ਪੰਜਾਬ ਦਾ ਕਿਸਾਨੀ ਸੰਘਰਸ਼ ਖਾਲਸਾ ਪੰਥ ਦਾ ਉਭਾਰ

ਪੰਜਾਬ ਦਾ ਕਿਸਾਨੀ ਸੰਘਰਸ਼ ਖਾਲਸਾ ਪੰਥ ਦਾ ਉਭਾਰ

                         ਮੌਜੂਦਾ ਕਿਸਾਨੀ ਸੰਕਟ ਨੂੰ ਪੰਜਾਬ ਦੇ ਬੀਤੇ ਇਤਿਹਾਸ ਨਾਲੋਂ ਤੋੜ ਕੇ ਵੇਖਣਾ ਗੁੰਮਰਾਹਕੁੰਨ                                         
ਮੋਦੀ ਸਰਕਾਰ ਖੇਤੀ ਸੁਧਾਰਾਂ ਰਾਹੀਂ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਮੰਡੀ ਦੀ ਗੁਲਾਮੀ ਵਿਚ ਚਾਹੁੰਦੀ ਹੈ ਜਕੜਣਾ                  

ਗੁਰਬਚਨ ਸਿੰਘ ਦੇਸ ਪੰਜਾਬ            
9815698451

ਕੇਂਦਰ ਸਰਕਾਰ ਵਲੋਂ ਦੇਸ ਦੇ ਖੇਤੀਬਾੜੀ ਢਾਂਚੇ ਵਿਚ ਸੁਧਾਰ ਕਰਨ ਦੇ ਬਹਾਨੇ ਬਣਾਏ ਗਏ ਤਿੰਨ ਨਵੇਂ ਕਾਨੂੰਨਾਂ ਵਿਰੁਧ ਪੰਜਾਬ ਅੰਦਰ ਕਿਸਾਨੀ ਦੇ ਹੋਏ ਉਭਾਰ ਨੇ ਦੁਨੀਆਂ ਭਰ ਵਿਚ ਬੈਠੇ ਸੁਹਿਰਦ ਪੰਜਾਬੀਆਂ ਨੂੰ ਟੁੰਬਿਆ ਹੈ। ਉਹ ਬੜੀ ਨੀਝ ਅਤੇ ਚਿੰਤਾ ਨਾਲ ਇਸ ਸੰਘਰਸ਼ ਵੱਲ ਵੇਖ ਰਹੇ ਹਨ। ਇਹ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ, ਬਾਦਲ ਦਲੀਆਂ ਅਤੇ ਕੁਝ ਹੋਰਨਾਂ ਜਥੇਬੰਦੀਆਂ ਨੇ ਮਜਬੂਰੀ ਵਸ ਭਾਵੇਂ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ ਪਰ ਇਹ ਹਮਾਇਤ ਵਕਤੀ ਹੈ ਅਤੇ ਫੌਰੀ ਰਾਜਸੀ ਹਿਤਾਂ ਤੋਂ ਪ੍ਰੇਰਿਤ ਹੈ। ਇਹ ਵੀ ਸਚਾਈ ਹੈ ਕਿ 31 ਕਿਸਾਨ ਜਥੇਬੰਦੀਆਂ, ਜਿਹੜੀਆਂ ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਹਨ, ਉਹ ਸਾਰੀਆਂ ਵੀ ਇਕ ਸੋਚ ਦੀਆਂ ਧਾਰਨੀ ਨਹੀਂ ਹਨ। ਅਜਮੇਰ ਸਿੰਘ ਲਖੋਵਾਲ ਦੀ ਕਿਸਾਨ ਜਥੇਬੰਦੀ ਦਾ ਹੀਜ ਪਿਆਜ ਸੰਘਰਸ਼ ਦੇ ਮੁਢ ਵਿਚ ਹੀ ਨਸ਼ਰ ਹੋ ਗਿਆ ਹੈ। ਇਸੇ ਲਖੋਵਾਲ ਨੇ 1984 ਵਿਚ ਸਿਖ ਸੰਘਰਸ਼ ਵਲੋਂ ਲੋਕਾਂ ਦਾ ਧਿਆਨ ਲਾਂਭੇ ਹਟਉਣ ਲਈ ਗਵਰਨਰ ਹਾਊਸ ਦੇ ਘੇਰਾਓ ਕਰਨ ਦਾ ਪਾਖੰਡ ਕੀਤਾ ਸੀ। ਪਰ ਉਦੋਂ ਇਸ ਦੀ ਸਰਕਾਰ ਭਗਤੀ ਨਸ਼ਰ ਨਹੀਂ ਸੀ ਹੋ ਸਕੀ।

ਕਿਸਾਨੀ ਦੇ ਹੋਏ ਇਸ ਉਭਾਰ ਬਾਰੇ ਇਕ ਗੱਲ ਬੜੀ ਸਪਸ਼ਟ ਹੈ ਕਿ ਤਤ ਰੂਪ ਵਿਚ ਇਹ ਸਿਖ ਉਭਾਰ ਹੈ। ਇਸੇ ਕਰ ਕੇ ਦੁਨੀਆਂ ਭਰ ਦੇ ਹਰੇਕ ਕੋਨੇ ਵਿਚ ਬੈਠੇ ਸਿਖ ਇਸ ਸੰਘਰਸ਼ ਦੀ ਹਮਾਇਤ ਵਿਚ ਮੁਜਾਹਰੇ ਕਰ ਰਹੇ ਹਨ। ਪਿਛਲੇ ਕਰੀਬ ਚਾਰ ਦਹਾਕਿਆਂ ਵਿਚ ਪੰਜਾਬ ਅੰਦਰ ਜੋ ਕੁਝ ਵਾਪਰਿਆ ਹੈ, ਉਸ ਬਾਰੇ ਸਿਖਾਂ ਦੇ ਮਨਾਂ ਵਿਚ ਭਰਿਆ ਰੋਸ ਕਿਸੇ ਨਾ ਕਿਸੇ ਰੂਪ ਵਿਚ ਇਸ ਸੰਘਰਸ਼ ਵਿਚੋਂ ਵੀ ਪ੍ਰਗਟ ਹੋ ਰਿਹਾ ਹੈ। ਪਰ ਇਸ ਸੰਘਰਸ਼ ਦਾ ਇਕ ਅਹਿਮ ਪਹਿਲੂ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਰੂਪ ਵਿਚ ਇਸ ਦੀ ਅਗਵਾਈ 'ਕਮਿਊਨਿਸਟ' ਕਰ ਰਹੇ ਹਨ। ਉਹ ਕਮਿਊਨਿਸਟ ਜਿਨ੍ਹਾਂ ਦੀ ਸੋਚ ਮਾਰਕਸਵਾਦੀ ਫਿਲਾਸਫੀ ਤੋਂ ਕੋਰੀ ਹੈ ਅਤੇ ਜਿਨ੍ਹਾਂ ਦੀ ਸੋਚ ਉਤੇ ਆਰਥਿਕਵਾਦ ਭਾਰੂ ਹੈ। ਜਿਨ੍ਹਾਂ ਨੂੰ ਮਨੁਖ ਦੀ ਪੂਰਨ ਮੁਕਤੀ ਦੇ ਵਿਕਸਿਤ ਕੀਤੇ ਗਏ ਮਾਰਕਸਵਾਦੀ ਸੰਕਲਪ ਦੀ ਉਕਾ ਹੀ ਕੋਈ ਜਾਣਕਾਰੀ ਨਹੀਂ। ਇਸੇ ਕਰ ਕੇ ਉਹ ਗੁਰਮਤਿ, ਪੰਜਾਬ ਅਤੇ ਸਿਖ ਇਤਿਹਾਸ ਨੂੰ ਨਫਰਤ ਕਰਦੇ ਹਨ। ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਵਿਕਸਿਤ ਕੀਤੇ ਗਏ 'ਸਿਖ ਪਾਤਸ਼ਾਹੀ' ਦੇ ਮਹਾਨ ਸੰਕਲਪ ਦੀ ਕੋਈ ਸੋਝੀ ਨਹੀਂ। ਉਹ ਕਿਸਾਨੀ ਦੇ ਇਸ ਉਭਾਰ ਨੂੰ ਵੀ ਮੁਖ ਰੂਪ ਵਿਚ ਆਰਥਿਕ ਭਾਵ 'ਫਸਲਾ ਦੇ ਭਾਅ ਨਿਸਚਿਤ ਕਰਨ ਅਤੇ ਉਹਨਾਂ ਅਨੁਸਾਰ ਫਸਲਾਂ ਦੀ ਖਰੀਦ ਕਰਨ' ਦੇ ਪਖ ਤੋਂ ਵੇਖ ਰਹੇ ਹਨ। ਜਦੋਂ ਕਿ ਇਹ ਸਚਾਈ ਸਪਸ਼ਟ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਘਟੋ ਘਟ ਸਹਾਇਕ ਕੀਮਤਾਂ ਉਤੇ ਖਰੀਦਣੀਆ ਜਾਰੀ ਵੀ ਰਹਿਣ, ਤਾਂ ਵੀ ਹਰੇ ਇਨਕਲਾਬ ਨਾਲ ਆਰੰਭ ਹੋਇਆ ਪੰਜਾਬ ਦਾ ਉਜਾੜਾ ਉਵੇਂ ਹੀ ਹੁੰਦਾ ਰਹੇਗਾ।

