ਭਾਜਪਾ ਤੇ ਮੋਦੀ ਦੀਆਂ ਨੀਤੀਆਂ ਕਾਰਨ ਭਾਰਤ ਫਿਰਕੂ ਰਾਸ਼ਟਰ ਵੱਲ ਵਧਿਆ

ਭਾਜਪਾ ਤੇ ਮੋਦੀ ਦੀਆਂ ਨੀਤੀਆਂ ਕਾਰਨ ਭਾਰਤ ਫਿਰਕੂ ਰਾਸ਼ਟਰ ਵੱਲ ਵਧਿਆ

ਟਾਈਮ ਮੈਗਜ਼ੀਨ ਦੇ ਮਸ਼ਹੂਰ ਪੱਤਰਕਾਰ ਆਤਿਸ਼ ਤਾਸੀਰ ਨੇ 'ਡਿਵਾਈਡਰ ਇਨ ਚੀਫ' ਦੇ ਸਿਰਲੇਖ ਹੇਠ ਮੋਦੀ ਨੂੰ ਲਾਏ ਰਗੜੇ 

n ਕਾਂਗਰਸ ਦੀ ਰਾਜਨੀਤਕ ਕਮਜ਼ੋਰੀ ਤੇ ਹਿੰਦੂਤਵ ਬਾਰੇ ਨਰਮ ਪੱਖ ਮੋਦੀ ਨੂੰ ਦੁਬਾਰਾ ਸੱਤਾ ਵਲ ਲਿਜਾ ਸਕਦੇ ਹਨ 
n ਅਮਰੀਕੀ ਕਾਂਗਰਸ, ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਹਿੰਦੂ ਰਾਸ਼ਟਰਵਾਦ ਨੂੰ ਭੰਡਿਆ 
n ਭਾਜਪਾ ਲੀਡਰਸ਼ਿਪ ਦੇ ਰਹੀ ਹੈ ਮੁਸਲਮਾਨਾਂ ਵਿਰੁੱਧ ਜ਼ਹਿਰੀਲੇ ਬਿਆਨ

ਵਿਸ਼ੇਸ਼ ਰਿਪੋਰਟ/ਪ੍ਰੋ. ਬਲਵਿੰਦਰਪਾਲ ਸਿੰਘ

(ਮੋਬ. 9815700916)
ਜਲੰਧਰ-ਦੁਨੀਆ ਭਰ ਵਿਚ ਮਸ਼ਹੂਰ ਅਮਰੀਕੀ ਮੈਗਜ਼ੀਨ 'ਟਾਈਮ' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਡਿਵਾਈਡਰ ਇਨ ਚੀਫ' ਦੇ ਸਿਰਲੇਖ ਨਾਲ ਕਵਰ ਸਟੋਰੀ ਛਾਪੀ ਹੈ। ਆਤਿਸ਼ ਤਾਸੀਰ ਨਾਂਅ ਦੇ ਪੱਤਰਕਾਰ ਨੇ ਜਿਹੜੀ ਕਹਾਣੀ ਲਿਖੀ ਹੈ, ਉਸ ਵਿਚ ਮੋਦੀ ਨੂੰ ਸਮਾਜ ਤੇ ਦੇਸ਼ ਨੂੰ ਵੰਡਣ ਵਾਲੇ ਦੇ ਰੂਪ ਵਿਚ ਦਰਸਾਇਆ ਗਿਆ ਹੈ। ਕਹਾਣੀ ਮੁਤਾਬਕ ਮੋਦੀ 2014 ਵਿਚ ਮੋਦੀ 'ਸਬਕਾ ਸਾਥ, ਸਬਕਾ ਵਿਕਾਸ' ਦਾ ਨਾਅਰਾ ਦੇ ਕੇ ਸੱਤਾ ਵਿਚ ਆਏ, ਪਰ ਪੰਜ ਸਾਲ ਉਨ੍ਹਾਂ ਇਸ ਨਾਅਰੇ ਦਾ ਮਤਲਬ ਵਿਅਰਥ ਕਰ ਦਿੱਤਾ।
