ਪੰਜਾਬ ਦੀ ਸਭਿਆਚਾਰਕ ਯਾਦ (ਪ੍ਰਸੰਗ : ਜਸਬੀਰ ਮੰਡ ਦਾ ਨਵਾਂ ਨਾਵਲ ‘ਆਖ਼ਰੀ ਬਾਬੇ’)

ਪੰਜਾਬ ਦੀ ਸਭਿਆਚਾਰਕ ਯਾਦ (ਪ੍ਰਸੰਗ : ਜਸਬੀਰ ਮੰਡ ਦਾ ਨਵਾਂ ਨਾਵਲ ‘ਆਖ਼ਰੀ ਬਾਬੇ’)

 ਡਾ. ਗੁਰਮੁਖ
(ਪੰਜਾਬੀ ਯੂਨੀਵਸਸਟੀ)

ਨਾਵਲਕਾਰ ਜਸਬੀਰ ਮੰਡ ਕੋਲ਼ ਕਿਸਾਨੀ ਦਾ ਗਹਿਰਾ ਅਨੁਭਵ ਹੈ। ਉਸ ਕੋਲ਼ ਅਨੁਭਵ ਨੂੰ ਕਥਾ ਵਿਚ ਢਾਲਣ ਦੀ ਬੇਜੋੜ ਸਮਰਥਾ ਵੀ ਹੈ। ਇਸੇ ਸਮਰਥਾ ਦਾ ਪ੍ਰਮਾਣ ਨਾਵਲ ‘ਆਖਰੀ ਬਾਬੇ’ ਹੈ।

ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਵਿਰਸੇ ਦੀ, ਬੀਤੇ ਕਲ ਦੀ ਅਤੇ ਬੀਤ ਰਹੇ ਅਜ ਦੀ ਬਾਤ ਪਾਉਂਦਾ ਹੈ। ਇਹ ਤਿੰਨ ਪੀੜੀਆਂ ਦਾ ਸੰਵਾਦ ਹੈ। ਇਹ ਕੁਦਰਤ ਅਤੇ ਕਿਸਾਨੀ ਦੀ ਹਮਜੋਲਗੀ ਦੀ ਕਥਾ ਹੈ।

ਕਿਸਾਨੀ ਜੀਵਨ ਵਿਚ ਕਿੰਨਾ ਹੀ ਕੁਝ ਅਜਿਹਾ ਹੈ, ਜਿਸ ਨੂੰ ਅਰਥ-ਵਿਗਿਆਨੀ, ਚਿੰਤਕ ਅਤੇ ਪਤਰਕਾਰ ਪੇਸ਼ ਨਹੀਂ ਕਰ ਪਾਉਂਦੇ। ਅਜਿਹੇ ਕੁਝ ਦੀ ਪੇਸ਼ਕਾਰੀ ਕਿਸੇ ਸਮਰਥਾ ਵਾਲ਼ੇ, ਕਿਸਾਨੀ ਨੂੰ ਜਿਉਣ/ਸਮਝਣ ਵਾਲ਼ੇ ਕਥਾਕਾਰ ਦੁਆਰਾ ਹੀ ਸੰਭਵ ਹੋ ਸਕਦੀ ਹੈ। ‘ਆਖਰੀ ਬਾਬੇ’ ਕਿਸਾਨੀ ਜੀਵਨ ਦੇ ਮਾਮਲੇ ਵਿਚ ਨਾਵਲਕਾਰੀ ਦੇ ਮਹਤਵ ਨੂੰ ਉਭਾਰਦਾ ਹੈ। ਪੰਜਾਬੀ ਨਾਵਲ ਵਿਚ ਇਹ ਅਸਲੋਂ ਵਿਲਖਣ ਪੇਸ਼ਕਾਰੀ ਹੈ। ਜਪਾਨ ਵਸਦੇ ਡਾ. ਪੀ. ਲਾਲ ਦਾ ਉਚਾਰ ਇਸ ਨਾਵਲ ਨੂੰ ਇੰਝ ਬਿਆਨਦਾ ਹੈ :

‘‘ਪੰਜਾਬ ਦੀ ਕਿਸਾਨੀ ਨਾਲ ਇਸ ਤਰਾਂ ਦਾ ਬੌਧਿਕ ਸੰਵਾਦ ਨਾਵਲ ਵਿਚ ਪਹਿਲਾਂ ਕਦੀ ਨਹੀਂ ਹੋਇਆ। ਇਹ ਸਿਰਫ਼ ਸੰਵਾਦ ਹੀ ਨਹੀਂ ਸਗੋਂ ਪੰਜਾਬ ਦੀ ਕਿਸਾਨੀ ਦੇ ਉਸ ਤਲ ਬਾਰੇ ਗਲ ਕਰਦਾ ਹੈ, ਜਿਸ ਕਾਰਨ ਕਿਸਾਨੀ ਹੁਣ ਤਕ ਸਾਬਤ-ਸਬੂਤੀ ਰਹਿ ਸਕੀ ਹੈ। ਇਹ ਹੈ ਕੁਦਰਤ ਤੇ ਕਿਸਾਨੀ ਦਾ ਗਹਿਰਾ ਰਿਸ਼ਤਾ। ‘ਆਖਰੀ ਬਾਬੇ’ ਇਸ ਗਹਿਰਾਈ ਨੂੰ ਚਿਤਰਦਾ, ਕਿਸਾਨੀ ਦੀਆਂ ਸਭ ਤੋਂ ਸੂਖ਼ਮ ਪਰਤਾਂ ਵਲ ਇਸ਼ਾਰੇ ਕਰਦਾ ਹੈ। ਹੁਣ ਤਕ ਅਸੀਂ ਕਿਸਾਨੀ ਦੇ ਬਾਹਰੀ ਰੂਪਾਂ ਤੇ ਉਸ ਦੇ ਵਿਦਰੋਹੀ ਸੁਰਾਂ ਕਰਕੇ ਹੀ ਜਾਣਦੇ ਸਾਂ। ਪਰ ਜਿਸ ਤਲ ਉਤੇ ਕਿਸਾਨੀ ਸਭ ਤੋਂ ਮਜਬੂਤ ਖੜੀ ਦਿਸਦੀ ਹੈ, ਪੰਜਾਬੀ ਨਾਵਲ ਵਿਚ ਉਸ ਦਾ ਜ਼ਿਕਰ ਨਾ-ਮਾਤਰ ਹੋਇਆ ਹੈ। ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ ਚਿਤਰਦਾ ਹੈ, ਉਸ ਨੂੰ ਸਿਰਫ਼ ਪੜ ਕੇ ਹੀ ਮਾਣਿਆ ਜਾ ਸਕਦਾ ਹੈ।”