ਦਰਅਸਲ ਪੰਜਾਬ ਅਤੇ ਦੇਸ ਦੇ ਹੋਰਨਾਂ ਸੂਬਿਆਂ ਵਿਚ ਕਿਸਾਨੀ ਦਾ ਹੋ ਰਿਹਾ ਇਹ ਉਭਾਰ ਭਾਰਤੀ ਕੇਂਦਰੀ ਰਾਜ ਦੇ ਵਜੂਦ ਸਮੋਈ ਇਕ ਬੁਨਿਆਦੀ ਵਿਰੋਧਤਾਈ ਨੂੰ ਪ੍ਰਗਟ ਕਰ ਰਿਹਾ ਹੈ। ਹੁਣ ਤਕ ਜਿਹਨਾਂ ਸਾਮਰਾਜੀ ਪੂੰਜੀਵਾਦੀ ਆਰਥਿਕ ਰਿਸ਼ਤਿਆਂ ਉਤੇ ਟੇਕ ਰਖ ਕੇ ਸਮੁਚੇ ਦੇਸ ਦਾ ਵਿਕਾਸ ਹੋ ਰਿਹਾ ਹੈ, ਉਹ ਸਾਮਰਾਜੀ ਪੈਦਾਵਾਰੀ ਪ੍ਰਬੰਧ ਦੁਨੀਆਂ ਭਰ ਵਿਚ ਹੀ ਸੰਕਟਗ੍ਰਸਤ ਹੋ ਗਿਆ ਹੈ। 2008 ਵਿਚ ਆਰੰਭ ਹੋਇਆ ਸੰਸਾਰ ਸਾਮਰਾਜੀ ਆਰਥਿਕ ਮੰਦਵਾੜਾ ਖਤਮ ਹੋਣ ਦੀ ਬਜਾਇ ਹੋਰ ਫੈਲਦਾ ਜਾ ਰਿਹਾ ਹੈ। ਸਾਮਰਾਜੀ ਪੈਦਾਵਾਰ ਦੇ ਵਜੂਦ ਸਮੋਏ ਇਸ ਸੰਕਟ ਕਾਰਨ ਦਿਨੋ-ਦਿਨ ਨਿਘਰਦੇ ਜਾ ਰਹੇ ਅਮਰੀਕੀ ਸਾਮਰਾਜ ਦੀ ਥਾਂ ਲੈਣ ਲਈ ਚੀਨੀ ਸਾਮਰਾਜੀ ਆਪਣੇ ਪਰ ਤੋਲ ਰਹੇ ਹਨ। ਭਾਵੇਂ ਇਸ ਆਰਥਿਕ ਸੰਕਟ ਨੇ ਭਾਰਤੀ ਸਾਮਰਾਜੀ ਰਾਜ ਪ੍ਰਬੰਧ ਦੀਆਂ ਚੂਲਾਂ ਹਿਲਾ ਦਿਤੀਆ ਹਨ ਪਰ ਬ੍ਰਾਹਮਣਵਾਦੀ ਕਲਪਨਾ ਵਿਚ ਜਿਉਣ ਵਾਲੇ ਭਾਰਤੀ ਸਾਮਰਾਜੀ ਹਾਕਮ ਆਪਣੇ ਕਮਜੋਰ ਆਧਾਰ ਦੇ ਬਾਵਜੂਦ ਅਜੇ ਵੀ ਸੰਸਾਰ ਦੀ ਇਕ ਮਹਾਂਸ਼ਕਤੀ ਬਣਨ ਦੇ ਸੁਪਨੇ ਲੈ ਰਹੇ ਹਨ। ਉਹ ਇਸ ਗਲਤ ਧਾਰਨਾ ਦਾ ਵੀ ਸ਼ਿਕਾਰ ਹਨ ਕਿ ਅਜੋਕੇ ਸਾਮਰਾਜੀ ਸੰਕਟ ਵਿਚੋਂ ਬਾਹਰ ਨਿਕਲਣ ਲਈ ਉਹ ਡੁਬ ਰਹੇ ਅਮਰੀਕੀ ਸਾਮਰਾਜੀ ਬੇੜੇ ਉਤੇ ਸੁਆਰ ਹੋ ਕੇ ਚੀਨੀ ਸਾਮਰਾਜ ਦਾ ਮੁਕਾਬਲਾ ਕਰਨ ਵਿਚ ਸਫਲ ਹੋ ਸਕਦੇ ਹਨ।

ਅੰਬਾਨੀ ਅਡਾਨੀ ਵਰਗੇ ਸਾਮਰਾਜੀ ਕਾਰਪੋਰੇਟਾਂ ਲਈ ਬਾਹਰਲੀ ਮੰਡੀ ਸੁੰਗੜ ਜਾਣ ਕਾਰਨ ਹੁਣ ਉਹਨਾਂ ਦੇ ਮੁਨਾਫੇ ਵਧਾਉਣ  ਲਈ ਦੇਸ ਵਿਚਲੀ ਮੰਡੀ ਦਾ ਫੈਲਾਅ ਕਰਨਾ ਮੋਦੀ ਸਰਕਾਰ ਦੀ ਮਜਬੂਰੀ ਬਣ ਗਈ ਹੈ। ਫਿਰ ਸੰਸਾਰ ਬੈਂਕ, ਸੰਸਾਰ ਵਪਾਰ ਸੰਸਥਾਂ ਅਤੇ ਕੌਮਾਂਤਰੀ ਮਾਲੀ ਫੰਡ ਵਰਗੇ ਆਲਮੀ ਅਦਾਰੇ ਬੜੇ ਲੰਬੇ ਸਮੇ ਤੋਂ ਇਹਨਾਂ ਸੁਧਾਰਾਂ ਲਈ ਕੇਂਦਰ ਸਰਕਾਰ ਉਤੇ ਦਬਾਅ ਪਾ ਰਹੇ ਹਨ। ਕੋਰੋਨਾ ਵਾਇਰਸ ਕਾਰਨ ਚਰਮਰਾ ਰਹੀ ਭਾਰਤੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਆਲਮੀ ਮਾਲੀ ਅਦਾਰਿਆਂ ਕੋਲੋ ਕਰਜਾ ਲੈਣ ਵਾਸਤੇ ਦੇਸ ਦੀ ਖੇਤੀ ਉਪਜ ਨੂੰ ਸੰਸਾਰ ਮੰਡੀ ਨਾਲ ਜੋੜਨਾ, ਮੋਦੀ ਸਰਕਾਰ ਦੀ ਇਕ ਹੋਰ ਮਜਬੂਰੀ ਹੈ। ਮੋਦੀ ਸਰਕਾਰ ਵਲੋਂ ਬੜੀ ਕਾਹਲ ਨਾਲ ਸੁਧਾਰਾਂ ਦੇ ਨਾਂ ਉਤੇ ਦੇਸ ਦੇ ਆਰਥਿਕ ਤੇ ਰਾਜਸੀ ਢਾਂਚੇ ਵਿਚ ਕੀਤੀਆ ਜਾ ਰਹੀਆਂ ਇਹ ਤਬਦੀਲੀਆਂ ਦਰਅਸਲ ਉਸਦੇ ਇਸ ਆਰਥਿਕ ਸੰਕਟ ਨੂੰ ਹੱਲ ਕਰਨ ਦੇ ਯਤਨਾਂ ਦਾ ਇਕ ਅੰਗ ਹਨ। ਨੋਟ ਬੰਦੀ ਤੇ ਨੋਟ ਬਦਲੀ ਤੇ ਫਿਰ ਦੇਸ ਭਰ ਵਿਚ ਜੀ ਐਸ ਟੀ ਨੂੰ ਲਾਗੂ ਕਰਨਾ ਵੀ ਇਨ•ਾਂ ਯਤਨਾਂ ਦਾ ਇਕ ਹਿਸਾ ਸਨ। ਬਦਹਵਾਸੀ ਵਿਚ ਕਿਰਤ ਕਾਨੂੰਨਾਂ ਵਿਚ ਕੀਤੀ ਗਈ ਤਬਦੀਲੀ ਅਤੇ ਖੜੇ ਪੈਰ ਜਰੂਰੀ ਵਸਤੂ ਐਕਟ ਵਿਚ ਤਬਦੀਲੀ ਵੀ ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਹੀ ਜਾਰੀ ਰੂਪ ਹਨ।

