ਪਾਕਿਸਤਾਨ ਨੇ  ਮਹਾਨ ਯੋਧੇ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਹਟਾਇਆ

ਪਾਕਿਸਤਾਨ ਨੇ  ਮਹਾਨ ਯੋਧੇ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਹਟਾਇਆ

*ਪਾਕਿਸਤਾਨ ਦੀ ਧਾਰਮਿਕ ਸਹਿਣਸ਼ੀਲਤਾ ਨੀਤੀ ਨੂੰ ਭਾਰੀ ਸੱਟ ਵੱਜੀ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ:ਖ਼ੈਬਰ ਪਖ਼ਤੂਨਖਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਵਿਚ ਸਥਾਨਕ ਪ੍ਰਸ਼ਾਸਨ ਨੇ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਬੀਤੇ ਹਫਤੇ ਹਟਾ ਦਿੱਤਾ ਹੈ।ਇਹ ਬੁੱਤ 2017 ਵਿਚ ਪੰਜਾਬ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਦੇ ਸਭ ਤੋਂ ਸਫ਼ਲ ਜਰਨੈਲ ਮੰਨੇ ਜਾਂਦੇ ਹਰੀ ਸਿੰਘ ਨਲਵਾ ਦੇ ਨਾਮ 'ਤੇ ਰੱਖੇ ਗਏ ਚੌਕ 'ਤੇ ਸਥਾਪਿਤ ਕੀਤਾ ਗਿਆ ਸੀ।ਉਸ ਵੇਲੇ ਕਿਹਾ ਗਿਆ ਸੀ ਕਿ ਹਰੀਪੁਰ ਦੇ ਸੰਸਥਾਪਕ ਦਾ ਬੁੱਤ ਧਾਰਮਿਕ ਸੈਰ-ਸਪਾਟੇ ,ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰੇਗਾ।ਹਰੀਪੁਰ ਵਿੱਚ ਜਿਸ ਚੌਕ ਵਿੱਚ ਇਹ ਬੁੱਤ ਸਥਾਪਿਤ ਕੀਤਾ ਗਿਆ ਸੀ, ਉਸ ਨੂੰ 'ਪੜੀਆਂ ਚੌਕ' ਕਿਹਾ ਜਾਂਦਾ ਹੈ।ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਮੂਰਤੀ ਦੇ ਨਾਲ-ਨਾਲ ਇਸ ਦੇ ਠੋਸ ਆਧਾਰ ਦੀ ਕੀਮਤ ਕਰੀਬ 25 ਲੱਖ ਰੁਪਏ ਹੈ।ਸਥਾਨਕ ਵਪਾਰੀਆਂ ਮੁਤਾਬਕ ਬੁੱਤ ਹਟਾਉਣ ਤੋਂ ਬਾਅਦ ਚੌਕ 'ਤੇ ਮੋਟੇ ਅੱਖਰਾਂ 'ਵਿਚ 'ਸਿਦੀਕ-ਏ-ਅਕਬਰ ਚੌਕ' ਲਿਖਿਆ ਹੋਇਆ ਸੀ, ਜਿਸ ਦੀ ਕਥਿਤ ਤੌਰ 'ਤੇ ਇਕ ਧਾਰਮਿਕ ਸੰਸਥਾ ਵੱਲੋਂ ਮੰਗ ਕੀਤੀ ਜਾ ਰਹੀ ਸੀ।  ਮੀਡੀਆ ਰਿਪੋਰਟਾਂ ਮੁਤਾਬਕ ਮਹਾਰਾਜਾ ਹਰੀ ਸਿੰਘ ਨਲਵਾ  ਦੀ ਮੂਰਤੀ ਨੂੰ ਜੀਟੀ.ਰੋਡ 'ਤੇ ਪੂਰਬ ਵੱਲ ਅੱਧਾ ਫਰਲਾਂਗ ਇਕ ਤਲਾਬ 'ਤੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਸਿੱਦੀਕੀ-ਏ-ਅਕਬਰ ਚੌਕ ਵਿਖੇ ਖਲੀਫਾ ਦੇ ਨਾਂ 'ਤੇ ਨਵਾਂ ਸਮਾਰਕ ਸਥਾਪਿਤ ਕੀਤਾ ਜਾਵੇਗਾ।                                                           