ਨਾਵਲ ਕਿਸਾਨੀ ਦੀ ਪਰੰਪਰਾ ਨੂੰ ਬਾਬੇ ਬਿਰਸੇ ਦੇ ਕਿਰਦਾਰ ਰਾਹੀਂ, ਬੀਤੇ ਕਲ (ਹਰਾ ਇਨਕਲਾਬ) ਨੂੰ ਬਲਕਾਰ ਸਿੰਹੁ ਰਾਹੀਂ ਅਤੇ ਅਜ ਨੂੰ ਹਰਜੀਤ ਰਾਹੀਂ ਪੇਸ਼ ਕਰਦਾ ਹੈ। ਇਹ ਤਿੰਨ ਪੀੜੀਆਂ ਦਾ ਸੰਵਾਦ ਹੀ ਨਹੀਂ, ਨਜ਼ਰੀਆ ਵੀ ਹੈ। ਬਾਬਾ ਵਿਰਸਾ, ਪੁਤ ਬਲਕਾਰ ਅਤੇ ਪੋਤਾ ਹਰਜੀਤ ਇਕ ਹੀ ਘਰ ਵਿਚ ਵਸਦੇ ਹਨ। ਪਰ ਕਿਸਾਨੀ ਦਾ ਅਨੁਭਵ ਅਤੇ ਕਿਸਾਨੀ ਪ੍ਰਤਿ ਨਜ਼ਰੀਆ ਤਿੰਨਾਂ ਦਾ ਵਖ-ਵਖ ਹੈ।

ਨਾਵਲ ਦੀ ਕਥਾ ਬਾਬੇ ਬਿਰਸੇ ਦੇ ਨਜ਼ਰੀਏ ਤੋਂ ਅਜ ਨੂੰ ਦੇਖ ਰਹੀ ਹੈ। ਬਾਬਾ ਬਿਰਸਾ ਆਪਣੇ ਪੁਤ ਅਤੇ ਪੋਤੇ ਵਿਚ ਹੁੰਦੀਆਂ ਬਹਿਸਾਂ ਦਾ ਗਵਾਹ ਹੈ। ਉਸ ਦੀ ਗਵਾਹੀ ਵਿਚ ਜਦੋਂ ਉਸ ਦੇ ਅਨੁਭਵ/ਖ਼ਿਆਲ ਸ਼ਾਮਿਲ ਹੁੰਦੇ ਹਨ ਤਾਂ ਤਿੰਨ ਪੀੜੀਆਂ ਦੀ ਸੋਚਧਾਰਾ ਦੇ ਨਕਸ਼ ਉਭਰਦੇ ਹਨ।

ਬਾਬਾ ਬਿਰਸਾ ਕਿਸਾਨੀ ਦੇ ਪਰੰਪਰਕ ਖਾਸੇ ਨੂੰ ਸਾਕਾਰ ਕਰਦਾ ਹੈ। ਪਰੰਪਰਾ ਉਸ ਦੇ ਰੂਪ ਵਿਚ ਅਤੇ ਉਸ ਰਾਹੀਂ ਸਮਕਾਲ ਵਿਚ ਨਮੂਦਾਰ ਹੁੰਦੀ ਹੈ; ਕਿਸਾਨੀ ਦੇ ਬੀਤੇ ਕਲ ਦੀ ਗਲ ਵੀ ਹੁੰਦੀ ਹੈ। ਬਾਬੇ ਦੀਆਂ ਯਾਦਾਂ ਵਿਚੋਂ ਉਭਰਦੇ ਉਸ ਦੇ ਬਾਪੂ ਅਤੇ ਬੇਬੇ ਦੇ ਅਕਸ ਕਿਸਾਨੀ ਦੇ ਉਸ ਰੂਪ ਨੂੰ ਪ੍ਰਤਖ ਕਰਦੇ ਹਨ, ਜਿਸ ਦਾ ਹੁਣ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਮਿਟ ਗਏ ਜਾਂ ਮਿਟਾ ਦਿਤੇ ਗਏ ਨੂੰ ਦੁਬਾਰਾ ਜਿਉਂਦਾ ਕਰਨਾ, ਗੁਆਚ ਗਏ ਨੂੰ ਲਭ ਕੇ ਸਮਕਾਲ ਵਿਚ ਸਥਿਤ ਕਰਨਾ, ਯਾਦਾਂ ਤੋਂ ਖਹਿੜਾ ਛੁਡਾ ਰਹੀ ਸਮਕਾਲੀ ਪੀੜੀ ਨੂੰ ਯਾਦਾਂ ਦੇਣੀਆਂ; ਇਸ ਨਾਵਲ ਦੀ ਪ੍ਰਾਪਤੀ ਹੈ।

ਪੀ. ਸਾਈਨਾਥ ਕਿਸਾਨੀ ਦੇ ਸੰਕਟ ਦੀ ਗਲ ਕਰਦਾ ਆਖਦਾ ਹੈ:
The agrarian crisis in not just about the collapse of agriculture (chain of things that had happened to the farmer) and cultivation, the farmer’s universe has imploded; the farmers’ universe had collapsed.

