ਪੰਜਾਬੀ ਲੋਕ ਸੰਗੀਤ ਦਾ ਸਾਜ਼.... ਬੀਨ
ਬੀਨ ਸਾਜ਼ ਪੰਜਾਬੀ ਸੰਗੀਤ ਵਿਰਾਸਤ ਵਿਚ ਪ੍ਰਚਲਿਤ ਸ਼ੁਸ਼ਿਰ ਸਾਜ਼ਾਂ ਦੀ ਸ਼੍ਰੇਣੀ ਦਾ ਮਹੱਤਵਪੂਰਨ ਸਾਜ਼ ਹੈ।
ਇਸ ਦਾ ਪ੍ਰਯੋਗ ਲਗਭਗ ਸਮੁੱਚੇ ਭਾਰਤ ਦੀਆਂ ਲੋਕ ਸੰਗੀਤ ਪਰੰਪਰਾਵਾਂ 'ਚ ਵੇਖਣ ਨੂੰ ਮਿਲਦਾ ਹੈ ।ਬੀਨ ਸਾਜ਼ ਜੋਗੀ ਨਾਥਾਂ ਅਤੇ ਸਪੇਰਿਆਂ ਦਾ ਪ੍ਰਮੁੱਖ ਸਾਜ਼ ਹੈ ।ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਆਦਿ ਪ੍ਰਾਂਤਾਂ 'ਚ ਬੀਨ ਸਾਜ਼ ਧਾਰਮਿਕ ਆਸਥਾ ਦਾ ਵੀ ਸਾਜ਼ ਹੈ | ਦੱਖਣੀ ਭਾਰਤ 'ਚ ਇਸ ਨੂੰ ਮਗੁੜੀ, ਮਹੂਡੀ, ਪੂੰਗੀ ਅਤੇ ਪੰਬਾਤੀਕੁਜ਼ਹਾਲ ਨਾਂਅ ਨਾਲ ਜਾਣਿਆ ਜਾਂਦਾ ਹੈ ।ਭਾਰਤ ਤੋਂ ਇਲਾਵਾ ਪਾਕਿਸਤਾਨ, ਨਿਪਾਲ ਆਦਿ 'ਚ ਵੀ ਸਪੇਰਿਆਂ ਦੁਆਰਾ ਬੀਨ ਦਾ ਪ੍ਰਯੋਗ ਜਾਂਦਾ ਹੈ।ਬੀਨ ਸਾਜ਼ ਦਾ ਸੰਬੰਧ ਜੋਗੀ ਨਾਥਾਂ ਨਾਲ ਹੋਣ ਕਾਰਨ ਇਸ ਨੂੰ ਵਜਾਉਣ ਦਾ ਗੁਣ ਜੋਗੀਆਂ ਨੂੰ ਜੱਦੀ ਪੁਸ਼ਤੀ ਪਰੰਪਰਾ 'ਚ ਹੀ ਪ੍ਰਾਪਤ ਹੁੰਦਾ ਹੈ ।ਬੀਨ ਦਾ ਪ੍ਰਯੋਗ ਨਾਥ ਜੋਗੀ ਸੱਪਾਂ ਨੂੰ ਫੜਨ ਅਤੇ ਤਮਾਸ਼ਾ ਦਿਖਾਉਣ ਤੋਂ ਇਲਾਵਾ ਭਿਖਿਆ ਮੰਗਣ ਲਈ ਗਲੀਆਂ 'ਚ ਤੁਰਦੇ-ਫਿਰਦੇ ਵੀ ਹਨ ।
ਬਾਲੀਵੁੱਡ ਵਿਚ ਬਹੁਤ ਸਾਰੀਆਂ ਫ਼ਿਲਮਾਂ 'ਚ ਬੀਨ ਸਾਜ਼ ਸੁਣਨ ਨੂੰ ਮਿਲਦਾ ਹੈ ।ਮਸ਼ਹੂਰ ਫ਼ਿਲਮ 'ਨਗੀਨਾ' ਦੇ ਗਾਣੇ 'ਮੈਂ ਨਾਗਣ ਤੂੰ ਸਪੇਰਾ' ਦੇ ਸੰਗੀਤ 'ਚ ਬੀਨ ਸਾਜ਼ ਦਾ ਪ੍ਰਯੋਗ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ । ਬੀਨ ਨੂੰ ਵਜਾਉਣ ਲਈ ਸਖ਼ਤ ਮਿਹਨਤ ਅਤੇ ਅਭਿਆਸ ਦੀ ਜ਼ਰੂਰਤ ਹੁੰਦੀ ਹੈ |।ਅਲਗੋਜ਼ਿਆਂ ਨੂੰ ਵਜਾਉਣ ਵਾਂਗ ਹੀ ਬੀਨ ਨੂੰ ਵਜਾਉਣ ਲਈ ਸਾਹ ਪਲਟਾਉਣ ਦੀ ਵਿਧੀ ਦੇ ਅਭਿਆਸ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਕਿਸੇ ਚੰਗੇ ਉਸਤਾਦ ਦੀ ਦੇਖ-ਰੇਖ 'ਚ ਹੀ ਸੰਭਵ ਹੁੰਦੀ ਹੈ।