ਆਪ ਸਰਕਾਰ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ’ਵਿਚ ਨਹੀਂ ਹੋਈ ਕਾਮਯਾਬ

ਆਪ ਸਰਕਾਰ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ’ਵਿਚ ਨਹੀਂ ਹੋਈ ਕਾਮਯਾਬ

* ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਸਮੇਂਹੀ  ਪੱਟੀ ਹਲਕੇ ਦੋ 2 ਹਜ਼ਾਰ ਤੋਂ ਵੱਧ ਨੌਜਵਾਨ

                                 ਨਸ਼ੇ ਦੀ  ਭੇਟ ਚੜ੍ਹੇ                                       

ਪੱਟੀ ਦੇ ਸਾਬਕਾ ਵਿਧਾਇਕ ਗਿੱਲ ਦਾ ਕਹਿਣਾ ਹੈ ਕਿ 6 ਮਹੀਨਿਆਂ ਵਿਚ ਪੱਟੀ ਹਲਕੇ ਅੰਦਰ

ਦਰਜ਼ਨ ਤੋਂ  ਵੱਧ ਮੌਤਾਂ ਨਸ਼ੇ ਨਾਲ ਹੋਈਆਂ     

 ਅੰਮ੍ਰਿਤਸਰ ਟਾਈਮਜ਼

ਪੱਟੀ:ਪੰਜਾਬ ਵਿਚ ਫੈਲਿਆ ਨਸ਼ੇ ਦਾ ਮੱਕਡ਼ ਜਾਲ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਤ ਇਹ ਹਨ ਕਿ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚਡ਼੍ਹ ਰਹੇ ਹਨ। ਪੱਟੀ ਇਲਾਕੇ ਦੀ ਹੀ ਗੱਲ ਕਰੀਏ ਤਾਂ ਇਥੇ ਨਸ਼ੇ ਵੇਚਣ ਜਾਂ ਲਿਆਉਣ ਲਈ ਆਏ ਦਿਨ ਨਵੇਂ ਕੋਡ ਵਰਡ ਸਾਹਮਣੇ ਆਉਦੇ ਰਹਿੰਦੇ ਹਨ। ਤਾਜ਼ਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਹੁਣ ‘ਦੋਧੀ ਆਇਆ...’ ਅਤੇ ‘ਭੁਜੀਆ ਲਿਆਂਦਾ...’ ਦੇ ਕੋਡ ਵਰਡ ਹੇਠ ਚਿੱਟੇ ਦਾ ਕਾਲਾ ਕਾਰੋਬਾਰ ਹੋ ਰਿਹਾ ਹੈ। ਇਥੋਂ ਤਕ ਕਿ ਇਨ੍ਹਾਂ ਕੋਡ ਵਰਡਾਂ ਰਾਹੀਂ ਨਸ਼ੇ ਦੀ ‘ਹੋਮ ਡਲਿਵਰੀ’ ਵੀ ਦਿੱਤੀ ਜਾ ਰਹੀ ਹੈ।

