ਨਵੰਬਰ 1984 ਦੇ 40 ਸਾਲਾਂ ਤੇ ਪੰਥ ਸਵੇਕ ਸਖਸ਼ੀਅਤਾਂ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ

ਨਵੰਬਰ 1984 ਦੇ 40 ਸਾਲਾਂ ਤੇ ਪੰਥ ਸਵੇਕ ਸਖਸ਼ੀਅਤਾਂ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ

ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ ਦਾ ਦੂਜਾ ਭਾਗ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਵਿੱਚ ਇੰਡੀਆ ਭਰ ਵਿੱਚ ਵਾਪਰੀ ਸਿੱਖ ਨਸਲਕੁਸ਼ੀ ਦੀ 40ਵੀਂ ਵਰੇਗੰਢ ਮੌਕੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਇੱਕ ਗੁਰਮਤਿ ਸਮਾਗਮ ਗੁਰਦੁਆਰਾ ਥੜਾ ਸਾਹਿਬ, ਇਆਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਜਾ ਰਹੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਨਾਮੀ ਪੁਸਤਕ ਲੜੀ ਤਹਿਤ ਦੂਜੀ ਕਿਤਾਬ ਜਾਰੀ ਕੀਤੀ ਗਈ। ਇਹ ਕਿਤਾਬ ਨੌਜਵਾਨ ਸਿੱਖ ਲੇਖਕਾਂ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਵੱਲੋਂ ਲਿਖੀ ਗਈ ਹੈ। 
ਸਮਾਗਮ ਦੀ ਸ਼ੁਰੂਆਤ ਮੌਕੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਦੇ ਪਰਿਵਾਰ ਵੱਲੋਂ ਘੱਲੂਘਾਰਾ ਜੂਨ 1984 ਅਤੇ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। 
ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ। 
 ਪੰਥ ਸੇਵਕ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਇੰਡੀਅਨ ਸਟੇਟ ਨੇ ਜੂਨ ਅਤੇ ਨਵੰਬਰ 1984 ਦੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਹਕੀਕਤ ਨੂੰ ਦਬਾਉਣ ਲਈ ਬੀਤੇ 40 ਸਾਲਾਂ ਦੌਰਾਨ ਬਹੁਤ ਝੂਠੇ ਬਿਰਤਾਂਤ ਸਿਰਜੇ ਅਤੇ ਹਰ ਹੀਲੇ ਹਕੀਕਤ ਤੋਂ ਮੁਨਕਰ ਹੋਣ ਦਾ ਯਤਨ ਕੀਤਾ ਹੈ ਪਰ ਇਹ ਸ਼ਹੀਦਾਂ ਦੇ ਡੁੱਲੇ ਪਵਿੱਤਰ ਖੂਨ ਅਤੇ ਗੁਰੂ ਸਾਹਿਬ ਵੱਲੋਂ ਵਰਤਾਈ ਜਾ ਰਹੀ ਕਲਾ ਦਾ ਹੀ ਨਤੀਜਾ ਹੈ ਕਿ ਅੱਜ ਦਿੱਲੀ ਦਰਬਾਰ ਵੱਲੋਂ ਸਿੱਖਾਂ ਵਿਰੁਧ ਕੀਤੇ ਗਏ, ਤੇ ਕੀਤੇ ਜਾ ਰਹੇ, ਜ਼ੁਰਮ ਸੰਸਾਰ ਸਾਹਮਣੇ ਨਸ਼ਰ ਹੋ ਰਹੇ ਹਨ। ਇੰਡੀਅਨ ਸਟੇਟ ਵੱਲੋਂ ਵਿਦੇਸ਼ੀ ਦਖਲ-ਅੰਦਾਜ਼ੀ ਅਤੇ ਵਿਦੇਸ਼ਾਂ ਵਿਚ ਸਿੱਖਾਂ ਵਿਰੁਧ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਕਰਨ ਦੀਆਂ ਕਨੇਡਾ ਤੇ ਅਮਰੀਕਾ ਵਿਚ ਬੇਪਰਦ ਹੋਈਆਂ ਕਾਰਵਾਈਆਂ ਇਸ ਦੀ ਪਰਤੱਖ ਮਿਸਾਲ ਹਨ। 
