ਕਿਰਸਾਨੀ ਦਾ ਸੰਘਰਸ਼ ਤੇ ਪੰਜਾਬ ਦੇ ਨੌਜਵਾਨਾਂ ਦਾ ਮਨ

ਕਿਰਸਾਨੀ ਦਾ ਸੰਘਰਸ਼ ਤੇ ਪੰਜਾਬ ਦੇ ਨੌਜਵਾਨਾਂ ਦਾ ਮਨ

ਕਿਰਨਪ੍ਰੀਤ ਸਿੰਘ

ਪੰਜਾਬ ਦੇ ਨੌਜਵਾਨਾਂ ਲਈ ਸਦੀਆਂ ਤੋਂ ਯੋਧੇ, ਸੂਰਵੀਰ, ਜਾਂਬਾਜ ਆਦਿ ਸ਼ਬਦ ਵਰਤੇ ਜਾਂਦੇ ਰਹੇ ਹਨ ਅਤੇ ਜਾਂਦੇ ਰਹਿਣਗੇ। ਸਿਕੰਦਰ ਤੋਂ ਲੈ ਕੇ ਅੰਗਰੇਜਾਂ ਤੱਕ ਪੰਜਾਬ ਦੇ ਨੌਜਵਾਨਾਂ ਨੇ ਜ਼ੁਲਮ ਨਾਲ ਟੱਕਰ ਲੈਣ ਅਤੇ ਜਾਨ ਦੀ ਬਾਜੀ ਬਿਨ੍ਹਾਂ ਕਿਸੀ ਨਿੱਜੀ ਸੁਆਰਥ ਦੇ ਲਗਾਉਣ ਤੋਂ ਸੰਕੋਚ ਨਹੀਂ ਕੀਤਾ। ਇਹੀ ਕਾਰਨ ਹੈ ਕਿ ਪੰਜਾਬ ਦੀ ਧਰਤੀ 'ਤੇ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਭਾਰਤ ਅਤੇ ਦੁਨੀਆਂ ਨਾਲੋਂ ਵਧੇਰੇ ਹੈ। ਇਸਦਾ ਮੁੱਖ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਇਕ ਵਿਸ਼ੇਸ਼ ਪ੍ਰਕਾਰ ਦਾ ਮਨ ਹੋਣਾ ਹੈ ਜੋ ਸੰਘਰਸ਼ ਤੇ ਬੰਦਗੀ ਵਿਚੋਂ ਜੰਮਿਆ ਹੈ। ਸਿੱਖ ਨੌਜਵਾਨਾਂ ਦਾ ਇਕ ਵਿਸ਼ੇਸ਼ ਮਨ ਹੈ, ਜੋ ਭਾਰਤ ਦੀ ਬਾਕੀ ਨੌਜਵਾਨ ਪੀੜੀ ਨਾਲੋਂ ਵੱਖਰਾ ਹੈ। ਕਾਰਨ ਪੰਜਾਬ ਦਾ ਇਤਿਹਾਸ ਹੈ। ਚੌਥੀ ਅਤੇ ਪੰਜਵੀਂ ਪੂਰਵ ਈਸਵੀ ਵਿਚ ਫਰਾਂਸੀਆਂ ਅਤੇ ਯੂਨਾਨੀਆਂ ਦੇ ਪੰਜਾਬ ਵਿਚ ਆਉਣ ਤੋਂ ਪਿੱਛੋਂ ਇਥੋਂ ਦਾ ਜੀਵਨ ਅਤਿਅੰਤ ਨਿਰੰਤਰਸ਼ੀਲ ਤੇ ਗਤੀਸ਼ੀਲ ਬਣ ਗਿਆ। ਨਵੀਂ ਸਥਿਤੀ ਨਾਲ ਬਦਲਣਾ ਤੇ ਜਿਊਂਦੇ ਰਹਿਣ ਲਈ ਬਲਵਾਨ ਕਰਮ ਦੇ ਯੋਗ ਧਿਆਨ ਧਾਰਨਾ ਪੰਜਾਬੀ ਮਨ ਦਾ ਇਕ ਖਾਸ ਲੱਛਣ ਹੈ। ਇਹ ਲੱਛਣ ਅੱਠਵੀਂ ਸਦੀ ਤੋਂ ਪਿੱਛੋਂ ਤੁਰਕਾਂ ਦੇ ਪੰਜਾਬ ਆਉਣ ਤੇ ਇਸਨੂੰ ਲੁੱਟਣ ਤੋਂ ਪਿੱਛੋਂ ਹੋਰ ਵੀ ਸ਼ਕਤੀਸ਼ਾਲੀ ਬਣ ਗਏ।1