ਪੱਟੀ ਹੁਣ ਹੀ ਨਹੀਂ ਬਲਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਨਸ਼ੇ ਦੇ ਮਾਮਲੇ ’ਵਿਚ ਚਰਚਾ ਵਿਚ ਰਿਹਾ ਹੈ। ਇਕ ਅੰਕਡ਼ੇ ਮੁਤਾਬਿਕ ਲੰਘੀਆਂ ਦੋਵਾਂ ਸਰਕਾਰਾਂ ਸਮੇਂ ਹੀ ਪੱਟੀ ਹਲਕੇ ਦੋ 2 ਹਜ਼ਾਰ ਤੋਂ ਵੱਧ ਨੌਜਵਾਨ ਨਸ਼ੇ ਦੀ ਭੇਟ ਚਡ਼੍ਹ ਗਏ ਸਨ। ਜਦਕਿ ਬਦਲਾਅ ਦੇ ਰੂਪ ਵਿਚ ਲਿਆਂਦੀ ਨਵੀਂ ਸਰਕਾਰ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ’ਵਿਚ ਖਾਸੀ ਕਾਮਯਾਬ ਦਿਖਾਈ ਨਹੀਂ ਦੇ ਰਹੀ। ਸਰਕਾਰ ਬਦਲਣ ਦੇ ਬਾਵਜੂਦ ਪੱਟੀ ਦੇ ਹਾਲਾਤ ਨਹੀਂ ਬਦਲੇ ਤੇ ਇਥੋਂ ਦੇ ਇਕ ਇਲਾਕੇ ਸੰਗਲ ਬਸਤੀ ਵਿਚ ਵੀ ਪਿਛਲੇ ਕੁਝ ਸਮੇਂ ਦੌਰਾਨ 7 ਨੌਜਵਾਨ ਚਿੱਟੇ ਦੇ ਦੈਂਤ ਨੇ ਨਿਗਲ ਲਏ। ਹਾਲਾਂਕਿ ਲੰਘੇ ਸਮੇਂ ’ਤੇ ਝਾਤ ਮਾਰੀਏ ਤਾਂ ਇਥੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਦਰਜਨਾਂ ਵਿਚ ਹੈ। ਸੰਗਲ ਬਸਤੀ ਦੀ ਰਹਿਣ ਵਾਲੀ ਚਰਨ ਕੌਰ, ਅਮਰ ਕੌਰ, ਪ੍ਰਮਜੀਤ ਕੌਰ, ਸੁਬੇਗ ਸਿੰਘ, ਕਸ਼ਮੀਰ ਕੌਰ ਆਦਿ ਨੇ ਦੱਸਿਆ ਕਿ ਇਥੇ ਬੱਚਿਆਂ ਤੋਂ ਲੈ ਕੇ ਲਗਭਗ ਹਰ ਉਮਰ ਦਾ ਵਿਅਕਤੀ ਨਸ਼ਿਆਂ ਦੀ ਆਦੀ ਹੋ ਚੁੱਕਾ ਹੈ। ਇਹ ਨਸ਼ਾ ਇਕੱਲਾ ਚਿੱਟੇ ਦਾ ਹੀ ਨਹੀਂ ਬਲਕਿ ਟੀਕੇ, ਗੋਲੀਆਂ ਅਤੇ ਕੈਪਸੂਲ ਆਦਿ ਦੀ ਵਰਤੋਂ ਵੀ ਹੋ ਰਹੀ ਹੈ। ਦਰਜਨ ਦੇ ਕਰੀਬ ਔਰਤਾਂ ਨੇ ਕਿਹਾ ਕਿ ਬੇਸ਼ੱਕ ਔਰਤਾਂ ਨਸ਼ਾ ਨਹੀਂ ਕਰਦੀਆਂ ਪਰ ਕਿਸ ਘਰ ਵਿਚ ਨਸ਼ਾ ਵਿਕਦਾ ਹੈ, ਇਹ ਉਨ੍ਹਾਂ ਨੂੰ ਸਭ ਪਤਾ ਹੈ। ਹੁਣ ਤਾਂ ਖਾਣ ਪੀਣ ਦੀਆਂ ਵਸਤੂਆਂ ਲੈਣ ਤੋਂ ਵੀ ਸੌਖਾ ਨਸ਼ਾ ਮਿਲ ਰਿਹਾ ਹੈ ਕਿਉਕਿ ਨਸ਼ੇ ਦੇ ਵਪਾਰੀ ਘਰਾਂ ਤਕ ਪਹੁੰਚ ਦੇ ਰਹੇ ਹਨ ਅਤੇ ਬਕਾਇਦਾ ਕੋਡ ਵਰਡ ਰਾਹੀਂ ਹੋਕਾ ਤਕ ਵੀ ਦੇ ਦਿੱਤਾ ਜਾਂਦਾ ਹੈ।

