ਐੱਨਆਈਏ ਵਲੋਂ ਹੈੱਪੀ ਮਲੇਸ਼ੀਆ ਭਗੌੜਾ ਕਰਾਰ

ਐੱਨਆਈਏ ਵਲੋਂ ਹੈੱਪੀ ਮਲੇਸ਼ੀਆ  ਭਗੌੜਾ ਕਰਾਰ

ਸੂਚਨਾ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਦੇਣ ਦਾ ਐਲਾਨ

ਅੰਮ੍ਰਿਤਸਰ ਟਾਈਮਜ਼

 ਲੁਧਿਆਣਾ : ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਕੌਮੀ ਜਾਂਚ ਏਜੰਸੀ  ਨੇ ਇਨਾਮੀ ਮੁਲਜ਼ਮ ਐਲਾਨ ਦਿੱਤਾ ਹੈ। ਹੈੱਪੀ ਸਬੰਧੀ ਸੂਚਨਾ ਦੇਣ ਵਾਲੇ ਨੂੰ ਐਨਆਈਏ 10 ਲੱਖ ਰੁਪਏ ਦਾ ਇਨਾਮ ਦੇਵੇਗੀ। ਇਸ ਸਬੰਧੀ ਐਨਆਈਏ ਨੇ ਇਕ ਪੋਸਟਰ ਵੀ ਜਾਰੀ ਕੀਤਾ ਹੈ ਜਿਸ ਵਿੱਚ ਇਨਾਮ ਦੇਣ ਦੇ ਨਾਲ-ਨਾਲ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ-ਪਤਾ ਵੀ ਗੁਪਤ ਰੱਖਣ ਬਾਰੇ ਲਿਖਿਆ ਗਿਆ ਹੈ। ਮੁਲਜ਼ਮ ਹੈੱਪੀ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਪਿੰਡ ਮਿਆਦੀ ਕਲਾਂ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਨ੍ਹੀਂ ਦਿਨੀਂ ਮਲੇਸ਼ੀਆ 'ਵਿਚ ਹੈ।

ਦੱਸ ਦਈਏ ਕਿ 23 ਦਸੰਬਰ ਦੀ ਰਾਤ 12.25 'ਤੇ ਹੋਏ ਬੰਬ ਧਮਾਕੇ 'ਵਿਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ 'ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖ਼ਮੀ ਹੋ ਗਏ ਸੀ। 

ਧਮਾਕੇ 'ਵਿਚ ਜ਼ਖਮੀਆਂ 'ਵਿਚ ਲੁਧਿਆਣਾ ਦੇ ਪਿੰਡ ਰਾਜਕੋਟ ਦੀ ਸੰਦੀਪ ਕੌਰ (31 ਸਾਲ), ਸ਼ਰਨਜੀਤ ਕੌਰ (25 ਸਾਲ), ਜਮਾਲਪੁਰ ਦੀ ਰਹਿਣ ਵਾਲੀ ਮਨੀਸ਼ ਕੁਮਾਰ (32 ਸਾਲ), ਕੁਲਦੀਪ ਸਿੰਘ (50 ਸਾਲ) ਅਤੇ ਕ੍ਰਿਸ਼ਨ ਖੰਨਾ (75 ਸਾਲ) ਸ਼ਾਮਲ ਸਨ। ਇਸ ਧਮਾਕੇ 'ਵਿਚ  ਖਾੜਕੂ ਐਂਗਲ ਹੋਣ ਕਾਰਨ ਕੇਂਦਰੀ ਜਾਂਚ ਏਜੰਸੀ ਐਨਆਈਏ  ਤੇ ਐਨ ਐਸ ਜੀ ਨੂੰ ਜਾਂਚ 'ਵਿਚ ਸ਼ਾਮਲ ਕੀਤਾ ਗਿਆ ਸੀ।