ਬੀਬੀ ਜਗੀਰ ਕੌਰ ਧਾਮੀ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ

ਬੀਬੀ ਜਗੀਰ ਕੌਰ ਨੂੰ ਮੀਡੀਆ ਵਿਚ ਗਾਲਾਂ ਕਢਣ ਕਾਰਣ ਸ੍ਰੋਮਣੀ ਕਮੇਟੀ ਪ੍ਰਧਾਨ ਬੁਰੇ ਫਸੇ
ਇਸ ਮਾਮਲੇ ਵਿਚ ਧਾਮੀ ਅਕਾਲ ਤਖਤ ਸਾਹਿਬ ਤੋਂ ਬਾਅਦ ਮਹਿਲਾ ਕਮਿਸ਼ਨ ਅੱਗੇ ਪੇਸ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗ੍ਹੜ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਬਾਰੇ ਵਰਤੇ ਗਾਲਨੁਮਾ ਅਪਸ਼ਬਦਾਂ ਦਾ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਉਲਟੀ ਪੈਂਦੀ ਜਾਪ ਰਹੀ ਹੈ।ਬੀਬੀ ਜਗੀਰ ਕੌਰ ਧਾਮੀ ਨੂੰ ਮਾਫ ਕਰਨ ਲਈ ਤਿਆਰ ਨਹੀਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਔਰਤਾਂ ਖ਼ਿਲਾਫ਼ ਕਥਿਤ ਗਾਲਨੁਮਾ ਟਿੱਪਣੀ ਮਾਮਲੇ ਵਿਚ ਅਕਾਲ ਤਖਤ ਸਾਹਿਬ ਤੇ ਬੀਬੀ ਜਗੀਰ ਕੌਰ ਕੋਲੋਂ ਮਾਫੀ ਮੰਗਣ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੁਹਾਲੀ ਦੇ ਫੇਜ਼-1 ਸਥਿਤ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਪਣੇ ਜਵਾਬ ਵਿਚ ਅਣਜਾਣੇ ਵਿਚ ਹੋਈ ਇਸ ਗਲਤੀ ਲਈ ਖਿਮਾ ਯਾਚਨਾ ਕੀਤੀ ਹੈ।
14 ਦਸੰਬਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ’ਤੇ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਅਪਮਾਨਜਨਕ ਟਿੱਪਣੀ ਅਤੇ ਭਾਸ਼ਾ ਦੀ ਵਰਤੋਂ ਦੇ ਮਾਮਲੇ ਵਿੱਚ ਖ਼ੁਦ-ਬਖ਼ੁਦ ਨੋਟਿਸ ਜਾਰੀ ਕੀਤਾ ਸੀ।
ਧਾਮੀ ਨੇ ਆਪਣੇ ਜਵਾਬ ਵਿਚ ਲਿਖਿਆ ਹੈ ਕਿ ਉਨ੍ਹਾਂ ਤੋਂ ਜਾਣੇ-ਅਣਜਾਣੇ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਹੋ ਗਈ ਸੀ, ਜਿਸ ਸਬੰਧੀ ਉਨ੍ਹਾਂ ਨੇ ਤੁਰੰਤ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗ ਲਈ ਸੀ।ਧਾਮੀ ਨੇ ਇਹ ਵੀ ਕਿਹਾ ਕਿ ਉਹ ਔਰਤ ਦਾ ਨਿਰਾਦਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਸ੍ਰੋਮਣੀ ਕਮੇਟੀ ਪ੍ਰਧਾਨ ਨੇ ਮੰਨਿਆ ਕਿ ਇਕ ਜ਼ਿੰਮੇਵਾਰ ਪੰਥਕ ਅਹੁਦੇ ’ਤੇ ਹੁੰਦਿਆਂ ਉਨ੍ਹਾਂ ਨੂੰ ਅਜਿਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ, ‘‘ਉਸ ਸਮੇਂ ਮੈਂ ਕਿਸੇ ਤਣਾਅ ਵਿਚੋਂ ਲੰਘ ਰਿਹਾ ਸੀ, ਜਿਸ ਕਾਰਨ ਅਚੇਤ ਹੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਹੋ ਗਈ। ਇਸ ਲਈ ਮੈਂ ਬੀਬੀ ਜਗੀਰ ਕੌਰ ਸਮੇਤ ਸਮੁੱਚੀ ਔਰਤ ਸ਼ੇਣੀ ਤੋਂ ਖਿਮਾ ਯਾਚਨਾ ਕਰਦਾ ਹਾਂ।
