ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਨਾ ਲੜਨ ਦਾ ਫੈਸਲਾ ਆਤਮਘਾਤੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਨਾ ਲੜਨ ਦਾ ਫੈਸਲਾ ਆਤਮਘਾਤੀ

ਚੀਮਾ ਨੇ ਬੋਲਿਆ ਝੂਠ ਕਿ ਜਥੇਦਾਰ ਨੇ ਅਕਾਲੀ ਦਲ ਉਪਰ ਚੋਣ ਲੜਨ ਉਪਰ ਪਾਬੰਦੀ ਲਗਾਈ

 *ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਉਪਰ ਚੋਣ ਲੜਨ ਉਪਰ ਪਾਬੰਦੀ ਨਹੀਂ

* ਬਾਦਲ ਦਲ ਦੀ ਨੀਤੀ ਕਾਰਣ ਅਕਾਲੀ ਵਰਕਰਾਂ ਵਿਚ ਭਾਰੀ ਨਮੋਸ਼ੀ

*ਕਿਵੇਂ ਹੋ ਸਕਦੀ ਹੈ ਸ਼ਕਤੀਸ਼ਾਲੀ ਅਕਾਲੀ ਦਲ ਦੀ ਸਿਰਜਣਾ?

ਸਿਆਸੀ ਤੌਰ ’ਤੇ ਹਾਸ਼ੀਏ ’ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਨੇ 13 ਨਵੰਬਰ ਨੂੰ ਹੋਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਨਾ ਲੜ੍ਹਨ ਦਾ ਫੈਸਲਾ ਕੀਤਾ ਹੈ। ਅਕਾਲੀ ਦਲ ਦਾ ਇਹ ਫੈਸਲਾ ਆਤਮਘਾਤੀ ਸਮਝਿਆ ਜਾ ਰਿਹਾ ਹੈ । ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਾਦਲ ਦਲ ਨੂੰ ਨਮੋਸ਼ੀ ਤੋਂ ਬਚਾਉਂਦਿਆਂ ਇਹ ਕੋਰਾ ਝੂਠ ਬੋਲਿਆ ਸੀ ਕਿ ਅਕਾਲ ਤਖਤ ਦਾ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਇਕੱਲੇ ਸੁਖਬੀਰ ਸਿੰਘ ਬਾਦਲ ਲਈ ਨਹੀਂ ਆਇਆ ਹੈ ਉਹ ਸਾਰੇ ਅਕਾਲੀ ਦਲ ਲਈ ਆਇਆ ਹੈ, ਇਸ ਕਰਕੇ ਅਸੀਂ ਮੀਟਿੰਗ ਵਿਚ ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ ।

ਦੂਜੇ ਪਾਸੇ ਅਕਾਲੀ ਦਲ ਦੇ ਇਸ ਫੈਸਲੇ ਤੋਂ ਤੁਰੰਤ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਡਾਕਟਰ ਚੀਮਾ ਦੇ ਬਿਆਨ ਨੂੰ ਰਦ ਕਰਦਿਆਂ ਕਿਹਾ ਹੈ ਕਿ ਜ਼ਿਮਨੀ ਚੋਣਾਂ ਅਕਾਲੀ ਦਲ ਲੜ ਸਕਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ‘ਤੇ ਪਾਬੰਦੀ ਨਹੀਂ ਲਗਾਈ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ,ਕਿਉਂਕਿ ਉਨ੍ਹਾਂ ਦਾ ਮਾਮਲਾ ਅਜੇ ਵੀ ਅਕਾਲ ਤਖਤ ਸਾਹਿਬ ‘ਤੇ ਵਿਚਾਰ ਅਧੀਨ ਹੈ।

ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਚੋਣ ਮੈਦਾਨ ਵਿਚ ਹਟ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਲੀਡਰਸ਼ਿਪ ਨੇ ਇਹ ਮੰਨ ਲਿਆ ਹੈ ਕਿ ਸਿਖ ਪੰਥ ਵਲੋਂ ਅਕਾਲੀ ਦਲ ਬਾਦਲ ਵਿਰੁਧ ਬੇਅਦਬੀਆਂ ਤੇ ਸੌਦਾ ਸਾਧ ਨੂੰ ਲੈਕੇ ਖਾਸਾ ਵਿਰੋਧ ਹੈ, ਜਿਸਦਾ ਸਾਹਮਣਾ ਕਰਨ ਲਈ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਤਿਆਰ ਨਹੀਂ ਹੈ।

