ਅਕਾਲੀ ਦਲ ਦੀਆਂ ਜ਼ਿਲ੍ਹਾ ਪਟਿਆਲਾ ’ਵਿਚ ਸਰਗਰਮੀਆਂ ਢਿਲੀਆਂ ਪਈਆਂ

ਅਕਾਲੀ ਦਲ ਦੀਆਂ ਜ਼ਿਲ੍ਹਾ ਪਟਿਆਲਾ ’ਵਿਚ ਸਰਗਰਮੀਆਂ ਢਿਲੀਆਂ ਪਈਆਂ

ਬੀਬੀ ਜਗੀਰ ਕੌਰ ਦੀ ਅਕਾਲੀਆਂ ਨਾਲ ਮਿਲਣੀ ਦੀ ਚਰਚਾ ਛਿੜੀ

ਵੱਡੇ ਬਾਦਲ ਕਾਰਨ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਅਕਾਲੀ: ਬੀਬੀ ਜਗੀਰ ਕੌਰ

ਅੰਮ੍ਰਿਤਸਰ ਟਾਈਮਜ਼

ਪਟਿਆਲਾ-ਇਸ ਜ਼ਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਘਟ ਗਈਆਂ ਹਨ ਤੇ ਇਸ ਵੇਲੇ ਪਟਿਆਲਾ ‌ਸ਼ਹਿਰੀ ਤੇ ਪਟਿਆਲਾ ਦਿਹਾਤੀ ਦੇ ਅਕਾਲੀ ਆਗੂ ਖਾਮੋਸ਼ ਹਨ। ਸਮਾਣਾ ਹਲਕੇ ਦੇ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਉਹ ਸਮਾਜਿਕ ਪ੍ਰੋਗਰਾਮਾਂ ਵਿਚ ਜਾਂਦੇ ਹਨ ਪਰ ਵੱਡੀਆਂ ਸਿਆਸੀ ਸਰਗਰਮੀਆਂ ਨਹੀਂ ਹੋ ਰਹੀਆਂ ਕਿਉਂਕਿ ਉਹ ਸਰਕਾਰ ਦੀ ਕਾਰਗੁਜ਼ਾਰੀ ਨੂੰ ਹਾਲੇ ਵਾਚ ਰਹੇ ਹਨ। ਦੂਜੇ ਪਾਸੇ ਸੁਰਜੀਤ ਸਿੰਘ ਰੱਖੜਾ ਦੇ ਖ਼ਾਸ ਮੰਨੇ ਜਾਂਦੇ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ ਦੇ ਘਰੇਲੂ ਸਮਾਗਮ ਵਿਚ ਬੀਬੀ ਜਗੀਰ ਕੌਰ ਦਾ ਆਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਬੀ ਜਗੀਰ ਕੌਰ ਪਟਿਆਲਾ ਵਿਚ ਕਈ ਅਕਾਲੀ ਆਗੂਆਂ ਦੇ ਘਰ ਵੀ ਗਏ ਹਨ। ਦੂਜੇ ਪਾਸੇ ਪਟਿਆਲਾ ਵਿਚ ਸਿਆਸੀ ਸਰਗਰਮੀਆਂ ਨਾਮਾਤਰ ਹੀ ਹਨ। ਹਲਕਾ ਸਨੌਰ ਵਿੱਚ ਹਰਵਿੰਦਰ ਸਿੰਘ ਚੰਦੂਮਾਜਰਾ ਇੰਚਾਰਜ ਹਨ ਪਰ ਉੱਥੇ ਸਿਆਸੀ ਸਰਗਰਮੀਆਂ ਜ਼ੀਰੋ ਦੇ ਬਰਾਬਰ ਹਨ, ਜਦਕਿ ਪਿਛਲੇ ਦਿਨੀਂ ਪ੍ਰੋ. ਚੰਦੂਮਾਜਰਾ ਦੇ ਖ਼ਾਸ ਮੰਨੇ ਜਾਂਦੇ ਜਰਨੈਲ ਸਿੰਘ ਕਰਤਾਰਪੁਰ ਦੇ ਸ਼੍ਰੋਮਣੀ ਕਮੇਟੀ ਮੈਂਬਰ ਕਾਰਜਕਾਰੀ ਬਣਨ ਕਰਕੇ ਇੱਕਾ-ਦੁੱਕਾ ਸਨਮਾਨ ਸਮਾਗਮ ਹੋਏ ਹਨ। ਇਸੇ ਤਰ੍ਹਾਂ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇ ਇੰਚਾਰਜ ਹਰਪਾਲ ਜੁਨੇਜਾ ਵੀ ਚੁੱਪ ਹਨ, ਜਿਨ੍ਹਾਂ ਬਾਰੇ ਰੱਖੜਾ ਨੇ ਕਿਹਾ ਕਿ ਉਹ ਵਿਦੇਸ਼ ਗਏ ਹੋਏ ਸਨ, ਇਸ ਕਰਕੇ ਸਰਗਰਮੀਆਂ ਨਹੀਂ ਹੋ ਰਹੀਆਂ। ਇਸੇ ਤਰ੍ਹਾਂ ਪਟਿਆਲਾ ਦਿਹਾਤੀ ਦੇ ਜਸਪਾਲ ਬਿੱਟੂ ਚੱਠਾ ਵੀ ਹਲਕੇ ਵਿਚ ਸਰਗਰਮ ਨਹੀਂ ਹਨ। ਸਮਾਣਾ ਹਲਕੇ ਵਿਚ ਸੁਰਜੀਤ ਸਿੰਘ ਰੱਖੜਾ ਸਮਾਜਿਕ ਸਮਾਗਮਾਂ ਵਿਚ ਨਜ਼ਰ ਆਉਂਦੇ ਹਨ ਪਰ ਸਿਆਸੀ ਸਰਗਰਮੀ ਨਾਂਹ ਦੇ ਬਰਾਬਰ ਹਨ। ਇਸੇ ਤਰ੍ਹਾਂ ਹਲਕਾ ਨਾਭਾ ਵਿਚ ਕਬੀਰ ਦਾਸ ਚੁੱਪ ਹਨ, ਹਲਕਾ ਘਨੌਰ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮਾਜਿਕ ਸਮਾਗਮਾਂ ਵਿਚ ਜਾ ਰਹੇ ਹਨ ਪਰ ਸਿਆਸੀ ਸਰਗਰਮੀਆਂ ਘੱਟ ਹੀ ਹਨ। ਇਸ ਤੋਂ ਇਲਾਵਾ ਸ਼ੁਤਰਾਣਾ ਤੇ ਰਾਜਪੁਰਾ ਦਾ ਹਾਲ ਵੀ ਇਹੋ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪਟਿਆਲਾ ਵਿਚ ਕਈ ਥਾਈਂ ਅਕਾਲੀ ਆਗੂਆਂ ਨੂੰ ਮਿਲੇ ਜਿਨ੍ਹਾਂ ਤੋਂ ਕਾਫ਼ੀ ਹੁੰਗਾਰਾ ਮਿਲਿਆ। ਉਨ੍ਹਾਂ ਨਾਲ ਕਈ ਆਗੂ ਪੂਰੀ ਤਰ੍ਹਾਂ ਸਹਿਮਤ ਹਨ ਪਰ ਵੱਡੇ ਬਾਦਲ ਕਰਕੇ ਉਹ ਅਜੇ ਖੁੱਲ੍ਹ ਕੇ ਨਹੀਂ ਚੱਲ ਰਹੇ ਪਰ ਉਨ੍ਹਾਂ ਦੇ ਮਿਲ ਰਹੇ ਹੁੰਗਾਰੇ ਤੋਂ ਇੰਜ ਜਾਪ ਰਿਹਾ ਹੈ ਕਿ ਆਉਂਦੇ ਦਿਨਾਂ ਵਿਚ ਉਨ੍ਹਾਂ ਨਾਲ ਕਈ ਅਕਾਲੀ ਆਗੂ ਖੁੱਲ੍ਹ ਕੇ ਚੱਲਣਗੇ।