ਅੱਟਣਾਂ ਦੀ ਗਾਥਾ - ਮਈ ਦਿਵਸ ਉੱਤੇ ਵਿਸ਼ੇਸ਼

ਅੱਟਣਾਂ ਦੀ ਗਾਥਾ - ਮਈ ਦਿਵਸ ਉੱਤੇ ਵਿਸ਼ੇਸ਼

ਇਹ ਅੱਟਣ ਮੇਰੇ ਹੱਥਾਂ ਦਾ ਨਸੀਬ ਬਣ ਗਏ, ਅੱਟਣਾਂ ਦੀ ਗਾਥਾ ਹੁਣ ਮੇਰੇ ਗੀਤ ਬਣ  ਗਏ,

ਮੇਰੇ  ਖੁਰਦਰੇ  ਹੱਥਾਂ 'ਤੇ ਪਏ ਅੱਟਣ ਨਾ ਦੇਖ,
ਮੇਰੇ  ਬਾਲ  ਹੱਥਾਂ 'ਤੇ ਮੇਰੀ ਮਾਂ ਦੇ ਚੁੰਮਣ ਦੇਖ,
ਉਹ ਜਾਣਦੀ ਸੀ  ਮੇਰੇ ਹੱਥਾਂ ਦਾ ਹਸ਼ਰ ਹੋਣਾ,
ਏਸੇ  ਲਈ ਉਹ  ਚੁੰਮਦੀ ਮੇਰੇ ਹੱਥ ਦੇਖ ਦੇਖ!

ਮੇਰੇ ਪੈਰਾਂ ਦੀਆਂ ਬਿਆਈਆਂ ਦੁਖਦੀਆਂ ਨੇ,
ਬੇਸ਼ੁਮਾਰ  ਚੀਸਾਂ ਮੇਰੇ ਸੀਨੇ 'ਚ ਚੁਭਦੀਆਂ ਨੇ,
ਮੇਰੀਆਂ ਤਲ਼ੀਆਂ 'ਚੋਂ ਅਥਾਹ ਸੇਕ ਨਿਕਲ਼ਦਾ,
ਉਂਗਲ਼ਾਂ ਮੇਰੇ ਦਰਦ ਦਾ ਪਤਾ  ਦੱਸਦੀਆਂ ਨੇ!

ਗਹਿਰੇ ਜ਼ਖਮ ਮੇਰੀ ਰੂਹ ਦੇ ਪਿੰਡੇ 'ਤੇ ਬੜੇ ਨੇ, 
ਬੜੇ ਮਜ਼ਦੂਰ ਮੇਰੇ ਵਰਗੇ ਚੌਕਾਂ ਵਿੱਚ ਖੜ੍ਹੇ ਨੇ,
ਸਾਡੇ ਸਭ ਦੇ ਚਿਹਰੇ ਹਨ ਇੱਕੋ ਜਿਹੇ ਦਿਸਦੇ,
ਆਪੋ-ਆਪਣਾ ਮੁੱਲ ਪੁਆਉਣ ਲਈ ਖੜ੍ਹੇ ਨੇ!

ਨਿੱਕਾ ਹੁੰਦਾ ਮੈਂ ਬਾਪ ਦੇ ਘਨ੍ਹੇੜੇ ਚੜ੍ਹ ਆਉਂਦਾ,
ਚਾਈਂ ਚਾਈਂ ਮੈਂ ਆਪਣਾ ਵੀ  ਮੁੱਲ ਪੁਆਉਂਦਾ,
ਨਿੱਕੇ ਨਿੱਕੇ ਹੱਥਾਂ ਨਾਲ਼ ਵੱਡੀਆਂ ਇੱਟਾਂ  ਢੋਂਦਾ,
ਬਾਪ ਦੇ ਹਰ ਕੰਮ ਵਿੱਚ ਸਦਾ ਹੱਥ ਵਟਾਉਂਦਾ!

ਇਹ ਅੱਟਣ ਮੇਰੇ ਹੱਥਾਂ ਦਾ ਨਸੀਬ ਬਣ ਗਏ,
ਅੱਟਣਾਂ ਦੀ ਗਾਥਾ ਹੁਣ ਮੇਰੇ ਗੀਤ ਬਣ  ਗਏ,
ਗਾਉਂਦਾ ਹਾਂ ਤਰਾਨਾ ਹਾਂ  ਖ਼ੁਸ਼ੀ ਵਿੱਚ ਝੂੰਮਦਾ,
ਖ਼ੁਸ਼ੀ ਗ਼ਮੀ ਸਭ ਨੇ ਮੇਰੇ ਹੁਣ ਮੀਤ ਬਣ ਗਏ!

ਹਰ  ਇਮਾਰਤ ਵਿੱਚ ਹੀ ਮੇਰਾ ਲਹੂ ਡੁਲ੍ਹਿਆ,
ਬਣਕੇ ਹਰ ਘਰ ਹੀ ਪਰ ਮੈਨੂੰ ਫ਼ਿਰ ਭੁੱਲਿਆ, 
ਝੌਪੜੀ ਦੀ ਛੱਤ ਨੇ ਸਦਾ ਮੈਨੂੰ ਦਿੱਤਾ ਆਸਰਾ,
ਮੇਰੇ ਸਾਵ੍ਹੇਂ  ਹਰ ਨੰਗਾ ਸੱਚ ਰਹਿੰਦਾ ਖੁੱਲ੍ਹਿਆ!

'ਮਈ ਦਿਨ',ਮੇਰਾ ਦਿਨ ਦੁਨੀਆਂ ਮਨਾਉਂਦੀ, 
ਮੇਰੇ ਮਨ  ਵਿੱਚ ਕੋਈ ਖ਼ੁਸ਼ੀ ਨਹੀਓਂ ਆਉਂਦੀ,
ਬੱਸ ਚੇਤੇ ਆਉਂਦਾ ਮਾਂ ਮੇਰੀ ਮੇਰੇ ਹੱਥ ਚੁੰਮਦੀ,
ਹੁਣ ਅੱਟਣਾਂ ਦੀ ਗਾਥਾ ਦੇਖ ਹੰਝੂ  ਵਹਾਉਂਦੀ!

✍️ਮਨਦੀਪ ਕੌਰ ਭੰਮਰਾ