  ਬੁਤ ਹਟਾਉਣ ਦੀ ਨਿਖੇਧੀ

ਖ਼ੈਬਰ ਪਖ਼ਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਇੱਕ ਸਿੱਖ ਆਗੂ ਬਾਬਾ ਗੋਪਾਲ ਸਿੰਘ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਕੀਤੀ ਜਾਵੇ।ਪਾਕਿਸਤਾਨ ਦੇ ਉੱਜਵਲ ਭਵਿੱਖ ਅਤੇ ਉੱਜਵਲ ਚਿਹਰੇ ਲਈ ਇਹ ਬਹੁਤ ਜ਼ਰੂਰੀ ਹੈ।” ਨਾਗਰਿਕ ਅਧਿਕਾਰਾਂ ਦੀ ਸੰਸਥਾ ਹਮ ਆਵਾਮ ਦੇ ਸਰਪ੍ਰਸਤ-ਇਨ-ਚੀਫ਼ ਸਰਦਾਰ ਫਿਦਾ ਹੁਸੈਨ ਦੇ ਅਨੁਸਾਰ, “ਬੁੱਤ ਲਗਾਉਣ ਵੇਲੇ ਧਾਰਮਿਕ ਸੈਰ-ਸਪਾਟੇ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਆਖੀ ਗਈ ਸੀ ਤੇ ਅੱਜ ਬੁੱਤ ਢਾਹ ਕੇ ਕਿਸ ਗੱਲ ਦਾ ਪ੍ਰਚਾਰ ਕੀਤਾ ਗਿਆ ਹੈ? ਉਨ੍ਹਾਂ ਨੇ ਕਿਹਾ, "ਸਾਨੂੰ ਇਤਿਹਾਸ ਨੂੰ ਸਵੀਕਾਰ ਕਰਨ ਦੀ ਸਮਰੱਥਾ ਪੈਦਾ ਕਰਨੀ ਪਵੇਗੀ। ਹਰੀਪੁਰ ਦੇ ਜ਼ਿਕਰ ਦੇ ਨਾਲ-ਨਾਲ ਹਰੀ ਸਿੰਘ ਨਲਵਾ ਦਾ ਜ਼ਿਕਰ ਵੀ ਹੋਵੇਗਾ। ਬੁੱਤ ਹਟਾਉਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ।"

ਕੌਣ ਨੇ ਹਰੀ ਸਿੰਘ ਨਲਵਾ

  ਸਿੱਖ ਇਤਿਹਾਸ ਦੇ ਖੋਜਕਾਰ ਜਹਾਂਦਾਦ ਖ਼ਾਨ ਤਨੋਲੀ ਅਨੁਸਾਰ ਹਰੀ ਸਿੰਘ ਨਲਵਾ ਸਿੱਖ ਖ਼ਾਲਸਾ ਫੌਜ ਦਾ ਕਮਾਂਡਰ-ਇਨ-ਚੀਫ ਸਨ। ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਇਸ ਦੀਆਂ ਜਿੱਤਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।ਉਨ੍ਹਾਂ ਨੇ ਘੱਟੋ-ਘੱਟ 20 ਵੱਡੀਆਂ  ਜੰਗਾਂ ਦੀ ਕਮਾਂਡ ਕੀਤੀ ਹੈ।ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਸਨ ਜਿਨ੍ਹਾਂ ਵਿੱਚ ਜਰਨੈਲ ਨਲਵਾ ਨੇ ਕਮਾਂਡ ਸਾਂਭੀ ਸੀ ਤੇ ਜਿੱਤ ਹਾਸਿਲ ਕੀਤੀ ਸੀ।ਜਹਾਂਦਾਦ ਖ਼ਾਨ ਨੇ ਕਿਹਾ, " ਜਰਨੈਲ ਹਰੀ ਸਿੰਘ ਨਲਵਾ ਨੇ ਘੱਟੋ-ਘੱਟ 56 ਵੱਖ-ਵੱਖ ਇਮਾਰਤਾਂ ਬਣਵਾਈਆਂ ਸਨ ਜਿਨ੍ਹਾਂ ਵਿੱਚ ਕਿਲੇ, ਗੁਰਦੁਆਰੇ, ਬਾਗ਼, ਮਹਿਲ ਅਤੇ ਸਰਾਵਾਂ ਸ਼ਾਮਲ ਹਨ। ਉਨ੍ਹਾਂ ਨੇ ਅਜੋਕੇ ਖ਼ੈਬਰ ਪਖ਼ਤੂਨਖਵਾ, ਕਸ਼ਮੀਰ ਅਤੇ ਪੰਜਾਬ ਵਿੱਚ ਜ਼ਿਆਦਾਤਰ ਇਮਾਰਤਾਂ ਬਣਾਈਆਂ ਸਨ।ਜਿਨ੍ਹਾਂ ਵਿੱਚੋਂ ਕਈ ਅੱਜ ਵੀ ਮੌਜੂਦ ਹਨ ਤੇ ਕਈਆਂ ਨੂੰ ਸੱਭਿਆਚਾਰਕ ਵਿਰਾਸਤ ਵਜੋਂ ਸੰਭਾਲਿਆ ਗਿਆ ਹੈ। 2013 ਵਿੱਚ ਹੀ, ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਟਿਕਟ ਜਾਰੀ ਵੀ ਕੀਤੀ।ਜਹਾਂਦਾਦ ਖ਼ਾਨ ਤਨੋਲੀ ਮੁਤਾਬਕ ਹਰੀ ਸਿੰਘ ਨਲਵਾ ਕਸ਼ਮੀਰ, ਪਿਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵੀ ਰਹੇ ਸਨ।