ਹਾਲਾਂਕਿ ਪਾਰਟੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਨੂੰ ਚੋਣ ਲੜਨ ਦੀ ਸਲਾਹ ਦਿੱਤੀ ਸੀ ਪਰ ਪਾਰਟੀ ਨੇ ਉਨ੍ਹਾਂ ਦੇ ਉਲਟ ਜਾ ਕੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਤੋਂ ਅਸ਼ਲੀਲ ਵੀਡੀਓ ਕਾਂਡ ਲਈ ਮਾਫ ਕੀਤੇ ਸੁੱਚਾ ਸਿੰਘ ਲੰਗਾਹ ਨੇ ਛੁਰਲੀ ਬਾਦਲ ਪਰਿਵਾਰ ਦੇ ਹੱਕ ਵਿਚ ਛਡ ਦਿਤੀ ਕਿ ਇਸ ਫੈਸਲੇ ਵਿਚ ਅਕਾਲ ਤਖਤ ਸਾਹਿਬ ਤੋਂ ਦੇਰੀ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਹੱਤਿਆ ਹੈ।

ਇਤਿਹਾਸਕਾਰ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਨੇ ਅਕਾਲੀ ਦਲ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਚੋਣ ਲੜਨੀ ਚਾਹੀਦੀ ਸੀ। ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜੰਗ ਦੇ ਮੈਦਾਨ ਵਿਚ ਜੂਝਣਾ ਸਿਖਾਇਆ ਹੈ, ਭੱਜਣਾ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੀ ਅੰਤ ਤੱਕ ਮੈਦਾਨ ਵਿਚ ਲੜੇ ਹਨ। ਇਸ ਲਈ ਅਕਾਲੀ ਦਲ ਨੂੰ ਮੈਦਾਨ ਤੋਂ ਭੱਜਣਾ ਨਹੀਂ ਚਾਹੀਦਾ ਸੀ। ਇਸ ਨਾਲ ਅਕਾਲੀ ਕਾਡਰ ਨਿਰਾਸ਼ ਹੋਵੇਗਾ ਅਤੇ ਕਾਡਰ ਨੂੰ ਵਾਪਸ ਮੋੜਨਾ ਬਹੁਤ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੱਤ ਹਾਰ ਦਾ ਕੋਈ ਬਹੁਤਾ ਫ਼ਰਕ ਨਹੀ ਪੈਂਦਾ। ਪਹਿਲਾਂ ਵੀ ਅਕਾਲੀ ਦਲ ਕਈ ਚੋਣਾਂ ਹਾਰ ਚੁੱਕਾ ਹੈ, ਪਰ ਮੈਦਾਨ ਵਿਚੋਂ ਪਿੱਛੇ ਹਟਣ ਨਾਲ ਮਨੋਬਲ ਡਿੱਗਦਾ ਹੈ।

