ਕਰਤਾਰਪੁਰ ਸਾਹਿਬ ਲਾਂਘਾ: ਕੂੜ ਦੀਆਂ ਸਟੇਜਾਂ ਅਤੇ ਖਾਲਸਾ ਪੰਥ ਦੀ ਰਾਜਨੀਤਕ ਤਰਾਸਦੀ

ਕਰਤਾਰਪੁਰ ਸਾਹਿਬ ਲਾਂਘਾ: ਕੂੜ ਦੀਆਂ ਸਟੇਜਾਂ ਅਤੇ ਖਾਲਸਾ ਪੰਥ ਦੀ ਰਾਜਨੀਤਕ ਤਰਾਸਦੀ

ਸੁਖਵਿੰਦਰ ਸਿੰਘ
ਜਦੋਂ ਇੱਕ ਪਾਸੇ ਆਮ ਸਿੱਖ ਸੰਗਤਾਂ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਉਤਸ਼ਾਹ ਹੈ ਅਤੇ ਸੇਵਾਦਾਰ ਸੰਗਤਾਂ ਆਪੋ-ਆਪਣੇ ਹਿੱਸੇ ਪੈਣ ਵਾਲੀਆਂ ਸੇਵਾਵਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਹਨ ਤਾਂ ਕਿਰਤ ਤੋਂ ਵਿਹੂਣੇ ਬੇਧਰਮੇ ਸਿਆਸਤਦਾਨ ਇਹਨਾਂ ਸਮਾਗਮਾਂ ਨੂੰ ਮਹਿਜ਼ ਇੱਕ ਵੱਡੀ ਸਿਆਸੀ ਰੈਲੀ ਵਾਂਗ ਸਮਝ ਰਹੇ ਹਨ ਜਿੱਥੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਂ 'ਤੇ ਇਕੱਤਰ ਹੋਈ 'ਲੋਕਾਂ ਦੀ ਭੀੜ' ਮਿਲੇਗੀ ਤੇ ਉਹਨਾਂ ਦੀ ਅੰਤਰ ਹਉਮੇ ਨੂੰ ਮਹਿਜ਼ ਇਸ ਗੱਲ ਦੀ ਭੁੱਖ ਹੈ ਕਿ ਹਜ਼ਾਰਾਂ ਦੇ ਇਕੱਠ ਵਿੱਚ ਉਹ ਸਟੇਜ 'ਤੇ ਚੌਧਰੀ ਬਣ ਕੇ ਬੈਠੇ ਦਿਖਣ। 

ਪੰਜ ਸਾਲਾਂ ਦੇ ਵੋਟਤੰਤਰ ਦੀ ਸਿਆਸਤ ਦੇ ਚਲਦਿਆਂ ਬਣੀਆਂ ਰਾਜਨੀਤਕ ਧਿਰਾਂ ਦੇ ਵਿਧਾਨ 'ਚ ਇੱਕ ਸਟੇਜ 'ਤੇ ਚੌਧਰ ਦੇ ਪੱਠੇ ਕਿਸੇ ਇੱਕ ਧਿਰ ਨੂੰ ਹੀ ਪੈ ਸਕਦੇ ਹਨ ਤੇ ਇਸੇ ਕਰਕੇ ਹੁਣ ਆਪੋ-ਆਪਣੀ ਚੌਧਰ ਨੂੰ ਪੱਠੇ ਪਵਾਉਣ ਲਈ ਆਪੋ-ਆਪਣੀਆਂ ਸਟੇਜਾਂ ਲਾਈਆਂ ਜਾ ਰਹੀਆਂ ਹਨ। ਇੱਕ ਸਟੇਜ ਪੰਜਾਬ ਦੀ ਸੱਤਾ 'ਤੇ ਕਾਬਜ ਕਾਂਗਰਸ ਸਰਕਾਰ ਦੀ ਅਤੇ ਦੂਜੀ ਸਟੇਜ ਭਾਰਤ ਦੀ ਕੇਂਦਰੀ ਸੱਤਾ 'ਤੇ ਕਾਬਜ਼ ਹਿੰਦੁਤਵੀ ਭਾਜਪਾ ਸਰਕਾਰ ਅਤੇ ਉਹਨਾਂ ਦੇ ਭਾਈਵਾਲ ਬਾਦਲ ਪਰਿਵਾਰ ਦੀ। ਪਰ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਅਤੇ ਸੰਗਤਾਂ ਦੀਆਂ ਅਰਦਾਸਾਂ ਦੀ ਬਰਕਤ ਕਰਕੇ ਜਦੋਂ ਨਾਮੁਮਕਿਨ ਸਮਝਿਆ ਜਾਂਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਤਾਂ ਇਹਨਾਂ ਕੂੜ ਦੀਆਂ ਸਟੇਜਾਂ ਦੇ ਰੌਲੇ ਵਿੱਚ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਏ ਤੀਸਰ ਨਿਰਮਲ "ਖਾਲਸਾ ਪੰਥ" ਦੀ ਸਟੇਜ ਕਿਤੇ ਨਜ਼ਰੀਂ ਨਹੀਂ ਪੈਦੀ। 