ਇਹ ਇਕੱਲਾ ਫਸਲਾਂ ਦੇ ਭਾਵਾਂ ਦਾ ਮਸਲਾ ਨਹੀਂ 
ਮੌਜੂਦਾ ਕਿਸਾਨੀ ਸੰਕਟ ਨੂੰ ਪੰਜਾਬ ਦੇ ਬੀਤੇ ਇਤਿਹਾਸ ਨਾਲੋਂ ਤੋੜ ਕੇ ਵੇਖਣਾ ਅਤੇ ਇਸ ਨੂੰ ਮਹਿਜ ਇਕ ਆਰਥਿਕ ਮਸਲਾ ਬਣਾ ਕੇ ਪੇਸ਼ ਕਰਨਾ ਨਾ ਸਿਰਫ ਗੁੰਮਰਾਹਕੁੰਨ ਹੈ ਬਲਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਜਾਣ ਵਾਲਾ ਇਕ ਹੋਰ ਧੋਖਾ ਹੈ। ਪੰਜਾਬ ਦਾ ਮੌਜੂਦਾ ਸੰਕਟ ਸਰਬ ਪਖੀ ਹੈ ਅਤੇ ਇਸ ਦਾ ਮੂਲ ਕਾਰਨ ਪੰਜਾਬ ਦੇ ਵਿਕਾਸ ਦਾ ਬਸਤੀਵਾਦੀ ਢੰਗ ਅਤੇ ਇਸ ਆਧਾਰ ਉਤੇ ਹੋਇਆ ਹਰਾ ਇਨਕਲਾਬ ਹੈ। ਹਰੇ ਇਨਕਲਾਬ ਦੇ ਫਲਸਰੂਪ ਰਸਾਇਣਕ ਖਾਦਾਂ ਦੀ ਮਾਰ ਹੇਠ ਆਈ ਪੰਜਾਬ ਦੀ ਜਮੀਨ ਜਹਿਰੀ ਹੋਈ ਹੈ। ਧਰਤੀ ਹੇਠਲਾ ਪਾਣੀ ਮੁਕਣ ਕਿਨਾਰੇ ਹੈ ਅਤੇ ਪੰਜਾਬ ਅੰਦਰ ਅਣਕਿਆਸੇ ਰੋਗਾਂ ਦੀ ਆਮਦ ਹੋਈ ਹੈ। ਕਿਰਤ ਸਭਿਆਚਾਰ ਦੇ ਖਤਮ ਹੋਣ ਅਤੇ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਫੈਲਣ ਨਾਲ ਪੰਜਾਬ ਵਿਚੋਂ ਬੜੀ ਤੇਜੀ ਨਾਲ ਪ੍ਰਵਾਸ ਵਧਿਆ ਹੈ। ਸਾਮਰਾਜੀ ਤਰਜ ਦੇ ਹੋ ਰਹੇ ਇਸ ਵਿਕਾਸ ਦੀ ਬਦੌਲਤ ਪੰਜਾਬ ਦਾ ਸਮੁਚਾ ਆਰਥਿਕ, ਰਾਜਸੀ ਅਤੇ ਸਮਾਜੀ-ਸਭਿਆਚਾਰਕ ਤਾਣਾ ਬਾਣਾ ਉਖੜ ਗਿਆ ਹੈ। ਸਮਾਜੀ ਤੇ ਪਰਿਵਾਰਕ ਰਿਸ਼ਤਿਆਂ ਵਿਚ ਆਇਆ ਨਿਘਾਰ ਸਮੁਚੇ ਸਭਿਆਚਾਰਕ ਨਿਘਾਰ ਦਾ ਪ੍ਰਗਟ ਰੂਪ ਹੈ।

ਮੋਦੀ ਸਰਕਾਰ ਇਹਨਾਂ ਖੇਤੀ ਸੁਧਾਰਾਂ ਰਾਹੀਂ ਪੰਜਾਬ ਦੀ ਕਿਸਾਨੀ ਨੂੰ ਇਕ ਝੰਜੋੜਾ ਦੇ ਕੇ ਉਸ ਨੂੰ ਕਾਰਪੋਰੇਟ ਮੰਡੀ ਦਾ ਅਟੁਟ ਅੰਗ ਬਣਾਉਣਾ ਅਤੇ ਸਦਾ ਲਈ ਆਪਣੀ ਆਰਥਿਕ ਗੁਲਾਮੀ ਵਿਚ ਜਕੜਣਾ ਚਾਹੁੰਦੀ ਹੈ। ਪੰਜਾਬ ਦੀ ਰੀੜ੍ਹ੍ਹ ਦੀ ਹਡੀ ਕਿਸਾਨੀ ਦੀ ਆਰਥਿਕ ਕਮਰ ਤੋੜ ਕੇ ਉਹਨਾ ਨੂੰ ਸਦਾ ਲਈ ਘਸਿਆਰੇ ਬਣਾਉਣਾ ਚਾਹੁੰਦੀ ਹੈ ਅਤੇ ਮੁਖ ਰੂਪ ਵਿਚ ਸਿਖ ਕਿਸਾਨੀ ਨੂੰ ਸਦਾ ਲਈ ਆਪਣੇ ਆਰਥਿਕ ਗੁਲਾਮ ਬਣਾ ਕੇ ਉਹਨਾਂ ਦੇ ਸਿਖ ਸਵੈਮਾਣ ਨੂੰ ਕੁਚਲਣਾ ਚਾਹੁੰਦੀ ਹੈ। ਜੇ ਕੋਈ ਇਹ ਸੋਚਦਾ ਹੈ ਕਿ ਘਟਘਟ ਸਹਾਇਕ ਕੀਮਤ ਉਤੇ ਫਸਲਾਂ ਦੀ ਵਿਕਰੀ ਜਾਰੀ ਰਹਿਣ ਨਾਲ ਕਿਸਾਨੀ ਦਾ ਇਹ ਸੰਕਟ ਹੱਲ ਹੋ ਜਾਵੇਗਾ, ਉਹ ਗਲਤਫਹਿਮੀ ਦਾ ਸ਼ਿਕਾਰ ਹੈ। ਪੰਜਾਬ ਦੀ ਕਿਸਾਨੀ ਦਾ ਸੰਕਟ ਮੌਜੂਦਾ ਸੰਸਾਰ ਸਾਮਰਾਜੀ ਸੰਕਟ ਦਾ ਅਟੁਟ ਅੰਗ ਹੈ ਤੇ ਇਸ ਦਾ ਮੂਲ ਕਾਰਨ ਪੂੰਜੀਵਾਦੀ ਆਰਥਿਕ ਰਿਸ਼ਤੇ ਹਨ। ਜਿੰਨਾਂ ਚਿਰ ਇਹਨਾ ਰਿਸ਼ਤਿਆਂ ਨੂੰ ਨਹੀਂ ਬਦਲਿਆ ਜਾਂਦਾ ਓਨੀ ਦੇਰ ਇਸ ਸੰਕਟ ਦਾ ਸਥਾਈ ਹਲ ਨਹੀਂ ਹੋ ਸਕਦਾ। ਯਾਦ ਰਖਣਾ ਚਾਹੀਦਾ ਹੈ ਕਿ ਪੰਜਾਬ ਦੇ ਇਸੇ ਸਰਬ ਪਖੀ ਸੰਕਟ ਨੂੰ ਹਲ ਕਰਨ ਲਈ 1980 ਵਿਆਂ ਦੇ ਆਰੰਭ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁਧ ਮੋਰਚਾ ਲਾਇਆ ਸੀ।