ਪੱਤਰਕਾਰ ਨੇ ਮੋਦੀ ਉੱਪਰ ਤਿੱਖਾ ਵਾਰ ਕਰਦਿਆਂ ਕਿਹਾ ਹੈ ਕਿ ਮਹਾਨ ਜਮਹੂਰੀਅਤਾਂ ਦੇ ਪਾਪੂਲਿਜ਼ਮ ਵੱਲ ਝੁਕਾਅ ਦੀ ਦਿਸ਼ਾ ਵਿਚ ਭਾਰਤ ਪਹਿਲੀ ਜਮਹੂਰੀਅਤ ਹੋਵੇਗੀ। ਉਨ੍ਹਾਂ ਇਸ ਸਬੰਧ ਵਿਚ ਤੁਰਕੀ, ਬਰਾਜ਼ੀਲ ਤੇ ਅਮਰੀਕਾ ਦਾ ਜ਼ਿਕਰ ਵੀ ਕੀਤਾ ਹੈ, ਜਿੱਥੇ ਅਜਿਹੇ ਆਗੂ ਚੁਣ ਲਏ ਗਏ, ਜਿਹੜੇ ਚੰਮ ਦੀਆਂ ਚਲਾ ਰਹੇ ਹਨ। ਤਾਸੀਰ ਨੇ ਗੁਜਰਾਤ ਦੰਗਿਆਂ ਵਿਚ ਮੋਦੀ ਦੀ ਚੁੱਪੀ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਅਜਿਹੀਆਂ ਘਟਨਾਵਾਂ ਨੇ ਮੋਦੀ ਨੂੰ ਫਸਾਦੀਆਂ ਦੀ ਭੀੜ ਦਾ ਸਾਥੀ ਬਣਾ ਦਿੱਤਾ। ਉਨ੍ਹਾਂ ਲਿਖਿਆ ਹੈ ਕਿ ਮੋਦੀ ਨੇ ਨਹਿਰੂ ਤੇ ਉਨ੍ਹਾਂ ਦੇ ਦੌਰ ਦੇ ਧਰਮ-ਨਿਰਲੇਪਤਾ ਤੇ ਸਮਾਜਵਾਦ ਦੇ ਸਿਧਾਂਤਾਂ ਉੱਤੇ ਹਮਲਾ ਕੀਤਾ ਅਤੇ ਕਾਂਗਰਸ ਮੁਕਤ ਭਾਰਤ ਦੀ ਗੱਲ ਕੀਤੀ। ਪੱਤਰਕਾਰ ਨੇ ਮੋਦੀ ਨੂੰ ਮੁਸਲਮਾਨ ਵਿਰੋਧੀ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਭਾਈਚਾਰਾ ਕਾਇਮ ਰੱਖਣ ਦੀ ਕਦੇ ਕੋਈ ਮਨਸ਼ਾ ਜ਼ਾਹਿਰ ਨਹੀਂ ਕੀਤੀ।
ਤਾਸੀਰ ਨੇ ਇਥੋਂ ਤੱਕ ਲਿਖਿਆ ਹੈ ਕਿ ਮੋਦੀ ਦੇ ਹੱਥੋਂ ਕੋਈ ਆਰਥਕ ਚਮਤਕਾਰ ਜਾਂ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਧਾਰਮਕ ਰਾਸ਼ਟਰਵਾਦ ਦਾ ਜ਼ਹਿਰੀਲਾ ਮਾਹੌਲ ਪੈਦਾ ਕਰਨ ਦਾ ਰੋਲ ਨਿਭਾਇਆ। ਤੇਜਸਵੀ ਸੂਰੀਆ ਦੇ ਬਿਆਨ (ਤੁਸੀਂ ਮੋਦੀ ਦੇ ਨਾਲ ਹੋ ਤਾਂ ਦੇਸ਼ ਦੇ ਨਾਲ ਹੋ), ਗਊ ਰੱਖਿਆ ਦੇ ਨਾਂਅ 'ਤੇ ਭੀੜ ਵੱਲੋਂ ਕੀਤੇ ਗਏ ਕਤਲਾਂ ਤੇ ਦਲਿਤ ਕਾਂਡ ਆਦਿ 'ਤੇ ਮੋਦੀ ਨੇ ਪੂਰੀ ਤਰ੍ਹਾ ਖਾਮੋਸ਼ੀ ਅਖਤਿਆਰ ਕਰੀ ਰੱਖੀ। ਗਊ ਨੂੰ ਲੈ ਕੇ ਮੁਸਲਮਾਨਾਂ 'ਤੇ ਵਾਰ-ਵਾਰ ਹਮਲੇ ਹੋਏ ਤੇ ਉਨ੍ਹਾਂ ਨੂੰ ਮਾਰਿਆ ਗਿਆ। ਇਕ ਮਹੀਨਾ ਵੀ ਅਜਿਹਾ ਨਹੀਂ ਲੰਘਿਆ, ਜਦ ਲੋਕਾਂ ਦੇ ਸਮਾਰਟ ਫੋਨ 'ਤੇ ਉਹ ਤਸਵੀਰਾਂ ਨਾ ਆਈਆਂ ਹੋਣ, ਜਿਸ ਵਿਚ ਹਿੰਦੂਆਂ ਦੀ ਭੀੜ ਕਿਸੇ ਮੁਸਲਮਾਨ ਨੂੰ ਨਾ ਕੁੱਟ ਰਹੀ ਹੋਵੇ। 
2017 ਵਿਚ ਭਾਜਪਾ ਯੂ ਪੀ ਵਿਚ ਚੋਣ ਜਿੱਤੀ ਤਾਂ ਨਫਰਤ ਫੈਲਾਉਣ ਵਾਲੇ ਮਹੰਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਤਾਸੀਰ ਨੇ ਲਿਖਿਆ ਹੈ ਕਿ ਭਾਵੇਂ ਮੋਦੀ ਫਿਰ ਸਰਕਾਰ ਬਣਾ ਲੈਣ, ਪਰ ਉਹ ਲੋਕਾਂ ਦੇ ਉਨ੍ਹਾਂ ਸੁਫਨਿਆਂ ਦੀ ਨੁਮਾਇੰਦਗੀ ਹੁਣ ਕਦੇ ਨਹੀਂ ਕਰ ਸਕਦੇ, ਜੋ ਉਹ 2014 ਵਿਚ ਕਰਦੇ ਸਨ। ਪੱਤਰਕਾਰ ਨੇ ਇਸ ਸਟੋਰੀ ਵਿਚ ਮੋਦੀ ਸਰਕਾਰ 'ਤੇ ਤਮਾਮ ਅਹਿਮ ਅਦਾਰਿਆਂ ਦੇ ਮੁਖੀ ਚੁਣਨ ਵਿਚ ਯੋਗਤਾ ਦੀ ਥਾਂ ਦੱਖਣਪੰਥੀ ਵਿਚਾਰਧਾਰਾ ਨੂੰ ਤਰਜੀਹ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ। ਕਾਂਗਰਸ ਬਾਰੇ ਕਿਹਾ ਗਿਆ ਹੈ ਕਿ ਉਸ ਕੋਲ ਮੋਦੀ ਨੂੰ ਹਰਾਉਣ ਨੂੰ ਛੱਡ ਕੇ ਕੋਈ ਠੋਸ ਏਜੰਡਾ ਨਹੀਂ। ਤਾਸੀਰ ਨੇ ਕਮਜ਼ੋਰ ਆਪੋਜ਼ੀਸ਼ਨ ਨੂੰ ਮੋਦੀ ਦੀ ਸਭ ਤੋਂ ਵੱਡੀ ਖੁਸ਼ਕਿਸਮਤੀ ਦੱਸਿਆ ਹੈ। ਇੰਗਲੈਂਡ ਵਿਚ ਪੈਦਾ ਹੋਏ 39 ਸਾਲ ਦੇ ਆਤਿਸ਼ ਤਾਸੀਰ ਭਾਰਤੀ ਪੱਤਰਕਾਰ ਤਵਲੀਨ ਸਿੰਘ ਦੇ ਬੇਟੇ ਹਨ। ਉਨ੍ਹਾਂ ਦੇ ਪਿਤਾ ਪਾਕਿਸਤਾਨੀ ਸਿਆਸਤਦਾਨ ਸਲਮਾਨ ਤਾਸੀਰ ਨੂੰ ਕਤਲ ਕਰ ਦਿੱਤਾ ਗਿਆ ਸੀ।
ਜੇਕਰ ਇਸ ਰਿਪੋਰਟ ਦਾ ਅਧਿਐਨ ਕੀਤਾ ਜਾਵੇ ਤਾਂ ਮੋਦੀ ਹਿੰਦੂ ਰਾਸ਼ਟਰਵਾਦ ਦਾ ਨਾਇਕ ਬਣ ਚੁੱਕਾ ਹੈ। ਉਸ ਦਾ ਭਾਰਤ ਦੀ ਜਮਹੂਰੀਅਤ ਨਾਲ ਕੋਈ ਵਾਸਤਾ ਨਹੀਂ। ਖਾਲਿਸਤਾਨੀ ਧਿਰਾਂ ਕਹਿੰਦੀਆਂ ਹਨ ਕਿ ਮੋਦੀ ਦਾ ਜਿੱਤਣਾ ਜ਼ਰੂਰੀ ਹੈ ਤਾਂ ਜੋ ਖਾਲਿਸਤਾਨ ਬਣ ਸਕੇ, ਕਿਉਂਕਿ ਮੋਦੀ ਦਾ ਆਉਣ ਦੇ ਨਾਲ ਹਿੰਸਕ ਟਕਰਾਅ ਵਧਣਗੇ ਤੇ ਬਗਾਵਤਾਂ ਪੈਦਾ ਹੋਣਗੀਆਂ।