ਯਾਨਿਕੇ ਕਿਸਾਨੀ ਦਾ ਸੰਕਟ ਆਰਥਿਕਤਾ ਤੋਂ ਅਗਾਂਹ ਵਾਲਾ ਸਿਲਸਿਲਾ ਹੈ। ਇਹ ਭੋਇੰਮੁਖ ਬੰਦੇ ਦੇ ਵਜੂਦੀ ਆਧਾਰਾਂ ਦੇ ਖੁਸ ਜਾਣ ਦਾ ਸੰਕਟ ਹੈ; ਉਹਦੇ ਹੋਣ-ਥੀਣ ਵਿਚ ਵਿਸਫ਼ੋਟ ਉਤਪੰਨ ਹੋ ਗਿਆ ਹੈ।

ਪੰਜਾਬ ਦੀ ਕਿਸਾਨੀ ਦਾ ਆਪਣੀ ਭੋਇੰ ਨਾਲ਼, ਫ਼ਸਲਾਂ ਨਾਲ, ਪੌਦਿਆਂ/ਦਰਖਤਾਂ ਨਾਲ਼, ਪਸ਼ੂਆਂ/ਪੰਛੀਆਂ ਨਾਲ, ਸਮੁਚੇ ਚੁਗਿਰਦੇ ਨਾਲ ਸੂਖ਼ਮ/ਸੰਵੇਦਨਾ ਵਾਲਾ ਨਾਤਾ ਰਿਹਾ ਹੈ। ਇਹ ਨਾਤਾ ਜੀਵਨ ਦੀ ਸਮਝਦਾਰੀ ਹੁੰਦਾ ਸੀ। ਇਹ ਜੀਵਨ ਦੀ ਤਾਕਤ ਵੀ ਸੀ। ਇਸ ਨਾਤੇ ਦੀ ਭਰਪੂਰਤਾ ਸੰਕਟਾਂ ਨਾਲ਼ ਲੜਨ ਦੀ ਤਾਕਤ ਦਿੰਦੀ ਸੀ। ਅਜਿਹੇ ਨਾਤੇ ਕਾਰਨ ਆਤਮ-ਹਤਿਆ ਵਰਗੀ ਧੁਨੀ ਫ਼ਿਜ਼ਾ ਵਿਚ ਕਦੇ ਨਹੀਂ ਗੂੰਜੀ ਸੀ। ਕਿਸਾਨ ਇਨਾਂ ਨਾਤਿਆਂ ਨੂੰ ਕਿਵੇਂ ਜਿਉਂਦਾ ਸੀ ਅਤੇ ਇਨਾਂ ਨਾਤਿਆਂ ਵਿਚ ਜਿਉਣ ਵਾਲ਼ੇ ਲੋਕ ਕਿਸ ਤਰਾਂ ਦੇ ਸਨ, ਇਸ ਦੇ ਸੂਖ਼ਮ ਵੇਰਵੇ ਨਾਵਲ ਆਖਰੀ ਬਾਬੇ ਦੀ ਕਥਾ ਦਾ ਮੂਲ ਆਧਾਰ ਹਨ।

ਬਾਬੇ ਬਿਰਸੇ ਲਈ ਖੇਤ ਜਿਉਂਦੀ-ਜਾਗਦੀ ਹੋਂਦ ਹਨ। ਉਸ ਨੇ ਤਮਾਮ ਉਮਰ ਖੇਤਾਂ ਨਾਲ ਸਾਂਝਾ ਪੁਗਾਈਆਂ ਹਨ। ਉਹ ਇਨਾਂ ਦੇ ਕਣ-ਕਣ ਦਾ ਸਿਆਣੂ ਹੈ। ਉਹ ਪੁਤ ਬਲਕਾਰ ਸਿਹੁੰ (ਜੋ ਖੁਦ ਹੁਣ ਗਭਰੂ ਮੁੰਡੇ ਦਾ ਬਾਪ ਹੈ) ਬਾਬਤ ਸੋਚਦਾ ਉਨਾਂ ਪਲਾਂ ਨੂੰ ਯਾਦ ਕਰਦਾ ਹੈ, ਜਦੋਂ ਹਰੇ ਇਨਕਲਾਬ ਦੀ ਜ਼ਦ ਵਿਚ ਆਈ ਬਲਕਾਰ ਸਿਹੁੰ ਦੀ ਪੀੜੀ ਨੇ ਪਹਿਲੀ ਵਾਰ ਫ਼ਸਲਾਂ ਨੂੰ ਮੁਨਾਫ਼ੇ ਨਾਲ ਜੋੜਿਆ; ਤੇ ਜਦੋਂ ਕਣਕ ਅਤੇ ਝੋਨੇ ਰਾਹੀਂ ਫ਼ਸਲੀ ਵੀਭਿੰਨਤਾ ਨੂੰ ਮਾਰਿਆ ਗਿਆ ਸੀ। ਤਦ ਹੀ ਡਰੰਮੀਆਂ/ਟਰੈਕਟਰਾਂ ਰਾਹੀਂ ਮਸ਼ੀਨੀਕਰਨ ਦਾ ਦੌਰ ਆਰੰਭ ਹੋਇਆ ਸੀ ਤੇ ਹਾਈਬਿ੍ਰਡ ਬੀਜਾਂ ਨੇ ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਆਪਣੀ ਦਾਅਵੇਦਾਰੀ ਜਤਾਈ ਸੀ : ਜਦੋਂ ਬਲਕਾਰ ਦਾ ਖੇਤਾਂ ਨਾਲ਼ ਵਾਹ ਪਿਆ; ਉਹਨੇ ਬੀਜਾਂ ਨੂੰ ਬਦਲਣ ਦੀ ਗਲ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਬੀਜ ‘ਵੰਸਾਂ’ ਵਾਂਗ ਅਗੇ ਤੋਂ ਅਗੇ ਚਲਦੇ ਆਉਂਦੇ ਸਨ। ਉਹਨੇ ਕਾਲਜ ਦੀ ਪੜਾਈ ਮੁਕੰਮਲ ਕਰ ਲਈ ਸੀ, ਪਰ ਨੌਕਰੀ ਨਹੀਂ ਸੀ ਮਿਲ ਰਹੀ। ਇਹ ਪਿੰਡ ਦੀ ਪਹਿਲੀ ਜ਼ਿਆਦਾ ਪੜੀ ਲਿਖੀ ਪੀੜੀ ਸੀ। ਉਹਦੀ ਬੀਜਾਂ ਵਾਲ਼ੀ ਗਲ ਤਾਂ ਐਨੀ ਬੁਰੀ ਨਹੀਂ ਸੀ ਲਗੀ, ਪਰ ਜਦ ਉਹਨੇ ਕਿਹਾ: “ਇਨਾਂ ਨਿਕੰਮੇ ਬੀਜਾਂ ਦਾ ਝਾੜ ਹੀ ਹੈ ਨੀ, ਦੁਗਣੀ ਕਮਾਈ ਵਾਲੇ ਬੀਜ ਆਗੇ ਹੁਣ।” (ਪੰਨਾ 27) ਇਹ ਬਾਬੇ ਨੂੰ ਆਪਣਾ ਨਿਰਾਦਰ ਜਾਪਿਆ ਸੀ। ਇਸ ਘਰ ਵਿਚ ਵਧ ਫ਼ਸਲ ਲੈਣ ਦਾ ਸੁਪਨਾ ਪਹਿਲਾਂ ਕਿਸੇ ਨੇ ਵੇਖਿਆ ਹੀ ਨਹੀਂ ਸੀ। ਫ਼ਸਲ ਨੂੰ ਮੁਨਾਫ਼ੇ ਨਾਲ ਟਕਰਾਅ ਕੇ ਕਿਸੇ ਨੇ ਤਲਖ਼ੀ ਨਹੀਂ ਸੀ ਵਿਖਾਈ।

