ਪੰਜਾਬ ਦੀ ਕੋਰੋਨਾ ਰਿਪੋਰਟ: ਸਰਕਾਰ ਪ੍ਰਤੀ ਬੇਭਰੋਸਗੀ ਅਤੇ ਪਾਜ਼ੇਟਿਵ ਮਾਮਲਿਆਂ 'ਚ ਵੱਡਾ ਵਾਧਾ

ਪੰਜਾਬ ਦੀ ਕੋਰੋਨਾ ਰਿਪੋਰਟ: ਸਰਕਾਰ ਪ੍ਰਤੀ ਬੇਭਰੋਸਗੀ ਅਤੇ ਪਾਜ਼ੇਟਿਵ ਮਾਮਲਿਆਂ 'ਚ ਵੱਡਾ ਵਾਧਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਕੱਲ੍ਹ ਪੰਜਾਬ ਅੰਦਰ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 119 ਮਾਮਲੇ ਪਾਜ਼ੇਟਿਵ ਆਉਣ ਦਾ ਦਾਅਵਾ ਕੀਤਾ ਗਿਆ ਹੈ। ਇਹਨਾਂ ਵਿਚ ਜ਼ਿਆਦਾ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਬਾਹਰਲੇ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸੰਗਤਾਂ ਦੇ ਨਤੀਜੇ ਪਾਜ਼ੇਟਿਵ ਆਉਣ ਨਾਲ ਸਰਕਾਰ ਦੀ ਜਾਂਚ 'ਤੇ ਕਈ ਸਵਾਲ ਵੀ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ ਕਿਉਂਕਿ ਨਾਂਦੇੜ ਜ਼ਿਲ੍ਹੇ ਵਿਚ ਜਿੱਥੇ ਬਹੁਤ ਘੱਟ ਮਾਮਲੇ ਦਰਜ ਕੀਤੇ ਗਏ ਹਨ ਉੱਥੇ ਹੀ ਹਜ਼ੂਰ ਸਾਹਿਬ ਵਿਖੇ ਵੀ ਇਹਨਾਂ ਸੰਗਤਾਂ ਦੀ ਤਿੰਨ ਵਾਰ ਜਾਂਚ ਕੀਤੀ ਗਈ ਸੀ ਪਰ ਕਿਸੇ ਨੂੰ ਵੀ ਬਿਮਾਰੀ ਤੋਂ ਪੀੜਤ ਨਹੀਂ ਪਾਇਆ ਗਿਆ ਸੀ। ਪੰਜਾਬ ਆਉਂਦਿਆਂ ਹੀ ਟੈਸਟ ਪਾਜ਼ੇਟਿਵ ਆਉਣ ਦੀਆਂ ਰਿਪੋਰਟਾਂ ਨੇ ਲੋਕਾਂ ਵਿਚ ਸਰਕਾਰ ਪ੍ਰਤੀ ਬੇਭਰੋਸਗੀ ਵਧਾ ਦਿੱਤੀ ਹੈ। 

ਸੂਬੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 502 ਤੱਕ ਪਹੁੰਚ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ 21 ਦਿਨ ਦੇ ਏਕਾਂਤਵਾਸ ’ਚ ਭੇਜਣ ਦਾ ਐਲਾਨ ਕੀਤਾ ਸੀ। ਪੰਜਾਬ ’ਚ ਪਿਛਲੇ ਦੋ ਦਿਨਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਨੇ 35 ਨਵੇਂ ਮਾਮਲੇ ਆਉਣ ਦਾ ਖੁਲਾਸਾ ਕੀਤਾ ਸੀ ਤੇ ਅੱਜ 119 ਨਵੇਂ ਮਰੀਜ਼ ਦੱਸੇ ਹਨ। 

