ਉਡਣੇ ਸਿਖ ਨੂੰ ਨਮ ਅੱਖਾਂ ਨਾਲ ਵਿਦਾਇਗੀ 

ਉਡਣੇ ਸਿਖ ਨੂੰ ਨਮ ਅੱਖਾਂ ਨਾਲ ਵਿਦਾਇਗੀ 
* ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ, ਰਾਜਸੀ ਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਹੋਈਆਂ ਸ਼ਾਮਲ।                ਅੰਮ੍ਰਿਤਸਰ ਟਾਈਮਜ਼ ਬਿਉਰੋ
 
 ਚੰਡੀਗੜ੍ਹ- ਭਾਰਤ ਦੇ ਹੁਣ ਤਕ ਦੇ ਸਭ ਤੋਂ ਮਹਾਨ ਐਥਲੀਟ ਮਿਲਖਾ ਸਿੰਘ ਵਰਗੇ ਪੰਜ ਤੱਤਾਂ ਵਿਚ ਵਿਲੀਨ ਹੋਣ ਤੋਂ ਬਾਅਦ ਵੀ ਧਰੂ ਤਾਰੇ ਵਾਂਗ ਅਸਮਾਨ ’ਤੇ ਚਮਕਦੇ ਰਹਿੰਦੇ ਹਨ। ਉਹ ਵਿਰਲੇ ਇਨਸਾਨਾਂ ’ਚੋਂ ਹਨ ਜੋ ਜਿਊਂਦਿਆਂ ਹੀ ਕਥਾ-ਕਹਾਣੀਆਂ, ਬਾਤਾਂ-ਬਤੋਲੀਆਂ ਅਤੇ ਅਖਾਣਾਂ-ਮੁਹਾਵਰਿਆਂ ਵਿਚ ਸਮਾਏ ਹੋਏ ਸਨ। ਕੋਈ ਤੇਜ਼ ਦੌੜਦਾ ਹੋਇਆ ਹਵਾ ਨਾਲ ਗੱਲਾਂ ਕਰਦਾ ਤਾਂ ਲੋਕ ਤਨਜ਼ ਕੱਸਦੇ, ਅਖੇ ਤੂੰ ਕਿਹੜਾ ਮਿਲਖਾ ਸਿੰਘ ਬਣ ਜਾਣਾਂ! ਮਿਲਖਾ ਸਿੰਘ ਮੁਲਕ ਦੀ ਅਮੁੱਲੀ ਮਿਲਖ ਸੀ। ਖੇਡਾਂ ਪ੍ਰਤੀ ਜਨੂੰਨ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿਚ ਉਨ੍ਹਾਂ ਨੇ ਤਿਰੰਗਾ ਲਹਿਰਾਇਆ ਸੀ। ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਹਰ ਅੱਖ ਨਮ ਹੈ। ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ। ਉੱਡਣੇ ਸਿੱਖ ਵਜੋਂ ਦੁਨੀਆ ਭਰ 'ਚ ਮਸ਼ਹੂਰ ਤੇ ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ (91) ਦਾ ਇਥੇ ਪੀ. ਜੀ. ਆਈ. 'ਚ ਕੋਰੋਨਾ ਵਾਇਰਸ ਨਾਲ ਦਿਹਾਂਤ ਹੋ ਗਿਆ । ਬੀਤੇ ਇਕ ਮਹੀਨੇ ਤੋਂ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਸਨ, ਜਦੋਂਕਿ ਬੀਤੇ 5 ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਤੇ ਵਾਲੀਬਾਲ ਦੀ ਸਾਬਕਾ ਕੌਮੀ ਕਪਤਾਨ ਨਿਰਮਲ ਕੌਰ (85) ਦਾ ਵੀ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ । ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਮਿਲਖਾ ਸਿੰਘ ਆਪਣੇ ਪਿੱਛੇ ਗੋਲਫਰ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਛੱਡ ਗਿਆ ।ਚਾਰ ਵਾਰ ਦੀਆਂ ਏਸ਼ੀਅਨ ਖੇਡਾਂ ਦੇ ਸੋਨ ਤਗਮਾ ਜੇਤੂ ਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਦੀ ਸਭ ਤੋਂ ਯਾਦਗਾਰੀ ਪਲ 1960 ਦਾ ਰੋਮ ਉਲੰਪਿਕ ਦਾ 400 ਮੀਟਰ ਦੌੜ ਦਾ ਫਾਈਨਲ ਸੀ, ਜਿਥੇ ਉਹ ਲਗਪਗ ਅੱਧੀ ਦੌੜ (200 ਮੀਟਰ) ਤੱਕ ਅੱਗੇ ਸਨ ਪਰ ਦੌੜ ਖਤਮ ਹੋਣ ਤੱਕ ਉਹ 45.73 ਸਕਿੰਟ ਦੇ ਸਮੇਂ ਨਾਲ ਚੌਥੇ ਸਥਾਨ 'ਤੇ ਰਹੇ, ਜੋ ਕਿ 40 ਸਾਲ ਤੱਕ ਕੌਮੀ ਰਿਕਾਰਡ ਰਿਹਾ ।ਉਹ ਭਾਰਤ ਦੇ ਇਕਲੌਤੇ ਅਥਲੀਟ ਹਨ, ਜਿਸ ਨੇ 400 ਮੀਟਰ 'ਚ ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਿਆ ਹੈ ।ਮਿਲਖਾ ਸਿੰਘ ਨੇ 1956, 1960 ਤੇ 1964 'ਚ ਉਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕੀਤੀ, ਜਦੋਂਕਿ ਆਪ ਨੂੰ 1959 'ਚ ਪਦਮ ਸ੍ਰੀ ਨਾਲ ਨਿਵਾਜਿਆ ਗਿਆ ।
ਮਿਲਖਾ ਸਿੰਘ ਦੇ ਜਿਊਂਦੇ-ਜੀਅ ਉਸ ਦੇ ਆਦਮ-ਕੱਦ ਬੁੱਤ ਲੱਗਣੇ ਤੇ ‘ਭਾਗ ਮਿਲਖਾ ਭਾਗ’ ਵਰਗੀ ਬਾਇਓਪਿਕ ਬਣਨੀ ਆਪਣੇ-ਆਪ ਵਿਚ ਵੱਡੀ ਮਿਸਾਲ ਹੈ। ਬਿਖਮ ਤੇ ਬਿਖੜੇ ਰਾਹਾਂ ’ਤੇ ਸਿਰੜ ਨਾਲ ਚੱਲਣ ਵਾਲਾ ਮਿਲਖਾ ਸਿੰਘ ਸਾਰੀ ਉਮਰ ਸੰਘਰਸ਼ ਕਰਦਾ ਰਿਹਾ। 
 
 ‘ਏਸ਼ੀਆ ਦਾ ਤੁਫ਼ਾਨ’ ਅਖਵਾਉਣ ਵਾਲੇ ਅਬਦੁਲ ਖ਼ਾਲਿਕ ਨੂੰ ਲਾਹੌਰ ਦੇ ਸਟੇਡੀਅਮ ਵਿਚ ਵੱਡੇ ਫ਼ਰਕ ਨਾਲ ਜਦੋਂ ਉਸ ਨੇ ਪਛਾੜਿਆ ਤਾਂ ਪਾਕਿਸਤਾਨ ਦੇ ਤਤਕਾਲੀ ਸਦਰ ਜਨਰਲ ਅਯੂਬ ਖ਼ਾਨ ਨੇ ਮਿਲਖਾ ਸਿੰਘ ਦੇ ਸੋਹਲੇ ਗਾਉਂਦਿਆਂ ਕਿਹਾ ਸੀ, ‘‘ਮਿਲਖਾ ਸਿੰਘ ਤੁਸੀਂ ਦੌੜੇ ਨਹੀਂ ਬਲਕਿ ਉੱਡੇ ਹੋ, ਇਸ ਲਈ ਪਾਕਿਸਤਾਨ ਤੁਹਾਨੂੰ ਉੱਡਣੇ ਸਿੱਖ ਦਾ ਖ਼ਿਤਾਬ ਦੇ ਕੇ ਮਾਣ ਮਹਿਸੂਸ ਕਰਦਾ ਹੈ।’’ ਦੇਸ਼ ਦੀ ਵੰਡ ਵੇਲੇ ਮਿਲਖਾ ਤੇ ਉਸ ਦੀ ਭੈਣ ਤੋਂ ਇਲਾਵਾ ਸਾਰਾ ਪਰਿਵਾਰ ਨਸਲੀ ਦੰਗਿਆਂ ਦੀ ਭੇਟ ਚੜ੍ਹ ਗਿਆ ਸੀ। ਕਤਲ ਹੋਣ ਤੋਂ ਪਹਿਲਾਂ ਉਸ ਦੇ ਪਿਤਾ ਨੇ ਨੰਨ੍ਹੇ ਬਾਲਕ ਨੂੰ ਜ਼ੋਰ ਦੀ ਆਵਾਜ਼ ਦਿੰਦਿਆਂ ਕਿਹਾ ਸੀ ਕਿ ‘ਮਿਲਖੇ ਭੱਜ ਜਾ...ਪਿੱਛੇ ਪਰਤ ਕੇ ਨਾ ਦੇਖੀਂ।’ ਦਰਿੰਦਿਆਂ ਤੋਂ ਆਪਣੀ ਜਾਨ ਬਚਾ ਕੇ ਭੱਜਣ ਵਾਲਾ ਮਿਲਖਾ ਦਿੱਲੀ ਦੇ ਸ਼ਰਨਾਰਥੀ ਕੈਂਪ ਵਿਚ ਆਪਣੀ ਭੈਣ ਨਾਲ ਰਿਹਾ ਸੀ। ਤੰਗੀਆਂ-ਤੁਰਸ਼ੀਆਂ ਝੇਲਦਿਆਂ ਉਹ ਫ਼ੌਜ ਵਿਚ ਭਰਤੀ ਹੋਇਆ ਤਾਂ ਏਧਰ-ਓਧਰ ਦੌੜਨ-ਭੱਜਣ ਵਾਲੇ ਨੂੰ ਸਹੀ ਦਿਸ਼ਾ ਵਿਚ ਦੌੜਨ ਲਈ ਵੱਡਾ ਮੰਚ ਮਿਲ ਗਿਆ।  ਜਨੂੰਨ ਉਸ ਦੇ ਸੁਪਨਿਆਂ ਨੂੰ ਖੰਭ ਲਾਉਂਦਾ ਸੀ। ਮਿਲਖਾ ਸਿੰਘ ਸਾਰੀ ਉਮਰ ‘ਉੱਡਦਾ’ ਹੋਇਆ ਟਰੈਕ ’ਤੇ ਅਮਿੱਟ ਪੈੜਾਂ ਛੱਡਦਾ ਰਿਹਾ। ਜ਼ਮੀਨ ਨਾਲ ਜੁੜਿਆ ਹੋਇਆ ਹੋਣ ਕਾਰਨ ਉਹ ਜ਼ਮੀਨੀ ਹਕੀਕਤਾਂ ਤੋਂ ਅਨਜਾਣ ਨਹੀਂ ਸੀ। ਭਾਰਤ ਵਿਚ ਖਿਡਾਰੀਆਂ, ਖ਼ਾਸ ਤੌਰ ’ਤੇ ਐਥਲੀਟਾਂ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਕਰਕੇ ਉਹ ਆਪਣੇ ਭਾਸ਼ਣਾਂ ਵਿਚ ਸੱਤਾਧਾਰੀਆਂ ਨਾਲ ਗਿਲਾ-ਸ਼ਿਕਵਾ ਕਰਦੇ ਰਹਿੰਦੇ। ਉਹ ਕਿਹਾ ਕਰਦੇ ਸਨ ਕਿ ਜੇ ਪੀ. ਟੀ. ਊਸ਼ਾ ਵਰਗੀਆਂ ਦਾ ਸਾਥ ਉਸ ਦੇ ਕੋਚ ਨੇ ਦਿੱਤਾ ਹੁੰਦਾ ਤਾਂ ਉਹ ਅਵੱਸ਼ ਓਲੰਪਿਕਸ ’ਚੋਂ ਸੋਨ-ਤਗਮਾ ਜਿੱਤ ਸਕਦੀ ਸੀ। ਕ੍ਰਿਕਟ ਦੀ ਬਜਾਏ ਦੂਜੀਆਂ ਖੇਡਾਂ ਨੂੰ ਵਧੇਰੇ ਤਵੱਜੋ ਦਿੱਤੀ ਜਾਂਦੀ ਤਾਂ ਜਮਾਇਕਾ ਵਾਂਗ ਭਾਰਤ ਵਿਚ ਵੀ ਘਰ-ਘਰ ਐਥਲੀਟ ਪੈਦਾ ਹੋਣੇ ਸਨ। ਉਨ੍ਹਾਂ ਦੀ ਹਸਰਤ ਸੀ ਕਿ ਉਨ੍ਹਾਂ ਦੇ ਜਿਊਂਦੇ-ਜੀਅ ਭਾਰਤ ਦਾ ਕੋਈ ਐਥਲੀਟ ਓਲੰਪਿਕਸ ’ਚੋਂ ਗੋਲਡ ਮੈਡਲ ਜਿੱਤ ਕੇ ਲਿਆਵੇ।  
ਉਡਣੇ ਸਿਖ ਨੂੰ ਨਮ ਅਖਾਂ ਨਾਲ ਵਿਦਾਇਗੀ 
 