26 ਜੁਲਾਈ 1981 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਪੰਜਾਬ ਦੀ ਧਾਰਮਿਕ ਰਾਜਸੀ ਆਰਥਿਕ ਸਮਾਜਿਕ ਅਧੀਨਗੀ ਤੇ ਨਾਬਰਾਬਰੀ ਦੀਆਂ ਜੰਜੀਰਾਂ ਤੋੜਨ ਲਈ ਹੀ ਧਰਮ ਯੁਧ ਮੋਰਚੇ ਦਾ ਐਲਾਨ ਕੀਤਾ ਸੀ। ਉਸ ਐਲਾਨ ਵਿਚ ਸਪਸ਼ਟ ਕੀਤਾ ਗਿਆ ਸੀ ਕਿ ਜਗਤ ਇਤਿਹਾਸ ਇਹ ਸਾਖੀ ਭਰ ਰਿਹਾ ਹੈ ਕਿ ਮਾਨਵ ਕਲਿਆਣੀ ਜਮਾਤ ਦਾ ਸਦਾ ਮਾਨਸ ਖਾਣੀ ਜਮਾਤ ਨਾਲ ਟਕਰਾਅ ਰਿਹਾ ਹੈ। ਪੰਦਰਵੀਂ ਸਦੀ ਵਿਚ ਸਤਿਗੁਰੂ ਨਾਨਕ ਦੇਵ ਜੀ ਨੇ ਹਨੇਰੇ ਵਿਚ ਭਟਕਦੀ ਮਨੁਖਤਾ ਨੂੰ ਸਚ ਦਾ ਮਾਰਗ ਦਿਖਾਇਆ ਤਾਂ ਕਿ ਮਨੁਖਤਾ ਸਮਾਜਿਕ ਮੁਕਤੀ ਦੇ ਮਾਰਗ ਉਤੇ ਚਲਦਿਆਂ ਆਤਮਿਕ ਮੁਕਤੀ ਦੀ ਮੰਜ਼ਿਲ ਪਾ ਸਕੇ। ਇਸ ਪਾਵਨ ਆਸ਼ੇ ਦੀ ਪੂਰਤੀ ਲਈ ਹੀ ਦਸ ਗੁਰੂ ਸਾਹਿਬਾਨ ਨੇ 225 ਸਾਲ ਮਹਾਨ ਕੁਰਬਾਨੀਆਂ ਕਰ ਕੇ, ਤਤੀਆਂ ਤਵੀਆਂ ਉਤੇ ਬੈਠ ਕੇ, ਦਿਲੀ ਵਿਚ ਸੀਸ ਦੇ ਕੇ, ਸਰਬੰਸ ਵਾਰ ਕੇ, ਆਪਣੇ ਅਮਲੀ ਜੀਵਨ ਰਾਹੀਂ ਸਿਖੀ ਦਾ ਪ੍ਰਚਾਰ ਕੀਤਾ। ਸਰਬੰਸ ਦਾਨੀ ਦਸਮੇਸ਼ ਪਿਤਾ ਜੀ ਨੇ 1699 ਦੀ ਵਿਸਾਖੀ ਦੇ ਪਵਿਤਰ  ਦਿਹਾੜੇ ਸਿਖ ਕੌਮ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸੇ ਦੀ ਸਿਰਜਣਾ ਕੀਤੀ ਤੇ ਮਾਨਵਤਾ ਦੇ ਕਲਿਆਣ ਲਈ ਹਮੇਸ਼ਾਂ ਉਦਮਸ਼ੀਲ ਰਹਿਣ ਤੇ ਸਚ ਲਈ ਸੀਸ ਵਾਰਨ ਦਾ ਉਪਦੇਸ਼ ਦਿਤਾ। ਖਾਲਸਾ ਪੰਥ ਨੇ ਆਪਣੀ ਕਰਨੀ, ਬੀਰਤਾ ਤੇ ਕੁਰਬਾਨੀਆਂ ਨਾਲ ਸਦੀਆਂ ਦਾ ਇਤਿਹਾਸ ਬਦਲ ਦਿਤਾ। ਸਿਖ ਕੌਮ ਨੇ ਧਾੜਵੀਆਂ ਦੇ ਲਗੇ ਪੈਰਾਂ ਦੇ ਨਿਸ਼ਾਨਾਂ ਨੂੰ ਆਪਣੇ ਖੂਨ ਨਾਲ ਧੋ ਕੇ ਪੰਜਾਬ ਦੀ ਧਰਤੀ ਉਤੇ ਖਾਲਸਾ ਰਾਜ ਸਥਾਪਿਤ ਕੀਤਾ, ਜਿਹੜਾ ਪੰਥਕ ਗਦਾਰਾਂ ਤੇ ਨਮਕ-ਹਰਾਮੀਆਂ ਦੀਆਂ ਕਰਤੂਤਾਂ ਕਾਰਨ ਖਤਮ ਹੋ ਗਿਆ ਤੇ ਸਿਖ ਕੌਮ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜੀ ਗਈ।

ਭਾਰਤੀ ਸੁਤੰਤਰਤਾ ਸੰਗਰਾਮ ਵਿਚ ਸਿਖ ਕੌਮ ਨੇ ਵਡਮੁਲਾ ਹਿਸਾ ਪਾਇਆ। 500 ਸਿੰਘ ਅਕਾਲੀ ਲਹਿਰ ਵਿਚ ਸ਼ਹੀਦ ਹੋਏ, 93 ਸਿੰਘਾਂ ਨੇ ਫਾਂਸੀ ਦੇ ਰਸਿਆਂ ਨੂੰ ਚੁੰਮਿਆਂ, 67 ਸਿੰਘ ਬਜਬਜ ਘਾਟ ਉਤੇ ਮੌਤ ਦੇ ਘਾਟ ਉਤਾਰੇ ਗਏ, 91 ਕੂਕੇ ਸਿਖ ਤੋਪਾਂ ਨਾਲ ਉਡਾਏ ਗਏ, 790 ਸਿੰਘ ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਵਿਚ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ, 2147 ਸਿਖ ਜਲਾਵਤਨ ਕਰਕੇ ਕਾਲੇ ਪਾਣੀ ਭੇਜੇ ਗਏ। ਸਿਖ ਕੌਮ ਨੇ ਪੁਰ-ਅਮਨ ਜਲੂਸਾਂ ਵਿਚ ਲਾਠੀਆਂ ਗੋਲੀਆਂ ਖਾ ਕੇ, ਕਾਲ ਕੋਠੜੀਆਂ ਵਿਚ ਜਾ ਕੇ, ਜਾਇਦਾਦਾਂ ਕੁਰਕ ਕਰਵਾ ਕੇ, ਅਸਹਿ ਤੇ ਅਕਹਿ ਕੁਰਬਾਨੀਆਂ ਕਰਕੇ, ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ ਅਤੇ ਸਿਖ ਕੌਮ ਦੀ ਕਿਸਮਤ ਨੂੰ ਆਜ਼ਾਦ ਭਾਰਤ ਨਾਲ ਜੋੜਿਆ, ਜਿਸ ਬਦਲੇ ਪੰਜ ਲਖ ਸਿਖ ਪਾਕਿਸਤਾਨ ਵਿਚ ਸ਼ਹੀਦ ਹੋਇਆ ਤੇ ਸਿਖ ਕੌਮ ਨੂੰ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਤੋਂ ਹਥ ਧੋਣੇ ਪਏ ਤੇ ਜਾਨਮਾਲ ਨਾਲੋਂ ਪਿਆਰੇ ਗੁਰਧਾਮਾਂ ਤੋਂ ਵਿਛੜਨਾ ਪਿਆ। ਪਰ ਕਾਂਗਰਸ ਨੇ ਸਿਖ ਕੌਮ ਨਾਲ ਕੀਤੇ ਰਾਜਸੀ ਵਾਅਦਿਆਂ ਤੋਂ ਮੁਨਕਿਰ ਹੋ ਕੇ ਆਜ਼ਾਦ ਭਾਰਤ ਵਿਚ ਸਿਖ ਕੌਮ ਨਾਲ ਸਦਾ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਤੇ ਸਿਖ ਕੌਮ ਨੂੰ ਧਾਰਮਿਕ, ਰਾਜਸੀ, ਆਰਥਿਕ ਤੇ ਸਮਾਜਿਕ ਪਖੋਂ ਅਧੀਨ ਬਣਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ, ਜਿਵੇਂ ਕਿ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ 1947 ਤੋਂ 1955 ਤਕ ਕਾਂਗਰਸ ਸਰਕਾਰ ਵਲੋਂ ਆਰਥਿਕ ਤੇ ਰਾਜਸੀ ਸ਼ਕਤੀ ਰਾਹੀਂ ਆਪਣੇ ਏਜੰਟਾਂ ਦਾ ਕਬਜ਼ਾ ਕਰਵਾਉਣਾ। ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੀ ਸੇਵਾ-ਸੰਭਾਲ ਸਿਖਾਂ ਦੇ ਹਥਾਂ ਵਿਚ ਦਿਵਾਉਣ ਲਈ ਕੋਈ ਯਤਨ ਨਾ ਕਰਨਾ। ਪ੍ਰਦੇਸਾਂ ਤੇ ਬਦੇਸਾਂ ਵਿਚ ਵਸਦੇ ਸਿਖਾਂ ਦੇ ਜਾਨ-ਮਾਲ ਤੇ ਧਰਮ ਦੀ ਸੁਰਖਿਆ ਵਲੋਂ ਅਵੇਸਲੇ ਰਹਿਣਾ। 1971 ਵਿਚ ਦਿਲੀ ਦੇ ਗੁਰਦੁਆਰਿਆਂ ਉਤੇ ਜਬਰਨ ਕਬਜ਼ਾ ਕਰਨਾ ਤੇ 15,000 ਸਿੰਘਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਦਿਲੀ ਗੁਰਦੁਆਰਾ ਐਕਟ ਬਨਾਉਣਾ ਪਰ ਚੋਣਾਂ ਨਾ ਕਰਵਾਉਣੀਆਂ। ਹਰਿਆਣੇ ਦੇ ਗੁਰਦੁਆਰਿਆਂ ਵਿਚ ਲੈਂਡ ਸੀਲਿੰਗ ਐਕਟ ਲਾਗੂ ਕਰਨਾ। ਪੰਦਰਾਂ ਵਖ-ਵਖ ਤੀਰਥ ਅਸਥਾਨਾਂ ਦੇ ਨਾਮ ਉਤੇ ਰੇਲ ਗਡੀਆਂ ਦੇ ਨਾਮ ਰਖਣੇ ਪਰ ਹਰਿਮੰਦਰ ਸਾਹਿਬ ਐਕਸਪ੍ਰੈਸ ਨਾਮ ਰਖਣ ਤੋਂ ਇਨਕਾਰ ਕਰਨਾ। ਹਰਦੁਆਰ, ਕਾਂਸ਼ੀ ਤੇ ਕੁਰਕਸ਼ੇਤਰ ਸ਼ਹਿਰਾਂ ਨੂੰ ਧਾਰਮਿਕ ਸ਼ਹਿਰਾਂ ਦਾ ਦਰਜਾ ਦੇਣਾ ਪਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਸ਼ਹਿਰ ਦਾ ਦਰਜਾ ਦੇਣ ਤੋਂ ਵਾਵੇਲਾ ਕਰਨਾ। ਦਰਬਾਰ ਸਾਹਿਬ ਵਿਚ ਟ੍ਰਾਂਸਮੀਟਰ ਲਾਉਣ ਦੀ ਆਗਿਆ ਨਾ ਦੇਣਾ। ਆਲ ਇੰਡੀਆ ਗੁਰਦੁਆਰਾ ਐਕਟ ਨਾ ਬਨਾਉਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਖਾਂ ਦੀ ਇਕੋ-ਇਕ ਪ੍ਰਤੀਨਿਧ ਸੰਸਥਾ ਮੰਨਣ ਤੋਂ ਇਨਕਾਰੀ ਹੋਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਕਿਸਤਾਨ ਤੀਰਥ ਯਾਤਰੂ ਭੇਜਣ ਦੇ ਹਕ ਉਤੇ ਛਾਪਾ ਮਾਰਨਾ। ਸਿਖਾਂ ਦੀਆਂ ਧਾਰਮਿਕ ਰਹੁ-ਰੀਤਾਂ ਵਿਚ ਦਖਲ ਦੇਣਾ ਤੇ ਸਿਖ ਪ੍ਰੰਪਰਾਵਾਂ ਤੇ ਰਵਾਇਤਾਂ ਦੀ ਪਵਿਤਰਤਾ ਨੂੰ ਭੰਗ ਕਰਨਾ। ਧਰਮ ਨਿਰਪਖਤਾ ਦੀ ਢੰਡੋਰਚੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਗੈਰ-ਵਿਧਾਨਿਕ, ਪੂਰਨ ਤੌਰ ਉਤੇ ਪੁਲਿਸ ਸ਼ਕਤੀ ਦੀ ਸ਼ਰਮਨਾਕ ਵਰਤੋਂ ਕਰਕੇ ਦਿਲੀ ਦੇ ਗੁਰਧਾਮਾਂ ਉਤੇ ਕਬਜ਼ਾ ਕਰਨਾ। ਕਾਂਗਰਸ ਨੇ ਸਿਖ ਕੌਮ ਨੂੰ ਰਾਜਸੀ ਵਚਨ ਦਿਤਾ ਸੀ ਕਿ ਉਤਰੀ ਭਾਰਤ ਵਿਚ ਇਕ ਅਜਿਹੇ ਖਿਤੇ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ ਸਿਖ ਆਜ਼ਾਦੀ ਦਾ ਪੂਰਨ ਅਨੰਦ ਮਾਣ ਸਕਣਗੇ, ਪਰ ਭਾਰਤ ਦੀ ਹੋਮ-ਮਨਿਸਟਰੀ ਨੇ 1947 ਵਿਚ ਹੀ ਸਿਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿਤਾ। ਭਾਰਤ ਵਿਚ ਬੋਲੀ ਦੇ ਆਧਾਰ ਉਤੇ ਸੂਬੇ ਸਥਾਪਤ ਕਰਨਾ ਪਰ ਪੰਜਾਬੀ ਸੂਬੇ ਦੇ ਨਾਹਰੇ ਉਤੇ ਪਾਬੰਦੀ ਲਾਉਣੀ। ਸਿਖ ਕੌਮ ਨੇ 18 ਸਾਲ ਜਦੋਜਹਿਦ ਕਰਕੇ, ਜਾਇਦਾਦਾਂ ਕੁਰਕ ਕਰਵਾ ਕੇ, 75 ਹਜ਼ਾਰ ਸਿੰਘ ਜੇਲ੍ਹਾਂ ਜਾ ਕੇ, ਜੇਲ੍ਹਾਂ ਵਿਚ ਗੋਲੀਆਂ ਖਾ ਕੇ, ਬਚੇ ਖੂਹਾਂ ਵਿਚ ਸੁਟਵਾ ਕੇ, ਲਾਠੀ ਗੋਲੀ ਦੀ ਕਾਂਗਰਸ ਸਰਕਾਰ ਨੂੰ ਪੰਜਾਬੀ ਸੂਬਾ ਬਣਾਉਣ ਲਈ ਮਜਬੂਰ ਕੀਤਾ। ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ੍ਹ ਪੰਜਾਬ ਦੇ ਹੈਡ ਵਰਕਸ ਦਾ ਪ੍ਰਬੰਧ ਤੇ ਦਰਿਆਵਾਂ ਦੇ ਪਾਣੀ ਤੇ ਬਿਜਲੀ ਨੂੰ ਖੋਹਣਾ।