ਬਾਬੇ ਬਿਰਸੇ ਨੂੰ ਤਾ-ਉਮਰ ਉਹ ਸਮਾਂ ਨਹੀਂ ਭੁਲਦਾ, ਜਦੋਂ ਉਸ ਦੇ ਪੁਤ ਨੇ ਖੇਤਾਂ ਨੂੰ ਸਿਰਫ਼ ਕਮਾਈ ਦਾ ਹੀ ਜ਼ਰੀਆ ਸਮਝਣਾ ਸ਼ੁਰੂ ਕਰ ਦਿਤਾ ਸੀ। ਇਹੀ ਉਹ ਸਮਾਂ ਸੀ ਜਦੋਂ ਪੜਨ ਅਤੇ ਖੇਤੀ ਕਰਨ ਵਿਚ ਦੁਵੰਡ ਪੈਦਾ ਹੋਈ ਸੀ। ਬਲਕਾਰ ਸਿਹੂੰ ਨੇ ਬੀ.ਏ. ਤਕ ਦੀ ਪੜਾਈ ਕੀਤੀ ਸੀ। ਨੌਕਰੀ ਦੀ ਅਣਹੋਂਦ ਵਿਚ ਖੇਤੀ ਉਸ ਲਈ ਮਜਬੂਰੀ ਬਣ ਗਈ ਸੀ। ਉਸ ਨੇ ਖੇਤੀ ਨੂੰ ਪਿਆਰ ਤਾਂ ਕੀਤਾ ਪਰ ਉਸ ਦੇ ਅੰਦਰ ਨੌਕਰੀ ਨਾ ਮਿਲਣ ਦਾ ਹਮੇਸ਼ਾਂ ਗ਼ਮ ਰਿਹਾ।

ਹਰਜੀਤ ਆਪਣੇ ਬਾਬੇ ਤੋਂ ਅਸਲੋਂ ਵਖਰੀ ਸੋਚ ਦਾ ਮਾਲਕ ਹੈ। ਪੜਨ ਤੋਂ ਬਾਅਦ ਉਹਨੂੰ ਵੀ ਨੌਕਰੀ ਨਹੀਂ ਮਿਲਦੀ। ਉਹ ਡਾਹਢੀ ਮਜਬੂਰੀ ਵਿਚ ਖੇਤੀ ਕਰਦਾ ਹੈ। ਖੇਤੀ ਨੂੰ ਕੇਵਲ ਵਪਾਰਕ ਪਖ ਤੋਂ ਦੇਖਦਾ ਹੈ ਅਤੇ ਉਸ ਨੂੰ ਇਹ ਹਰ ਪਖੋਂ ਘਾਟੇ ਦਾ ਵਪਾਰ ਲਗਦੀ ਹੈ। ਖੇਤੀ ਤੇ ਪਿੰਡ ਛਡਣ ਦੀ ਸੋਚ ਸਿਖ਼ਰ ’ਤੇ ਪਹੁੰਚ ਜਾਂਦੀ ਹੈ। ਉਹ ਆਪਣੇ ਪਿਤਾ ਬਲਕਾਰ ਸਿੰਹੁ ਨਾਲ ਖੇਤੀ ਨੂੰ ਛਡ ਦੇਣ ਲਈ ਲਗਾਤਾਰ ਬਹਿਸਦਾ ਹੈ।

ਬਾਬੇ ਲਈ ਖੇਤੀ ਮੁਹਬਤੀ ਕਸਬ ਰਹੀ ਸੀ ਅਤੇ ਹਰਜੀਤ ਲਈ ਇਹ ਧੰਦਾ ਮਾਤਰ ਹੈ। ਬਲਕਾਰ ਸਿਹੁੰ ਇਨਾਂ ਦੋਵਾਂ ਪੀੜੀਆਂ ਦੇ ਵਿਚ-ਵਿਚਕਾਰ ਦੀ ਸੋਚ ਨੂੰ ਪ੍ਰਗਟ ਕਰਦਾ ਹੈ। ਉਹਦੀ ਪੀੜੀ ਨੇ ਹੀ ਖੇਤੀ ਕਰਨ ਦੇ ਅੰਦਾਜ਼ ਨੂੰ ਲੈ ਕੇ ਪਹਿਲੀ ਵਾਰ ਆਪਣੇ ਪਿਓਆਂ ਨਾਲ ਆਢਾ ਲਿਆ ਸੀ, ‘ਜਦੋਂ ਫ਼ਸਲ ਸਿਧੀ ਖੇਤਾਂ ਤੋਂ ਮੰਡੀ ਵਿਚ ਜਾਣੀ ਸ਼ੁਰੂ ਹੋਈ ਸੀ।’ ਕਿਸਾਨੀ ’ਚ ਆਏ ਵਪਾਰਪੁਣੇ ਦੀਆਂ ਗਲਾਂ ਕਿਵੇਂ ਹੌਲ਼ੀ-ਹੌਲ਼ੀ ਜ਼ਿੰਦਗੀ ਦੇ ਹਰ ਖੇਤਰ ਵਿਚ ਦਾਖ਼ਲ ਹੋ ਗਈਆਂ, ਇਸ ਦੇ ਵੇਰਵੇ ਨਾਵਲ ਵਿਚ ਦਰਜ ਹਨ : ‘‘ਅਰਥੀ ਪਿਛੇ ਬਹੁਤ ਹੀ ਕਾਰੋਬਾਰੀ ਤੇ ਮਹਾਜਨੀ ਗਲਾਂ ਚਲ ਰਹੀਆਂ ਸਨ। ਅਜਿਹੀਆਂ ਗਲਾਂ ਮੰਡੀ ਵਿਚ ਸਿਰਫ਼ ਬੋਲੀ ਤੋਂ ਪਹਿਲਾਂ ਸੁਣਦੀਆਂ ਸਨ।” (ਪੰਨਾ: 24)