ਇਹ ਸੱਚ ਹੈ ਕਿ ਹਿੰਦੂ ਰਾਸ਼ਟਰਵਾਦ ਦੀ ਤਿਆਰੀ ਲਈ ਕਈ ਖਤਰਨਾਕ ਭਗਵੀਆਂ ਫੋਰਸਾਂ ਬਣ ਚੁਕੀਆਂ ਹਨ, ਜੋ ਖਤਰਨਾਕ ਹਥਿਆਰਾਂ ਨਾਲ ਲੈਸ ਹਨ। ਇਹ ਪਾਗਲ ਹਥਿਆਰਬੰਦ ਫੋਰਸਾਂ ਕਿਸੇ ਤੋਂ ਸਾਂਭੀਆਂ ਨਹੀਂ ਜਾਣਗੀਆਂ। ਇਹ ਭਾਰਤ ਦੀ ਜਮਹੂਰੀਅਤ ਲਈ ਅਤਿਅੰਤ ਖਤਰਨਾਕ ਹਨ। ਅਮਰੀਕੀ ਕਾਂਗਰਸ ਦੀ ਇਕ ਰਿਪੋਰਟ ਵਿਚ ਇਹੀ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ ਇਕ ਦਹਾਕੇ ਦੌਰਾਨ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਦਾ ਉਭਾਰ ਹੋ ਰਿਹਾ ਹੈ ਜਿਸ ਕਾਰਨ ਮੁਲਕ ਦੇ ਧਰਮ ਨਿਰਪੱਖ ਕਿਰਦਾਰ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ਮੁਲਕ ਵਿਚ ਬਹੁ ਗਿਣਤੀ ਹਿੰਸਾ ਦੀਆਂ ਘਟਨਾਵਾਂ ਲਈ ਮੰਚ ਪ੍ਰਦਾਨ ਕਰ ਰਿਹਾ ਹੈ। ਆਪਣੀ ਰਿਪੋਰਟ ਵਿਚ ਕਾਂਗਰਸ ਖੋਜ ਸੇਵਾ ਨੇ ਗਊ ਰਾਖਿਆਂ, ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਿਆਂ ਸਮੇਤ ਧਰਮ ਨਾਲ ਪ੍ਰੇਰਿਤ ਹਿੰਸਾ ਦਾ ਜ਼ਿਕਰ ਕੀਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਧਾਰਮਕ ਅਸਹਿਣਸ਼ੀਲਤਾ ਦੀਆਂ ਵਾਰਦਾਤਾਂ ਸ਼ਰਮਨਾਕ ਹਨ ਜੇ ਦੇਸ਼ ਫਿਰਕੂ ਲੀਹਾਂ ਉਪਰ ਵੰਡਿਆ ਗਿਆ ਤਾਂ ਵਿਕਾਸ ਨਹੀ ਕਰ ਸਕੇਗਾ।
ਅਮਰੀਕਾ ਦੇ ਮਸ਼ਹੂਰ ਅਖਬਾਰ ਨਿਉਯਾਰਕ ਟਾਇਮਜ਼ ਨੇ ਆਪਣੇ ਸੰਪਾਦਕੀ ਵਿਚ ਲਿਖਿਆ ਸੀ ਕਿ ਭਾਰਤ ਵਿੱਚ ਘਟ ਗਿਣਤੀਆਂ ਵਿਰੁੱਧ ਵਧਦੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਆਪਣੀ ਚੁੱਪ ਕਦੋਂ ਤੋੜਨਗੇ? 