ਸੰਗਲ ਬਸਤੀ ਦੀਆਂ ਔਰਤਾਂ ਨੇ ਕਿਹਾ ਕਿ ਸਰਕਾਰ ਸਾਨੂੰ ਸਸਤੀ ਕਣਕ ਦੇਣਾ ਬੇਸ਼ੱਕ ਬੰਦ ਕਰ ਦੇਵੇ ਪਰ ਨਸ਼ੇ ਨੂੰ ਖਤਮ ਕਰੇ। ਕਿਉਕਿ ਉਨ੍ਹਾਂ ਦੇ ਮਰਦ ਨਸ਼ਾ ਕਰ ਕੇ ਘਰ ਪਏ ਰਹਿੰਦੇ ਹਨ ਅਤੇ ਉਹ ਲੋਕਾਂ ਦੇ ਘਰਾਂ ਜਾਂ ਫਿਰ ਬਾਗਾਂ ਵਿਚ ਜਾ ਕੇ ਕੰਮ ਕਰਦੀਆਂ ਹਨ। ਜੇਕਰ ਨਸ਼ਾ ਬੰਦ ਹੋ ਜਾਵੇਗਾ ਤਾਂ ਉਨ੍ਹਾਂ ਮਰਦ ਵੀ ਕੰਮ ਕਰਨਗੇ ਅਤੇ ਕਣਕ ਵੀ ਮੁੱਲ ਆ ਜਾਵੇਗੀ। ਸਸਤੀ ਕਣਕ ਦਾ ਕੀ ਫਾਇਦਾ ਜੇਕਰ ਉਸ ਨੂੰ ਖਾਣ ਵਾਲੇ ਨਸ਼ਾ ਕਰਕੇ ਜਹਾਨੋਂ ਜਾ ਰਹੇ ਹਨ।

ਸੰਗਲ ਬਸਤੀ ਦੀ ਰਹਿਣ ਵਾਲੀ ਚਰਨ ਕੌਰ ਪਤਨੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦੇ ਲਡ਼ਕੇ ਰਛਪਾਲ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਦੋ ਹੋਰ ਲਡ਼ਕੇ ਗੁਰਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਵੀ ਨਸ਼ਾ ਕਰਨ ਦੇ ਆਦੀ ਹਨ। ਉਸਨੇ ਕਿਹਾ ਕਿ ਉਹ ਇਕ ਪੁੱਤ ਅੱਖਾਂ ਸਾਹਮਣੇ ਗਵਾ ਚੁੱਕੀ ਹੈ ਅਤੇ ਦੂਜੇ ਦੋ ਵੀ ਨਸ਼ੇ ਨਾਲ ਮੌਤ ਵੱਲ ਵਧਦੇ ਦਿਖਾਈ ਦੇ ਰਹੇ ਹਨ। ਉਸਨੇ ਇਹ ਵੀ ਦੱਸਿਆ ਕਿ ਲਡ਼ਕੀ ਵਿਆਹੀ ਤਾਂ ਉਸਦਾ ਪਤੀ ਏਡਜ਼ ਦੀ ਬਿਮਾਰੀ ਨਾਲ ਪੀਡ਼ਤ ਨਿਕਲ ਆਇਆ। ਹੁਣ ਉਸਦੀ ਲਡ਼ਕੀ ਵੀ ਇਸ ਬਿਮਾਰੀ ਨਾਲ ਜੂਝ ਰਹੀ ਹੈ।

ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਦੇ ਪ੍ਰਧਾਨ ਮੁਖਤਿਆਰ ਸਿੰਘ ਪੱਟੀ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਜਵਾਨ ਗੱਭਰੂ ਸਿਵਿਆਂ ਵੱਲ ਕਤਾਰਾਂ ਲਗਾਈ ਖਡ਼੍ਹੇ ਹਨ। ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ’ਤੇ ਨਸ਼ਾ ਤਸਕਰਾਂ ਦੀ ਬਣੀ ਕਥਿਤ ਸਾਂਝ ਨੇ ਇਥੋਂ ਦੇ ਹਾਲਾਤ ਨੂੰ ਬੱਦਤਰ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਹਾਲਾਤ ਹਨ ਕਿ ਨੌਜਵਾਨ ਨਸ਼ਾ ਖਰੀਦਣ ਵਾਸਤੇ ਆਪਣੇ ਮਾਪਿਆਂ ਦੀ ਕੁੱਟਮਾਰ ਕਰਕੇ ਪੈਸੇ ਲੈ ਜਾਂਦੇ ਹਨ।

ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ 6 ਮਹੀਨਿਆਂ ਵਿਚ ਪੱਟੀ ਹਲਕੇ ਅੰਦਰ ਦਰਜ਼ਨ ਤੋਂ ਵੱਧ ਮੌਤਾਂ ਨਸ਼ੇ ਨਾਲ ਹੋਈਆਂ ਹਨ। ਹੁਣ ਤਾਂ ਕਾਂਗਰਸ ਦੀ ਸਰਕਾਰ ਨਹੀਂ ਹੈ ਫਿਰ ਨਸ਼ੇ ਕੌਣ ਵੇਚਦਾ ਹੈ ਤੇ ਕਿਸ ਦੇ ਕਹਿਣੇ ’ਤੇ ਵਿਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ’ਵਿਚ ਨਸ਼ੇ ਦਾ ਕਾਰੋਬਾਰ ਵਧਿਆ ਹੈ। ਜਦੋਂਕਿ ਉਨ੍ਹਾਂ ਨੇ ਵਿਧਾਇਕ ਹੁੰਦਿਆਂ ਨਸ਼ਾ ਵੇਚਣ ਵਾਲੇ ਕਿਸੇ ਵੀ ਅਨਸਰ ਨੂੰ ਆਪਣੇ ਲਾਗੇ ਤਕ ਆਉਣ ਨਹੀਂ ਦਿੱਤਾ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸਰਕਾਰ ਨਸ਼ੇ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਪੁਲਿਸ ਨੇ 6 ਮਹੀਨਿਆਂ ਵਿਚ ਨਸ਼ੇ ਦੇ ਕਈ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕਈ ਸਮੱਗਲਰ ਆਪਣਾ ਘਰ ਬਾਹਰ ਛੱਡ ਕੇ ਭੱਜ ਗਏ ਹਨ। ਨਸ਼ੇ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵੱਡੀਆਂ ਪ੍ਰਾਪਤੀਆਂ ਕੀਤੀਆ ਹਨ। ਭੁੱਲਰ ਨੇ ਕਿਹਾ ਕਿ ਨਸ਼ੇ ’ਤੇ ਨਕੇਲ ਪਾਇਆ ਜਾ ਰਿਹਾ ਹੈ ਤੇ ਇਸ ਧੰਦੇ ਨਾਲ ਜੁਡ਼ੇ ਕਿਸੇ ਵਿਅਕਤੀ ਦਾ ਲਿਹਾਜ ਨਹੀਂ ਹੋਵੇਗਾ।

ਡੀਐੱਸਪੀ ਸਬ ਡਵੀਜਨ ਪੱਟੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਨਸ਼ੇ ’ਤੇ ਨਕੇਲ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਸਮੇਂ ਸਮੇਂ ’ਤੇ ਪੁਲਿਸ ਵੱਲੋਂ ਨਸ਼ੇ ਦੇ ਸਮੱਗਲਰਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਸ਼ੇ ਦੇ ਕਈ ਕਾਰੋਬਾਰੀਆਂ ਖ਼ਿਲਾਫ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ। ਪੱਟੀ ਦੀ ਸੰਗਲ ਬਸਤੀ ਵਿਚ ਵੀ ਸਮੇਂ ਸਮੇਂ ’ਤੇ ਛਾਪਮੇਰੀ ਹੁੰਦੀ ਹੈ। ਜੇਕਰ ਕੋਡ ਵਰਡ ਵਿਚ ਨਸ਼ਾ ਵਿਕਣ ਦੀ ਗੱਲ ਸਾਹਮਣੇ ਆਈ ਤਾਂ ਉਸ ਨੂੰ ਵੀ ਬੇਨਕਾਬ ਕੀਤਾ ਜਾਵੇਗਾ।