ਤਕਰੀਬਨ ਪੰਜ ਸਾਲ ਦਾ ਸਮਾਂ ਲਗਾ ਕੇ ਇੰਡੀਆ ਭਰ ਵਿੱਚੋਂ ਸਿੱਖ ਨਸਲਕੁਸ਼ੀ ਦੇ ਤੱਥ ਇਕੱਤਰ ਕਰਨ ਵਾਲੇ ਨੌਜਵਾਨ ਖੋਜੀ ਤੇ ਲੇਖਕ ਗੁਰਜੰਟ ਸਿੰਘ ਬੱਲ ਨੇ ਕਿਹਾ ਕਿ ਨਵੰਬਰ 1984 ਵਿੱਚ ਭਾਰਤ ਦੇ 21 ਸੂਬਿਆਂ ਤੇ 300 ਦੇ ਕਰੀਬ ਸ਼ਹਿਰਾਂ-ਕਸਬਿਆਂ ਵਿੱਚ ਸਿੱਖਾਂ ਨੂੰ ਨਸਲਕੁਸ਼ੀ ਦੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਨਾ ਦੱਸਿਆ ਕਿ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਕਿਤਾਬ ਦੇ ਪਹਿਲੇ ਭਾਗ ਵਿੱਚ ਦੱਖਣ ਦੇ ਛੇ ਸੂਬਿਆਂ ਵਿੱਚੋਂ ਇਕੱਤਰ ਕੀਤੇ ਵੇਰਵੇ ਸ਼ਾਮਿਲ ਕੀਤੇ ਗਏ ਸਨ ਅਤੇ ਅੱਜ ਜਾਰੀ ਹੋਈ ਦੂਸਰੀ ਕਿਤਾਬ ਵਿੱਚ ਪੂਰਬੀ ਭਾਰਤ ਦੇ ਛੇ ਸੂਬਿਆਂ ਵਿੱਚੋਂ ਸਿੱਖ ਨਸਲਕੁਸ਼ੀ ਦੇ ਇਕੱਤਰ ਕੀਤੇ ਵੇਰਵੇ ਸ਼ਾਮਿਲ ਕੀਤੇ ਗਏ ਹਨ। 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਭਾਈਚਾਰੇ ਲਈ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਉਸ ਨਾਲ ਵਾਪਰੇ ਮਹਾਂਘਟਨਾਕ੍ਰਮਾਂ ਜਿਵੇਂ ਕਿ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਨੂੰ ਯਾਦ ਰੱਖਿਆ ਜਾਵੇ।
ਇਸ ਮੌਕੇ ਪੰਥ ਸੇਵਕ ਸ਼ਖਸ਼ੀਅਤਾਂ ਵੱਲੋਂ ਜਾਰੀ ਬਿਆਨ ਚ ਕਿਹਾ ਕਿ ਅੱਜ ਜਦੋਂ ਕੌਮਾਂਤਰੀ ਤਾਕਤਾਂ ਸਿੱਖਾਂ ਨਾਲ ਜੁੜੇ ਮਸਲਿਆਂ ਉੱਤੇ ਸਰਗਰਮ ਹਨ ਤਾਂ ਸਿੱਖਾਂ ਨੂੰ ਆਪਣਾ ਪੱਖ ਕੌਮਾਂਤਰੀ ਪੱਧਰ ਉੱਤੇ ਮਜਬੂਤੀ ਨਾਲ ਰੱਖਦਿਆਂ ਇੰਡੀਆ ਵੱਲੋਂ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
ਇਸ ਸਮਾਗਮ ਦੌਰਾਨ ਪੰਥ ਸੇਵਕ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਮਾਝਾ, ਬਿਬੇਕਗੜ੍ਹ ਪ੍ਰਕਾਸ਼ਨ, ਲੱਖੀ ਜੰਗਲ ਖਾਲਸਾ ਜਥਾ, ਸਿੱਖ ਯੂਥ ਪਾਵਰ ਆਫ ਪੰਜਾਬ, ਨਿਸਾਣ ਪ੍ਰਕਾਸ਼ਨ, ਪੰਥ ਸੇਵਕ ਜਥਾ ਦੋਆਬਾ, ਅਦਾਰਾ ਸਿੱਖ ਸ਼ਹਾਦਤ, ਖਬਰ ਅਦਾਰਾ ਸਿੱਖ ਸਿਆਸਤ ਦੇ ਨੁਮਾਇੰਦਿਆਂ, ਕੌਰਨਾਮਾ ਕਿਤਾਬ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਪਰਦੀਪ ਸਿੰਘ ਇਆਲੀ, ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਪਲਵਿੰਦਰ ਸਿੰਘ ਤਲਵਾੜਾ ਨੇ ਵੀ ਹਾਜ਼ਰੀ ਭਰੀ।