ਟਰੂਡੋ ਨੇ ਜਿੰਮੇਵਾਰੀ ਨਾਲ ਕਿਹਾ ਸੀ ਕਿ ਭਾਰਤੀ ਏਜੰਸੀਆਂ ਨੇ ਭਾਈ ਨਿੱਝਰ ਦੇ ਕਤਲ ਨੂੰ ਅੰਜਾਮ ਦਿੱਤਾ ਸੀ - ਜਥੇਦਾਰ ਅਕਾਲ ਤਖ਼ਤ ਸਾਹਿਬ
ਪੰਥਕ ਸਮਾਗਮ ਵਿੱਚ ਭਾਈ ਨਿੱਝਰ ਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਲਾਉਣ ਅਤੇ ਉਸਨੂੰ ਅਕਾਲ ਤਖ਼ਤ ਵੱਲੋਂ ਰਸਮੀ ਤੌਰ ਤੇ ਸ਼ਹੀਦ ਦੇ ਰੁਤਬੇ ਨਾਲ ਨਿਵਾਜਣ ਸਬੰਧੀ ਮਤਾ ਪਾਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ- ਕੈਨੇਡਾ ਦੀ ਧਰਤੀ ਉੱਤੇ ਅੱਜ ਦੇ ਦਿਨ ਇੱਕ ਸਾਲ ਪਹਿਲਾਂ ਭਾਰਤੀ ਖ਼ੁਫ਼ੀਆ ਏਜੰਸੀਆਂ ਵੱਲੋ ਗੋਲੀਆਂ ਮਾਰਕੇ ਸ਼ਹੀਦ ਕੀਤੇ ਗਏ ਉੱਘੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਪਹਿਲਾ ਸ਼ਹੀਦੀ ਦਿਹਾੜਾ ਦਲ ਖਾਲਸਾ ਵੱਲੋ ਖਾਲਸਾਈ ਜਜ਼ਬਿਆਂ ਨਾਲ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਸਮਾਗਮ ਵਾਲੀ ਥਾਂ ਤੇ ਭਾਈ ਨਿੱਝਰ ਦੀ ਤਸਵੀਰਾਂ ਅਤੇ ਕੈਨੇਡਾ ਸਰਕਾਰ ਦਾ ਧੰਨਵਾਦ ਕਰਨ ਵਾਲੇ ਬੋਰਡ ਲੱਗੇ ਹੋਏ ਸਨ।
ਗੁਰਦਵਾਰਾ ਸੰਤੋਖਸਰ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਸਿੱਖ ਸਖਸ਼ੀਅਤਾਂ ਨੇ ਭਾਈ ਨਿੱਝਰ ਨੂੰ ਸਰਧਾਂਜਲੀ ਭੇਂਟ ਕੀਤੀ। ਸਰਧਾਂਜਲੀ ਸਮਾਗਮ ਵਿੱਚ ਜਿੱਥੇ ਦਲ ਖ਼ਾਲਸਾ ਦੀ ਸਮੁੱਚੀ ਲੀਡਰਸ਼ਿਪ ਮਜੂਦ ਸੀ ਉਥੇ ਹੀ ਖਾਸ ਤੌਰ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਵੀ ਸ਼ਮੂਲੀਅਤ ਕੀਤੀ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੋਲਦਿਆਂ ਭਾਈ ਨਿੱਝਰ ਨੂੰ ਸਿੱਖ ਕੌਮ ਦਾ ਸ਼ਹੀਦ ਦੱਸਿਆ ਜੋ ਪੰਥ ਦੇ ਦੁਸ਼ਮਣਾਂ ਹੱਥੋਂ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਬਹੁਤ ਜ਼ਿੰਮੇਵਾਰੀ ਨਾਲ ਭਾਈ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੌਮੀ ਨਿਸ਼ਾਨੇ ਦੀ ਪੂਰਤੀ ਖਾਤਰ ਅਣਗਿਣਤ ਸਿੱਖ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਜਥੇਦਾਰ ਨੇ ਵਿਦੇਸ਼ਾਂ ਵਿੱਚ ਹੋਏ ਸਿੱਖ ਕਾਰਕੁਨਾਂ ਦੇ ਕਤਲਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਅਤੇ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਜਾਨ-ਮਾਲ ਦੀ ਰਾਖੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕੌਮੀ ਘਰ (ਸਿੱਖ ਹੋਮਲੈਂਡ) ਦੀ ਸਥਾਪਨਾ ਬਾਰੇ ਵੀ ਸੰਕੇਤਕ ਰੂਪ ਵਿੱਚ ਗੱਲ ਕੀਤੀ।
ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਰਹਿੰਦੇ ਭਾਈ ਨਿੱਝਰ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤਾ ਜੋ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਪਰਿਵਾਰ ਵੱਲੋ ਸਮਾਗਮ ਦੇ ਪ੍ਰਬੰਧਕਾਂ ਨੇ ਸਿਰੋਪਾਓ ਲਿਆ ਜਿੰਨਾਂ ਨੇ ਯਕੀਨੀ ਬਣਾਇਆ ਕਿ ਉਹ ਅਕਾਲ ਤਖਤ ਵੱਲੋਂ ਦਿੱਤਾ ਗਿਆ ਸਨਮਾਨ ਪਰਿਵਾਰ ਤਕ ਪੁੱਜਦਾ ਕਰਨਗੇ।
ਸਮਾਗਮ ਵਿੱਚ ਸਿੱਖ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਦੇ ਸੰਦੇਸ਼ ਪੜ ਕੇ ਸੁਣਾਏ ਗਏ । ਦੋਨਾ ਨੇ ਜੇਲ੍ਹ ਤੋਂ ਭੇਜੇ ਸੰਦੇਸ਼ ਵਿੱਚ ਭਾਈ ਨਿੱਝਰ ਨੂੰ ਕੌਮੀ ਯੋਧਾ ਦੱਸਿਆ ਅਤੇ ਸਤਿਕਾਰ ਭੇਟ ਕੀਤਾ।
ਸਮਾਗਮ ਵਿੱਚ ਸੰਗਤਾਂ ਨੇ ਸਰਬਸਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਕੀਤੀ ਜਾਵੇ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਰਸਮੀ ਤੌਰ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਭਾਈ ਨਿੱਜਰ ਨੂੰ ਸ਼ਹੀਦ ਦੀ ਉਪਾਧੀ ਨਾਲ ਨਿਵਾਜਿਆ ਜਾਵੇ।
ਸਮਾਗਮ ਵਿਚ ਦਲ ਖ਼ਾਲਸਾ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਮਤਾ ਪੜ੍ਹਿਆ ਜਿਸ ਨੂੰ ਸੰਗਤਾਂ ਨੇ ਜੈਕਾਰੇ ਨਾਲ ਪੂਰਨ ਸਹਿਮਤੀ ਦਿੱਤੀ।
ਇਕ ਮਤੇ ਰਾਹੀ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਜਿਸਨੇ ਭਾਈ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀ ਰਾਅ ਦੀ ਸ਼ਮੂਲੀਅਤ ਨੂੰ ਨੰਗਾ ਕੀਤਾ ਅਤੇ ਚਾਰ ਕਾਤਲਾਂ ਨੂੰ ਗ੍ਰਿਫਤਾਰ ਦੀ ਸ਼ਲਾਘਾ ਕੀਤੀ ਅਤੇ ਸਿੱਖ ਪੰਥ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਨਾਲ ਹੀ ਕੈਨੇਡਾ ਸਰਕਾਰ ਤੋਂ ਸਾਜਿਸ਼-ਘਾੜਿਆਂ ਨੂੰ ਵੀ ਉਥੋਂ ਦੇ ਕਾਨੂੰਨ ਅਨੁਸਾਰ ਸਜ਼ਾ ਦੇਣ ਅਤੇ ਨਿਆਂ-ਪ੍ਰਣਾਲੀ ਤੋਂ ਕਾਤਲਾਂ ਨੂੰ ਜਲਦ ਤੋਂ ਜਲਦ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਵਿਦੇਸ਼ਾਂ ਦੀ ਧਰਤੀ ‘ਤੇ ਸਰਗਰਮ ਸਿੱਖਾਂ ਨੂੰ ਜਮਹੂਰੀ ਤਰੀਕੇ ਨਾਲ ਸਵੈ-ਨਿਰਣੇ ਦੇ ਹੱਕ ਅਤੇ ਆਜ਼ਾਦੀ ਨਾਲ ਬੋਲਣ ਲਈ ਮਿਲੀ ਰਾਜਸੀ ਸਪੇਸ ਲਈ ਲਈ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਉਜ਼ੀਲੈਂਡ ਦਾ ਸ਼ੁਕਰੀਆ ਕੀਤਾ ਗਿਆ।
ਦੂਜੇ ਮਤੇ ਰਾਹੀਂ ਕਿਹਾ ਗਿਆ ਕਿ ਜੂਨ 1984 ਦੇ ਦਰਬਾਰ ਸਾਹਿਬ ਉਤੇ ਭਾਰਤੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਅਤੇ ਸਾਥੀਆਂ ਦੀਆਂ ਸ਼ਹੀਦੀਆਂ ਤੋਂ ਲੈ ਕੇ ਕੈਨੇਡਾ ਦੀ ਧਰਤੀ ‘ਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਤੱਕ ਬੇਅੰਤ ਸ਼ਹਾਦਤਾਂ ਸਿੱਖ ਪੰਥ ਦੀ ਝੋਲੀ ਵਿੱਚ ਪੈ ਚੁੱਕੀਆਂ ਹਨ।ਇਹਨਾਂ ਸ਼ਹਾਦਤਾਂ ਲਈ ਸਿੱਧੇ ਰੂਪ ਵਿੱਚ ਭਾਰਤੀ ਦੀਆਂ ਸੁਰੱਖਿਆ ਅਤੇ ਖ਼ੁਫੀਆ ਏਜੰਸੀਆਂ ਜ਼ਿੰਮੇਵਾਰ ਹਨ।
ਅੱਜ ਦੇ ਪੰਥਕ ਸਮਾਗਮ ਵਿੱਚ ਬੁਲਾਰਿਆਂ ਦਾ ਮੰਨਣਾ ਸੀ ਕਿ ਮੌਜੂਦਾ ਸਮੇਂ ਅੰਦਰ ਖ਼ਾਲਿਸਤਾਨ ਦੀ ਵਿਚਾਰਧਾਰਾ ਨੂੰ ਪ੍ਰਣਾਏ ਸਿੱਖ ਭਾਰਤੀ ਸਟੇਟ ਦੇ ਨਿਸ਼ਾਨੇ ‘ਤੇ ਹਨ ਅਤੇ ਸਟੇਟ ਆਪਣੇ ਤਮਾਮ ਵਸਾਇਲ ਖਰਚ ਕੇ ਉਹਨਾਂ ਦੀ ਟਾਰਗੇਟ ਕਿਲਿੰਗ ਨੂੰ ਅੰਜ਼ਾਮ ਦੇ ਰਹੀ ਹੈ।
ਦਲ ਖ਼ਾਲਸਾ ਦੇ ਆਗੂਆਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ-2.0 ਵਿੱਚ ਵਿਦੇਸ਼ਾਂ ਦੀ ਧਰਤੀ ‘ਤੇ ਆਜ਼ਾਦੀ-ਪਸੰਦ ਸਿੱਖ ਆਗੂਆਂ ਦੀ ਟਾਰਗਟਿ ਕਿਲਿੰਗ ਦੀ ਨੀਤੀ ਨੂੰ ਅੰਜ਼ਾਮ ਦੇਣ ਵਾਲੀ ਤਿੱਕੜੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਮੋਦੀ ਸਰਕਾਰ-3.0 ਵਿੱਚ ਵੀ ਉਸੇ ਮੁਕਾਮ ‘ਤੇ ਕਾਇਮ-ਦਾਇਮ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਹਾਲਾਤ ਮੰਗ ਕਰਦੇ ਹਨ ਕਿ ਭਾਰਤ ਦੀ ਟਰਾਂਸਨੈਸ਼ਨਲ ਗੈਰ-ਨਿਆਇਕ ਕਿਲਿੰਗ ਦੀ ਨੀਤੀ ਨਾਲ ਮਜ਼ਬੂਤੀ ਅਤੇ ਸਖ਼ਤੀ ਨਾਲ ਨਜਿੱਠਿਆ ਜਾਵੇ।
