ਪ੍ਰੋ. ਭੁੱਲਰ 30 ਸਾਲ ਪੁਰਾਣੇ ਮਾਮਲੇ ਵਿੱਚ ਬਰੀ

ਪ੍ਰੋ.  ਭੁੱਲਰ  30 ਸਾਲ ਪੁਰਾਣੇ ਮਾਮਲੇ ਵਿੱਚ ਬਰੀ

ਦਿੱਲੀ ਹਾਈਕੋਰਟ ਨੇ  ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ: ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ 30 ਸਾਲ ਬਾਅਦ ਵੱਡੀ ਰਾਹਤ ਮਿਲੀ ਹੈ । ਉਹ 30 ਸਾਲ ਪੁਰਾਣੇ ਮਾਮਲੇ ਵਿੱਚ ਬਰੀ ਹੋ ਗਏ ਹਨ । ਗਾਜ਼ੀਆਬਾਦ ਦੀ ਇੱਕ ਅਦਾਲਤ ਨੇ 1994 ਦੇ ਇੱਕ ਕੇਸ ਵਿੱਚ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਹੈ। ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਵਕੀਲ ਮੰਝਪੁਰ ਨੇ ਦੱਸਿਆ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰੋ  ਭੁੱਲਰ ਖਿਲਾਫ ਇਹ ਅਖੀਰਲਾ ਕੇਸ ਸੀ। ਉਧਰ ਦੂਜੇ ਪਾਸੇ ਦਿੱਲੀ ਹਾਈਕੋਰਟ ਤੋਂ ਸਜ਼ਾ ਮੁਆਫੀ ਨੂੰ ਲੈਕੇ ਉਨ੍ਹਾਂ ਝਟਕਾ ਵੀ ਲੱਗਿਆ ਹੈ।

ਦਿੱਲੀ ਹਾਈਕੋਰਟ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਹ ਪਟੀਸ਼ਨ ਹਾਈਕੋਰਟ ਵਿਚੋਂ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਵਾਪਸ ਲਏ ਜਾਣ ਕਾਰਨ ਖਾਰਜ ਹੋਈ ਹੈ। ਇਸ ਤੋਂ ਪਹਿਲਾਂ ਸਜ਼ਾ ਰੀਵਿਊ ਬੋਰਡ ਨੇ ਜਨਵਰੀ ਮਹੀਨੇ ਵਿੱਚ ਭੁੱਲਰ ਦੀ ਪ੍ਰੀ ਮੈਚਿਓਰ ਰਿਹਾਈ ਦੀ ਮੰਗ ਖਾਰਜ ਕਰ ਦਿੱਤੀ ਸੀ। ਬੋਰਡ ਵਿੱਚ ਸ਼ਾਮਲ ਸਿਰਫ ਦਿੱਲੀ ਦੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਨੇ ਵੀ ਸਜ਼ਾ ਮੁਆਫ ਦੀ ਹਮਾਇਤ ਕੀਤੀ ਬਾਕੀ ਕੇਂਦਰ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਉਧਰ ਹਾਈਕੋਰਟ ਨੇ ਕਿਹਾ ਕਿ ਜਦੋਂ ਦਿੱਲੀ ਸਰਕਾਰ ਦਾ ਬੋਰਡ ਹੀ ਉਨ੍ਹਾਂ ਦੀ ਮੰਗ ਨੂੰ ਖਾਰਜ ਕਰ ਚੁੱਕਿਆ ਹੈ ਤਾਂ ਹੁਣ ਨਵੇਂ ਸਿਰੇ ਤੋਂ ਬੋਰਡ ਦੇ ਇਸ ਫੈਸਲੇ ਨੂੰ ਚੁਣੌਤੀ ਦੇਣੀ ਪਵੇਗੀ। ਭੁੱਲਰ ਨੂੰ 1993 ਦੇ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਬਾਅਦ ਵਿੱਚ ਸੁਪਰੀਮ ਕੋਰਟ ਨੇ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਸਜ਼ਾ ਸਮੀਖਿਆ ਬੋਰਡ ਪਹਿਲਾਂ ਹੀ 6 ਵਾਰ ਭੁੱਲਰ ਦੀ ਪ੍ਰੀ-ਮੈਚਿਓਰ ਰਿਹਾਈ ਦੀ ਮੰਗ ਨੂੰ ਰੱਦ ਕਰ ਚੁੱਕਾ ਹੈ, ਹੁਣ ਇੱਕ ਵਾਰ ਫਿਰ ਦਿੱਲੀ ਸਰਕਾਰ ਨੇ ਸਜ਼ਾ ਮੁਆਫ ਕਰਨ ਦੀ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।