ਬਾਦਲ ਦਲ ਦੀ ਗੈਰ-ਮੌਜੂਦਗੀ ਨੇ ਹਲਕਾ ਚੱਬੇਵਾਲ ਦਾ ਵੋਟ ਗਣਿਤ ਬਦਲਿਆ

ਬਾਦਲ ਦਲ ਦੀ ਗੈਰ-ਮੌਜੂਦਗੀ ਨੇ ਹਲਕਾ ਚੱਬੇਵਾਲ ਦਾ ਵੋਟ ਗਣਿਤ ਬਦਲਿਆ

ਭਾਜਪਾ ,ਆਪ ਤੇ ਕਾਂਗਰਸ ਵਿਚਾਲੇ ਕਰੜਾ ਮੁਕਾਬਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹੁਸ਼ਿਆਰਪੁਰ -ਵਿਧਾਨ ਸਭਾ ਹਲਕਾ ਚੱਬੇਵਾਲ ਵਿਚ 20 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੀ ਲੜਾਈ ਦਿਲਚਸਪ ਬਣੀ ਹੋਈ ਹੈ ।'ਆਪ' ਤੋਂ ਛੁੱਟ ਸਾਰੇ ਹੀ ਰਾਜਸੀ ਦਲਾਂ ਵਲੋਂ ਇਸ ਚੋਣ ਲਈ ਮੈਦਾਨ ਵਿਚ ਦੂਸਰੇ ਦਲਾਂ ਤੋਂ ਆਏ ਉਮੀਦਵਾਰਾਂ ਨੂੰ ਉਤਾਰਿਆ ਗਿਆ ਹੈ । ਚੋਣ ਮੈਦਾਨ ਵਿਚ ਉਤਰੇ ਸਾਰੇ ਹੀ ਪੁਰਾਣੇ ਨੇਤਾ ਉਨ੍ਹਾਂ ਪਾਰਟੀਆਂ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਉਹ ਪਹਿਲਾਂ ਡਟ ਕੇ ਵਿਰੋਧ ਕਰਦੇ ਰਹੇ ਹਨ ।ਇਸ ਦੇ ਨਾਲ ਹੀ ਇਨ੍ਹਾਂ ਪਾਰਟੀਆਂ ਵਲੋਂ ਹਾਸਲ ਕੀਤੇ ਜਾਂਦੇ ਵੋਟਾਂ ਦਾ ਗਣਿਤ ਵੀ ਇਸ ਵਾਰ ਕੁੱਝ ਉਲਝਿਆ ਨਜ਼ਰ ਆ ਰਿਹਾ ਹੈ। 

 ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਨੂੰ ਆਪਣੇ ਪਿਤਾ ਦੋ ਵਾਰ ਕਾਂਗਰਸ ਪਾਰਟੀ ਤੋਂ ਵਿਧਾਇਕ ਰਹੇ ਅਤੇ ਮੌਜੂਦਾ ਸਮੇਂ 'ਆਪ' ਤੋਂ ਸੰਸਦ ਮੈਂਬਰ ਡਾ: ਰਾਜ ਕੁਮਾਰ ਦੀ ਰਾਜਨੀਤਕ ਸ਼ਾਖ਼ ਦਾ ਆਸਰਾ ਹੈ, ਉੱਥੇ ਲੰਮਾ ਸਮਾਂ ਬਹੁਜਨ ਸਮਾਜ ਪਾਰਟੀ ਵਿਚ ਰਹਿਣ ਅਤੇ ਪਿਛਲੀ ਲੋਕ ਸਭਾ ਚੋਣ ਬਸਪਾ ਟਿਕਟ 'ਤੇ ਲੜਨ ਤੋਂ ਬਾਅਦ ਹੁਣ ਕਾਂਗਰਸ ਵਿਚ ਸ਼ਾਮਿਲ ਹੋ ਕੇ ਚੱਬੇਵਾਲ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਨੂੰ ਇਲਾਕੇ ਵਿਚ ਆਪਣੀ ਪਾਰਟੀ ਦੀ ਪੁਰਾਣੀ ਪੈਂਠ 'ਤੇ ਯਕੀਨ ਹੈ ।