ਉੱਡਣਾ ਸਿੱਖ’ ਵਜੋਂ ਮਕਬੂਲ ਮਹਾਨ ਅਥਲੀਟ ਮਿਲਖਾ ਸਿੰੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।  ਫੁੱਲਾਂ ਨਾਲ ਸਜਾਏ ਵਾਹਨ ਵਿਚ ਮ੍ਰਿਤਕ ਦੇਹ ਨੂੰ ਇੱਥੋਂ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਪਹੁੰਚਾਇਆ ਗਿਆ। ਸਸਕਾਰ ਮੌਕੇ ਸਿਆਸੀ ਅਤੇ ਖੇਡ ਜਗਤ ਦੀਆਂ ਹਸਤੀਆਂ ਹਾਜ਼ਰ ਸਨ। ਪੰਜਾਬ ਪੁਲੀਸ ਦੀ 13ਵੀਂ ਬਟਾਲੀਅਨ ਦੇ ਕਮਾਂਡੈਂਟ ਜਤਿੰਦਰ ਸਿੰਘ ਖਹਿਰਾ ਤੇ ਡੀਐੱਸਪੀ ਸ਼ਾਮ ਸੁੰਦਰ, ਸੀਆਰਪੀਐੱਫ ਤੇ ਚੰਡੀਗੜ੍ਹ ਪੁਲੀਸ ਦੀ ਟੁਕੜੀ ਨੇ ਇੰਸਪੈਕਟਰ ਦਿਆ ਰਾਮ ਦੀ ਅਗਵਾਈ ਹੇਠ ਦੋ ਰਾਊਂਡ ਫਾਇਰ ਕਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਤੇ ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜੀਜੂ ਸਸਕਾਰ ਮੌਕੇ ਹਾਜ਼ਰ ਸਨ ਅਤੇ ਉਨ੍ਹਾਂ ਫੁੱਲ ਮਾਲਾਵਾਂ ਰੱਖ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਪਾਲ ਬਦਨੌਰ ਨੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ। ਰਾਜਪਾਲ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਲਈ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਕਈ ਸੋਨ ਤਗਮੇ ਜਿੱਤਣ ਵਾਲੇ ‘ਉਡਣਾ ਸਿੱਖ’ ਮਿਲਖਾ ਸਿੰਘ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਪਹੁੰਚਿਆ ਹੈ।  ਬਦਨੌਰ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਪ੍ਰਸੰਸਕਾਂ ਨਾਲ ਦਿਲੀ ਹਮਦਰਦੀ ਸਾਂਝੀ ਕੀਤੀ। ਸਸਕਾਰ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਕਾਕਾ ਰਣਦੀਪ ਸਿੰਘ ਨਾਭਾ (ਦੋਵੇਂ ਵਿਧਾਇਕਾਂ) ਨੇ ਹਾਜ਼ਰ ਹੋ ਕੇ ਵਿਛੜੇ ਨਾਇਕ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।  ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਓ.ਪੀ. ਨੇ ਵੀ ਡੂੰਘਾ ਅਫਸੋਸ ਜ਼ਾਹਰ ਕੀਤਾ ਹੈ।