ਸਿਹਤ ਵਿਭਾਗ ਮੁਤਾਬਕ ਅੱਜ ਅੰਮ੍ਰਿਤਸਰ ’ਚ 50, ਮੁਹਾਲੀ ਵਿੱਚ 13, ਨਵਾਂਸ਼ਹਿਰ ’ਚ 1, ਫਰੀਦਕੋਟ ’ਚ 3, ਲੁਧਿਆਣਾ ’ਚ 48, ਪਟਿਆਲਾ ’ਚ 1, ਸੰਗਰੂਰ ’ਚ 2, ਕਪੂਰਥਲਾ ਵਿੱਚ 6, ਮੋਗਾ ’ਚ 1, ਤਰਨ ਤਾਰਨ ’ਚ 7, ਗੁਰਦਾਸਪੁਰ ’ਚ 3, ਜਲੰਧਰ ’ਚ 3, ਮੁਕਤਸਰ ’ਚ 3, ਰੋਪੜ ’ਚ 2 ਅਤੇ ਫਿਰੋਜ਼ਪੁਰ ’ਚ ਵੀ 1 ਵਿਅਕਤੀ ਵਿੱਚ ਇਸ ਖਤਰਨਾਕ ਵਾਇਰਸ ਦੇ ਲੱਛਣ ਪਾਏ ਗਏ ਹਨ। ਪੰਜਾਬ ਵਿੱਚ ਅੱਜ ਤੱਕ ਲਏ ਗਏ ਨਮੂਨਿਆਂ ਦੀ ਗਿਣਤੀ 21205 ਤੱਕ ਪਹੁੰਚ ਗਈ ਹੈ ਤੇ ਵਿਭਾਗ ਨੂੰ 3439 ਨਮੂਨਿਆਂ ਦੇ ਨਤੀਜੇ ਦਾ ਇੰਤਜ਼ਾਰ ਹੈ। ਹੁਣ ਤੱਕ ਕੁੱਲ 104 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 356 ਵਿਅਕਤੀ ਹਾਲ ਦੀ ਘੜੀ ਹਸਪਤਾਲਾਂ ’ਚ ਇਲਾਜ ਅਧੀਨ ਹਨ।

ਇਸ ਮੌਕੇ ਸਰਕਾਰ ਵੱਲੋਂ ਬਣਾਏ ਗਏ ਇਕਾਂਤਵਾਸ ਕੇਂਦਰਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿੱਥੇ ਲੋਕਾਂ ਨੇ ਬੇਹੱਦ ਮਾੜੇ ਪ੍ਰਬੰਧ ਹੋਣ ਦਾ ਦੋਸ਼ ਲਾਇਆ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਬੱਸਾਂ ਦੇ ਮੁਲਾਜ਼ਮਾਂ ਨੇ ਵੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਅੰਦਰ ਰਹਿਣ ਦਿੱਤਾ ਜਾਵੇ ਤੇ ਇਕਾਂਤਵਾਸ ਕੇਂਦਰਾਂ ਵਿਚ ਨਾ ਰੱਖਿਆ ਜਾਵੇ। ਸਰਕਾਰ ਵੱਲੋਂ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਰਾਧਾ ਸੁਆਮੀ ਡੇਰਿਆਂ ਦੇ ਖੁੱਲ੍ਹੇ ਛੈੱਡਾਂ ਅੰਦਰ ਰੱਖਿਆ ਗਿਆ ਹੈ ਜਿਸ ਦਾ ਸਿੱਖਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਮੰਗ ਕੀਤੀ ਹੈ ਕਿ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਜੋ ਇਕਾਂਤਵਾਸ ਕੇਂਦਰ ਬਣਾਈਆਂ ਗਈਆਂ ਹਨ ਉਹਨਾਂ ਵਿਚ ਰੱਖਿਆ ਜਾਵੇ। 

ਇਸ ਦੌਰਾਨ ਇਕ ਵਾਰ ਫੇਰ ਸਿੱਖ ਵਿਰੋਧੀ ਅਨਸਰ ਸਿੱਖ ਪਛਾਣ 'ਤੇ ਹਮਲਾ ਕਰਨ ਲਈ ਸਰਗਰਮ ਹੋ ਗਏ ਹਨ। ਜਿੱਥੇ ਪਹਿਲਾਂ ਮੁਸਲਮਾਨ ਧਰਮ ਨੂੰ ਕੋਰੋਨਾਵਾਇਰਸ ਨਾਲ ਜੋੜ ਕੇ ਬਦਨਾਮ ਕਰਨ ਦੀ ਇਕ ਪੂਰੀ ਮੀਡੀਆ ਮੁਹਿੰਮ ਚਲਾਈ ਗਈ ਸੀ ਉਸੇ ਤਰ੍ਹਾਂ ਹੁਣ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਕੇਂਦਰ ਵਿਚ ਰੱਖ ਕੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਅਜਿਹੀ ਮੁਹਿੰਮ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।