ਹਰਜੀਤ ਦੇ ਕਿਰਦਾਰ ਰਾਹੀਂ ਕਿਸਾਨੀ ਦੇ ਸਮਕਾਲੀ ਰੂਪ ਨੂੰ ਪੇਸ਼ ਕੀਤਾ ਗਿਆ ਹੈ। ਕਿਸਾਨੀ ਵਿਰਸਾ ਹਰਜੀਤ ਦੀ ਪੀੜੀ ਅੰਦਰੋਂ ਲਗਭਗ ਕਿਰ ਗਿਆ ਪੇਸ਼ ਹੁੰਦਾ ਹੈ। ਬਾਬਾ ਬਿਰਸਾ ਹਰਜੀਤ ਦੇ ਚਿਹਰੇ ਨੂੰ ਦੇਖਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ, ਜਿਵੇਂ ਅਤੀਤ ਹੁੰਦਾ ਹੀ ਨਹੀਂ। (ਪੰਨਾ 18) ਇਹ ਗਲ ਧਿਆਨਯੋਗ ਹੈ ਕਿ ਨਾਵਲਕਾਰ ਇਸ ਤਰਾਂ ਹੋਣ ਨੂੰ ਚੰਗੇ ਜਾਂ ਬੁਰੇ ਦਾ, ਨੈਤਿਕ ਜਾਂ ਅਨੈਤਿਕ ਦਾ ਮਸਲਾ ਨਹੀਂ ਬਣਾਉਂਦਾ, ਉਹ ਬਸ ਤਬਦੀਲੀਆਂ ਨੂੰ ਪੇਸ਼ ਕਰਦਾ ਹੈ। ਬਾਬਾ ਬਿਰਸਾ ਹਰਜੀਤ ਨੂੰ ਕਦੇ ਨਹੀਂ ਨਿੰਦਦਾ, ਸਗੋਂ ਆਪਣੀ ਗਵਾਹੀ ਨਾਲ ਵਾਪਰ ਰਹੇ ਨੂੰ ਜ਼ੁਬਾਨ ਦਿੰਦਾ ਹੈ। ਬਾਬੇ ਬਿਰਸੇ, ਬਲਕਾਰ ਸਿਹੁੰ ਅਤੇ ਹਰਜੀਤ ਦਾ ਤੁਲਨਾਵੀ ਸੰਦਰਭ, ਕਿਸਾਨੀ ਵਿਚ ਪਿਛਲੀ ਅਧੀ ਸਦੀ ਦੌਰਾਨ ਆਏ ਪਰਿਵਰਤਨਾਂ ਨੂੰ ਜ਼ੁਬਾਨ ਦਿੰਦਾ ਹੈ। ਬਿਰਤਾਂਤ ਵਿਚ ਇਕ ਜਗਾ ਹਰਜੀਤ ਬਾਬੇ ਬਿਰਸੇ ਬਾਰੇ ਸੋਚਦਾ ਪੇਸ਼ ਹੁੰਦਾ ਹੈ। ਇਹ ਪੇਸ਼ਕਾਰੀ ਦਾਦੇ ਅਤੇ ਪੋਤੇ ਦੀ ਪੀੜੀ ਦੇ ਧੁਰ ਅੰਦਰਲੇ ਫ਼ਰਕ ਨੂੰ ਉਭਾਰਦੀ ਹੈ : ‘‘ਦੋ ਮੁਖ ਕਾਰਣਾਂ ਕਰਕੇ ਬਾਬੇ ਦੀਆਂ ਗਲਾਂ ਸਮਝਣ ਵਿਚ ਉਹਨੂੰ ਦਿਕਤ ਆਉਂਦੀ ਸੀ। ਇਕ ਤਾਂ ਉਹ ਮਿਟੀ ਨੂੰ ਜੀਵਤ ਅਹਿਸਾਸ ਵਾਂਗ ਦੇਖਦਾ ਸੀ, ਦੂਜਾ ਉਹ ਵਢੀ ਹੋਈ ਫ਼ਸਲ ਨੂੰ ਕੀਮਤ ਤੋਂ ਦੂਰ ਰਖਦਾ ਸੀ। ਇਹ ਦੋਵੇਂ ਗਲਾਂ ਜਦੋਂ ਬਾਬਾ ਰਲ਼ਾ ਕੇ ਬੋਲਦਾ ਫ਼ਿਰ ਤਾਂ ਉਹਨੂੰ ਸੁਣਨਾ ਹੀ ਅਸਹਿ ਜਾਪਦਾ।” (ਪੰਨਾ 156)

