ਐਸਜੀਪੀਸੀ ਅਤੇ ਸਿਖਿਆ ਸੰਸਥਾਵਾਂ ਨੂੰ ਸਾਜਿਸ਼ਾਂ ਅਧੀਨ ਖੁਦਕੁਸ਼ੀਆਂ ਦੇ ਰਾਹ 'ਤੇ ਤੋਰਿਆ: ਮਾਸਟਰ ਮਿੱਠੂ ਸਿੰਘ ਕਾਹਨੇਕੇ

ਐਸਜੀਪੀਸੀ ਅਤੇ ਸਿਖਿਆ ਸੰਸਥਾਵਾਂ ਨੂੰ ਸਾਜਿਸ਼ਾਂ ਅਧੀਨ ਖੁਦਕੁਸ਼ੀਆਂ ਦੇ ਰਾਹ 'ਤੇ ਤੋਰਿਆ: ਮਾਸਟਰ ਮਿੱਠੂ ਸਿੰਘ ਕਾਹਨੇਕੇ
ਮਾਸਟਰ ਮਿੱਠੂ ਸਿੰਘ ਕਾਹਨੇਕੇ

ਕਮੇਟੀ ਮੈਂਬਰ ਨਿੱਜਵਾਦ ਤੇ ਸਿਆਸਤ ਛੱਡ ਕੇ ਅੱਗੇ ਆਉਣ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਐਸਜੀਪੀਸੀ ਦੇ ਅੰਦਰੂਨੀ ਲੜਖਾਏ ਪ੍ਰਬੰਧਕੀ ਢਾਂਚੇ ਸੰਬੰਧੀ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਐਸਜੀਪੀਸੀ ਅਤੇ ਇਸ ਦੀਆਂ ਸਿਖਿਆ ਸੰਸਥਾਵਾਂ ਨੂੰ ਸਾਜਿਸ਼ਾਂ ਅਧੀਨ ਖੁਦਕੁਸ਼ੀਆਂ ਦੇ ਰਾਹ 'ਤੇ ਤੋਰਿਆ ਗਿਆ ਹੈ। ਜਿਨ੍ਹਾਂ ਨੂੰ ਬਚਾਉਣ ਲਈ ਹਰ ਕਮੇਟੀ ਮੈਂਬਰ ਅਤੇ ਸੁਹਿਰਦ ਪੰਥਕ ਸ਼ਖਸੀਅਤਾਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਤਰਫ ਕਮੇਟੀ ਦੇ ਅਦਾਰਿਆਂ ਦੇ ਮੁਲਾਜ਼ਮਾਂ ਨੂੰ 6-6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ, 2022-23 ਦੇ ਬਜਟ 'ਚ ਰੱਖੀ ਰਕਮ ਨੂੰ ਅਗਾਊਂ ਹੀ ਤਨਖਾਹਾਂ ਤੇ ਹੋਰ ਖਰਚਿਆਂ ਲਈ ਲਈ ਵਰਤ ਲਿਆ ਗਿਆ ਹੈ। ਉੱਥੇ ਦੂਸਰੀ ਤਰਫ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 500 ਨਵੇਂ  ਮੁਲਾਜ਼ਮ ਭਰਤੀ ਕਰਕੇ  ਕਮੇਟੀ ਉੱਤੇ ਹੋਰ ਆਰਥਿਕ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਅੰਦਰ ਭ੍ਰਿਸ਼ਟਾਚਾਰ ਦੋਸ਼ਾਂ ਅਧੀਨ ਸਸਪੈਂਡ ਕੀਤੇ ਅਡੀਸ਼ਨਲ ਸਕੱਤਰਾਂ,ਮੈਨੇਜਰਾਂ,ਕਲਰਕਾਂ ਨੂੰ ਜਿੱਥੇ ਮੁੜ ਬਹਾਲ ਕਰਕੇ ਤਰੱਕੀਆਂ ਦਿੱਤੀਆਂ ਗਈਆਂ ਉੱਥੇ ਹੀ ਉਨ੍ਹਾਂ ਨੂੰ ਮਨਚਾਹੀਆਂ ਪੋਸਟਾਂ ਉੱਤੇ ਨਿਯੁਕਤ ਕਰ ਦਿੱਤਾ ਗਿਆ। ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਕਮੇਟੀ ਦਾ ਟੀਵੀ ਚੈਨਲ ਅਜੇ ਤੱਕ ਆਰੰਭ ਨਹੀਂ ਕੀਤਾ ਗਿਆ,ਕਮੇਟੀ ਦਾ ਆਡਿਟ ਕਰਨ ਵਾਲੀ ਕੋਹਲੀ ਐਂਡ ਕੰਪਨੀ ਤੋਂ ਜੋ ਰਕਮ ਦੀ ਰਿਕਵਰੀ ਕਰਨੀ ਸੀ ਉਹ ਨਹੀਂ ਕੀਤੀ ਗਈ, ਗੁੰਮ ਸਰੂਪਾਂ ਲਈ ਦੋਸ਼ੀ ਮੁਲਾਜ਼ਮਾਂ ਨੂੰ ਮੁੜ ਨੌਕਰੀਆਂ ਉੱਤੇ ਬਹਾਲ ਕਰਕੇ ਬਕਾਇਆ ਰਕਮਾਂ ਦਿੱਤੀਆਂ ਗਈਆਂ ।  ਮਾਸਟਰ ਮਿੱਠੂ ਸਿੰਘ ਨੇ ਕਮੇਟੀ ਦੇ ਕਾਲਜਾਂ ਤੇ ਸਕੂਲਾਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਐਸਜੀਪੀਸੀ ਦੇ ਪ੍ਰਬੰਧ ਹੇਠਲੇ 33 ਕਾਲਜਾਂ ਚੋਂ 29 ਕਾਲਜਾਂ ਅਤੇ 52 ਸਕੂਲਾਂ ਚੋਂ 40 ਸਕੂਲਾਂ ਦੇ ਕ੍ਰਮਵਾਰ ਪ੍ਰਿੰਸੀਪਲਾਂ,ਪ੍ਰੋਫੈਸਰਾਂ,ਅਧਿਆਪਕਾਂ,ਕਲਰਕਾਂ, ਦਰਜਾ ਚਾਰ ਕਰਮਚਾਰੀਆਂ ਜਿਨ੍ਹਾਂ ਸੇਵਾਦਾਰ,ਡਰਾਈਵਰ,ਮਾਲੀ ਆਦਿ ਸ਼ਾਮਿਲ ਹਨ ਨੂੰ 7-7 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।