ਇਸੇ ਤਰ੍ਹਾਂ ਸ੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਚੋਣ ਲੜ੍ਹਨ ਤੋਂ ਪਹਿਲਾਂ ਹੀ ਹਾਰ ਕਬੂਲ ਲਈ ਹੈ। ਇਹ ਅਕਾਲੀ ਦਲ ਦਾ ਆਤਮਘਾਤੀ ਫੈਸਲਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਜੇਕਰ ਪਾਰਟੀ ਦੇ ਅੱਜ ਇਹ ਹਾਲਾਤ ਬਣ ਜਾਣ ਕਿ ਪਾਰਟੀ ਚੋਣ ਮੈਦਾਨ ਵਿਚੋਂ ਭੱਜ ਜਾਵੇ ਤਾਂ ਇਹ ਸਾਡੇ ਲਈ ਬਹੁਤ ਹੀ ਨਮੋਸ਼ੀ ਵਾਲਾ ਅਤੇ ਮੰਦਭਾਗਾ ਸਮਾਂ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਵੀ ਇਹੀ ਕੁੱਝ ਕੀਤਾ ਸੀ ਅਤੇ ਅਸੀਂ ਇਕੱਲੇ ਮੈਦਾਨ ਵਿਚ ਖੜ੍ਹੇ ਰਹੇ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਐੱਮ. ਪੀ. ਚੋਣਾਂ ਵੇਲੇ ਜ਼ਮਾਨਤਾਂ ਜ਼ਬਤ ਹੋਈਆਂ ਹਨ, ਉਦੋਂ ਵੀ ਤਾਂ ਚੋਣ ਲੜੀ ਸੀ ਅਤੇ ਉਦੋਂ ਚੋਣਾਂ ਦਾ ਬਾਈਕਾਟ ਕਿਉਂ ਨਹੀਂ ਕੀਤਾ।ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਜੇਕਰ ਬਚਾਉਣਾ ਹੈ ਤਾਂ ਸਭ ਨੂੰ ਫਰੀ ਹੈਂਡ ਕੰਮ ਕਰਨ ਦਿਓ।

ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਕਾਲੀ ਲੀਡਰਸ਼ਿਪ ਨੇ ਇਹ ਫੈਸਲਾ 2027 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਕੇ ਲਿਆ ਹੈ ਕਿ ਜੇਕਰ ਪਾਰਟੀ ਹਾਰ ਜਾਂਦੀ ਹੈ ਤਾਂ ਇਸਦਾ ਅਸਰ ਬੁਰਾ ਪੈਣਾ ਸੀ। ਅਕਾਲੀ ਦਲ ਦਾ ਇਕ ਸੰਸਦ ਮੈਂਬਰ ਤੇ ਤਿੰਨ ਵਿਧਾਇਕ ਹਨ, ਜਿਨ੍ਹਾਂ ਵਿਚ ਇਕ ਆਪ ਵਿਚ ਸ਼ਾਮਲ ਹੋ ਗਿਆ ਹੈ ਤੇ ਮਨਪ੍ਰੀਤ ਸਿੰਘ ਇਯਾਲੀ ਨਰਾਜ਼ ਚੱਲ ਰਿਹਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਸੀਟ ਤੋਂ ਪੰਜ ਵਾਰ ਚੋਣ ਜਿੱਤ ਚੁੱਕੇ ਹਨ। ਇਸੇ ਤਰ੍ਹਾਂ 1995 ਵਿਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਜਿੱਤਕੇ ਅਕਾਲੀ ਦਲ ਨੇ ਜੇਤੂ ਰੱਥ ਅੱਗੇ ਤੋਰਿਆ ਸੀ, ਪਰ ਹੁਣ ਜ਼ਿਮਨੀ ਚੋਣ ਤੋਂ ਪਾਰਟੀ ਪਿੱਛੇ ਹਟ ਗਈ ਹੈ। ਅਕਾਲੀ ਦਲ ਦੇ ਇਸ ਫੈਸਲੇ ਨੇ ਲੀਡਰਸ਼ਿਪ ਤੇ ਪਾਰਟੀ ਦੇ ਭਵਿੱਖ ’ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਪਾਰਟੀ ਵਰਕਰਾਂ ਤੇ ਲੀਡਰਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਅਕਾਲੀ ਦਲ ਨੇ ਚੋਣ ਜੰਗ ਵਿਚ ਕੁਦਣ ਤੋਂ ਪਹਿਲਾਂ ਹਾਰ ਕਬੂਲ ਲਈ ਹੋਵੇ।

ਕੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋ ਸਕੇਗੀ

 ਬਾਦਲ ਅਕਾਲੀ ਦਲ ਦੇ ਮਹਾਂਰਥੀ ਇਹ ਬਿਆਨਬਾਜੀ ਕਰ ਰਹੇ ਹਨ ਕਿ ਅਕਾਲ ਤਖਤ ਨੂੰ ਅਕਾਲੀ ਦਲ ਵਿਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਨਹੀਂ ਤਾਂ ਚੋਣ ਕਮਿਸ਼ਨ ਅਕਾਲੀ ਦਲ ਦੀ ਰਜਿਸਟਰੇਸ਼ਨ ਕੈਂਸਲ ਕਰ ਸਕਦਾ ਹੈ। ਇਹ ਇਕ ਝੂਠ ਦਾ ਨੈਰਟਿਵ ਹੈ ਤੇ ਜੇ ਇਹ ਸੱਚ ਹੈ ਤਾਂ ਅਕਾਲੀ ਦਲ ਸ੍ਰੋਮਣੀ ਕਮੇਟੀ ਵਿਚ ਦਖਲਅੰਦਾਜ਼ੀ ਕਿਵੇਂ ਕਰ ਰਿਹਾ?ਕਿਵੇਂ ਕਰ ਸਕਦਾ ਹੈ? ਦੂਸਰਾ ਸੰਘ ਪਰਿਵਾਰ ਵੀ ਭਾਜਪਾ ਨੂੰ ਸਲਾਹ ਦਿੰਦਾ ਹੈ।ਕੀ ਭਾਜਪਾ ਨੇ ਹਿੰਦੂ ਧਰਮ ਛਡ ਦਿਤਾ ਹੈ ਜਾਂ ਆਪਣੀ ਧਾਰਮਿਕ ਜਮਾਤ ਸੰਘ ਪਰਿਵਾਰ? ਕੀ ਚੋਣ ਕਮਿਸ਼ਨ ਨੇ ਭਾਜਪਾ ਉਪਰ ਇਤਰਾਜ਼ ਕੀਤਾ ਹੈ?

ਸਿਖ ਚਿੰਤਕਾਂ ਦਾ ਮੰਨਣਾ ਹੈ ਕਿ ਅਕਾਲ ਤਖਤ ਸਾਹਿਬ ਵੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਥਕ ਤਾਲਮੇਲ ਕਮੇਟੀ ਬਣਾ ਸਕਦਾ ਹੈ। ਭਾਵੇਂ ਸਿਧਾ ਦਖਲ ਨਾ ਦੇਵੇ।ਪਰ ਦਿਸ਼ਾ ਨਿਰਦੇਸ਼ ਦੇ ਸਕਦਾ ਹੈ।

ਸਰਦਾਰ ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਇਹ ਫੈਸਲਾ ਲੈ ਕੇ ਸਦੀਵੀ ਹਾਰ ਮੰਨ ਲਈ ਹੈ ।ਇਹ ਅਕਾਲੀ ਦਲ ਦੇ ਖਾਤਮੇ ਦੀ ਨਿਸ਼ਾਨੀ ਹੈ।

ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਬਾਦਲ ਦਲ ਦੇ ਸਾਰੇ ਲੀਡਰ ਕਾਮਰੇਡ,ਲਿਬਰਲਾਂ ਸਲਾਹਕਾਰਾਂ ਦੇ ਘੇਰੇ ਵਿਚੋਂ ਨਿਕਲਕੇ ਅਕਾਲ ਤਖਤ ਨੂੰ ਅਸਤੀਫੇ ਸੌਂਪ ਦੇਣ ਕਿ ਸਾਨੂੰ ਪੰਥ ਦੀ ਸੋਚ ਅਨੁਸਾਰ ਦਿਸ਼ਾ ਨਿਰਦੇਸ਼ ਦੇਵੋ ,ਖਾਲਸਾ ਪੰਥ ਸਾਡੇ ਗੁਨਾਹ ਮਾਫ ਕਰੇ ਤੇ ਸ੍ਰੋਮਣੀ ਅਕਾਲੀ ਦਲ ਮਜਬੂਤ ਕਿਵੇਂ ਹੋਵੇ ਇਸ ਬਾਰੇ ਨੁਮਾਇੰਦਾ ਇਕੱਠ ਸਦਿਆ ਜਾਵੇ ਤਾਂ ਜੋ ਸਮੁਚੀਆਂ ਪੰਥਕ ਧਿਰਾਂ ਅਕਾਲੀ ਦਲ ਦੀ ਪੁਨਰ ਉਸਾਰੀ ਵਿਚ ਯੋਗਦਾਨ ਪਾਉਣ ਨਵੀਂ ਭਰਤੀ ਹੋਵੇ।ਨਵੀਂ ਲੀਡਰਸ਼ਿਪ ਦੀ ਚੋਣ ਹੋਵੇ। ਉਨ੍ਹਾਂ ਕਿਹਾ ਕਿ ਸਿਖ ਪੰਥ ਦੇ ਮਨੋਂ ਲਥੀ ਅਕਾਲੀ ਲੀਡਰਸ਼ਿਪ ਕਦੇ ਸਿਖ ਪੰਥ ਦੀ ਅਗਵਾਈ ਨਹੀਂ ਕਰ ਸਕੀ।ਕੀ ਕਦੇ ਸੰਤ ਫਤਹਿ ਸਿੰਘ,ਬਰਨਾਲੇ ਦੀ ਹੋਂਦ ਜਿਉਂਦੀ ਹੋਈ?ਕੀ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਜਿਉਂਦਾ ਕਰ ਸਕੇ? ਠੀਕ ਹੈ ਉਹ ਆਪਣਾ ਧੜਾ ਚਲਾ ਰਹੇ ਹਨ।ਸਿਖ ਪੰਥ ਦਾ ਇਤਿਹਾਸ ਰਿਹਾ ਜੋ ਲੀਡਰ ਲੀਹੋਂ ਲਹਿ ਗਿਆ ਮੁੜਕੇ ਉਹ ਖਾਲਸਾ ਪੰਥ ਦਾ ਸਿਰਮੌਰ ਲੀਡਰ ਨਹੀਂ ਬਣ ਸਕਿਆ।