ਭਾਰਤੀ ਵਿਧਾਨ ਅਸਲੀ ਫੈਡਰਲ ਰੂਪ ਵਿਚ ਢਾਲ ਕੇ ਪ੍ਰਦੇਸ਼ਾਂ ਨੂੰ ਅੰਦਰੂਨੀ ਖੁਦਮੁਖਤਾਰੀ ਨਾ ਦੇਣਾ, ਸਗੋਂ ਰਾਜਸੀ ਸ਼ਕਤੀ ਦਾ ਕੇਂਦਰੀਕਰਨ ਕਰਨਾ। ਨਹਿਰੂ ਭਾਸ਼ਾਈ ਫਾਰਮੂਲੇ ਅਨੁਸਾਰ ਪੰਜਾਬ ਦੇ ਗੁਆਂਢੀ ਰਾਜਾਂ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਨਾ ਦੇਣਾ। ਸਿਖਾਂ ਦੀ ਫੌਜ ਵਿਚ ਭਰਤੀ 20 ਫੀਸਦੀ ਤੋਂ ਘਟਾ ਕੇ ਡੇਢ ਫੀਸਦੀ ਕਰ ਦੇਣੀ। ਸਿਖਾਂ ਦੇ ਇਕੋ-ਇਕ ਪੰਜਾਬ ਐਂਡ ਸਿੰਧ ਬੈਂਕ ਦਾ ਕੌਮੀਕਰਨ ਕਰਨਾ। ਸਿਖਾਂ ਦਾ ਪਰਸਨਲ ਲਾਅ ਨਾ ਮੰਨਣਾ। ਸਿਖ ਸਭਿਆਚਾਰ ਦੀ ਪ੍ਰਫੁਲਤਾ ਲਈ ਰੇਡੀਓ ਤੇ ਟੀ ਵੀ ਰਾਹੀਂ ਕੋਈ ਉਦਮ ਨਾ ਕਰਨਾ, ਸਗੋਂ ਫਿਲਮਾਂ ਤੇ ਟੀ ਵੀ ਉਤੇ ਸਿਖ ਕਰੈਕਟਰ ਨੂੰ ਘਟੀਆ ਬਣਾ ਕੇ ਪੇਸ਼ ਕਰਨਾ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਡਰਾਈ ਪੋਰਟ ਨਾ ਬਨਾਉਣਾ। ਪੰਜਾਬ ਨੂੰ ਕੇਂਦਰੀ ਸਹਾਇਤਾ ਵਿਚੋਂ ਸਭ ਤੋਂ ਘਟ ਰਕਮ ਦੇਣਾ। ਅਕਾਲੀ ਸਰਕਾਰਾਂ ਨੂੰ ਪੰਜ ਸਾਲ ਦਾ ਪੂਰਾ ਸਮਾਂ ਨਾ ਕਰਨ ਦੇਣਾ ਤੇ ਗੈਰ-ਵਿਧਾਨਕ ਤੇ ਭ੍ਰਿਸ਼ਟਾਚਾਰ ਰਾਹੀਂ ਦਲ-ਬਦਲੀ ਕਰਵਾ ਕੇ ਅਕਾਲੀ ਸਰਕਾਰਾਂ ਨੂੰ ਤੋੜਣਾ।

ਪੰਜਾਬੀਆਂ ਉਪਰ ਬੇਵਿਸ਼ਵਾਸੀ ਪ੍ਰਗਟ ਕਰਦਿਆਂ ਹੋਇਆਂ ਨਿਜੀ ਸੁਰਖਿਆ ਲਈ ਦਿਤੇ ਲਾਇਸੰਸੀ ਹਥਿਆਰਾਂ ਨੂੰ ਖੋਹ ਕੇ ਉਹਨਾਂ ਨੂੰ ਨਿਹਥੇ ਬਨਾਉਣਾ। ਆਰਥਿਕ ਸ਼ਕਤੀ 5 ਪ੍ਰਤੀਸ਼ਤ ਅਮੀਰ ਲੋਕਾਂ ਦੇ ਹਥਾਂ ਵਿਚ ਇਕਠੀ ਕਰਕੇ ਗਰੀਬੀ-ਅਮੀਰੀ ਦੇ ਪਾੜੇ ਨੂੰ ਹੋਰ ਵਧਾਉਣਾ। ਕਾਂਗਰਸ ਵਲੋਂ 34 ਸਾਲਾਂ ਦੇ ਰਾਜ-ਕਾਲ ਵਿਚ 34 ਕਰੋੜ ਲੋਕਾਂ ਨੂੰ ਅਤੀ ਗਰੀਬ ਬਣਾ ਕੇ ਰਖ ਦੇਣਾ। ਪੰਜਾਬ ਨੂੰ ਤਜ਼ਾਰਤੀ ਮੰਡੀ ਬਣਾ ਕੇ ਇਸ ਦੀ ਲੁਟ-ਖਸੁਟ ਕਰਨਾ। ਕਾਂਗਰਸ ਵਲੋਂ ਜਮਾਂ ਖੋਰੀ, ਮੁਨਾਫਾਖੋਰੀ ਤੇ ਚੋਰ-ਬਾਜ਼ਾਰੀ ਨੂੰ ਵਧਾ ਕੇ ਜਨਤਾ ਨੂੰ ਮਹਿੰਗਾਈ ਦੀ ਚਕੀ ਵਿਚ ਪੀਹਣਾ। ਪੰਜਾਬ ਨੂੰ ਆਰਥਿਕ ਪਖੋਂ ਪਛੜਿਆ ਰਖਣ ਲਈ ਪੰਜਾਬ ਵਿਚ ਵਡੇ ਕਾਰਖਾਨੇ ਨਾ ਲਾਉਣਾ। ਪੰਜਾਬੀ ਕਿਸਾਨਾਂ ਨੂੰ ਯੂ ਪੀ ਤੇ ਹਰਿਆਣੇ ਵਿਚੋਂ ਉਜਾੜਨ ਦੀਆਂ ਕੋਝੀਆਂ ਹਰਕਤਾਂ ਕਰਨੀਆਂ। ਕਿਸਾਨ ਦੀ ਜ਼ਮੀਨ ਦੀ ਹਦ ਸਾਢੇ 7 ਹੈਕਟਰ ਨਿਸ਼ਚਿਤ ਕਰਨਾ ਪਰ ਸ਼ਹਿਰੀ ਜਾਇਦਾਦ ਤੇ ਆਮਦਨ ਨੂੰ ਸੀਮਤ ਨਾ ਕਰਨਾ। ਕਿਸਾਨ ਨੂੰ ਫਸਲ ਦੇ ਬੀਮੇ ਦੀਆਂ ਸਹੂਲਤਾਂ ਨਾ ਦੇਣਾ। ਕਿਸਾਨ ਨੂੰ ਸਨਅਤੀ ਦਰਾਂ ਦੇ ਆਧਾਰ ਉਤੇ ਕਰਜ਼ਾ ਨਾ ਦੇਣਾ। ਕਿਸਾਨ ਦੀ ਜਿਨਸ ਦੇ ਭਾਅ ਨੂੰ ਪੈਦਾਵਾਰੀ ਸਾਧਨਾਂ ਦੇ ਭਾਅ ਨਾਲ ਜੋੜ ਕੇ, ਉਸ ਦੀ ਪੈਦਾਵਾਰ ਦਾ ਯੋਗ ਮੁਲ ਨਾ ਦੇਣਾ। ਕਿਸਾਨ ਦੀ ਜਿਨਸ ਨੂੰ ਸਸਤੇ ਭਾਅ ਲੁਟਣਾ ਅਤੇ ਖਪਤਕਾਰਾਂ ਨੂੰ ਮਹਿੰਗੇ ਭਾਅ ਵੇਚਣਾ। ਦਲਿਤਾਂ, ਕਮਜ਼ੋਰ ਵਰਗਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹਕਾਂ ਦੀ ਰਾਖੀ ਲਈ ਯੋਗ ਕਦਮ ਨਾ ਪੁਟਣਾ। ਦੇਸ ਵਿਚ ਵਾਪਰੇ ਹਰ ਕੁਦਰਤੀ ਅਤੇ ਗੈਰ-ਕੁਦਰਤੀ ਕਹਿਰ ਲਈ ਮਾਲੀ ਸਹਾਇਤਾ ਦੇਣਾ ਪਰ ਪੰਜਾਬ ਵਿਚ ਦੋ ਜੰਗਾਂ ਦੀ ਵਾਪਰੀ ਭਿਆਨਕ ਤਬਾਹੀ ਦਾ ਕੋਈ ਮੁਆਵਜ਼ਾ ਨਾ ਦੇਣਾ। ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭਤਾ ਨਾ ਦੇਣਾ। ਪੈਦਾਵਾਰ ਦੀ ਕੀਮਤ, ਪਕੇ ਮਾਲ ਦੀ ਕੀਮਤ ਤੇ ਤਨਖਾਹਾਂ ਦਾ ਇਨਸਾਫ ਦੇ ਆਧਾਰ ਉਤੇ ਸੁਮੇਲ ਨਾ ਕਰਨਾ। ਇੰਪਲਾਈਜ਼ ਇੰਸ਼ੋਰੈਂਸ ਸਕੀਮ ਤਹਿਤ ਜੋ ਮੈਡੀਕਲ ਸਹੂਲਤਾਂ ਫੈਕਟਰੀ ਕਾਮਿਆਂ ਨੂੰ ਦਿਤੀਆਂ ਜਾਂਦੀਆਂ ਹਨ, ਉਹ ਕਿਰਤੀਆਂ ਅਤੇ ਕਿਸਾਨਾਂ ਨੂੰ ਨਾ ਦੇਣਾ। ਕਿਸਾਨ ਦੀ ਸ਼ਹਿਰੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਜਬਰੀ ਖਰੀਦਣਾ ਤੇ ਅਗੋਂ ਸੋਨੇ ਦੇ ਭਾਅ ਵੇਚਣਾ। ਕਾਰਪੋਰੇਸ਼ਨ ਦੀ ਹਦ ਤੋਂ ਪੰਜ ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਪਿੰਡਾਂ ਤਕ ਜ਼ਮੀਨ ਵੇਚਣ ਉਤੇ ਪਾਬੰਦੀ ਲਾਉਣੀ।

