ਫਗਵਾੜਾ ਵਿਖੇ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਢਿਆ

ਫਗਵਾੜਾ ਵਿਖੇ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਢਿਆ

ਲੋਕਾਂ ਨੂੰ ਆਪਣੇ ਕਾਰੋਬਾਰੀ ਬੋਰਡ ਪੰਜਾਬੀ 'ਚ ਲਿਖਣੇ ਚਾਹੀਦੇ ਹਨ- ਡਾ: ਨਯਨ ਜੱਸਲ ਏ.ਡੀ.ਸੀ.

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਗਵਾੜਾ, 20 ਫਰਵਰੀ - ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਪੰਜਾਬੀ ਮਾਂ ਬੋਲੀ ਪ੍ਰਤੀ ਚੇਤਨਾ ਮਾਰਚ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਤੋਂ ਸ਼ੁਰੂ ਹੋ ਕੇ ਸੈਂਟਰ ਟਾਊਨ, ਗੁੜ ਮੰਡੀ, ਗਾਂਧੀ ਚੌਕ, ਸਰਾਫਾ ਬਜ਼ਾਰ, ਗਊਸ਼ਾਲਾ ਰੋਡ, ਝਟਕਈ ਚੌਕ, ਰੇਲਵੇ ਰੋਡ ਤੋਂ ਹੁੰਦਾ ਹੋਇਆ ਟਾਊਨ ਹਾਲ ਫਗਵਾੜਾ ਵਿਖੇ ਪਹੁੰਚਿਆ, ਜਿਸ ਵਿੱਚ ਸ਼ਹਿਰ ਦੀਆਂ ਪੰਜਾਬੀ ਸਾਹਿਤਕ , ਸਭਿਆਚਾਰਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਕਾਰਕੁੰਨਾਂ ਅਤੇ ਸਕੂਲ ਵਿਦਿਆਰਥੀਆਂ ਨੇ ਹਿੱਸਾ ਲਿਆ। ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਨ ਅਤੇ ਪੰਜਾਬੀ ਵਿਰਸਾ ਟਰੱਸਟ ਦੀ ਪਹਿਲਕਦਮੀ 'ਤੇ ਵੱਖੋ-ਵੱਖਰੀਆਂ ਸੰਸਥਾਵਾਂ ਦੀ ਸਹਾਇਤਾ ਨਾਲ ਇਹ ਮਾਰਚ ਕੱਢਿਆ ਗਿਆ। ਮਾਰਚ 'ਚ ਹਾਜ਼ਰ ਲੋਕਾਂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਚੇਤਨਾ ਪੈਦਾ ਕਰਨ ਲਈ ਬੈਨਰ ਅਤੇ ਤੱਖਤੀਆਂ ਚੁੱਕੀਆਂ ਹੋਈਆਂ ਸਨ, ਜਿਹਨਾ ਵਿੱਚ ਮਾਂ ਬੋਲੀ ਦਾ ਸਤਿਕਾਰ ਕਰੋ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮਾਣ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬ ਦਾ ਮਹਾਨ ਵਿਰਸਾ-ਮਾਂ ਬੋਲੀ ਪੰਜਾਬੀ, ਪੰਜਾਬੀ ਬੋਲੀ ਸਭ ਧਰਮਾਂ ਦੀ ਭਾਸ਼ਾ ਹੈ , ਦੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ, ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ ਆਦਿ ਬੈਨਰਾਂ ਨਾਲ ਬਜ਼ਾਰਾਂ ਵਿੱਚ ਲੋਕਾਂ ਨੂੰ ਆਪਣੇ ਕਾਰੋਬਾਰ ਦੀਆਂ ਤੱਖਤੀਆਂ ਪੰਜਾਬੀ 'ਚ ਲਿਖਣ ਲਈ ਪ੍ਰੇਰਿਆ ਗਿਆ। ਇਸ ਮਾਰਚ ਨੂੰ  ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਆਮ ਆਦਮੀ ਪਾਰਟੀ ਦੇ ਇਲਾਕਾ  ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਸੰਤ ਬਾਬਾ ਗੁਰਬਚਨ ਸਿੰਘ ਪੰਡਵਾ ਨੇ ਹਰੀ ਝੰਡੀ ਦਿੱਤੀ ।

 ਮਾਰਚ ਦੇ ਟਾਊਨ ਹਾਲ ਫਗਵਾੜਾ ਵਿਖੇ ਪਹੁੰਚਣ 'ਤੇ ਡਾ: ਨਯਨ ਜੱਸਲ ਏ.ਡੀ.ਸੀ. ਫਗਵਾੜਾ ਕਮ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਨੇ ਮਾਰਚ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਪੰਜਾਬੀ ਦੀ ਵਰਤੋਂ ਕਰਨ ਅਤੇ ਆਪਣੇ ਕਾਰੋਬਾਰੀ ਬੋਰਡ ਪੰਜਾਬੀ 'ਚ ਲਿਖਣ ਦਾ ਸੰਦੇਸ਼ ਦਿੱਤਾ।