ਕੌਮਾਂਤਰੀ ਖ਼ਬਰੀ ਰਸਾਲਾ ਟਾਈਮਜ਼ ਦੀ ਲੱਗਭੱਗ ਇਹੀ ਰਿਪੋਰਟ ਹੈ ਤੇ ਪੁਰਾਣੀਆਂ ਰਿਪੋਰਟਾਂ ਦਾ ਵਿਸਥਾਰ ਵੀ ਹੈ।
ਜੇਕਰ ਆਰ ਐਸ ਐਸ ਦੇ ਸਰਸੰਘ ਚਾਲਕ ਸਾਵਰਕਰ ਦੇ ਹਿੰਦੂ ਰਾਸ਼ਟਰਵਾਦ ਤੇ ਹਿੰਦੂ ਸ਼ਬਦ ਦੀ ਪ੍ਰੀਭਾਸ਼ਾ ਨੂੰ ਪੜ੍ਹੀਏ ਜੋ 1924 ਈ: ਵਿਚ ਦਿੱਤੀ ਸੀ, ਉਸ 'ਤੇ ਸਪੱਸ਼ਟ ਅਰਥ ਅਮਲੀ ਤੌਰ 'ਤੇ ਅਜੋਕੀ ਆਰ ਐਸ ਐਸ ਤੇ ਮੋਦੀ ਰਾਜ ਵਿਚ ਸਾਫ਼ ਦਿਖਾਈ ਦੇ ਰਹੇ ਹਨ। ਸਾਵਰਕਰ ਦਾ ਕਹਿਣਾ ਸੀ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਇੱਕ ਵਿਅਕਤੀ ਹਿੰਦੂ ਹੈ ਚਾਹੇ ਉਹ ਮੁਸਲਮਾਨ, ਈਸਾਈ ਕਿਉ ਨਾ ਹੋਵੇ? ਜਿਨ੍ਹਾਂ ਦੀ ਮਾਤਭੂਮੀ ਅਤੇ ਪੂਜਣਯੋਗ ਭੂਮੀ ਭਾਰਤ ਹੈ ਉਹ ਹਿੰਦੂ ਹਨ। ਹਿੰਦੂ ਉਹ ਹੈ ਜੋ ਆਰੀਆ ਹੈ ਅਤੇ ਬ੍ਰਾਹਮਣਵਾਦੀ ਸਭਿਆਚਾਰ ੱਚ ਨਿਸ਼ਚਾ ਰੱਖਦਾ ਹੈ। ।” ਹਿੰਦੂ ਰਾਸ਼ਟਰਵਾਦ ਦੀ ਧਾਰਨਾ ਵੀ ਇਸੇ ਦੀ ਹੀ ਦੇਣ ਹੈ।
ਇਸ ਪ੍ਰੀਭਾਸ਼ਾ ਤੋਂ ਇਹ ਵੀ ਸਾਫ ਹੋ ਜਾਂਦਾ ਹੇ ਕਿ ਈਸਾਈ ਅਤੇ ਮੁਸਲਮਾਨ ਹਿੰਦੂ ਨਹੀ ਹਨ ਕਿਉਕਿ ਉਨ੍ਹਾਂ ਦੀ ਪਿਤਰ ਭੂਮੀ ਭਾਰਤ ਨਹੀ ਹੈ। ਇਸੇ ਤਹਿਤ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾ ਰਿਹਾ ਹੈ। ਆਰ ਐਸ ਐਸ ਤੇ ਭਾਜਪਾ ਦੇ ਲੀਡਰ ਇਸੇ ਸੋਚ ਤਹਿਤ ''ਹਿੰਦੀ ਹਿੰਦੂ ਹਿੰਦੁਸਤਾਨ” ਹਿੰਦੂ ਰਾਸ਼ਟਰਵਾਦ ਦਾ ਨਾਹਰਾ ਵੀ ਬੜੇ ਜ਼ੋਰ ਸ਼ੋਰ ਨਾਲ ਲਗਾ ਰਹੇ ਹਨ।
