ਲੁਧਿਆਣਾ ਵਿਚ 'ਮੁਸਲਿਮ ਗਰਲਜ਼ ਕਾਲਜ ਖੁਲੇਗਾ'

ਲੁਧਿਆਣਾ ਵਿਚ 'ਮੁਸਲਿਮ ਗਰਲਜ਼ ਕਾਲਜ ਖੁਲੇਗਾ'

  ਲੋੜਵੰਦ ਧੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ ਸਿੱਖਿਆ   

ਅੰਮ੍ਰਿਤਸਰ ਟਾਈਮਜ਼

 ਲੁਧਿਆਣਾ : ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਵਿਚ ਬੀਤੀ ਰਾਤ ਬੁਲਾਈ ਗਈ ਵੱਖ-ਵੱਖ ਮਸਜਿਦਾਂ ਦੇ ਪ੍ਰਧਾਨ ਸਾਹਿਬਾਨ, ਇਮਾਮ ਸਾਹਿਬਾਨ ਅਤੇ ਸਮਾਜਿਕ ਸੰਗਠਨਾਂ ਦੇ ਜ਼ਿੰਮੇਵਾਰਾਂ ਦੀ ਮੀਟਿੰਗ ਵਿਚ ਇੱਕ ਇਤਿਹਾਸਕ ਫ਼ੈਸਲਾ ਲਿਆ ਗਿਆ। ਇਸ ਦੌਰਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਲੁਧਿਆਣਾ ਦੇ ਮੁਸਲਮਾਨ ਸਮਾਜ ਵੱਲੋਂ ਦੇਸ਼ ਦੀਆਂ ਧੀਆਂ ਲਈ ਜਲਦੀ ਹੀ ਲੁਧਿਆਣਾ ਵਿਚ ਹਬੀਬ ਗਰਲਜ਼ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਸੁਫ਼ਨਾ ਸੀ, ਇਸ ਲਈ ਇਹ ਸੰਸਥਾਨ ਉਨ੍ਹਾਂ ਨੂੰ ਹੀ ਸਮਰਪਿਤ ਕੀਤਾ ਗਿਆ ਹੈ।ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਵਿਸ਼ੇ ’ਚ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਲੁਧਿਆਣਾ ’ਚ ਬਣਾਉਣ ਜਾ ਰਹੇ ਹਬੀਬ ਗਰਲਜ਼ ਕਾਲਜ ਲਈ ਜਗ੍ਹਾ ਲੈ ਲਈ ਗਈ ਹੈ ਅਤੇ ਜਲਦੀ ਹੀ ਕੈਂਪਸ ਦਾ ਡਿਜ਼ਾਇਨ ਫਾਈਨਲ ਹੁੰਦੇ ਹੀ ਕਾਲਜ ਬਣਨਾ ਸ਼ੁਰੂ ਹੋ ਜਾਵੇਗਾ। ਕਾਲਜ ਦਾ ਸਥਾਪਨਾ ਸਮਾਰੋਹ 10 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਜਨਰਲ ਕਾਲਜ ਹੋਵੇਗਾ, ਇਸ ਵਿਚ ਸਰਵ ਧਰਮ ਦੀਆਂ ਲੋੜਵੰਦ ਧੀਆਂ ਨੂੰ ਮੁਫ਼ਤ ਵਿਚ ਸਿੱਖਿਆ ਵੀ ਦਿੱਤੀ ਜਾਵੇਗੀ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਕਾਲਜ ’ਚ ਮੁਸਲਮਾਨ ਧੀਆਂ ਹਿਜਾਬ, ਸਿੱਖ ਧੀਆਂ ਦਸਤਾਰ ਅਤੇ ਹਿੰਦੂ ਧੀਆਂ ਨੂੰ ਤਿਲਕ ਲਾ ਕੇ ਪੜ੍ਹਨ ਦੀ ਆਜ਼ਾਦੀ ਹੋਵੇਗੀ, ਕਿਸੇ ਵੀ ਧੀ ’ਤੇ ਪਹਿਰਾਵੇ ਨੂੰ ਲੈ ਕੇ ਕੋਈ ਰੋਕ ਨਹੀਂ ਲਗਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਬੀਬ ਗਰਲਜ਼ ਕਾਲਜ ’ਚ ਐੱਮ. ਏ, ਬੀ. ਏ, ਸਹਿਤ ਸਾਰੇ ਡਿਗਰੀ ਕੋਰਸ ਕਰਵਾਏ ਜਾਣਗੇ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਕਾਲਜ ਦੀ ਸ਼ਾਨਦਾਰ ਇਮਾਰਤ ਨੂੰ ਬਣਾਉਣ ਲਈ ਸ਼ਹਿਰ ਅਤੇ ਸੂਬੇ ਦੀਆਂ ਸਾਰੀਆਂ ਮਸਜਿਦਾਂ ਦੇ ਨਮਾਜੀ ਯੋਗਦਾਨ ਦੇਣਗੇ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਰਾਰ ਫਾਊਂਡੇਸ਼ਨ (ਐੱਨ. ਜੀ. ਓ.) ਦੀ ਸਥਾਪਨਾ ਕਰ ਦਿੱਤੀ ਗਈ ਹੈ।ਸ਼ਾਹੀ ਇਮਾਮ ਨੇ ਦੱਸਿਆ ਕਿ ਹਬੀਬ ਗਰਲਜ਼ ਕਾਲਜ ਦੇ ਮਾਰਗ ਦਰਸ਼ਨ ਲਈ ਬੁੱਧੀ ਜੀਵੀਆਂ ਉਦਯੋਗਪਤੀਆਂ, ਨੌਕਰਸ਼ਾਹੀ ਅਤੇ ਧਾਰਮਿਕ ਵਿਦਵਾਨਾਂ ’ਤੇ ਆਧਾਰਿਤ ਐਡਵਾਈਜ਼ਰੀ ਬੋਰਡ ਬਣਾਇਆ ਜਾ ਰਿਹਾ ਹੈ। ਸ਼ਾਹੀ ਇਮਾਮ ਨੇ ਦੱਸਿਆ ਕਾਲਜ ਦਾ ਹੋਸਟਲ ਨਾਲ ਹੀ ਬਣੇਗਾ ਤਾਂ ਜੋ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਘੱਟ ਗਿਣਤੀ ਵਰਗ ਦੀਆਂ ਧੀਆਂ ਇੱਥੇ ਰਹਿ ਕੇ ਸਿੱਖਿਆ ਹਾਸਲ ਕਰ ਸਕਣ।