ਨਾਵਲਕਾਰ ਇਸ ਅੰਤਰ-ਦਿ੍ਰਸ਼ਟੀ ਨੂੰ ਉਭਾਰਦਾ ਹੈ ਕਿ ਬਾਬੇ ਬਿਰਸੇ ਦੀ ਪੀੜੀ ਕੋਲ ਖ਼ਿਆਲ ਅਨੁਭਵਾਂ ਦੇ ਰਾਹੀਂ ਪਹੁੰਚਦੇ ਸਨ। ਅਨੁਭਵ ਇਨਾਂ ਲੋਕਾਂ ਦੀ ਜ਼ਿੰਦਗੀ ਦਾ ਸਭ ਤੋਂ ਵਡਾ ਸਰਮਾਇਆ ਸਨ। ਮੁਨਾਫ਼ੇ ਵਾਲ਼ੀ ਨਵੀਂ ਖੇਤੀ ਨੇ ਕੰਮ ਨੂੰ ਅਨੁਭਵ ਨਹੀਂ ਰਹਿਣ ਦਿਤਾ। ਨਵੀਂ ਪੀੜੀ ਕੰਮ ਤਾਂ ਕਰਦੀ ਹੈ, ਪਰ ਕੰਮ ਨੂੰ ਅਨੁਭਵ ਨਹੀਂ ਕਰਦੀ, ਆਪਣੇ ਅੰਦਰਲੇ ਨਾਲ ਮਹਿਸੂਸ ਨਹੀਂ ਕਰਦੀ। ਇਸ ਸਥਿਤੀ ਵਿਚ ਨਵੀਂ ਪੀੜੀ ਕੋਲ਼ ਜਿਹੜੇ ਖਿਆਲ ਹਨ, ਉਹ ਓਪਰੇ ਹਨ। ਉਹ ਅਨੁਭਵ ਵਿਚੋਂ ਆਉਣ ਦੀ ਥਾਂ ਆਪਣੀ ਜਾਂ ਕਿਸੇ ਹੋਰ ਦੀ ਕਲਪਨਾ ’ਚੋਂ ਆਏ ਹਨ। ਅਨੁਭਵਾਂ ਤੋਂ ਬਿਨਾਂ ਆਏ ਖਿਆਲ ਬੰਦੇ ਦੇ ਜੀਣ ਨੂੰ ਅਤੇ ਉਸ ਦੀ ਸੋਚ ਨੂੰ ਤਕਲੀਫ਼ ਦੇਣ ਦੀ ਹਦ ਤਕ ਵੰਡ ਦਿੰਦੇ ਹਨ। ਇਹ ਪਾੜਾ ਉਸ ਨੂੰ ਜ਼ਿੰਦਗੀ ਦੇ ਮਖ਼ਸੂਸ ਸਰੋਤਾਂ ਤੋਂ ਵਿਛੁੰਨ ਦਿੰਦਾ ਹੈ। ਹੁਣ ਦੀ ਕਿਸਾਨੀ ਨਾਲ਼ ਇਹੀ ਵਾਪਰ ਰਿਹਾ ਹੈ। ਨਾਵਲ ਦੇ ਪੰਨਾ 16 ’ਤੇ ਦਰਜ ਇਹ ਉਚਾਰ ਉਲੇਖ ਯੋਗ ਹੈ: ‘‘ਉਹਦਾ ਜੀਵਨ ਕੋਈ ਸੁਣਿਆ ਹੋਇਆ ਖ਼ਿਆਲ ਨਹੀਂ ਸੀ। ਇਹ ਅਨੁਭਵ ਦੇ ਖ਼ਿਆਲ ਸਨ। ਇਸੇ ਕਰਕੇ ਅਜ-ਕਲ ਜੋ ਵਾਪਰ ਰਿਹਾ ਦਿਸਦਾ, ਇਹ ਕਲਪਨਾ ਦਾ ਕੋਈ ਖ਼ਿਆਲ ਜਾਪਦਾ। ਜਦੋਂ ਵੀ ਉਹਨੂੰ ਆਲੇ-ਦੁਆਲੇ ਤੋਂ ਗੁਸਾ ਆਉਂਦਾ, ਉਹਨੂੰ ਜਾਪਦਾ ਮੈਂ ‘ਕਲਪਨਾ’ ਨਾਲ ਗੁਸਾ ਕਰ ਰਿਹਾ ਹਾਂ। ਅਜਿਹੇ ਵੇਲ਼ੇ ਪੁਤ ਅਤੇ ਪੋਤੇ ਨਾਲ਼ ਉਹਦੀ ਬਹਿਸ ਦੌਰਾਨ ਉਹ ਕਈ ਵਾਰ ਉਥੇ ਖੜੇ ਹੀ ਨਹੀਂ ਦਿਸਦੇ।”

ਇਹ ਨਾਵਲ ਕਿਸਾਨੀ ਦੇ ਵਿਰਸੇ ਅਤੇ ਬੀਤੇ ਕਲ ਦੀ ਕਥਾ ਕਹਿੰਦਾ ਸਮਕਾਲ ਦੀ ਚੌਧਰ ਨੂੰ ਚੁਣੌਤੀ ਦਿੰਦਾ ਹੈ। ਸਮਕਾਲ ਦਾ ਦਾਬਾ ਅਕਸਰ ਇਸ ਤਰਾਂ ਲਗਣ ਲਾ ਦਿੰਦਾ ਹੈ ਕਿ ਜੋ ਹੁਣ ਚਲ ਰਿਹਾ ਹੈ, ਉਹ ਹੀ ਸਚ ਹੈ। ਜ਼ਿੰਦਗੀ ਹੁਣ ਅਨੁਸਾਰ ਹੀ ਹੋਣੀ ਚਾਹੀਦੀ ਹੈ; ਬੀਤ ਗਿਆ ਹੁਣ ਬੀਤ ਗਿਆ ਹੈ; ਉਸ ਨੂੰ ਯਾਦ ਕਰਨ ਜਾਂ ਜਿਉਣ-ਯੋਗ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਮਕਾਲ ਦੀਆਂ ਤਾਕਤਾਂ ਬੰਦੇ ਅੰਦਰੋਂ ਬੀਤੇ ਦੀਆਂ ਯਾਦਾਂ ਨੂੰ ਖਤਮ ਕਰਨ ਲਈ ਤਤਪਰ ਰਹਿੰਦੀਆਂ ਹਨ। ਮਿਲਨ ਕੁੰਦਰਾ ਨੇ ਇਕ ਵਾਰ ਕਿਹਾ ਸੀ ਕਿ ਬੰਦੇ ਦੀ ਅਸਲ ਲੜਾਈ ਆਪਣੀਆਂ ਯਾਦਾਂ ਨੂੰ ਬਚਾ ਕੇ ਰਖਣ ਦੀ ਹੈ।