ਪ੍ਰੋ: ਜਸਵੰਤ ਸਿੰਘ  ਗੰਡਮ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਦਿਆਂ "ਮੇਰਾ ਦਾਗਿਸਤਾਨ" ਪੁਸਤਕ ਦਾ ਵਰਨਣ ਕੀਤਾ। ਉਹਨਾ ਨੇ ਮਾਂ ਬੋਲੀ ਪੰਜਾਬੀ ਸਬੰਧੀ ਗੱਲ ਕਰਦਿਆਂ ਕਿਹਾ ਕਿ ਕੋਈ ਵੀ ਬੋਲੀ ਸਿੱਖਣਾ ਮਾੜਾ ਨਹੀਂ ਹੈ, ਪਰ ਆਪਣੀ ਮਾਂ ਬੋਲੀ ਨੂੰ ਭੁੱਲਣਾ ਨਿੰਦਣਯੋਗ ਹੈ।

ਮਾਰਚ 'ਚ ਬੋਲਦਿਆਂ ਐਡਵੋਕੇਟ ਐਸ.ਐਲ. ਵਿਰਦੀ ਨੇ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਭੁਲਾਉਣਾ ਨਹੀਂ ਚਾਹੀਦਾ ਅਤੇ ਇਸਨੂੰ ਆਪਣੀ ਕਾਰੋਬਾਰੀ ਬੋਲੀ ਬਨਾਉਣਾ ਚਾਹੀਦਾ ਹੈ। ਹਾਜ਼ਰੀਨ ਵੱਖੋ-ਵੱਖਰੀਆਂ ਸਖ਼ਸ਼ੀਅਤਾਂ ਨੇ ਪੰਜਾਬ 'ਚ ਪੰਜਾਬੀ ਨੂੰ ਬਣਦਾ ਸਥਾਨ ਦੇਣ, ਅਦਾਲਤਾਂ 'ਚ ਪੰਜਾਬੀ ਬੋਲੀ ਲਾਗੂ ਕਰਨ, ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਕਮਿਸ਼ਨ ਬਨਾਉਣ ਦੀਆਂ ਮੰਗਾਂ ਨੂੰ ਲੈਕੇ ਨਾਹਰੇ ਲਾਏ ਗਏ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਤਰਨਜੀਤ ਸਿੰਘ ਕਿੰਨੜਾ,  ਰਵਿੰਦਰ ਚੋਟ, ਐਡਵੋਕੇਟ ਐਸ.ਐਲ.ਵਿਰਦੀ, ਸੰਤ ਹਰਦੇਵ ਸਿੰਘ ਨਾਮਧਾਰੀ, ਪਰਵਿੰਦਰ ਜੀਤ ਸਿੰਘ,  ਜੀ.ਐਸ. ਮਲਵਈ, ਸਾਧੂ ਸਿੰਘ ਜੱਸਲ, ਹਰਮੇਸ਼ ਪਾਠਕ, ਅਸ਼ੋਕ ਮਹਿਰਾ, ਬੰਸੋ ਦੇਵੀ, ਗੁਰਮੀਤ ਸਿੰਘ ਰੱਤੂ, ਰਜੇਸ਼ ਪਲਟਾ ਸ਼ਿਵ ਸੈਨਾ, ਇੰਦਰਜੀਤ ਕਰਵਲ ਸ਼ਿਵ ਸੈਨਾ, ਗੁਰਜੀਤ ਵਾਲੀਆ, ਪਿੰਦੂ ਜੌਹਲ, ਹਰੀਪਾਲ ਸਿੰਘ, ਦੀਪਕ ਕੋਹਲੀ, ਅਜੀਤ ਸਿੰਘ ਵਾਲੀਆ, ਸਤਬੀਰ ਸਿੰਘ ਵਾਲੀਆ ਜਸਵਿੰਦਰ ਸਿੰਘ ਭਗਤਪੁਰ, ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਬੈਂਡ ਸਮੇਤ, ਐਸ.ਡੀ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ),ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)  ਆਦਿ ਸ਼ਾਮਲ ਸਨ । ਸੁਖਮਣੀ ਸੇਵਾ ਸੁਸਾਇਟੀ ਵਲੋਂ ਮਾਰਚ  ਵਿੱਚ ਰਿਫਰੇਸ਼ਮੈਂਟ ਅਤੇ ਪਾਣੀ ਦੀ ਸੇਵਾ ਕੀਤੀ  ਗਈ ਅਤੇ ਇਸ ਸੁਸਾਇਟੀ ਦੇ ਵੱਡੀ ਗਿਣਤੀ 'ਚ ਮੈਂਬਰ ਮਾਰਚ 'ਚ ਸ਼ਾਮਲ ਹੋਏ।