੀ ਰੌਲਟ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਗਈ, ਜਿਸ ਦੀ ਡਿਊਟੀ ਭਾਰਤ ਵਿਚ ਅਤੇ ਖ਼ਾਸ ਕਰ ਪੰਜਾਬ ਅਤੇ ਬੰਗਾਲ ਵਿਚ ਅੰਗਰੇਜ਼ਾਂ ਦੀ ਗੁਲਾਮੀ ਪ੍ਰਤੀ ਵਧਦੀ ਵਿਰੋਧ ਦੀ ਭਾਵਨਾ ਨੂੰ ਰੋਕਣ ਦੇ ਉਪਾਅ ਸੁਝਾਉਣੇ ਅਤੇ ਵਿਰੋਧੀਆਂ ਨੂੰ ਹੋਰ ਬਾਹਰਲੇ ਦੇਸ਼ਾਂ ਤੋਂ ਮਿਲ ਰਹੀ ਮਦਦ ਦੀ ਜਾਂਚ ਕਰਨ ਦੀ ਸੀ। 1917 ਵਿਚ ਬਣੀ ਸਿਡਨੀ ਰੌਲਟ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਮਾਰਚ 1919 ਵਿਚ ਰੌਲਟ ਐਕਟ ਲਾਗੂ ਕਰ ਦਿੱਤਾ ਗਿਆ। ਰੌਲਟ ਐਕਟ ਦਾ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿਚ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ। ਪਰ ਪੰਜਾਬ ਵਿਚ ਇਹ ਵਿਰੋਧ ਸਿਖ਼ਰ 'ਤੇ ਸੀ। ਇਸ ਵਿਰੋਧ ਕਾਰਨ ਹੀ ਉਸ ਵੇਲੇ ਦੇ ਆਜ਼ਾਦੀ ਦੇ ਨੇਤਾਵਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸਤਿਆਪਲ ਨੂੰ ਗ੍ਰਿਫ਼ਤਾਰ ਕਰਕੇ ਕਾਲੇ ਪਾਣੀ ਭੇਜਣ ਦੀ ਸਜ਼ਾ ਸੁਣਾ ਦਿੱਤੀ ਗਈ। ਰੌਲਟ ਐਕਟ ਅਜਿਹਾ ਐਕਟ ਸੀ ਜਿਸ ਅਧੀਨ ਅੰਗਰੇਜ਼ ਸਰਕਾਰ ਇਕ ਤਰ੍ਹਾਂ ਨਾਲ ਬਿਨਾਂ ਦਲੀਲ, ਬਿਨਾਂ ਅਪੀਲ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਕੇ ਹਿਰਾਸਤ ਵਿਚ ਰੱਖ ਸਕਦੀ ਸੀ। ਭਾਵ ਕਿਸੇ ਨੂੰ ਬਿਨਾਂ ਵਜ੍ਹਾ ਵੀ ਜੇਲ੍ਹ ਵਿਚ ਬੰਦ ਕੀਤਾ ਜਾ ਸਕਦਾ ਸੀ। ਡਾ. ਕਿਚਲੂ ਤੇ ਸਤਿਆਪਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਲੋਕਾਂ ਨੇ ਅੰਮ੍ਰਿਤਸਰ ਦੇ ਡੀ.ਸੀ. ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਪਰ ਸੁਣਵਾਈ ਨਾ ਹੋਣ 'ਤੇ ਗੁੱਸਾ ਭੜਕ ਉੱਠਿਆ। ਇਸ ਤਰ੍ਹਾਂ ਕਈ ਥਾਈਂ ਅਗਜ਼ਨੀ ਵੀ ਹੋਈ, ਮਾਮਲਾ ਹਿੰਸਕ ਰੂਪ ਲੈ ਗਿਆ ਜਿਸ ਵਿਚ 5 ਬ੍ਰਿਟਿਸ਼ ਅਧਿਕਾਰੀਆਂ ਤੇ 8 ਤੋਂ 20 ਤੱਕ ਭਾਰਤੀਆਂ ਦੀ ਜਾਨ ਗਈ। ਪੰਜਾਬ ਵਿਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਰੌਲਟ ਐਕਟ ਦਾ ਵਿਰੋਧ ਕਰਨ ਵਾਲਿਆਂ ਨੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਵਿਚ ਵਿਰੋਧ ਰੈਲੀ ਰੱਖ ਦਿੱਤੀ। ਵਿਸਾਖੀ ਕਾਰਨ ਸ੍ਰੀ ਦਰਬਾਰ ਸਾਹਿਬ ਵਿਚ ਸਿੱਖ ਵੱਡੀ ਗਿਣਤੀ ਵਿਚ ਪੁੱਜੇ ਹੀ ਹੋਏ ਸਨ, ਜਿਨ੍ਹਾਂ ਵਿਚੋਂ ਕਈ ਦਰਬਾਰ ਸਾਹਿਬ ਦੇ ਨੇੜੇ ਹੀ ਸਥਿਤ ਜਲ੍ਹਿਆਂਵਾਲਾ ਬਾਗ ਦੀ ਰੈਲੀ ਵਿਚ ਵੀ ਪਹੁੰਚ ਗਏ। ਇਤਿਹਾਸ ਮੁਤਾਬਿਕ ਕਰੀਬ 5 ਹਜ਼ਾਰ ਲੋਕ ਇਸ ਇਕੱਠ ਵਿਚ ਸ਼ਾਮਿਲ ਸਨ। ਸ਼ਾਮ ਦੇ ਕਰੀਬ ਸਾਢੇ 5 ਵਜੇ ਬ੍ਰਿਗੇਡੀਅਰ ਜਨਰਲ ਰਿਨਾਲਡ ਐਡਵਰਡ ਹੈਰੀ ਡਾਇਰ ਨੇ ਜਲ੍ਹਿਆਂਵਾਲਾ ਬਾਗ ਦੇ ਬਾਹਰ ਨਿਕਲਣ ਦੇ ਰਸਤੇ ਬੰਦ ਕਰਵਾ ਕੇ ਉਥੇ ਹਾਜ਼ਰ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਵਾ ਦਿੱਤੀਆਂ। 10 ਮਿੰਟਾਂ ਵਿਚ 1650 ਗੋਲੀਆਂ ਚਲਾਏ ਜਾਣ ਦੀ ਅਧਿਕਾਰਤ ਰਿਪੋਰਟ ਹੈ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਇਸ ਘਟਨਾ ਵਿਚ 337 ਬਾਲਗ, 41 ਨਾਬਾਲਗ ਅਤੇ ਇਕ 6 ਹਫ਼ਤਿਆਂ ਦੇ ਬੱਚੇ ਦੀ ਮੌਤ ਹੋ ਗਈ ਸੀ ਜਦੋਂ ਕਿ ਪੰਡਿਤ ਮਦਨ ਮੋਹਨ ਮਾਲਵੀਆ ਤੇ ਸਵਾਮੀ ਸ਼ਰਧਾਨੰਦ ਅਨੁਸਾਰ ਮੌਤਾਂ ਦੀ ਗਿਣਤੀ 1300 ਤੋਂ 1500 ਤੱਕ ਸੀ। ਪਰ ਕੁਝ ਅਣਅਧਿਕਾਰਤ ਸੂਤਰ ਉਸ ਵੇਲੇ ਦੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਮਿੱਥ ਦੇ ਹਵਾਲੇ ਨਾਲ 1700 ਮੌਤਾਂ ਹੋਣ ਦੀ ਗੱਲ ਵੀ ਲਿਖਦੇ ਹਨ। ਅਸੀਂ ਸਮਝਦੇ ਹਾਂ ਕਿ ਅਜਿਹੀ ਇਤਿਹਾਸਕ ਮਹੱਤਤਾ ਰੱਖਣ ਵਾਲੇ ਸਥਾਨ ਦੇ ਇਤਿਹਾਸਕ ਢਾਂਚੇ ਨਾਲ ਛੇੜਛਾੜ ਕਰਨਾ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ ਹੈ।

ਸ਼ਹੀਦ  ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ

ਜੱਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਨੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਰਾਘਵੇਂਦਰ ਸਿੰਘ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਯਾਦਗਾਰ ਦੇ ਪ੍ਰਵੇਸ਼ ਦੁਆਰ ਦੀ ਤੰਗ ਗਲੀ ਵਿਚ ਲਈਆਂ ਗਈਆਂ ਤਸਵੀਰਾਂ ਨੂੰ ਹਟਾਇਆ ਜਾਵੇ ਅਤੇ ਸ਼ਹੀਦੀ ਖੂਹ ਨੂੰ ਪਹਿਲਾਂ ਵਾਂਗ ਪੁਰਾਤਨ ਦਿੱਖ ਦਿੱਤੀ ਜਾਵੇ। ਜਥੇਬੰਦੀ ਦੇ ਮੁਖੀ ਸੁਨੀਲ ਕੁਮਾਰ ਵੱਲੋਂ ਲਿਖੇ ਇਸ ਪੱਤਰ ਵਿੱਚ ਗਿਆਰਾਂ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰ ਜੋਤੀ ਨੂੰ ਪਹਿਲਾਂ ਵਾਲੀ ਥਾਂ ’ਤੇ ਹੀ ਸਥਾਪਤ ਕੀਤਾ ਜਾਵੇ, ਜੱਲ੍ਹਿਆਂਵਾਲਾ ਬਾਗ ਵਿਚ ਇਕ ਸਰਬ ਧਰਮ ਮੰਦਰ ਸਥਾਪਤ ਕੀਤਾ ਜਾਵੇ, ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਸਮੇਤ ਊਧਮ ਸਿੰਘ, ਭਗਤ ਸਿੰਘ ਅਤੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਦੇ ਨਾਂ ’ਤੇ ਇਕ ਕੰਧ ਬਣਾਈ ਜਾਵੇ ਜਿਸ ਉੱਪਰ ਉਨ੍ਹਾਂ ਦੀਆਂ ਤਸਵੀਰਾਂ ਲਾਈਆਂ ਜਾਣ। ਉਹ ਪਿੱਲਰ ਮੁੜ ਸਥਾਪਤ ਕੀਤਾ ਜਾਵੇ ਜਿੱਥੋਂ ਜਨਰਲ ਡਾਇਰ ਨੇ ਗੋਲੀ ਚਲਾਈ ਸੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਟਰੱਸਟ ਅਤੇ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ, ਲਾਈਟ ਐਂਡ ਸਾਊਂਡ ਸ਼ੋਅ ਨੂੰ ਯਾਦਗਾਰ ਵਿੱਚ ਕਿਸੇ ਹੋਰ ਥਾਂ ’ਤੇ ਚਲਾਇਆ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ ਅਤੇ ਸੁਤੰਤਰਤਾ ਸੈਨਾਨੀਆਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ।ਇਸ ਦੌਰਾਨ ਸਿੱਖ ਜਥੇਬੰਦੀ ਅਕਾਲ ਯੂਥ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਜੱਲ੍ਹਿਆਂਵਾਲਾ ਬਾਗ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਸਹੀ ਦਿਖ ਵਾਲਾ ਬਣਾਇਆ ਜਾਵੇ ਅਤੇ ਇਸ ਨੂੰ ਸਹੀ ਥਾਂ ’ਤੇ ਸਥਾਪਿਤ ਕੀਤਾ ਜਾਵੇ। ਅਕਾਲ ਯੂਥ ਦੇ ਆਗੂਆਂ ਜਸਵਿੰਦਰ ਸਿੰਘ ਰਾਜਪੁਰਾ, ਸਤਵੰਤ ਸਿੰਘ ਸੰਧੂ ਭਾਈ ਰਾਜਨਦੀਪ ਸਿੰਘ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ’ਚ ਸਹੀਦ ਦੇ ਲਾਏ ਗਏ ਬੁੱਤ ਨਾਲ ਵਿਰੋਧ ਦੀ ਲਹਿਰ ਖੜ੍ਹੀ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸ਼ਹੀਦ ਦਾ ਸਹੀ ਬੁੱਤ ਸਥਾਪਤ ਕਰੇ।

ਨੌਜਵਾਨ ਭਾਰਤ ਸਭਾ ਵੱਲੋਂ ਅਸਲੀ ਸਰੂਪ ਦੀ ਬਹਾਲੀ ਲਈ ਸੰਘਰਸ਼ ਦਾ ਐਲਾਨ

 ਨੌਜਵਾਨ ਭਾਰਤ ਸਭਾ ਦੀ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸ ਨਾਲ ਨਵੀਨੀਕਰਨ ਦੇ ਨਾਂ ’ਤੇ ਕੀਤੀ ਛੇੜਛਾੜ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਅਤੇ ਪੂਰੇ ਪੰਜਾਬ ਵਿਚ ਮੁਹਿੰਮ ਚਲਾਈ ਜਾਵੇਗੀ। ਸੂਬਾ ਪ੍ਰਧਾਨ ਚੌਂਦਾ ਅਤੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਕਿਹਾ ਕਿ ਮੋਦੀ ਸਰਕਾਰ ਇਤਿਹਾਸ ਨੂੰ ਫਿਰਕੂ ਨਜ਼ਰੀਏ ਤੋਂ ਲਿਖਣ ਦਾ ਯਤਨ ਕਰ ਰਹੀ ਹੈ ਅਤੇ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੱਲਿਆਂਵਾਲਾ ਬਾਗ ਦੀ ਵਿਰਾਸਤ ਨੂੰ ਨਵੀਨੀਕਰਨ ਦੇ ਨਾਂ ਤੇ ਖਤਮ ਨਹੀਂ ਹੋਣ ਦਿਆਂਗੇ।