ਕੁੱਲ ਮਿਲਾ ਕੇ, ਨਾਵਲ ‘ਆਖਰੀ ਬਾਬੇ’ ਕਿਸਾਨੀ ਦੀਆਂ ਯਾਦਾਂ ਨੂੰ ਬਚਾਉਣ ਦੀ ਹੀ ਨਹੀਂ, ਉਨਾਂ ਨੂੰ ਪੁਨਰ-ਜੀਵਤ ਕਰਨ ਦੀ ਕੋਸ਼ਿਸ਼ ਹੈ। ਬਾਬੇ ਬਿਰਸੇ ਰਾਹੀਂ ਇਹ ਬਿਰਤਾਂਤ ਅਤੀਤ/ਯਾਦਾਂ ਨੂੰ ਗਹਿਰਉਂਦਾ ਹੈ। ਬਾਬੇ ਦਾ ਆਪਣੇ ਬੇਬੇ ਤੇ ਬਾਪੂ ਨੂੰ ਯਾਦ ਕਰਨਾ ਚੰਗੇਰੇ ਅਤੀਤ ਨੂੰ ਅਕੀਦਤ ਪੇਸ਼ ਕਰਨ ਵਾਂਗ ਜਾਪਦਾ ਹੈ। ਇਸ ਤਰਾਂ ਹੋਣਾ ਪਾਠਕ ਅੰਦਰ ਅਤੀਤ/ਪਰੰਪਰਾ ਦੇ ਗੌਰਵ ਨੂੰ ਉਭਾਰਦਾ ਹੈ। ਨਾਵਲ ਦੇ ਪੰਨਾ 31 ’ਤੇ ਬਾਬਾ ਬਿਰਸਾ ਆਪਣੇ ਬਾਪੂ ਨੂੰ ਇੰਝ ਸੋਚਦਾ ਪੇਸ਼ ਹੁੰਦਾ ਹੈ : ‘‘ਬਾਪੂ ਦੇ ਮੂੰਹ ’ਤੇ ਮੁਦਤਾਂ ਦਿਸਦੀਆਂ। ਉਹ ਕਲਪਨਾਵਾਂ, ਮਿਥਾਂ, ਦਿਖਾਂ ਵਿਚ ਸਾਹ ਲੈਂਦਾ ਥੋੜੀ ਦੇਰ ਬਾਅਦ ਬਿਲਕੁਲ ਸਹਿਜ ਹੋ ਜਾਂਦਾ। ਉਹਦੇ ਚਿਹਰੇ ’ਤੇ ਖੇਤ ਤੇ ਦੇਹ ਇਕੋ ਜਿਹੀਆਂ ਉਤਰਦੀਆਂ ਦਿਸਦੀਆਂ। ਉਹਨੂੰ ਸਮਝਣ ਲਈ ਖੇਤ ਤੇ ਦੇਹ ਨੂੰ ਅਲਗ ਕਰਕੇ ਸੋਚਿਆ ਵੀ ਨਹੀਂ ਸੀ ਜਾ ਸਕਦਾ।” (ਪੰਨਾ: 32)

ਇਹ ਨਾਵਲ ਪੰਜਾਬ ਦੀ ਕਿਸਾਨੀ ਦੀ ਸਭਿਆਚਾਰਕ ਯਾਦ ਦੀ ਬਿਰਤਾਂਤਕਾਰੀ ਹੈ। ਇਸ ਯਾਦ ਨੂੰ ਸਮਕਾਲ ਨੇ ਕਿਤੇ ਦੂਰ ਧੁੰਧਲਕੇ ਵਿਚ ਧਕ ਦਿਤਾ ਹੋਇਆ ਹੈ। ਕਥਾ ਰੂਪੀ ਇਹ ਸਭਿਆਚਾਰਕ ਯਾਦ ਅਹਿਸਾਸ ਦਿੰਦੀ ਹੈ ਕਿ ਅਸੀਂ ਕੀ ਹੁੰਦੇ ਸੀ, ਸਾਡੀ ਤਾਕਤ ਦੇ ਸਰੋਤ ਕਿਹੜੇ ਸਨ, ਕੀ ਗੁਆ ਲਿਆ ਹੈ ਅਤੇ ਕੀ ਹੋ ਗਏ ਹਾਂ। ਇਨਾਂ ਤਬਦੀਲੀਆਂ ਨੂੰ ਅਤੀਤ ਦੀਆਂ ਯਾਦਾਂ ਦੇ ਸਮਾਨਾਂਤਰ ਚਿਤਰਿਆ ਗਿਆ ਹੈ। ਇਸ ਤਰਾਂ ਕਰਨ ਨਾਲ਼ ਗੁਆਚ ਗਏ ਦੀ ਸਮਝ ਆਉਂਦੀ ਹੈ, ਉਸ ਦੀ ਅਹਿਮੀਅਤ ਉਜਾਗਰ ਹੁੰਦੀ ਹੈ। ਇਹ ਬੀਤ ਗਏ ਨੂੰ ਮੁੜ ਜਿਉਂਦਾ ਕਰਨ ਦੀ ਤਾਂਘ ਪੈਦਾ ਕਰਦੀ ਹੈ। ਏਨੀ ਸਪਸ਼ਟਤਾ ਅਤੇ ਤੀਬਰਤਾ ਨਾਲ ਕਦੇ ਮਹਿਸੂਸ ਨਹੀਂ ਸੀ ਹੋਇਆ ਕਿ ਪੰਜਾਬ ਦੇ ਕਿਸਾਨ ਦਾ ਆਪਣੀ ਭੋਇੰ ਅਤੇ ਆਪਣੇ ਚੁਗਿਰਦੇ ਨਾਲ ਇਸ ਕਿਸਮ ਦਾ ਰਿਸ਼ਤਾ ਵੀ ਹੁੰਦਾ ਸੀ। ਬਾਬਾ ਬਿਰਸਾ ਤਾਂ ਖੇਤ ਵਿਚ ਤੁਰ ਫ਼ਿਰ ਰਹੇ ਕੀੜਿਆਂ ਨਾਲ ਵੀ ਡਾਹਢੀ ਸਾਂਝ ਰਖਦਾ ਹੈ।