ਪੰਜਾਬੀ ਲੋਕ ਸੰਗੀਤ ਵਿਰਾਸਤ 'ਚ ਬੀਨ ਦਾ ਸੰਬੰਧ ਗੋਰਖ ਨਾਥ ਨਾਲ ਜੁੜਿਆ ਹੋਇਆ ਹੈ | ਕੁਝ ਵਿਦਵਾਨਾਂ ਅਨੁਸਾਰ ਗੋਰਖ ਨਾਥ ਤੋਂ ਜਦੋਂ ਰਾਂਝਾ ਜੋਗ ਲੈ ਕੇ ਹੀਰ ਦੇ ਸਹੁਰੇ ਪਿੰਡ ਰੰਗਪੁਰ ਖੇੜੇ ਗਿਆ ਤਾਂ ਉਸ ਨੇ ਉੱਥੇ ਬੀਨ ਸਾਜ਼ ਨੂੰ ਹੀ ਵਜਾਇਆ ।ਇਸ ਦਾ ਪ੍ਰਮਾਣ ਪੰਜਾਬੀ ਲੋਕ ਗੀਤਾਂ 'ਚ ਵੀ ਮਿਲਦਾ ਹੈ, ਜਿਵੇਂ ਪੰਜਾਬੀ ਲੋਕ ਗੀਤ, 'ਬੀਨ ਵਜਾਈ ਰਾਂਝੇ ਚਾਕ ਨੇ ਲੱਗੀ ਮਨ ਨੂੰ ਮੇਰੇ, ਤਖ਼ਤ ਹਜ਼ਾਰੇ ਦਿਆ ਮਾਲਕਾ ਕਿੱਥੇ ਲਾਏ ਨੇ ਡੇਰੇ' । ਬੀਨ ਦੇ ਦੋ ਪ੍ਰਮੁੱਖ ਭਾਗ ਹੁੰਦੇ ਹਨ ।ਇਸ ਦਾ ਮੁੱਖ ਭਾਗ ਕੱਦੂ ਤੋਂ ਬਣਦਾ ਹੈ ।
ਇਸੇ ਲਈ ਇਸ ਦਾ ਆਕਾਰ ਵੱਡਾ ਛੋਟਾ ਹੋਣਾ ਕੱਦੂ ਦੇ ਆਕਾਰ 'ਤੇ ਨਿਰਭਰ ਕਰਦਾ ਹੈ । ਜਿਸ ਕੱਦੂ ਦਾ ਅਗਲਾ ਹਿੱਸਾ ਗੋਲ ਅਤੇ ਪਿਛਲਾ ਹਿੱਸਾ ਲੰਮਾ ਹੋਵੇ, ਉਸ ਤੋਂ ਬੀਨ ਤਿਆਰ ਕੀਤੀ ਜਾਂਦੀ ਹੈ । ਕੱਦੂ ਨੂੰ ਸੁਕਾ ਕੇ ਅੰਦਰੋਂ ਖੋਖਲਾ ਕੀਤਾ ਜਾਂਦਾ ਹੈ । ਗੋਲਾਈ ਵਾਲੇ ਪਾਸੇ ਛੋਟਾ ਸੁਰਾਖ ਕਰਕੇ ਇਸ 'ਚ ਬਾਂਸ ਦੀਆਂ ਦੋ ਪੋਰੀਆਂ ਨੂੰ ਮੋਮ ਨਾਲ ਜੋੜਿਆ ਜਾਂਦਾ ਹੈ । ਜੋਗੀ ਬੀਨ ਨੂੰ ਸ਼ਿੰਗਾਰਨ ਲਈ ਸ਼ੀਸ਼ਿਆਂ ਦੇ ਟੁਕੜੇ, ਮੋਤੀ, ਫੁੰਮਣ ਅਤੇ ਡੋਰੀਆਂ ਦਾ ਪ੍ਰਯੋਗ ਬਹੁਤ ਸ਼ੌਕ ਨਾਲ ਕਰਦੇ ਹਨ ।ਜੋਗੀਆਂ ਦੀ ਸੰਗੀਤਕ ਵਿਰਾਸਤ ਵਿਚ ਵੈਸੇ ਤਾਂ ਲਗਭਗ ਬਹੁਤੇ ਜੋਗੀ ਬੀਨ ਦਾ ਵਾਦਨ ਕਰ ਲੈਂਦੇ ਹਨ, ਪ੍ਰੰਤੂ ਇਨ੍ਹਾਂ 'ਚੋਂ ਨਾਮਵਰ ਅਤੇ ਪ੍ਰਸਿੱਧ ਬੀਨ ਵਾਦਕ ਜੋਗੀ ਬਾਪੂ ਕਾਸ਼ੀ ਨਾਥ ਵਿਸ਼ੇਸ਼ ਹਨ, ਇਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ ਇੰਟਰਵਿਊ ਯੂਨੀਵਰਸਿਟੀ ਦੀ ਆਰਕਾਈਵ 'ਚ ਉਪਲਬਧ ਹੈ ।
ਪ੍ਰੋਫੈਸਰ ਜਗਪਿੰਦਰ ਪਾਲ ਸਿੰਘ
Comments (0)