ਹਰੀ ਸਿੰਘ ਨਲਵਾ ਨੇ ਹਜ਼ਾਰਾ ਡਿਵੀਜ਼ਨ ਨੂੰ ਕੀਤਾ ਆਪਣੇ ਅਧੀਨ

ਖ਼ੈਬਰ ਪਖ਼ਤੂਨਖ਼ਵਾ ਦੇ ਹਜ਼ਾਰਾ ਡਿਵੀਜ਼ਨ ਦੇ ਇਤਿਹਾਸ ਦੇ ਖੋਜਕਾਰ ਇਜਾਜ਼ ਅਹਿਮਦ ਦੱਸਦੇ ਹਨ ਕਿ ਹਰੀ ਸਿੰਘ ਨਲਵਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬੇਸ਼ੱਕ ਥੋੜ੍ਹੇ ਸਮੇਂ ਲਈ, ਪਰ ਲਾਹੌਰ ਤਖ਼ਤ ਦੇ ਸਾਰੇ ਖੇਤਰ ਨੂੰ ਆਪਣੇ ਅਧੀਨ ਕਰ ਲਿਆ ਸੀ।ਰਣਜੀਤ ਸਿੰਘ ਨੇ ਹਜ਼ਾਰਾ ਡਿਵੀਜ਼ਨ ਦੇ ਵਿਦਰੋਹ ਨੂੰ ਰੋਕਣ ਲਈ ਉਨ੍ਹਾਂ ਨੂੰ ਇੱਥੇ ਨਿਯੁਕਤ ਕੀਤਾ ਸੀ ।ਕਿਉਂਕਿ ਹਰੀ ਸਿੰਘ ਨਲਵਾ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਿੱਖ ਜਰਨੈਲਾਂ ਨੂੰ ਇੱਥੇ ਮਾਰ ਦਿੱਤਾ ਗਿਆ ਸੀ।ਅਮਰ ਸਿੰਘ ਮਜੀਠੀਆ ਨੂੰ ਐਬਟਾਬਾਦ ਜ਼ਿਲ੍ਹੇ ਦੇ ਗਲੀਅਤ ਖੇਤਰ ਦੇ ਪਿੰਡ ਸਮੰਦਰ-ਖੱਟਾ ਵਿੱਚ ਮਾਰਿਆ ਗਿਆ ਸੀ। ਖੋਜਕਾਰ ਸਾਹਿਬਜ਼ਾਦਾ ਜਵਾਦ ਅਲ-ਫੈਜ਼ੀ ਮੁਤਾਬਕ, " ਸਿੱਖਾਂ ਖਿਲਾਫ਼ ਹੋ ਰਹੇ ਵਿਰੋਧ ਕਾਰਨ ਕਸ਼ਮੀਰ ਉੱਤੇ ਸਿੱਖਾਂ ਦਾ ਕੰਟਰੋਲ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਸੀ।ਇਸ ਤੋਂ ਪਹਿਲਾਂ ਹਰੀ ਸਿੰਘ ਨਲਵਾ ਕਸ਼ਮੀਰ ਦੇ ਗਵਰਨਰ ਰਹੇ ਸਨ।ਉਨ੍ਹਾਂ ਨੇ ਸਥਾਨਕ ਲੋਕਾਂ ਦੇ ਵਿਦਰੋਹ ਨੂੰ ਰੋਕਣ ਲਈ ਅਜੋਕੇ ਹਰੀਪੁਰ ਵਿਖੇ ਆਪਣਾ ਟਿਕਾਣਾ ਬਣਾਇਆ ਸੀ।

 ਮਨਜਿੰਦਰ ਸਿੰਘ ਸਿਰਸਾ ਵਲੋਂ ਨਿਖੇਧੀ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ   ਨੇ ਇਸ ਬੁੱਤ ਨੂੰ ਹਟਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਜੋ ਸਿੱਖ ਕੌਮ   ਲਈ ਭਾਵਨਾਤਮਕ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਹਰੀ ਸਿੰਘ ਨਲਵਾ ਕੀ ਹਵੇਲੀ ਦੀ ਮੁਰੰਮਤ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਅਜਿਹਾ ਨਹੀਂ ਹੋਇਆ। ਅਸੀਂ  ਇਸ ਦੀ ਬਹਾਲੀ ਦੀ ਮੰਗ ਕਰਦੇ ਹਾਂ।