ਪੰਥ ਦੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਸ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ ਵਿਚਲੀਆਂ ਮੰਗਾਂ ਨੂੰ ਪ੍ਰਵਾਨ ਨਾ ਕਰਨਾ ਸਗੋਂ 'ਪਾੜੋ ਤੇ ਰਾਜ ਕਰੋ' ਦੀ ਨੀਤੀ ਉਤੇ ਅਮਲ ਕਰਦਿਆਂ, ਹਿੰਦੂ ਸਿਖਾਂ ਵਿਚ ਫੁਟ ਪਾਉਣ ਦੀਆਂ ਤੇ ਫਿਰਕੂ ਦੰਗੇ ਕਰਵਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਕਰਨੀਆਂ। ਸਪਸ਼ਟ ਹੈ ਕਿ ਸਿਖ ਕੌਮ ਨਾਲ ਸਦਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਜੇ ਸਿਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਬੰਦ ਕਰਕੇ ਉਪਰੋਕਤ ਵਧੀਕੀਆਂ ਨੂੰ ਠੀਕ ਨਾ ਕੀਤਾ ਗਿਆ ਤੇ ਜਗਤ ਦੇ ਫੈਡਰਲ ਵਿਧਾਨਾਂ ਵਾਂਗ ਦੋਹਰੀ ਨਾਗਰਿਕਤਾ, ਦੋਹਰੀ ਵਿਧਾਨ-ਪ੍ਰਣਾਲੀ ਤੇ ਪ੍ਰਦੇਸਾਂ ਨੂੰ ਅੰਦਰੂਨੀ ਖੁਦਮੁਖਤਿਆਰੀ ਉਤੇ ਆਧਾਰਿਤ ਭਾਰਤੀ ਵਿਧਾਨ ਨੂੰ ਅਸਲੀ ਫੈਡਰਲ ਰੂਪ ਵਿਚ ਢਾਲ ਕੇ ਸਿਖਾਂ ਨੂੰ ਧਾਰਮਿਕ, ਰਾਜਸੀ, ਆਰਥਿਕ ਤੇ ਸਮਾਜਿਕ ਸੁਤੰਤਰਤਾ ਤੇ ਸਮਾਨਤਾ ਦਾ ਭਾਈਵਾਲ ਨਾ ਬਣਾਇਆ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਤੇ ਜਨਤਕ ਮੰਗਾਂ ਲਈ ਧਰਮ ਯੁਧ ਸ਼ੁਰੂ ਕਰ ਦੇਵੇਗਾ ਤੇ ਧਾਰਮਿਕ ਰਾਜਸੀ ਆਰਥਿਕ ਸਮਾਜਿਕ ਅਧੀਨਗੀ ਤੇ ਅਸਮਾਨਤਾ ਦੀਆਂ ਜੰਜੀਰਾਂ ਤੋੜਨ ਲਈ ਵਾਰਨਿੰਗ ਰੋਸ ਜਲੂਸ ਘਿਰਾਓ ਨਾ-ਮਿਲਵਰਤਨ, ਡਾਇਰੈਕਟ ਐਕਸ਼ਨ ਆਦਿ ਵਸੀਲੇ ਵਰਤਣ ਤੋਂ ਸੰਕੋਚ ਨਹੀਂ ਕਰੇਗਾ।

ਇਸ ਐਲਾਨਨਾਮੇ ਵਿਚ ਮੰਗ ਕੀਤੀ ਗਈ ਸੀ ਕਿ ਭਾਰਤ ਵਿਚ ਸਮਾਜਿਕ, ਆਰਥਿਕ, ਰਾਜਸੀ ਤੇ ਧਾਰਮਿਕ ਆਜਾਦੀ ਤੇ ਬਰਾਬਰੀ ਵਾਲਾ ਸਮਾਜ ਸਥਾਪਤ ਕਰਨ ਲਈ ਜਗਤ ਦੇ ਫੈਡਰਲ ਵਿਧਾਨਾਂ ਵਾਂਗ ਦੂਹਰੀ ਨਾਗਰਿਕਤਾ, ਦੂਹਰੀ ਵਿਧਾਨ ਪ੍ਰਣਾਲੀ ਤੇ ਸੂਬਿਆਂ ਦੀ ਅੰਦਰੂਨੀ ਖੁਦ-ਮੁਖਤਿਆਰੀ ਉਤੇ ਆਧਾਰਿਤ ਭਾਰਤ ਦੇ ਵਿਧਾਨ ਨੂੰ ਸੰਘੀ, ਲੋਕਤੰਤਰੀ ਅਤੇ ਸਮਾਜਵਾਦ ਦੇ ਅਸਲੀ ਰੂਪ ਵਿਚ ਢਾਲ ਕੇ, ਭਾਰਤ ਵਿਚ ਕਲਿਆਣਕਾਰੀ ਰਾਜ ਬਣਾ ਕੇ, ਦੇਸ ਦੀ ਦੌਲਤ ਦੀ ਸਮਾਨ ਵੰਡ ਲਈ ਮਿਥੀ ਜ਼ਮੀਨ ਦੀ ਹਦ ਉਤੇ ਆਧਾਰਿਤ ਸੀਮਤ ਆਮਦਨ ਤੇ ਸੀਮਤ ਜਾਇਦਾਦ ਦਾ ਕਾਨੂੰਨ ਅਪਣਾ ਕੇ, ਸਭ ਨੂੰ ਰੋਟੀ ਕਪੜਾ ਮਕਾਨ, ਮੁਫਤ ਵਿਦਿਆ, ਮੁਫਤ ਡਾਕਟਰੀ ਸਹਾਇਤਾ, ਲੋੜਵੰਦਾਂ ਨੂੰ ਜੀਵਨ ਗੁਜ਼ਾਰਾ, ਬੇਰੁਜ਼ਗਾਰੀ ਭਤਾ, ਸਸਤੀਆਂ ਜੀਵਨ ਦੀਆਂ ਲੋੜਾਂ, ਸਸਤੇ ਪੈਦਾਵਾਰੀ ਸਾਧਨ, ਕਿਸਾਨਾਂ ਨੂੰ ਲਾਹੇਵੰਦ ਭਾਅ ਤੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਯੋਗ ਤਨਖਾਹ ਦੇਣਾ ਆਪਣਾ ਧਰਮ ਬਣਾਉ ਤੇ ਭਾਰਤ ਦੀਆਂ ਵਖ-ਵਖ ਕੌਮਾਂ, ਧਰਮਾਂ ਤੇ ਭਾਸ਼ਾਵਾਂ ਦੇ ਗੁਲਦਸਤੇ ਨੂੰ ਰਾਜਸੀ ਭਾਈਚਾਰੇ ਦੇ ਫੁਲਦਾਨ ਵਿਚ ਇਸ ਤਰ•ਾਂ ਸਜਾਓ ਕਿ ਉਸ ਦੀ ਆਦਰਸ਼ਕ ਮਹਿਕ ਦੁਨੀਆ ਲਈ ਨਮੂਨਾ ਬਣ ਜਾਏ ਤੇ ਜਗਤ-ਪਿਤਾ ਦੇ ਜਗਤ-ਪਰਿਵਾਰ ਲਈ ਜਗਤ ਪੰਚਾਇਤੀ ਰਾਜ ਸਥਾਪਤ ਹੋ ਸਕੇ।