ਕੰਵਰੁਪਾਲ ਸਿੰਘ ਨੇ ਕਿਹਾ ਕਿ ਗੁਰਪਤਵੰਤ ਪੰਨੂੰ ਦੇ ਮਾਮਲੇ ਵਿੱਚ ਭਾਰਤੀ ਏਜੰਟ ਨਿਖਿਲ ਗੁਪਤਾ ਦੇ ਅਮਰੀਕਾ ਹਵਾਲਗੀ ਨਾਲ ਹੁਣ ਆਸ ਬੱਝੀ ਹੈ ਕਿ ਕੈਨੇਡਾ-ਅਮਰੀਕਾ ਤੇ ਹੋਰ ਮੁਲਕਾਂ ਵਿਚ ਭਾਰਤੀ ਹਕੂਮਤ ਵਲੋ ਕਰਵਾਏ ਜਾ ਰਹੇ ਟਾਰਗਿਟ ਕਿਲਿੰਗ ਦੇ ਹੋਰ ਭੇਤ ਨਸ਼ਰ ਹੋਣਗੇ।
ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਭਾਰਤੀ ਨਿਜ਼ਾਮ ਹਮੇਸ਼ਾ ਹੀ ਸਿੱਖਾਂ ਦੇ ਕਾਤਲਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਆਇਆ ਹੈ। ਉਹਨਾਂ ਕਿਹਾ ਕਿ ਭਾਰਤ ਵਲੋ ਸਿੱਖ ਕੌਮ ਦੇ ਸੰਘਰਸ਼ ਨੂੰ ਅੱਤਵਾਦ ਦਾ ਨਾਮ ਦੇਣਾ ਦੁਨੀਆ ਦੀ ਹਮਾਇਤ ਤੋਂ ਮਹਿਰੂਮ ਰੱਖਣਾ ਹੈ, ਜਿਸ ਲਈ ਅਸੀਂ ਪੱਛਮੀ ਮੁਲਕਾਂ ਨੂੰ ਚੇਤੰਨ ਕਰਦੇ ਹਾਂ ਕਿ ਉਹ ਭਾਰਤੀ ਪ੍ਰਾਪੇਗੰਡੇ ਦਾ ਸ਼ਿਕਾਰ ਨਾ ਹੋਣ।
ਉਹਨਾਂ ਅੱਗੇ ਕਿਹਾ ਕਿ ਭਾਈ ਨਿੱਝਰ ਦੇ ਮਾਮਲੇ ਵਿੱਚ ਅੰਤਰਰਾ਼ਟਰੀ ਪੱਧਰ ਉੱਤੇ ਹੋਈ ਬੇਬਾਕ ਰਿਪੋਟਿੰਗ ਨੇ ਭਾਰਤ ਦੇ ਵਿਦੇਸ਼ ਮੰਤਰੀ ਵਲੋ ਬਿਆਨਾਂ ਰਾਹੀਂ ਸਿਰਜੇ ਕਿ “ਵਿਦੇਸ਼ਾਂ ਵਿੱਚ ਗੈਰ-ਨਿਆਇਕ ਕਤਲ ਕਰਨਾ ਸਾਡੀ ਨੀਤੀ ਨਹੀਂ” ਦੇ ਝੂਠੇ ਬਿਰਤਾਂਤ ਨੂੰ ਤੋੜਿਆ ਹੈ ।
ਇਸ ਮੌਕੇ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਭਾਈ ਨਰੈਣ ਸਿੰਘ ਚੌੜਾ, ਵਕੀਲ ਸਿਮਰਨਜੀਤ ਸਿੰਘ, ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸੁਖਰਾਜ ਸਿੰਘ ਨਿਆਮੀਵਾਲ, ਹਰਚਰਨਜੀਤ ਸਿੰਘ ਧਾਮੀ, ਦਇਆ ਸਿੰਘ ਕੱਕੜ, ਜਸਵੀਰ ਸਿੰਘ ਖੰਡੂਰ, ਜਗਜੀਤ ਸਿੰਘ ਖੋਸਾ, ਗੁਰਵਿੰਦਰ ਸਿੰਘ ਬਾਜਵਾ, ਗੁਰਵਿੰਦਰ ਸਿੰਘ ਬਠਿੰਡਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ, ਰਣਵੀਰ ਸਿੰਘ ਗੀਗਨਵਾਲ, ਮਾਸਟਰ ਕੁਲਵੰਤ ਸਿੰਘ ਫੇਰੂਮਾਨ, ਰਾਜਵਿੰਦਰ ਸਿੰਘ ਮਾਨਸਾ, ਕੁਲਦੀਪ ਸਿੰਘ ਰਜਦਾਨ, ਪ੍ਰਭਜੀਤ ਸਿੰਘ ਹਸਨਪੁਰ ਆਦਿ ਹਾਜ਼ਰ ਸਨ।
Comments (0)