1699 ਦੀ ਵਿਸਾਖੀ ਵਾਲੇ ਦਿਨ ਇਸ ਮਨ ਵਿਚ ਸੰਤ-ਸਿਪਾਹੀ ਦੋਵੇਂ ਗੁਣ ਆ ਗਏ। ਜਦੋਂ ਸਿੱਖ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਏ ਤਾਂ ਕਿਸਾਨ, ਨਿਰਜਮੀਨ ਕਾਮਾ ਤੇ ਛੋਟਾ ਦੁਕਾਨਦਾਰ ਕਾਫੀ ਸੰਕਟ ਵਾਲਾ ਜੀਵਨ ਜਿਉਂ ਰਹੇ ਸਨ। ਬਾਬਰ ਨੇ ਆਪਣੇ ਬਾਬਰਨਾਮਾ ਵਿਚ ਕਿਸਾਨ ਤੇ ਨਿਰਜਮੀਨ ਕਾਮੇ ਦੀ ਦਰਦਨਾਕ ਹਾਲਤ ਦਾ ਜਿਕਰ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੀ ਇਸ ਲੁੱਟ, ਦੁਰਦਸ਼ਾ ਤੇ ਇਸ ਨਾਲ ਸੰਬੰਧਿਤ ਸੰਤਾਪ ਨੂੰ ਪੂਰੀ ਤਰ੍ਹਾਂ ਸਮਝਿਆ ਤੇ ਨਾਲ ਹੀ ਪੰਜਾਬੀ ਧਰਮਾਂ ਤੇ ਸੰਸਕ੍ਰਿਤੀ ਦੇ ਸੰਭਵ ਵਿਨਾਸ਼ ਨੂੰ ਵੀ। ਉਹਨਾਂ ਜੋ ਸ੍ਰਿਸ਼ਟੀ ਪ੍ਰਬੰਧ ਆਪਣੀ ਬਾਣੀ ਵਿਚ ਉਸਾਰਿਆ ਤੇ ਜਿਸ ਬਰਾਬਰੀ ਲਈ ਵਚਨਬੱਧ ਨਿਰਵਰਗ ਸੰਸਥਾ ਦੀ ਸਿਰਜਣਾ ਕੀਤੀ, ਉਸ ਰਾਹੀਂ ਸਫਲਤਾ ਨਾਲ ਵਿਸ਼ਾਦ-ਗ੍ਰਸਤ ਅਤੇ ਲੁੱਟੇ ਗਏ ਪੰਜਾਬੀ ਕਿਸਾਨ ਨੂੰ ਨਾਇਕ ਵਿਚ ਬਦਲ ਦਿੱਤਾ।2

ਇਹ ਨਾਇਕ ਸਦੀਆਂ ਤੋਂ ਜ਼ੁਲਮ ਤੇ ਜ਼ਾਲਮ ਖਿਲਾਫ਼ ਲੜਣ ਦੀ ਆਪਣੀ ਭੂਮਿਕਾ ਨਿਭਾਉਂਦਾ ਆਇਆ ਹੈ। 1947 ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਨਾਲ ਹੋਏ ਵਿਸ਼ਵਾਸਘਾਤ ਦੇ ਵਿਰੁੱਧ ਵੀ ਇਸਨੇ ਆਪਣੀ ਆਵਾਜ ਨੂੰ ਬੁਲੰਦ ਕੀਤਾ। ਆਜ਼ਾਦੀ ਤੋਂ ਬਾਅਦ ਜਿਹੜਾ ਸੱਭਿਆਚਾਰਕ ਅਤੇ ਆਰਥਿਕ ਢਾਂਚਾ ਹਕੂਮਤ ਲੈ ਕੇ ਆਈ ਉਹ ਇਕ ਪਾਸੜ ਸੀ ਜੋ ਪੰਜਾਬ ਦੀ ਹੋਂਦ ਲਈ ਖਤਰਾ ਸੀ। ਪੰਜਾਬ ਵਿਚ ਇਸਦਾ ਕਿਸਾਨ ਤੋਂ ਨਾਇਕ ਬਣੇ ਨੌਜਵਾਨਾਂ ਨੇ ਵਿਰੋਧ ਕੀਤਾ ਤੇ ਇਹਨਾਂ ਨੂੰ ਦਹਿਸ਼ਤਗਰਦ ਤੇ ਫਿਰਕਾਪ੍ਰਸਤ ਕਹਿਕੇ ਬਦਨਾਮ ਕੀਤਾ ਗਿਆ। ਜੁਝਾਰੂਆਂ ਦੇ ਇਕ ਗਰੁੱਪ 'ਬੱਬਰਾਂ' ਨੇ ਆਪਣੇ ਇਕ ਪੈਂਫਲਿਟ ਵਿਚ ਸਾਫ ਲਿਖਿਆ ਕਿ ਉਹਨਾਂ ਦੀ ਲੜਾਈ 'ਮਨੁੱਖਤਾ ਵਿਚ ਪਈਆਂ ਕੁਝ ਗੈਰ-ਕੁਦਰਤੀ ਵੰਡੀਆਂ ਮਿਟਾਉਣ ਲਈ ਹੈ। ਉਹ ਅਜਿਹਾ ਰਾਜ ਸਿਰਜਣਾ ਚਾਹੁੰਦੇ ਹਨ ਜਿਸ ਵਿਚ ਇਜਾਰੇਦਾਰੀ ਤੇ ਸਰਮਾਏਦਾਰੀ ਜਾਲਮਾਂ ਦੇ ਮਜਲੂਮਾਂ ਦੇ ਦੁੱਧ-ਪੁੱਤ ਗੈਰਤ ਤੇ ਇੱਜਤ ਦੀ ਬਲੀ ਲੈ ਕੇ ਐਸ਼ ਦੀ ਜਿੰਦਗੀ ਲਈ ਉਸਾਰੇ ਬਹਿਸ਼ਤ ਨਹੀਂ ਰਹਿਣਗੇ।3

ਪਰ ਬਿਪਰਵਾਦੀ ਅਤੇ ਪੂੰਜੀਪਤੀਆਂ ਦੀ ਹਮਾਇਤੀ ਹਕੂਮਤ ਨੂੰ ਪੰਜਾਬ ਦੇ ਨੌਜਵਾਨਾਂ ਦੀ ਗੱਲ ਨਾ ਸਮਝ ਲੱਗੀ।

1984 ਦੇ ਵਿਦਰੋਹ ਤੋਂ ਬਾਅਦ ਲਗਾਤਾਰ ਹਕੂਮਤ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਵਿਚ ਨੀਤੀਆਂ ਬਣਾਉਂਦੀ ਆਈ ਹੈ। ਮੌਜੂਦਾ ਸਮੇਂ ਵਿਚ ਚੱਲ ਰਿਹਾ ਕਿਸਾਨੀ ਸੰਘਰਸ਼ ਵੀ ਇਸੀ ਕੜੀ ਦਾ ਇਕ ਹਿੱਸਾ ਹੈ। ਕਿਸਾਨੀ ਬਿੱਲ ਹਕੂਮਤ ਵੱਲੋਂ ਇਹ ਜਾਨਣ ਲਈ ਕਿ ਪੰਜਾਬ ਦਾ  ਨਾਇਕ ਜਿਉਂਦਾ ਹੈ ਕੇ ਮਰ ਗਿਆ, ਵੱਢੀ ਗਈ ਚੂੰਢੀ ਹੈ। ਪਰ ਮੌਜੂਦਾ ਕਿਰਸਾਨੀ ਸੰਘਰਸ਼ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਨੇ ਇਹ ਦੱਸ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿੱਚ ਦੋ ਚੀਜਾਂ ਹਮੇਸ਼ਾਂ ਲਈ ਘਰ ਕਰ ਗਈਆਂ ਹਨ, ਇਕ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਮਨੋ-ਬਿੰਬ ਅਤੇ ਦੂਜਾ 1984 ਦੇ ਯੋਧਿਆਂ ਦਾ ਜੁਝਾਰੂ ਬਿੰਬ।

