ਸਾਬਕਾ ਪੁਲਿਸ ਅਫਸਰ ਖਟੜਾ ਕਾਰਣ ਬਾਦਲ ਦਲ ਉਪਰ ਸੰਕਟ ਮੰਡਰਾਇਆ
ਸੌਦਾ ਸਾਧ ਦੀਆਂ ਵੋਟਾਂ ਕਾਰਣ ਸੁਖਬੀਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਛਿਕੇ ਟੰਗਿਆ-ਖੱਟੜਾ
*ਚੀਮਾ ਤੇ ਵਲਟੋਹਾ ਖੱਟੜਾ ਤੋਂ ਔਖੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗ੍ਹੜ: ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਸਾਬਕਾ ਪੁਲੀਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਵੋਟਾਂ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਛਿੱਕੇ ਟੰਗਿਆ ਸੀ, ਅਸੀਂ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਵਾਪਸ ਕੀਤੀ ਤੇ ਪਾਰਟੀ ਛੱਡ ਦਿੱਤੀ।’’
ਉਨ੍ਹਾਂ ਸਪੱਸ਼ਟ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਜਾਂ ਫਿਰ ਬਰਗਾੜੀ ਵਿੱਚ ਬੇਅਦਬੀ ਬਾਰੇ ਤੱਥ ਗੁਰਦੇਵ ਪ੍ਰੇਮੀ ਦੇ ਸਕਦਾ ਸੀ ਪਰ ਉਹ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਬਾਰੇ ਪੱਕੇ ਸਬੂਤ ਮਿਲਣੇ ਮੁਸ਼ਕਲ ਹੋ ਗਏ ਹਨ। ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ, ‘‘ਜੇ ਸਾਡੀ ਸਰਕਾਰ ਬਣੀ ਤਾਂ ਉਹ ਬੇਅਦਬੀ ਦੀ ਜਾਂਚ ਦੁਬਾਰਾ ਕਰਾਉਣਗੇ। ਖੱਟੜਾ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਸੁਖਬੀਰ ਸਣੇ ਸਾਰੇ ਹੀ ਮੰਨ ਗਏ ਸਨ ਕਿ ਡੇਰਾ ਪ੍ਰੇਮੀ ਹੀ ਬੇਅਦਬੀ ਦੇ ਦੋਸ਼ੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ‘‘ਅਸੀਂ ਖੱਟੜਾ ਵੱਲੋਂ ਲਗਾਏ ਦੋਸ਼ਾਂ ਬਾਰੇ ਹੁਣ ਕੁਝ ਨਹੀਂ ਕਹਿਣਾ ਚਾਹੁੰਦੇ।’’
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਉਂਦਿਆਂ ਕਿਹਾ, ‘‘ਸਾਬਕਾ ਐੱਸਐੱਸਪੀ ਰਣਬੀਰ ਸਿੰਘ ਖੱਟੜਾ ਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹਨ ਅਤੇ ਅਕਾਲੀ ਦਲ ’ਤੇ ਹਮਲਾ ਕਰਨ ਲਈ ਹੁਣ ਪ੍ਰਦੀਪ ਕਲੇਰ ਤੋਂ ਬਾਅਦ ‘ਆਪ’ ਸਰਕਾਰ ਨੇ ਰਣਬੀਰ ਸਿੰਘ ਖੱਟੜਾ ਦੀ ਡਿਊਟੀ ਲਗਾਈ ਹੈ। ਰਣਬੀਰ ਸਿੰਘ ਖੱਟੜਾ ਜਦੋਂ ਬਟਾਲਾ, ਮਜੀਠਾ ਤੇ ਤਰਨ ਤਾਰਨ ਆਦਿ ਸਰਹੱਦੀ ਜ਼ਿਲ੍ਹਿਆਂ ਵਿੱਚ ਬਤੌਰ ਐੱਸਐੱਸਪੀ ਤਾਇਨਾਤ ਸਨ ਤਾਂ ਉਸ ਵੇਲੇ ਉਨ੍ਹਾਂ ਨਾ ਸਿਰਫ ਸਿੱਖ ਨੌਜਵਾਨਾਂ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਤੇ ਅਣਗਿਣਤ ਝੂਠੇ ਪੁਲੀਸ ਮੁਕਾਬਲੇ ਕੀਤੇ ।
Comments (0)