ਜੇ ਮੋਦੀ ਦਾ ਰਾਜ ਦੁਬਾਰਾ ਆਉਂਦਾ ਹੈ ਤਾਂ ਮੋਦੀ ਇਹਨਾਂ ਸਿਰ ਫਿਰੀਆਂ ਕਨੂੰਨ ਵਿਰੋਧੀ ਫੋਰਸਾਂ ਨੂੰ ਕੰਟਰੋਲ ਨਹੀਂ ਕਰ ਸਕਣਗੇ। ਇਸੇ ਦਹਿਸ਼ਤਗਰਦੀ ਨਾਲ ਹੀ ਹਿੰਦੂ ਰਾਸ਼ਟਰਵਾਦ ਤੇ ਇਹਨਾਂ ਪਾਗਲ ਫੋਰਸਾਂ ਦਾ ਮੋਦੀ ਭੋਗ ਪਾਏਗਾ। ਇਹ ਮੋਦੀ ਦੀ ਮਜਬੂਰੀ ਹੋਵੇਗੀ। ਭਾਜਪਾ ਪਾਟੋਧਾੜ ਵਲ ਵਧੇਗੀ ਤੇ ਭਾਜਪਾ ਦਾ ਯੁੱਗ ਸਮਾਪਤ ਹੋ ਜਾਏਗਾ। ਬਹੁਗਿਣਤੀ ਲੋਕ ਅਮਨ ਸ਼ਾਂਤੀ ਵਿਕਾਸ ਚਾਹੁੰਦੇ ਹਨ ਉਹ ਮੋਦੀ ਰਾਜ ਵਿਰੁਧ ਅੰਦੋਲਨ ਦਾ ਹਿਸਾ ਬਣਨਗੇ। ਜੇਕਰ ਦੂਸਰੀ ਭਾਜਪਾ ਵਿਰੋਧੀ ਪਾਰਟੀ ਆਉਂਦੀ ਹੈ ਤਾਂ ਨਾਜਾਇਜ ਭਗਵੀਆਂ ਫੋਰਸਾਂ ਇਹਨਾਂ ਨੂੰ ਛੇ ਮਹੀਨੇ ਰਾਜ ਨਹੀਂ ਕਰਨ ਦੇਣਗੀਆਂ। ਭਾਜਪਾ ਦੀ ਫਿਰ ਮਜ਼ਬੂਤੀ ਨਾਲ ਆਉਣ ਦੀ ਸੰਭਾਵਨਾ ਵਧ ਜਾਵੇਗੀ।  ਭਾਰਤ ਤੇਜ਼ੀ ਨਾਲ ਹਿੰਦੂ ਰਾਸ਼ਟਰ ਵਲ ਵਧੇਗਾ। ਸਾਧਾਰਨ ਜਨਤਾ ਜੋ ਅਮਨ ਚਾਹੁੰਦੀ ਹੈ ਉਸ ਦਾ ਜੀਉਣਾ ਹਰਾਮ ਹੋ ਜਾਏਗਾ। ਬਹੁਤ ਸਾਰੇ ਸੰਵਿਧਾਨ ਪੱਖੀ ਬੁੱਧੀਜੀਵੀ ਕਹਿੰਦੇ ਹਨ ਕਿ ਇਸ ਨਾਲ ਭਾਰਤੀ ਸੰਵਿਧਾਨ ਦਾ ਭੋਗ ਵੀ ਪੈ ਜਾਵੇਗਾ। ਹੁਣ ਵੀ ਭਾਰਤੀ ਸੰਵਿਧਾਨ ਲਈ ਵੱਡੇ ਚੈਲਿੰਜ ਖੜੇ ਹੋ ਗਏ ਹਨ। ਇਤਿਹਾਸਕਾਰ ਰਾਮ ਚੰਦਰ ਗੂਹਾ, ਅਰੁੰਧਤੀ ਰਾਇ, ਤੀਸਤਾ ਸੀਤਲਵਾੜ ਇਸ ਬਾਰੇ ਕਈ ਵਾਰ ਇਸ਼ਾਰਾ ਕਰ ਚੁੱਕੇ ਹਨ।
ਪ੍ਰਸਿੱਧ ਇਤਿਹਾਸਕਾਰ ਰਾਮ ਚੰਦਰ ਗੁਹਾ ਆਖਦੇ ਹਨ ਕਿ ਬੀਤੇ ਕੁਝ ਸਾਲਾਂ ਦੌਰਾਨ ਅਸੀਂ ਭਾਰਤ ਵਿਚ ਜਨਤਕ ਸੰਵਾਦ ਦੀ ਬਹੁਤ ਹੀ ਮਾੜੀ ਹਾਲਤ ਦੇਖੀ ਹੈ। ਕਿਵੇਂ ਹਿੰਦੂ ਫ਼ਿਰਕਾਪ੍ਰਸਤਾਂ ਨੇ ਉਨ੍ਹਾਂ ਦੀ ਹਾਂ ਵਿਚ ਹਾਂ ਨਾ ਮਿਲਾਉਣ ਵਾਲੇ ਭਾਰਤੀਆਂ ਨੂੰ ਗਾਲੀ-ਗਲੋਚ ਕਰ ਕੇ, ਡਰਾ-ਧਮਕਾ ਕੇ ਅਤੇ ਹਮਲਿਆਂ ਦਾ ਨਿਸ਼ਾਨਾ ਬਣਾ ਕੇ 'ਕੌਮ ਦੀਆਂ ਨਾੜਾਂ ਵਿਚ ਗੰਦ-ਮੰਦ ਧੱਕਿਆ' ਹੈ। ਭਾਜਪਾ ਦਾ ਪਾਗਲਪਣ ਦੀ ਹੱਦ ਤੱਕ ਅਸਰਦਾਰ ਤੇ ਡੂੰਘਾਈ ਤੱਕ ਪਹੁੰਚਦਾ ਸੋਸ਼ਲ ਮੀਡੀਆ ਢਾਂਚਾ, ਬਹੁਗਿਣਤੀ ਭਾਈਚਾਰੇ ਦੇ ਦਿਲਾਂ ਵਿਚ ਪੀੜਤ ਹੋਣ ਦਾ ਅਹਿਸਾਸ ਭਰਨ ਅਤੇ ਅਸੁਰੱਖਿਆ ਤੇ ਡਰ ਦਾ ਮਾਹੌਲ ਸਿਰਜਣ ਵਿਚ ਸਫਲ ਰਿਹਾ ਹੈ।
ਹੁਣ 2019 ਵਿਚ ਭਾਜਪਾ ਦੀ ਚੋਣ ਮੁਹਿੰਮ ਮਹਿਜ਼ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਵੱਲ ਹੀ ਸੇਧਿਤ ਹੈ ਅਤੇ ਇਸ ਲਈ ਬਹੁਗਿਣਤੀ ਭਾਈਚਾਰੇ ਦੇ ਤੌਖ਼ਲਿਆਂ ਤੇ ਅਸੁਰੱਖਿਆ ਦੀ ਭਾਵਨਾ ਨੂੰ ਹਵਾ ਦਿੱਤੀ ਜਾ ਰਹੀ ਹੈ। ਅਮਿਤ ਸ਼ਾਹ ਵੱਲੋਂ ਮੁਸਲਮਾਨਾਂ ਨੂੰ 'ਸਿਓਂਕ' ਕਰਾਰ ਦੇਣਾ, ਅਦਿੱਤਿਆਨਾਥ ਦੀ ਬਜਰੰਗ ਬਲੀ ਤੇ ਅਲੀ ਵਾਲੀ ਟਿੱਪਣੀ ਅਤੇ ਮੋਦੀ ਵੱਲੋਂ ਲਾਇਆ ਗਿਆ ਇਹ ਹੈਰਾਨਕੁਨ ਦੋਸ਼ ਕਿ ਪੱਛਮੀ ਬੰਗਾਲ ਵਿਚ ਤਾਂ ਹਿੰਦੂ 'ਜੈ ਸ੍ਰੀ ਰਾਮ' ਵੀ ਨਹੀਂ ਬੋਲ ਸਕਦੇ, ਇਸੇ ਗੱਲ ਨੂੰ ਸਾਬਿਤ ਕਰਦੇ ਹਨ।
ਇਸ ਦੌਰਾਨ ਕਾਂਗਰਸ ਵੀ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ 'ਹਿੰਦੂ' ਸਾਬਤ ਕਰਨ ਵਿਚ ਲੱਗੀ ਹੋਈ ਹੈ। ਰਾਹੁਲ ਗਾਂਧੀ ਦਾ ਐਲਾਨ ਕਿ ਉਹ 'ਸ਼ਿਵ ਭਗਤ' ਤੇ ਜਨੇਊਧਾਰੀ ਹਿੰਦੂ ਹੈ ਅਤੇ ਨਾਲ ਹੀ ਉੱਤਰੀ ਭਾਰਤ ਵਿਚ ਬਣੀਆਂ ਨਵੀਆਂ ਕਾਂਗਰਸ ਸਰਕਾਰਾਂ ਵੱਲੋਂ ਗਊਸ਼ਾਲਾਵਾਂ ਦੀ ਉਸਾਰੀ ਦੇ ਵਾਅਦੇ ਇਸੇ ਦਿਸ਼ਾ ਵਿਚ ਹਨ। ਇਸ ਤਰ੍ਹਾਂ ਜ਼ਾਹਰਾ ਤੌਰ 'ਤੇ ਭਾਜਪਾ-ਕਾਂਗਰਸ ਦਾ ਵਿਰੋਧ ਤਾਂ ਹਿੰਦੂ ਵੋਟਾਂ ਲਈ ਮੁਕਾਬਲੇਬਾਜ਼ੀ ਹੈ। ਇਹ ਗੱਲ ਭੋਪਾਲ ਸੰਸਦੀ ਹਲਕੇ 'ਚ ਉਦੋਂ ਬਿਲਕੁਲ ਸਾਫ਼ ਹੋ ਗਈ, ਜਦੋਂ ਭਾਜਪਾ ਵੱਲੋਂ ਗਰਮ ਖ਼ਿਆਲੀ ਹਿੰਦੂਵਾਦੀ ਪ੍ਰਗਿਆ ਠਾਕੁਰ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰ ਵਿਚ ਸੱਤ ਤੋਂ ਵੱਧ ਮੰਦਰ ਹਨ ਜਿਨ੍ਹਾਂ ਵਿਚੋਂ ਚਾਰ ਵਿਚ ਲਗਾਤਾਰ ਜੋਤ ਜਗਦੀ ਹੈ। ਉਸ ਨੇ ਵੱਖ-ਵੱਖ ਸਾਧਾਂ ਨੂੰ ਸੱਦ ਕੇ ਆਪਣੀ ਜਿੱਤ ਲਈ ਹਵਨ ਕਰਵਾਏ ਅਤੇ ਕਾਂਗਰਸ ਦੀਆਂ ਰੈਲੀਆਂ ਵਿਚ ਭਾਸ਼ਣ ਦਿਵਾਏ। 
ਭਾਰਤੀ ਗਣਰਾਜ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ 'ਹਿੰਦੂ' ਮੁਲਕ ਬਣਦਾ ਜਾ ਰਿਹਾ ਹੈ; ਉਸ ਲਿਹਾਜ਼ ਤੋਂ ਜਿਵੇਂ ਇਸ ਦੇ ਨਾਗਰਿਕ ਸੋਚਦੇ ਤੇ ਮਹਿਸੂਸ ਕਰਦੇ ਹਨ, ਜਿਵੇਂ ਇਸ ਦੇ ਅਧਿਕਾਰੀ ਸੋਚਦੇ ਤੇ ਕੰਮ ਕਰਦੇ ਹਨ, ਜਿਵੇਂ ਇਸ ਦੀਆਂ ਪ੍ਰਮੁੱਖ ਪਾਰਟੀਆਂ ਵੋਟਾਂ ਲਈ ਪ੍ਰਚਾਰ ਕਰਦੀਆਂ ਹਨ ਤੇ ਚੋਣਾਂ ਲੜਦੀਆਂ ਹਨ। ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਹੁਣ ਉਨ੍ਹਾਂ ਭਾਰਤੀਆਂ ਵਿਚ ਸਾਫ਼ ਡਰ ਅਤੇ ਅਸੁਰੱਖਿਆ ਪਾਈ ਜਾ ਰਹੀ ਹੈ ਜਿਹੜੇ ਜਨਮ ਜਾਂ ਪਾਲਣ-ਪੋਸ਼ਣ ਪੱਖੋਂ ਹਿੰਦੂ ਨਹੀਂ ਹਨ। ਜ਼ਮੀਨੀ ਤੌਰ 'ਤੇ ਅਤੇ ਰੋਜ਼ਮਰ੍ਹਾ ਜ਼ਿੰਦਗੀ ਵਿਚ ਹਕੂਮਤ ਬਹੁਗਿਣਤੀਵਾਦ ਦੀ ਹੀ ਹੈ। ਭਾਰਤ ਹਾਲੇ ਵੀ ਹਿੰਦੂ ਪਾਕਿਸਤਾਨ ਨਹੀਂ ਬਣਿਆ; ਪਰ ਇਹ ਆਪਣੀ ਹੋਂਦ ਤੋਂ ਬਾਅਦ ਅਜਿਹਾ ਬਣਨ ਦੇ ਸਭ ਤੋਂ ਵੱਧ ਕਰੀਬ ਹੈ।