ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਇਟਲੀ ਨਾਲ ਹਵਾਈ ਸੰਪਰਕ ਸੰਬੰਧੀ ਮਿਲਾਨ ਏਅਰਪੋਰਟ ਦੇ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ ਟਾਈਮਜ਼
ਅਕਤੂਬਰ 26, 2022: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਇਟਲੀ ਅਤੇ ਹੋਰਨਾਂ ਮੁਲਕਾਂ ਨਾਲ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਵਿੱਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਟਲੀ ਦੇ ਮਿਲਾਨ ਬਰਗਾਮੋ ਹਵਾਈ ਅੱਡੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਫਲਾਈਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਰ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਿਆਉਣ ਲਈ ਇੱਕ ਕੇਂਦਰਿਤ ਪਹਿਲਕਦਮੀ ਹੈ ਜੋ 1990 ਦੇ ਦਹਾਕੇ ਵਿੱਚ ਅੰਮ੍ਰਿਤਸਰ ਤੋਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੂੰ ਅੱਗੇ ਵਧਾਉਂਦੀ ਹੈ।
ਇਸ ਮੀਟਿੰਗ ਵਿੱਚ ਅੰਮ੍ਰਿਤਸਰ ਤੋਂ ਭਾਰਤੀ ਇਕਾਈ ਦੇ ਕਨਵੀਨਰ ਇੰਡਿਆ ਯੋਗੇਸ਼ ਕਾਮਰਾ ਅਤੇ ਮੈਂਬਰ ਰਵਰੀਤ ਸਿੰਘ, ਅਮਰੀਕਾ ਤੋਂ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕੈਨੇਡਾ ਤੋਂ ਮੁੱਖ ਬੁਲਾਰੇ ਮੋਹਿਤ ਧੰਜੂ ਨੇ ਦੋਵਾਂ ਸ਼ਹਿਰਾਂ ਵਿਚਕਾਰ ਅਨੁਸੂਚਿਤ ਹਵਾਈ ਸੰਪਰਕ ਸਥਾਪਤ ਕਰਨ ਸੰਬੰਧੀ ਮਿਲਾਨ ਬਰਗਾਮੋ ਏਅਰਪੋਰਟ ਦੇ ਵਪਾਰਕ ਮਾਮਲਿਆਂ ਦੇ ਡੀਰੈਕਟਰ ਗੀਆਕੋਮੋ ਕੈਟਾਨੇਓ ਨਾਲ ਗੱਲਬਾਤ ਕੀਤੀ।
ਇੱਕ ਪ੍ਰੈਸ ਬਿਆਨ ਵਿੱਚ, ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਭਾਰਤ ਅਤੇ ਇਟਲੀ ਦਰਮਿਆਨ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਜਿਸ ਨਾਲ ਦੋਨਾਂ ਮੁਲਕਾਂ ਦੇ ਨਿਰਧਾਰਤ ਹਵਾਈ ਅੱਡਿਆਂ 'ਤੇ ਉਡਾਣ ਚਲਾਉਣ ਦੀ ਇਜਾਜਤ ਹੁੰਦੀ ਹੈ, ਹਵਾਈ ਅੱਡਿਆਂ ਵਿਚਕਾਰ ਪ੍ਰਤੀ ਹਫ਼ਤੇ ਕਿੰਨੀਆਂ ਸਵਾਰੀਆਂ ਆ ਜਾ ਸਕਦੀਆਂ ਹਨ, ਹੋਰ ਵਪਾਰਕ ਜਾਗਰੂਕਤਾ ਪੈਦਾ ਕਰਨ ਲਈ ਵੱਖ- ਵੱਖ ਏਅਰਲਾਈਨਾਂ ਨੂੰ ਸੱਦਾ ਦੇਣ ਦੇ ਮੁੱਦਿਆਂ 'ਤੇ ਲੰਮੀ ਚਰਚਾ ਕੀਤੀ ਗਈ। ਦੋਵੇਂ ਧਿਰਾਂ ਆਪਸੀ ਤੌਰ 'ਤੇ ਪੰਜਾਬ ਅਤੇ ਇਟਲੀ ਦਰਮਿਆਨ ਹਵਾਈ ਸੰਪਰਕ ਬਣਾਉਣ ਅਤੇ ਪੰਜਾਬੀਆਂ ਤੱਕ ਜਾਣਕਾਰੀ ਪਹੁੰਚਾਉਣ ਸੰਬੰਧੀ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਈਆਂ ਜਿਸਦੀ ਪਿਛਲੇ ਕੁਝ ਦਹਾਕਿਆਂ ਤੋਂ ਮੰਗ ਕੀਤੀ ਜਾ ਰਹੀ ਹੈ।
