400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਕੋਰੋਨਾ ਕਾਰਨ ਸੀਮਤ ਰਖੇਗੀ ਸ਼੍ਰੋਮਣੀ ਕਮੇਟੀ

400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਕੋਰੋਨਾ ਕਾਰਨ ਸੀਮਤ ਰਖੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਅੰਮਿ੍ਤਸਰ : ਕੋਰੋਨਾ ਮਹਾਮਾਰੀ ਕਾਰਨ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਵਿਸ਼ਾਲ ਸਮਾਗਮਾਂ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਮਾਗਮ ਸੰਗਤ ਦੇ ਸਹਿਯੋਗ ਨਾਲ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਏ ਜਾਣੇ ਸਨ ਪ੍ਰੰਤੂ ਕੋਰੋਨਾ ਕਾਰਨ ਇਹ ਸਮਾਗਮ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਦੀਵਾਨ ਹਾਲ ਵਿਚ ਹੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਧਿਕਾਰੀਆਂ ਨਾਲ ਕੀਤੀ ਗਈ ਗੱਲਬਾਤ ਕਾਰਨ ਇਹ ਫੈਸਲਾ ਲਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਗਤਾਂ ਵਿਚ ਸ਼ਤਾਬਦੀ ਸਮਾਗਮਾਂ ਪ੍ਰਤੀ ਭਾਰੀ ਉਤਸ਼ਾਹ ਸੀ, ਪਰੰਤੂ ਕੋਰੋਨਾ ਕਾਰਨ ਹਾਲਾਤਾਂ ਦੇ ਮੱਦੇਨਜ਼ਰ ਸੰਗਤ ਦਾ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਗਮ ਨਿਰੰਤਰ ਚੱਲ ਰਹੇ ਹਨ, ਜਿਨ੍ਹਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਸ਼ਤਾਬਦੀ ਸਮੇਂ ਵੀ ਇਸੇ ਤਰ੍ਹਾਂ ਹੀ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਕਰਵਾਇਆ ਜਾਵੇਗਾ, ਤਾਂ ਜੋ ਦੇਸ਼ ਦੁਨੀਆ ਦੀ ਸੰਗਤ ਇਤਿਹਾਸਕ ਦਿਹਾੜੇ ਨਾਲ ਜੁੜ ਸਕੇ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਨੂੰ ਵਧੀਆ ਇਲਾਜ ਦਿੱਤਾ ਜਾ ਰਿਹਾ ਹੈ ਪਰ ਹੁਣ ਹਾਲਾਤ ਦੀ ਨਾਜ਼ੁਕਤਾ ਨੂੰ ਵੇਖਦਿਆਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਚਾਟੀਵਿੰਡ ਗੇਟ ਵਿਖੇ 100 ਬੈੱਡਾਂ ਦੇ ਪ੍ਰਬੰਧ ਨਾਲ ਪੂਰੀ ਤਰ੍ਹਾਂ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕਰ ਦਿੱਤਾ ਹੈ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ, ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮਿ੍ਤਸਰ, ਬਾਬਾ ਬੁੱਢਾ ਜੀ ਹਸਪਤਾਲ ਬੀੜ ਸਾਹਿਬ ਅਤੇ ਫੁਹਾਰਾ ਚੌਕ ਅੰਮਿ੍ਤਸਰ ਵਿਖੇ ਕੋਰੋਨਾ ਟੀਕਾਕਰਨ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾ ਰਹੀ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਆਕਸੀਜਨ ਦੀ ਵੱਡੀ ਸਮੱਸਿਆ ਆ ਰਹੀ ਹੈ, ਜਿਸ ਲਈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਹੈ। ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਗੱਲ ਵੀ ਕੀਤੀ ਗਈ ਹੈ। ਕੋਰੋਨਾ ਵੈਕਸੀਨ ਵੀ ਪੂਰੀ ਤਰ੍ਹਾਂ ਉਪਲੱਬਧ ਨਾ ਹੋਣ ਕਾਰਨ ਸਮੱਸਿਆ ਬਣ ਸਕਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੈਕਸੀਨ ਲਈ ਅਗਾਊਂ ਪੈਸੇ ਜਮ੍ਹਾਂ ਕਰਵਾਏ ਗਏ ਹਨ ਅਤੇ ਸਰਕਾਰ ਨੂੰ ਅਪੀਲ ਹੈ ਕਿ ਵੈਕਸੀਨ ਦੀ ਸਪਲਾਈ ਯਕੀਨੀ ਬਣਾਈ ਜਾਵੇ।