ਉੱਧਰ ਭਾਜਪਾ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਸੋਹਣ ਸਿੰਘ ਠੰਡਲ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼ੋ੍ਮਣੀ ਅਕਾਲੀ ਦਲ ਦਾ ਸਾਥ ਨਿਭਾਇਆ ਅਤੇ ਅਕਾਲੀ-ਭਾਜਪਾ ਸਰਕਾਰ ਵਿਚ ਮੰਤਰੀ ਵੀ ਰਹੇ । ਫਿਰ ਪਿਛਲੀ ਚੋਣ ਅਕਾਲੀ-ਭਾਜਪਾ ਦਾ ਰਾਜਨੀਤਕ ਤਲਾਕ ਹੋਣ ਤੋਂ ਬਾਅਦ ਉਨ੍ਹਾਂ ਲੋਕ ਸਭਾ ਚੋਣ ਸ਼ੋ੍ਮਣੀ ਅਕਾਲੀ ਦਲ ਤੋਂ ਲੜੀ ਅਤੇ ਹੁਣ ਅਚਾਨਕ ਹੀ ਅਕਾਲੀ ਦਲ ਦਾ ਪੱਲਾ ਛੱਡ ਕੇ ਭਾਜਪਾ ਵਿਚ ਆ ਕੇ ਭਾਜਪਾ ਉਮੀਦਵਾਰ ਬਣ ਗਏ ।ਸਾਰੇ ਉਮੀਦਵਾਰਾਂ ਦੀ ਅੱਖ ਆਪਣੀ ਪਾਰਟੀ ਦੇ ਪਰੰਪਰਾਗਤ ਵੋਟਾਂ ਦੇ ਨਾਲ-ਨਾਲ ਇਸ ਵਾਰ ਚੋਣ ਨਾ ਲੜ ਰਹੇ ਸ਼ੋ੍ਰਮਣੀ ਅਕਾਲੀ ਦਲ ਦੇ ਵੋਟ ਬੈਂਕ 'ਤੇ ਹੈ, ਜੋ ਕਿਸੇ ਮਜ਼ਬੂਤ ਪੱਖ ਨਾਲ ਰਲ ਕੇ ਪਾਸਾ ਵੀ ਪਲਟ ਸਕਦਾ ਹੈ | ਡਾ: ਰਾਜ ਕੁਮਾਰ ਦੇ ਕਾਂਗਰਸ 'ਚ ਰਹਿੰਦਿਆਂ ਬਣਾਏ ਗਏ ਆਪਣੇ ਪ੍ਰਭਾਵਸ਼ਾਲੀ ਵੋਟ ਬੈਂਕ ਅਤੇ ਹੁਣ ਆਮ ਆਦਮੀ ਪਾਰਟੀ 'ਚ ਆਉਣ ਤੋਂ ਬਾਅਦ ਵੀ ਕਾਇਮ ਰੱਖੀ ਆਪਣੀ ਰਾਜਨੀਤਕ ਸ਼ਾਖ਼ ਦਾ ਲਾਭ ਉਨ੍ਹਾਂ ਦੇ ਪੁੱਤਰ ਤੇ 'ਆਪ' ਉਮੀਦਵਾਰ ਡਾ: ਇਸ਼ਾਂਕ ਕੁਮਾਰ ਨੂੰ ਤੈਅ ਨਜ਼ਰ ਆ ਰਿਹਾ ਹੈ, ਪਰ ਅਕਾਲੀ ਦਲ ਦਾ ਇਹ ਚੋਣ ਨਾ ਲੜਨਾ ਵੋਟਾਂ ਦੇ ਸਾਰੇ ਗਣਿਤ ਨੂੰ ਬਦਲ ਕੇ ਰੱਖ ਗਿਆ ਹੈ । ਇਨ੍ਹਾਂ ਸਾਰੇ ਹਾਲਾਤ 'ਚ ਜਿਥੇ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਆਪਣੇ ਪੁਰਾਣੀ ਪਾਰਟੀ ਦੇ ਟਕਸਾਲੀ ਵੋਟਰਾਂ ਦੇ ਸਾਥ ਦੀ ਉਮੀਦ ਕਰ ਰਹੇ ਹਨ, ਲੇਕਿਨ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ 'ਚ ਤੇਜ਼ ਹੋਏ ਭਾਜਪਾ ਦੇ ਵਿਰੋਧ ਦਾ ਅਸਰ ਵੀ ਉਨ੍ਹਾਂ 'ਤੇ ਪੈਂਦਾ ਇਨ੍ਹੀਂ ਦਿਨੀਂ ਹੋ ਰਹੇ ਉਨ੍ਹਾਂ ਦੇ ਵਿਰੋਧ ਤੋਂ ਨਜ਼ਰ ਆ ਰਿਹਾ ਹੈ । ਜਿੱਥੇ ਕਾਂਗਰਸ ਵਲੋਂ ਅਕਾਲੀ ਦਲ ਦੀਆਂ ਵੋਟਾਂ ਆਪਣੇ ਪੱਖ 'ਚ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਆਮ ਆਦਮੀ ਪਾਰਟੀ ਵਲੋਂ ਵੀ ਅਕਾਲੀ ਦਲ ਦੀਆਂ ਵੋਟਾਂ ਨੂੰ ਸੰਨ੍ਹ ਲਗਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ|

ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 4073 ਵੋਟਾਂ ਮਿਲੀਆਂ ਸਨ, ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਗਰਾਫ਼ ਵੱਧ ਕੇ 94072 ਵੋਟਾਂ ਤੱਕ ਜਾ ਪਹੁੰਚਿਆ ਸੀ ।ਇਸੇ ਤਰ੍ਹਾਂ ਸ਼ੋ੍ਮਣੀ ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 19329 ਵੋਟਾਂ ਹਾਸਲ ਕੀਤੀਆਂ ਸਨ, ਜੋ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਘੱਟ 11935 ਰਹਿ ਗਈਆਂ ।ਕਾਂਗਰਸ ਦੇ ਡਾ: ਰਾਜ ਕੁਮਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 47300 ਵੋਟਾਂ ਹਾਸਲ ਕੀਤੀਆਂ ਸਨ, ਜਦਕਿ ਡਾ: ਰਾਜ ਕੁਮਾਰ ਦੇ 'ਆਪ' ਵਿਚ ਜਾਣ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ 18162 ਵੋਟਾਂ ਹੀ ਹਾਸਲ ਕਰ ਸਕੀ ਸੀ ।ਇਸ ਤਰ੍ਹਾਂ ਕਾਂਗਰਸ ਨੂੰ ਕਰੀਬ 30 ਹਜ਼ਾਰ ਵੋਟਾਂ ਦਾ ਨੁਕਸਾਨ ਝੱਲਣਾ ਪਿਆ ਸੀ ।2022 'ਚ ਚੱਬੇਵਾਲ ਤੋਂ 39729 ਵੋਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਕਰੀਬ 10000 ਵੋਟਾਂ ਦਾ ਨੁਕਸਾਨ ਝੱਲਦਿਆਂ 28955 ਵੋਟਾਂ ਹਾਸਲ ਕੀਤੀਆਂ ਸਨ ।ਇਸੇ ਤਰ੍ਹਾਂ ਪਿਛਲੀ ਲੋਕ ਸਭਾ ਚੋਣ ਦੌਰਾਨ ਪਾਰਟੀਆਂ ਦੀ ਵੋਟ ਪ੍ਰਤੀਸ਼ਤਤਾ 'ਚ ਵੱਡਾ ਪਰਿਵਰਤਨ ਦੇਖਣ ਨੂੰ ਮਿਲਿਆ ਸੀ ਅਤੇ ਇਹੀ ਰੁਝਾਨ ਜੇਕਰ ਜ਼ਿਮਨੀ ਚੋਣ ਵਿਚ ਵੀ ਜਾਰੀ ਰਹਿੰਦਾ ਹੈ ਤਾਂ ਅਕਾਲੀ ਦਲ ਦੇ ਚੋਣ ਮੈਦਾਨ ਵਿਚ ਨਾ ਉੱਤਰਨ ਕਰਕੇ ਫਿਲਹਾਲ ਕਿਸੇ ਵੀ ਪੱਖ ਵਿਚ ਨਜ਼ਰ ਨਾ ਆ ਰਹੇ ਅਕਾਲੀ ਦਲ ਦੇ ਪਰੰਪਰਾਗਤ ਵੋਟ ਬੈਂਕ ਦਾ ਚੋਣ ਨਤੀਜਿਆਂ ਵਿਚ ਵੱਡਾ ਹੱਥ ਹੋਣ ਦੀ ਸੰਭਾਵਨਾ ਹੈ ।