ਅੰਕੜਿਆਂ ਅਨੁਸਾਰ, ਮਈ ਮਹੀਨੇ ਨੂੰ ਛੱਡ ਕੇ, ਜਨਵਰੀ ਤੋਂ ਅਗਸਤ 2022 ਦਰਮਿਆਨ 20000 ਤੋਂ ਵੱਧ ਯਾਤਰੀਆਂ ਦੀ ਵੱਡੀ ਗਿਣਤੀ ਨੇ ਅੰਮ੍ਰਿਤਸਰ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਵਿਚਕਾਰ ਯਾਤਰਾ ਕੀਤੀ ਹੈ। ਇਨ੍ਹਾਂ ਅੰਕੜਿਆਂ ਵਿੱਚ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਮਾਲਪੈਂਸਾ ਹਵਾਈ ਅੱਡੇ ਦੇ ਹਜ਼ਾਰਾਂ ਯਾਤਰੀ ਸ਼ਾਮਲ ਨਹੀਂ ਹਨ। ਵਰਤਮਾਨ ਵਿੱਚ ਭਾਰਤੀ ਘੱਟ ਕੀਮਤ ਵਾਲੀ ਏਅਰਲਾਈਨ ਸਪਾਈਸਜੈੱਟ ਅਤੇ ਇਟਲੀ ਦੀ ਨਿਓਸ ਏਅਰ ਅੰਮ੍ਰਿਤਸਰ ਤੋਂ ਮਿਲਾਨ ਅਤੇ ਰੋਮ ਲਈ ਇਹਨਾਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰ ਰਹੇ ਹਨ। ਏਅਰ ਇੰਡੀਆ ਨੇ 2021 ਵਿੱਚ ਲਗਭਗ 6 ਮਹੀਨਿਆਂ ਲਈ ਅੰਮ੍ਰਿਤਸਰ ਅਤੇ ਰੋਮ ਵਿਚਕਾਰ ਵੰਦੇ ਭਾਰਤ ਮਿਸ਼ਨ ਤਹਿਤ ਸਿੱਧੀਆਂ ਉਡਾਣਾਂ ਵੀ ਚਲਾਈਆਂ ਸਨ।
ਮਿਲਾਨ ਬਰਗਾਮੋ ਏਅਰਪੋਰਟ ਦੇ ਡਾਇਰੈਕਟਰ ਜਿਆਕੋਮੋ ਕੈਟਾਨੇਓ ਨੇ ਏਅਰਪੋਰਟ ਬਾਰੇ ਜਾਣਕਾਰੀ ਪੇਸ਼ ਕੀਤੀ। ਉਹਨਾਂ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਵੱਡੀ ਆਬਾਦੀ ਜੋ ਇਟਲੀ ਅਤੇ ਏਅਰਪੋਰਟ ਦੇ ਨੇੜਲੇ ਸ਼ਹਿਰਾਂ ਵਿੱਚ ਵੱਸਦੀ ਹੈ, ਦੇ ਅੰਕੜੇ ਵੀ ਸਾਂਝੇ ਕੀਤੇ। ਇਸ ਵਿੱਚ ਪੰਜਾਬੀਆਂ ਦੀ ਬਹੁਤਾਤ ਗਿਣਤੀ ਬਰਗਾਮੋ ਮਿਲਾਨ ਏਅਰਪੋਰਟ ਦੇ ਨੇੜਲੇ ਇਲਾਕਿਆਂ ਵਿੱਚ ਹੈ। ਕੈਟਾਨੇਓ ਪੰਜਾਬ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਦੀ ਗਿਣਤੀ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਸੀ, ਜੋ ਕਿ ਕਈ ਵਾਰ ਰੋਜ਼ਾਨਾ 3 ਉਡਾਣਾਂ ਤੱਕ ਸੀ।
ਕੈਟਾਨੇਓ ਨੇ ਮਿਲਾਨ-ਅੰਮ੍ਰਿਤਸਰ ਹਵਾਈ ਸੰਪਰਕ ਨੂੰ ਇੱਕ ਸਥਾਈ ਰੂਟ ਬਣਾਉਣ ਲਈ ਜ਼ੋਰਦਾਰ ਇੱਛਾ ਦਾ ਪ੍ਰਗਟਾਵਾ ਕੀਤਾ। ਉਹਨਾਂ ਇਹ ਵੀ ਸਾਂਝਾ ਕੀਤਾ ਕਿ ਬਹੁਗਿਣਤੀ ਪੰਜਾਬੀਆਂ ਦੇ ਇਸ ਹਵਾਈ ਅੱਡੇ ਦੇ ਕੋਲ ਹੋਣ ਨਾਲ, ਪੰਜਾਬ ਦੇ ਨਾਲ ਬਰਗਮੋ ਦੇ ਆਲੇ ਦੁਆਲੇ ਵਪਾਰਕ ਅਤੇ ਉਦਯੋਗਿਕ ਖੇਤਰਾਂ ਨੂੰ ਵੀ ਬਹੁਤ ਲਾਭ ਪਹੁੰਚੇਗਾ। ਇਹ ਇਕ ਕਾਮਯਾਬ ਹਵਾਈ ਸੰਪਰਕ ਸਾਬਤ ਹੋ ਸਕਦਾ ਹੈ।
ਕਾਮਰਾ ਨੇ ਅਗਾਂਹ ਦੱਸਿਆ ਕਿ ਸਿੱਧੀਆਂ ਉਡਾਣਾਂ ਦੇ ਨਾਲ, ਯੂਰਪ ਦੇ ਹੋਰ ਮੁਲਕਾਂ, ਯੂਨਾਈਟਿਡ ਕਿੰਗਡਮ ਅਤੇ ਉੱਤਰੀ ਅਮਰੀਕਾ ਨਾਲ ਅਗਾਂਹ ਕਨੈਕਸ਼ਨ ਹੋਣ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ ਗਈ ਕਿਉਂਕਿ ਯੂਰਪ ਦੇ ਬਹੁਤ ਸਾਰੇ ਪ੍ਰਮੁੱਖ ਹਵਾਈ ਅੱਡੇ ਹੁਣ "ਸਵੈ-ਤਬਾਦਲਾ (ਸੈਲਫ ਟਰਾਂਸਫਰ)" ਦੀ ਸਹੂਲਤ ਪ੍ਰਦਾਨ ਕਰਦੇ ਹਨ।
Comments (0)