ਸਿੱਖ ਬੁਧੀਜੀਵੀ ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ਦਾ ਕਹਿਣਾ ਹੈ ਕਿ ਜੇ ਅਕਾਲੀ ਦਲ ਪੁਨਰ ਸੁਰਜੀਤ ਨਾ ਹੋਇਆ ਤਾਂ ਬਾਦਲ ਅਕਾਲੀ ਦਲ ਦੇ ਮਹਾਂਰਥੀਆਂ ਕੋਲ ਕਿਹੜਾ ਰਾਹ ਹੈ ਕਿ ਉਹ ਆਪਣੀ ਸਿਆਸੀ ਹੋਂਦ ਬਚਾ ਲੈਣਗੇ।ਚੰਗਾ ਇਹੀ ਹੈ ਕਿ ਉਹ ਸਿੰਘ ਸਾਹਿਬਾਨ ਨੂੰ ਅਪੀਲ ਕਰਨ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦਿਸ਼ਾ ਨਿਰਦੇਸ਼ ਦਿਤੇ ਜਾਣ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦਾ ਇਤਿਹਾਸਕ ਫਰਜ ਹੈ ਕਿ ਉਹ ਅਠਾਰਵੀਂ ਸਦੀ ਦੇ ਪੁਰਾਤਨ ਜਥੇਦਾਰਾਂ ਜਥੇਦਾਰ ਦਰਬਾਰਾ ਸਿੰਘ, ਜਥੇਦਾਰ ਕਪੂਰ ਸਿੰਘ,ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ,ਜਥੇਦਾਰ ਬਾਬਾ ਸਾਹਿਬ ਸਿੰਘ ਬੇਦੀ ਵਾਂਗ ਪੰਥਕ ਸੰਗਠਨ ਅਕਾਲੀ ਦਲ ਦੇ ਰੂਪ ਵਿਚ ਉਸਾਰਨ।ਦੀਵਾਲੀ ਤੋਂ ਬਾਅਦ ਪੰਥਕ ਨੁਮਾਇੰਦਾ ਇਕਠ ਬੁਲਾਉਣਾ ਅਤਿਅੰਤ ਜਰੂਰੀ ਹੈ।ਪੁਰਾਤਨ ਪਰੰਪਰਾਵਾਂ ਨੂੰ ਬਹਾਲ ਕਰਨਾ ਆਪਣੇ ਪੁਰਖਿਆਂ ਦੀਆਂ ਪੈੜਾਂ ਉਪਰ ਚਲਣਾ ਬਹੁਤ ਜਰੂਰੀ ਹੈ।

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

981570091