ਕੋਰੋਨਾ ਤੋਂ ਬਚਾਅ ਲਈ ਦੇਸੀ ਦਵਾ ਦੇਣ ਵਾਲਾ ਸਪੇਰਾ ਖੁਦ ਹੀ ਹੋਇਆ ਕਰੋਨਾ ਪਾਜਟਿਵ

ਕੋਰੋਨਾ ਤੋਂ ਬਚਾਅ ਲਈ ਦੇਸੀ  ਦਵਾ ਦੇਣ ਵਾਲਾ ਸਪੇਰਾ ਖੁਦ ਹੀ ਹੋਇਆ ਕਰੋਨਾ ਪਾਜਟਿਵ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ : ਸਿਹਤ ਵਿਭਾਗ ਦੀ ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਨੋਡਲ ਅਫਸਰ ਡਾ. ਜਗਦੀਪ ਕੌਰ ਦੀ ਅਗਵਾਈ 'ਚ ਪਿੰਡ ਲਲਤੋਂ ਕਲਾਂ ਦੇ ਬੱਸ ਅੱਡੇ ਕੋਰੋਨਾ ਦੇ ਸੈਂਪਲ ਲੈਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ। ਜਿਸ ਦੌਰਾਨ ਸ਼ੱਕੀ ਰਾਹਗੀਰਾਂ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਸਨ। ਸਾਹਮਣੇ ਆਏ ਇਕ ਸਪੇਰੇ ਨੂੰ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਦੇਣ ਵਾਸਤੇ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਸਪੇਰੇ ਨੇ ਕਿਹਾ ਕਿ ਉਸ ਨੂੰ ਕਦੇ ਵੀ ਕੋਰੋਨਾ ਨਹੀਂ ਹੋ ਸਕਦਾ, ਉਹ ਤਾਂ ਖੁਦ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕਥਿਤ ਤੌਰ 'ਤੇ ਦੇਸੀ ਨੁਸਖੇ ਤੇ ਦਵਾਈ ਤਿਆਰ ਕਰਕੇ ਦਿੰਦਾ ਹੈ।

ਜਦ ਸਿਹਤ ਵਿਭਾਗ ਦੀ ਟੀਮ ਨੇ ਲਲਤੋਂ ਪੁਲਿਸ ਚੌਂਕੀ ਦੀ ਸਹਾਇਤਾ ਨਾਲ ਸਪੇਰੇ ਦਾ ਰੈਪਿਡ ਐਂਟੀਜਨ ਸੈਂਪਲ ਲਿਆ ਤਾਂ ਉਹ ਪਾਜ਼ੇਟਿਵ ਆਇਆ। ਜਿਸ ਤੋਂ ਬਾਅਦ ਸਪੇਰੇ ਨੂੰ ਘਰ 'ਚ ਇਕਾਂਤਵਾਸ ਹੋਣ ਲਈ ਕਹਿ ਦਿੱਤਾ ਗਿਆ ਹੈ। ਇਸ ਦੀ ਸੂਚਨਾ ਮਿਲਣ ਤੇ ਜ਼ਿਲ੍ਹਾ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਤੇ ਪੁਲਿਸ ਟੀਮ ਦੀ ਪ੍ਰਸ਼ੰਸਾ ਕੀਤੀ। ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖ਼ੁਦ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਅਧਿਕਾਰਤ ਡਾਕਟਰਾਂ ਤੇ ਸਿਹਤ ਸੰਸਥਾਵਾਂ ਤੋਂ ਬਿਨਾਂ ਕਿਸੇ ਹੋਰ ਤੋਂ ਕੋਰੋਨਾ ਦੀ ਬਿਮਾਰੀ ਦੇ ਬਚਾਅ ਲਈ ਦਵਾਈ ਨਾ ਲੈਣ। ਉਨ੍ਹਾਂ ਕਿਹਾ ਕਿ ਲੋਕ ਝੋਲਾ ਛਾਪ ਡਾਕਟਰਾਂ ਤੇ ਦੇਸੀ ਦਵਾਈਆਂ ਦੇ ਨੁਸਖੇ ਦੇਣ ਵਾਲਿਆਂ ਦੇ ਝਾਂਸੇ ਵਿੱਚ ਨਾ ਆਉਣ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ ਸਫਲ ਬਣਾਉਣ 'ਚ ਸਹਿਯੋਗ ਦੇਣ।