ਪੰਜਾਬ ਦੀਆਂ ਇਹਨਾਂ ਜਾਇਜ ਮੰਗਾਂ ਨੂੰ ਮੰਨਣ ਦੀ ਬਜਾਇ ਦੇਸ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੇ ਇਸ ਮੋਰਚੇ ਨੂੰ ਫਿਰਕੂ ਰੰਗਤ ਦੇ ਕੇ ਜੂਨ 1984 ਵਿਚ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕੀਤਾ ਤੇ ਪੰਜਾਬ ਅੰਦਰ ਖੂਨ ਦੇ ਹੜ੍ਹ੍ਹ ਵਗਾ ਦਿਤੇ। ਨਵੰਬਰ 1984 ਵਿਚ ਉਸ ਦੇ ਮਰਨ ਤੋਂ ਬਾਅਦ ਦਿਲੀ ਤੇ ਦੇਸ ਦੇ ਹੋਰਨਾਂ ਕਈ ਇਲਾਕਿਆਂ ਵਿਚ ਸਿਖਾਂ ਦੀ ਨਸਲਕੁਸ਼ੀ ਹੋਈ ਅਤੇ ਬਾਅਦ ਵਿਚ ਵਾਪਰੇ ਸਾਰੇ ਘਟਨਾ ਕਰਮ ਵਿਚ ਇਹ ਮੋਰਚਾ ਲੀਹੋ ਲਾਹ ਦਿਤਾ ਗਿਆ। ਪਰ ਨਾ ਇਸ ਮੋਰਚੇ ਦੀ ਕੋਈ ਮੰਗ ਮੰਨੀ ਗਈ ਅਤੇ ਨਾ ਹੀ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਰਵਈਏ ਵਿਚ ਕੋਈ ਫਰਕ ਪਿਆ। ਬਲਕਿ ਪੰਜਾਬ ਦੀ ਸਿਖ ਜਵਾਨੀ ਉਤੇ ਜਬਰ ਵਧਦਾ ਗਿਆ ਜਿਹੜਾ ਹੁਣ ਤਕ ਜਾਰੀ ਹੈ। ਉਸੇ ਨਿਰੰਤਰਤਾ ਵਿਚ ਕਿਸਾਨੀ ਦਾ ਹੋਇਆ ਇਹ ਉਭਾਰ ਤਤ ਰੂਪ ਵਿਚ ਸਿਖ ਉਭਾਰ ਹੈ। ਇਸੇ ਕਰ ਕੇ ਦੁਨੀਆਂ ਭਰ ਦੇ ਹਰੇਕ ਕੋਨੇ ਵਿਚ ਬੈਠੇ ਸਿਖ ਇਸ ਸੰਘਰਸ਼ ਦੀ ਹਮਾਇਤ ਵਿਚ ਮੁਜਾਹਰੇ ਕਰ ਰਹੇ ਹਨ। ਪਿਛਲੇ ਕਰੀਬ ਚਾਰ ਦਹਾਕਿਆਂ ਵਿਚ ਪੰਜਾਬ ਅੰਦਰ ਜੋ ਕੁਝ ਵਾਪਰਿਆ ਹੈ, ਉਸ ਬਾਰੇ ਸਿਖਾਂ ਦੇ ਮਨਾਂ ਵਿਚ ਭਰਿਆ ਰੋਸ ਕਿਸੇ ਨਾ ਕਿਸੇ ਰੂਪ ਵਿਚ ਇਸ ਸੰਘਰਸ਼ ਵਿਚੋਂ ਵੀ ਪ੍ਰਗਟ ਹੋ ਰਿਹਾ ਹੈ। ਪਰ ਇਸ ਸੰਘਰਸ਼ ਦਾ ਇਕ ਅਹਿਮ ਪਹਿਲੂ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਰੂਪ ਵਿਚ ਇਸ ਦੀ ਅਗਵਾਈ 'ਕਮਿਊਨਿਸਟ' ਕਰ ਰਹੇ ਹਨ। ਉਹ ਕਮਿਊਨਿਸਟ ਜਿਨ•ਾਂ ਦੀ ਸੋਚ ਮਾਰਕਸਵਾਦੀ ਫਿਲਾਸਫੀ ਤੋਂ ਕੋਰੀ ਹੈ ਅਤੇ ਜਿਨ•ਾਂ ਦੀ ਸੋਚ ਉਤੇ ਆਰਥਿਕਵਾਦ ਭਾਰੂ ਹੈ। ਜਿਨ੍ਹਾਂ ਨੂੰ ਮਨੁਖ ਦੀ ਪੂਰਨ ਮੁਕਤੀ ਦੇ ਵਿਕਸਿਤ ਕੀਤੇ ਗਏ ਗੁਰਮਤਿ ਸੰਕਲਪਾਂ ਦੀ ਕੋਈ ਜਾਣਕਾਰੀ ਨਹੀਂ। ਇਸੇ ਕਰ ਕੇ ਉਹ ਗੁਰਮਤਿ, ਪੰਜਾਬ ਅਤੇ ਸਿਖ ਇਤਿਹਾਸ ਨੂੰ ਨਫਰਤ ਕਰਦੇ ਹਨ। ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਵਿਕਸਿਤ ਕੀਤੇ ਗਏ ਅਕਾਲ ਪੁਰਖ ਦੀ 'ਪਾਤਸ਼ਾਹੀ' ਦੇ ਮਹਾਨ ਸੰਕਲਪ ਦੀ ਕੋਈ ਸੋਝੀ ਨਹੀਂ। ਉਹ ਕਿਸਾਨੀ ਦੇ ਇਸ ਉਭਾਰ ਨੂੰ ਵੀ ਮੁਖ ਰੂਪ ਵਿਚ ਆਰਥਿਕ ਭਾਵ 'ਫਸਲਾ ਦੇ ਭਾਅ ਨਿਸਚਿਤ ਕਰਨ ਅਤੇ ਉਹਨਾਂ ਅਨੁਸਾਰ ਫਸਲਾਂ ਦੀ ਖਰੀਦ ਕਰਨ' ਦੇ ਪਖ ਤੋਂ ਹੀ ਵੇਖ ਰਹੇ ਹਨ। ਜਦੋਂ ਕਿ ਇਹ ਸਚਾਈ ਸਪਸ਼ਟ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਘਟੋਘਟ ਸਹਾਇਕ ਕੀਮਤਾਂ ਉਤੇ ਖਰੀਦਣੀਆ ਜਾਰੀ ਵੀ ਰਹਿਣ ਤਾਂ ਵੀ ਹਰੇ ਇਨਕਲਾਬ ਨਾਲ ਆਰੰਭ ਹੋਇਆ ਪੰਜਾਬ ਦਾ ਉਜਾੜਾ ਉਵੇਂ ਹੀ ਹੁੰਦਾ ਰਹੇਗਾ।