ਪੰਜਾਬ ਦੇ ਮੁੱਕ ਰਹੇ ਪਾਣੀ ਦੇ ਸੰਕਟ ਦੇ ਹੱਲ ਲਈ ਸਮਾਜਿਕ ਪੱਧਰ ਉੱਤੇ ਯਤਨ ਕੀਤੇ ਜਾਣਗੇ

ਪੰਜਾਬ ਦੇ ਮੁੱਕ ਰਹੇ ਪਾਣੀ ਦੇ ਸੰਕਟ ਦੇ ਹੱਲ ਲਈ ਸਮਾਜਿਕ ਪੱਧਰ ਉੱਤੇ ਯਤਨ ਕੀਤੇ ਜਾਣਗੇ

ਪ੍ਰੈੱਸ ਨੋਟ
ਜਲ ਸੰਭਾਲ ਗੋਸ਼ਟੀ ਵਿਚ ਅਹਿਮ ਵਿਚਾਰ-ਵਟਾਂਦਰਾ ਹੋਇਆ

ਅੰਮ੍ਰਿਤਸਰ ਟਾਈਮਜ਼

ਫਤਿਹਗੜ੍ਹ ਸਾਹਿਬ: ਪੰਜਾਬ ਦੇ ਪਾਣੀ ਦੇ ਅਜੋਕੇ ਹਲਾਤ, ਭਵਿੱਖ ਦੀਆਂ ਲੋੜਾਂ, ਸੰਬੰਧਿਤ ਚੁਣੌਤੀਆਂ ਅਤੇ ਹੱਲ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਵਿਚਾਰਨ ਲਈ ‘ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ’ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਚਾਰ ਗੋਸ਼ਟੀ ਦੌਰਾਣ ਜ਼ਮੀਨੀ ਪਾਣੀ ਦੇ ਪੱਧਰ ਦੀ ਮਜ਼ੂਦਾ ਸਥਿਤੀ, ਪਾਣੀ ਦਾ ਪੱਧਰ ਡਿੱਗਣ ਦੇ ਕਾਰਨ ਅਤੇ ਸੰਭਾਵੀ ਹੱਲਾਂ ਨੂੰ ਵਿਚਾਰਿਆ ਗਿਆ।

ਗੱਲਬਾਤ ਕਰਦਿਆਂ ਪ੍ਰੋ. ਹਰਬੀਰ ਕੌਰ ਨੇ ਦੱਸਿਆ ਕਿ ਪੰਜਾਬ ਚ ਜ਼ਮੀਨਦੋਜ਼ ਪਾਣੀ ਤੇਜੀ ਨਾਲ ਖਤਮ ਹੋ ਰਿਹਾ ਹੈ। ਸੂਬੇ ਦੇ 80% ਬਲਾਕਾਂ ਵਿਚੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਅਤਿ-ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ ।

ਇਸੇ ਰਫਤਾਰ ਨਾਲ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਅਗਲੇ ਕਰੀਬ ਡੇਢ ਦਹਾਕੇ ਵਿਚ ਮੁੱਕ ਜਾਣ ਦਾ ਅਨੁਮਾਨ ਹੈ। ਮੌਜੂਦਾ ਹਲਾਤ ਦੇ ਕਾਰਨਾਂ ਤੇ ਗੱਲ ਕਰਦਿਆਂ ਪੰਜਾਬ ਦੇ ਹੱਕੀ ਪਾਣੀਆਂ ਦੀ ਗੱਲ, ਰਾਜਸੀ ਤੌਰ ਤੇ ਲਾਗੂ ਕੀਤੇ ਅਤੇ ਪੰਜਾਬ ਦੇ ਰਵਾਇਤੀ ਫ਼ਸਲੀ ਚੱਕਰ, ਰੁੱਖਾਂ ਹੇਠ ਰਕਬਾ, ਮੁਨਾਫ਼ਾਖੋਰੀ ਵਾਲਾ ਪੂੰਜੀਵਾਦੀ ਮਾਡਲ ਆਦਿ ਬਾਰੇ ਵਿਸਥਾਰ ਚ ਚਰਚਾ ਹੋਈ।

ਗੱਲਬਾਤ ਦੌਰਾਨ ਦਰਪੇਸ਼ ਸਮੱਸਿਆ ਦੇ ਫੌਰੀ, ਦੀਰਘਕਾਲੀ ਅਤੇ ਲੰਬੇ ਸਮੇਂ ਦੇ ਹੱਲ ਵੀ ਵਿਚਾਰੇ ਗਏ। ਇਹ ਵੀ ਜਿਕਰਯੋਗ ਹੈ ਕਿ ਕੇਂਦਰ ਦੇ ਝੋਨੇ ਹੇਠ ਰਕਬਾ ਘਟਾਉਣ, ਝਿੜੀਆਂ ਲਗਾਉਣ ਅਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਵਰਗੇ ਉੱਦਮਾਂ ਨੂੰ ਪੰਜਾਬ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।  ਵਿਚਾਰ ਚਰਚਾ ਦੌਰਾਨ  ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ, ਦੋਆਬਾ),

ਸ. ਕਰਨੈਲ  ਸਿੰਘ ਪੰਜੌਲੀ (ਜਰਨਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) , ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ, ਸ. ਅਜੈਪਾਲ ਸਿੰਘ ਬਰਾੜ, ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ), ਸਰਦਾਰ ਹਰਦਿਆਲ ਸਿੰਘ ਘਰਿਆਲਾ (ਸਾਬਕਾ ਡਿਪਟੀ ਡਾਇਰੈਕਟਰ, ਬਾਗਬਾਨੀ),  ਮਲਕੀਤ ਸਿੰਘ ਬਸੰਤਕੋਟ, ਮਲਕੀਤ ਸਿੰਘ ਸੈਣੀ ਅਤੇ ਪਲਵਿੰਦਰ ਸਿੰਘ ਤਲਵਾੜਾ ਵੱਲੋਂ ਅਹਿਮ ਨੁਕਤੇ ਸਾਂਝੇ ਕੀਤੇ ਗਏ।

ਜਾਗਰੂਕਤਾ ਕੇਂਦਰ ਵੱਲੋਂ ਇਸੇ ਲੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਵਿਚਾਰ ਗੋਸਟੀਆਂ ਕਰਵਾਈਆਂ ਜਾ ਰਹੀਆਂ ਹਨ।