ਕਿਸਾਨੀ ਮੋਰਚਿਆਂ ਉੱਪਰ ਆਨੰਦਪੁਰ ਸਾਹਿਬ ਦੇ ਮਤੇ, ਸੰਤ ਭਿੰਡਰਾਂਵਾਲਿਆਂ ਦੇ ਵਿਚਾਰਾਂ ਦੀ ਮੁੜ ਗੱਲ ਹੋਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਪੰਜਾਬੀਆਂ ਨੇ ਹਕੂਮਤ ਵੱਲੋਂ ਇਤਿਹਾਸ ਵਿਚ ਦਿੱਤੇ ਜਖਮਾਂ ਨੂੰ ਹਰਿਆ ਰੱਖਿਆ ਹੈ।

ਬਿਪਰਵਾਦੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖੇਤੀ ਪੰਜਾਬੀਆਂ ਲਈ ਗੁਰੂ ਨਾਨਕ ਦੀ ਕਿਰਤ ਦਾ ਫਲਸਫਾ ਹੈ ਜਿਹੜੀ ਕਿਰਤ ਸਭ ਦਾ ਭਲਾ ਲੋਚਦੀ ਹੈ ਅਤੇ ਬਿਨਾਂ ਕਿਸੀ ਮੁਨਾਫੇ ਦੇ ਤੇਰਾ-ਤੇਰਾ ਤੋਲਦੀ ਹੈ ਅਤੇ ਪੂੰਜੀਪਤੀਆਂ ਦੇ ਵਾਧੂ ਮੁਨਾਫੇ ਅਤੇ ਪੂੰਜੀ ਇਕੱਠੀ ਕਰਨ ਦਾ ਸਖਤ ਵਿਰੋਧ ਕਰਦੀ ਹੈ। ਦੂਜੇ ਪਾਸੇ ਨਾਲ ਹੀ "ਕਬਹੂ ਨਾ ਛਾਡੈ ਖੇਤੁ" ਦਾ ਸੰਕਲਪ ਵੀ ਪੰਜਾਬੀਆਂ ਦੇ ਮਨ ਵਿਚ ਵੱਸਦਾ ਹੈ।  ਤਾਂ ਬਿਨ੍ਹਾਂ ਕਿਸੀ ਵਿਰੋਧ ਜਾਂ ਜੰਗ ਦੇ ਆਪਦਾ ਖਿੱਤਾ ਧਾੜਵੀਆਂ ਨੂੰ ਦੇ ਦੇਣਾ, ਪੰਜਾਬੀਆਂ ਦੀ ਫਿਤਰਤ ਨਹੀਂ ।

ਮੌਜੂਦਾ ਚੱਲ ਰਹੇ ਸੰਘਰਸ਼ ਵਿਚ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦੀ ਜਿੰਮੇਵਾਰੀ ਵਧੇਰੇ ਹੈ ਕਿ ਉਹ ਲੰਬੇ ਸਮੇਂ ਤੋਂ ਹੋ ਰਹੀ ਪੰਜਾਬ ਦੀ ਲੁੱਟ ਦਾ ਹਿਸਾਬ ਵਿਆਜ ਸਮੇਤ ਲੈਣ ਨਾ ਕਿ ਇਕੱਲੇ ਐਮਐਸਪੀ ਤੱਕ ਸੀਮਿਤ ਰਹਿਣ। 

ਬੇਸ਼ਕ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸੀ ਵੀ ਪ੍ਰਕਾਰ ਦੀ ਹਿੰਸਾ ਨਹੀਂ ਹੋਈ ਸਗੋਂ ਆਮ ਜਨਤਾ ਦਾ ਫਾਇਦਾ ਹੀ ਹੋਇਆ ਹੈ ਪਰ ਜੇ ਹਕੂਮਤ ਇਸੇ ਤਰ੍ਹਾਂ ਆਪਣੇ ਫੈਸਲੇ ਤੇ ਅੜੀ ਰਹਿੰਦੀ ਹੈ ਤਾਂ ਪੰਜਾਬ ਦਾ ਨੌਜਵਾਨ ਹਥਿਆਰ ਚੁੱਕਣ ਤੋਂ ਗੁਰੇਜ਼ ਨਹੀਂ ਕਰੇਗਾ ਕਿਉਂਕਿ ਇਹੀ ਪੰਜਾਬ ਦਾ ਇਤਿਹਾਸ ਰਿਹਾ ਹੈ। ਬਚਿਤ੍ਰ ਨਾਟਕ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਪੱਸ਼ਟ ਕੀਤਾ ਹੈ ਕਿ ਸੰਕਟ ਦੀ ਘੜੀ ਵਿਚ ਕਿਰਪਾਨ ਜਾਂ ਖੜਗ ਰੂਪ ਅਕਾਲ ਪੁਰਖ ਦਾ ਵਰਤਾਰਾ 'ਸ੍ਰਿਸ਼ਟਿ ਉਬਾਰਣ' ਲਈ ਹੈ। ਇਸ ਦੇ ਸਧਾਰਣ ਅਰਥ ਇਹ ਹਨ ਕਿ ਖੜਗ ਦਾ ਚੱਲਣਾ ਇਕ ਨਿਰਉਦੇਸ਼ ਹਿੰਸਾ ਨਹੀਂ, ਸਗੋਂ ਸ੍ਰਿਸ਼ਟੀ ਦੇ ਰੁਕੇ ਵਿਕਾਸ ਨੂੰ ਅੱਗੇ ਤੋਰਨਾ ਹੈ। ਜਿਸ ਰੂਪ ਵਿਚ ਵੀ ਰੁਕਾਵਟਾਂ ਆਈਆਂ ਹਨ-ਕਾਇਨਾਤੀ, ਸਭਿਆਚਾਰਕ, ਰਾਜਨੀਤਕ, ਆਰਥਿਕ ਆਦਿ, ਉਨ੍ਹਾਂ ਰੁਕਾਵਟਾਂ ਤੇ ਵਿਰੋਧਾਂ ਨੂੰ ਹਟਾਉਣਾ ਅਤੇ ਗਤੀ ਨੂੰ ਕਾਇਮ ਰੱਖਣਾ ਹੈ।4 

ਪੰਜਾਬ ਇਸ ਸਮੇਂ ਸਾਰੀਆਂ ਹੀ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਪੰਜਾਬ ਦੇ ਨੌਜਵਾਨਾਂ ਨੇ ਸੱਚੇ ਪਾਤਿਸ਼ਾਹ ਅਤੇ ਝੂਠੇ ਪਾਤਸ਼ਾਹ ਵਿੱਚਲਾ ਭੇਦ ਬੁੱਝ ਲਿਆ ਹੈ। ਉਸਦਾ ਮੁੱਖ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਹੈ ਅਤੇ ਹੱਥ ਸ਼ਮਸ਼ੀਰ ਹੈ ਅਤੇ ਮਨ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਬਿੰਬ ਹੈ ਅਤੇ ਸਾਹਮਣੇ ਹੈ ਹਰੀ ਚੰਦ।

ਹਵਾਲੇ ਤੇ ਟਿੱਪਣੀਆਂ
1.ਗੁਰਭਗਤ ਸਿੰਘ(ਡਾ.),ਕੌਮੀ ਆਜ਼ਾਦੀ ਵੱਲ: ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਭਵਿੱਖ,ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ,1993,ਪੰਨਾ 64.
2.ਉਹੀ, ਪੰਨਾ 65.
3.ਉਹੀ, ਪੰਨਾ 74
4.ਗੁਰਭਗਤ ਸਿੰਘ(ਡਾ.),( ਸੰਪ) ਅਜਮੇਰ ਸਿੰਘ, ਸਿੱਖ ਦ੍ਰਿਸ਼ਟੀ ਦਾ ਗੌਰਵ,ਸਿੰਘ ਬ੍ਰਦਰਜ਼,ਅਮ੍ਰਿਤਸਰ,2019,ਪੰਨਾ 89.