ਕਰਤਾਰਪੁਰ ਸਾਹਿਬ ਵਿਖੇ ਲੱਗ ਰਹੀਆਂ ਦੋਵੇਂ ਕੂੜ ਦੀਆਂ ਸਟੇਜਾਂ ਤੋਂ ਕੀ ਗੁਰੂ ਨਾਨਕ ਪਾਤਸ਼ਾਹ ਦਾ ਰੂਹਾਨੀ ਸੰਦੇਸ਼ ਪ੍ਰਕਾਸ਼ ਵਖੇਰ ਸਕੇਗਾ? ਇਹ ਮੁਮਕਿਨ ਹੀ ਨਹੀਂ ਕਿਉਂਕਿ ਜਿੱਥੇ ਕੂੜ ਹੈ ਉੱਥੇ ਧਰਮ ਨਹੀਂ ਤੇ ਇਹ ਲੱਗ ਰਹੀਆਂ ਸਟੇਜਾਂ ਬੇਧਰਮਿਆਂ ਦੀਆਂ ਹਨ। ਇਹ ਸਟੇਜਾਂ ਉਹਨਾਂ ਦੀਆਂ ਹਨ ਜਿਹਨਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਦਾ ਫੁਰਮਾਨ ਹੈ, "ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ"। ਖਾਲਸੇ ਦੇ ਰਾਜ ਦੀ ਅਣਹੋਂਦ ਕਰਕੇ ਗੁਰੂ ਸਾਹਿਬਾਨ ਦੇ ਦਿਹਾੜਿਆਂ 'ਤੇ ਅੱਜ ਕੂੜ ਦੀ ਸੱਤਾ ਕਾਬਜ਼ ਹੈ ਅਤੇ ਖਾਲਸਾ ਪੰਥ ਮਹਿਜ਼ ਮੂਕ ਦਰਸ਼ਕ ਬਣਿਆ ਗੁਰੂ ਚਰਨਾਂ ਵਿੱਚ ਰਾਜ ਭਾਗ ਦੀ ਪ੍ਰਾਪਤੀ ਦੀ ਅਰਦਾਸ ਕਰ ਰਿਹਾ ਹੈ। ਪਰ ਅਰਦਾਸ ਦੀਆਂ ਬਰਕਤਾਂ ਨਾਲ ਜੇ ਨਾਮੁਮਕਿਨ ਲੱਗਦਾ ਲਾਂਘਾ ਖੁੱਲ੍ਹ ਸਕਦਾ ਹੈ ਤਾਂ ਸਿੱਖਾਂ ਨੂੰ ਅੱਜ ਦੇ ਹਾਲਾਤਾਂ 'ਚ ਨਾਮੁਮਕਿਨ ਲੱਗਦੇ ਆਪਣੇ ਰਾਜ ਭਾਗ ਲਈ ਗੁਰੂ ਚਰਨਾਂ 'ਚ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ, ਗੁਰੂ ਨਾਨਕ ਪਾਤਸ਼ਾਹ ਸੰਗਤ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।