ਚੇਅਰਪਰਸਨ ਬੀਬੀ ਰਾਜ ਲਾਲੀ ਗਿੱਲ ਮੁਤਾਬਿਕ ਧਾਮੀ ਨੇ ਆਪਣੇ ਪੱਤਰ ਵਿੱਚ ਇਸ ਮਾਮਲੇ ਨੂੰ ਲੈ ਕੇ ਅਫ਼ਸੋਸ ਜਤਾਇਆ ਹੈ ਪਰ ਇਸ ਨਾਲ ਉਹ ਆਪਣੀ ਗ਼ਲਤੀ ਤੋਂ ਫਾਰਗ ਨਹੀਂ ਹੋ ਜਾਂਦੇ। ਇਸ ਤੋਂ ਬਾਅਦ ਕਮਿਸ਼ਨ ਨੇ ਬੀਬੀ ਜਗੀਰ ਕੌਰ ਨੂੰ ਵੀ ਆਪਣਾ ਪੱਖ ਦੱਸਣ ਲਈ ਬੁਲਾਇਆ ਹੈ।
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਲਗਾਤਾਰ ਚੌਥੀ ਵਾਰ ਚੁਣੇ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਵਿਰੁਧ ਇਸ ਮਾਮਲੇ ਬਾਰੇ ਸ਼ੋਸ਼ਲ ਮੀਡੀਆ ਉਪਰ ਤਿਖੀ ਮੁਹਿੰਮ ਜਾਰੀ ਹੈ।
ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਅਤੇ ਸੰਤਾ ਸਿੰਘ ਉਮੈਦਪੁਰੀ ਆਦਿ ਅਕਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਵੱਕਾਰੀ ਅਹੁਦੇ ਦੇ ਮੱਦੇਨਜ਼ਰ ਧਾਮੀ ਵਲੋਂ ਮੁਆਫ਼ੀ ਮੰਗ ਲੈਣਾ ਹੀ ਕਾਫ਼ੀ ਨਹੀਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਧਾਮੀ ਨੇ ਮੇਰੇ ਬਾਰੇ ਜੋ ਸ਼ਬਦ ਬੋਲੇ ਹਨ, ਉਸ ਨੂੰ ਲੈ ਕੇ ਪੰਥਕ ਸੰਸਥਾਵਾਂ ਤੇ ਅਕਾਲੀ ਨੇਤਾਵਾਂ, ਧਾਰਮਿਕ ਸੰਸਥਾਵਾਂ ਦੇ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਫੋਨ ਆ ਰਹੇ ਹਨ ਤੇ ਹਰ ਕੋਈ ਉਸ ਦੀ ਨਿੰਦਾ ਕਰ ਰਿਹਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਧਾਮੀ ਨੇ ਮੇਰੇ ਬਾਰੇ ਜੋ ਸ਼ਬਦ ਬੋਲੇ ਹਨ, ਉਹ ਉਨ੍ਹਾਂ ਦੀ ਘਟੀਆ ਮਾਨਸਿਕਤਾ ਤੇ ਪੜ੍ਹੇ-ਲਿਖੇ ਆਗੂ ਦੀ ਲਿਆਕਤ ਤੋਂ ਇਲਾਵਾ ਪ੍ਰੋ. ਧਾਮੀ ਦੀ ਔਰਤਾਂ ਪ੍ਰਤੀ ਮਾੜੀ ਸੋਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ੈਸਲਾ ਸਿੱਖ ਸੰਗਤਾਂ ’ਤੇ ਹੈ।
ਇੱਥੇ ਦੱਸ ਦਈਏ ਕਿ ਪ੍ਰੋ. ਧਾਮੀ ਦੀ ਇਕ ਆਡੀਓ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਹੈ, ਜਿਸ ਵਿਚ ਉਹ ਬੀਬੀ ਨੂੰ ਤਲਖ਼ੀ ਨਾਲ ਕਈ ਐਸੇ ਗਾਲਨੁਮਾ ਸ਼ਬਦ ਬੋਲ ਰਹੇ ਹਨ ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜਨਤਕ ਖੇਤਰ ਵਿੱਚ ਸਰਗਰਮ ਕਿਸੇ ਵੀ ਵਿਅਕਤੀ ਜਾਂ ਆਗੂ ਤੋਂ ਅਜਿਹੀ ਭਾਸ਼ਾ ਦੇ ਇਸਤੇਮਾਲ ਦੀ ਤਵੱਕੋ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਕਿਸੇ ਧਾਰਮਿਕ ਸੰਸਥਾ ਦਾ ਮੁਖੀ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਤਾਂ ਇਹ ਹੋਰ ਵੀ ਅਫ਼ਸੋਸਨਾਕ ਗੱਲ ਹੈ। ਹਾਲਾਂਕਿ ਧਾਮੀ ਨੇ ਝਟਪਟ ਮੁਆਫ਼ੀ ਮੰਗ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਾਫ਼ ਜ਼ਾਹਿਰ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਇਹ ਸਫ਼ਾਈ ਕਿ ‘ਅਜਿਹੀ ਗੱਲ ਸਹਿਵਨ ਹੀ ਉਨ੍ਹਾਂ ਦੇ ਮੂੰਹੋ ਨਿਕਲ ਗਈ ਸੀ’, ਪ੍ਰਵਾਨਯੋਗ ਨਹੀਂ। ਉਨ੍ਹਾਂ ਗ਼ਲਤੀ ਤਾਂ ਸਵੀਕਾਰ ਲਈ ਪਰ ਸੱਚਾਈ ਸਵੀਕਾਰ ਨਹੀਂ ਕੀਤੀ। ਇਸੇ ਕਰ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣਾ ਪਿਆ ਹੈ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਦੇ ਰੁਖ਼ ਤੋਂ ਵੀ ਇਹ ਸਪਸ਼ਟ ਹੋ ਗਿਆ ਸੀ ਕਿ ਉਨ੍ਹਾਂ ਧਾਮੀ ਦੀ ਮੁਆਫ਼ੀ ਸਵੀਕਾਰ ਕਰ ਕੇ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਸੀ। ਚਾਹੀਦਾ ਤਾਂ ਇਹ ਸੀ ਕਿ ਸ੍ਰੀ ਧਾਮੀ ਬੀਬੀ ਜਗੀਰ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਤਸੱਲੀ ਕਰਾਉਂਦੇ ਅਤੇ ਫਿਰ ਜਨਤਕ ਤੌਰ ’ਤੇ ਮੁਆਫ਼ੀ ਮੰਗਦੇ।
ਜਥੇਦਾਰਨੀਆਂ ਦੇ ਵਫ਼ਦ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤੀ ਸ਼ਿਕਾਇਤ
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸੰਬੰਧੀ ਅਪਸ਼ਬਦ ਬੋਲੇ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਬੀਬੀਆਂ ਦਾ ਵਫ਼ਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼ਿਕਾਇਤ ਪੱਤਰ ਦੇਣ ਲਈ ਪੁੱਜਾ। ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇ ’ਤੇ ਬੈਠੇ ਪ੍ਰਧਾਨ ਵਰਗੇ ਵਿਅਕਤੀ ਨੂੰ ਅਜਿਹੀ ਭਾਸ਼ਾ ਬੋਲਣਾ ਸ਼ੋਭਨੀਕ ਨਹੀਂ ਹੈ ਤੇ ਉਨ੍ਹਾਂ ਕੇਵਲ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਹੀ ਨਹੀਂ ਸਮੁੱਚੀ ਔਰਤ ਜਾਤ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੂੰ ਆਪਣੀ ਗਲਤੀ ਲਈ ਇਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਤੋਂ ਮੰਗ ਕਰਨਗੇ ਕਿ ਐਡਵੋਕੇਟ ਧਾਮੀ ਵਿਰੁੱਧ ਪੰਥਕ ਪਰੰਪਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਸਿੱਖ ਪੰਥ ਸੰਤੁਸ਼ਟ ਹੋ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਬਹਾਲ ਹੋ ਸਕੇ।
Comments (0)