‘ਆਖਰੀ ਬਾਬੇ’ ਕਿਸਾਨੀ ਦੇ ਸਮਕਾਲੀ ਰੂਪ ਵਿਚ ਚੁਰਾਸੀ ਦੇ ਅਸਰਾਂ ਦੀ ਗਹਿਰੀ ਦਖ਼ਲ-ਅੰਦਾਜ਼ੀ ਦੀ ਗਲ ਵੀ ਕਰਦਾ ਹੈ। ਪੰਜਾਬੀ ਬੰਦੇ ਨੂੰ ਚੁਰਾਸੀ ਅਤੇ ਇਸ ਦੇ ਆਰ-ਪਾਰ ਵਾਪਰੀਆਂ ਘਟਨਾਵਾਂ ਨੇ ਧੁਰ ਅੰਦਰੋਂ ਹਮੇਸ਼ਾਂ-ਹਮੇਸ਼ਾਂ ਲਈ ਬਦਲਿਆ ਹੈ। ਅਜੇ ਤੱਕ ਚੁਰਾਸੀ ਦੇ ਅਸਰਾਂ ਨੂੰ ਸਮਝਣ ਦੀ ਕੋਸ਼ਿਸ਼ ਨਾ-ਮਾਤਰ ਹੀ ਹੋਈ ਹੈ। ਪੰਜਾਬੀ ਨਾਵਲਕਾਰੀ ਵਿਚ ਤਾਂ ਇਹ ਹੋਰ ਵੀ ਘਟ ਹੈ। ਪੰਜਾਬੀ ਬੰਦਾ ਜੇ ਅਜ ਨਸ਼ੇ ਕਰ ਰਿਹਾ, ਆਤਮ-ਹਤਿਆ ਕਰ ਰਿਹਾ, ਪੰਜਾਬ ਛਡ ਵਿਦੇਸ਼ ਭਜ ਰਿਹਾ ਹੈ, ਖੇਤੀ ਤੋਂ ਮੂੰਹ ਮੋੜ ਰਿਹਾ ਹੈ ਤਾਂ ਇਸ ਦੇ ਕਾਰਨ ਚੁਰਾਸੀ ਵਿਚ ਵੀ ਪਏ ਹਨ। ਚੁਰਾਸੀ ਦੌਰਾਨ ਪੰਜਾਬੀ ਬੰਦਾ ਜਿਸ ਤਰਾਂ ਹਾਰਦਾ ਹੈ, ਜਿਸ ਤਰਾਂ ਮਧੋਲਿਆ ਜਾਂਦਾ ਹੈ, ਉਸ ਦਾ ਆਪਣੇ ਹੋਣੇ ਨਾਲ਼, ਆਪਣੀ ਧਰਤੀ ਨਾਲ਼ ਰਿਸ਼ਤਾ ਕੁਮਲਾ ਜਾਂਦਾ ਹੈ। ਨਾਵਲ ਇਸ਼ਾਰਿਆਂ ਨਾਲ ਇਹ ਗਲ ਵਾਰ-ਵਾਰ ਕਹਿੰਦਾ ਹੈ ਕਿ ਅਜ ਦੇ ਪੰਜਾਬ ਨੂੰ ਚੁਰਾਸੀ ਤੋਂ ਬਿਨਾਂ ਸਮਝਿਆ ਨਹੀਂ ਜਾ ਸਕਦਾ ਹੈ। ਪੰਨਾ 59, 70, 81, 95-96, 109 117-118 ’ਤੇ ਦਰਜ ਅੰਸ਼ ਇਸ ਮਾਮਲੇ ਵਿਚ ਦੇਖੇ ਜਾ ਸਕਦੇ ਹਨ। ਪੰਨਾ 109 ਅਤੇ 139 ’ਤੇ ਦਰਜ ਅੰਸ਼ ਤਾਂ ਖਾਸ ਧਿਆਨ ਖਿੱਚਦੇ ਹਨ : ‘‘ਇਹ ‘ਸੰਨਾਟੇ’ ਉਛਲਦੇ-ਉਛਲਦੇ ਚੁਰਾਸੀ ਵਿਚ ਕੁਝ ਲਭਣ ਜਾ ਵੜੇ। ਇਹ ਚੁਰਾਸੀ ਵੀ ਬਹੁਤ ਲੰਬਾ ਖਿਚ ਗਿਆ ਸੀ। ਇਹ ਨਸ਼ੇੜੀ ਚਿਹਰਿਆਂ ਤੋਂ ਗੁਜ਼ਰਦਾ, ਗੈਂਗਸਟਰਾਂ ’ਚੋਂ ਹੁੰਦਾ ਹੋਇਆ, ਆਤਮਘਾਤ ਕੋਲ ਆ ਕੇ ਅਜੀਬੋ-ਗਰੀਬ ਜਾਪਣ ਲਗਦਾ ਹੈ। ਫਿਰ ਚਾਰ ਦਹਾਕੇ ਦੀਆਂ ਇਹ ਸੋਚਾਂ ਅਜੀਬ ਕਿਸਮ ਦੀਆਂ ਤਰਤੀਬਾਂ ਵਿਚ ਦਿਸਣ ਲਗਦੀਆਂ ਹਨ। ਇਨਾਂ ’ਚੋਂ ਇਕ ਤਰਤੀਬ ਬਲਕਾਰ ਦੇ ਚਿਹਰੇ ਤੋਂ ਸ਼ੁਰੂ ਹੋ ਕੇ ਹਰਜੀਤ ਤਕ ਆ ਪਹੁੰਚਦੀ ਸੀ। ਇਨਾਂ ਚਿਹਰਿਆਂ ਦੀ ਧਮਕੀ ਵੀ ਚੁਰਾਸੀ ਵਰਗੀ ਹੀ ਸੀ। ਇਹ ਜੀਵਨ ਦੇ ਸਾਰੇ ਵਿਛੋੜਿਆਂ ਨੂੰ ਉਸੇ ਭਾਸ਼ਾ ਨਾਲ ਉਚਾਰਦੇ ਸਨ। ਅਜੀਬ ਗਲ ਸੀ ਜੋ ‘ਸਾਕਾ’ ਕਦੇ ਸਦਮਾ ਬਣਿਆ ਸੀ, ਉਸ ਨੂੰ ਅਗਲੀਆਂ ਪੀੜੀਆਂ ਨੇ ਧਮਕੀ ਵਜੋਂ ਵਰਤਣਾ ਸ਼ੁਰੂ ਕਰ ਦਿਤਾ ਸੀ। ਪਿੰਡ ਨੂੰ ਕੋਈ ਡਰਾ ਰਿਹਾ ਸੀ। ਆਪਣੀ ਕੰਬਣੀ ਨੂੰ ਟੋਹਿਆ। ਕੀ ਸਮਾਉਣੋਂ ਰਹਿ ਗਿਆ ਸੀ। ਇਹ ਆਵਾਜ਼ ਧਸਦੀ-ਧਸਦੀ ਚੁਰਾਸੀ ਤਕ ਜਾ ਪਹੁੰਚੀ। ਇਕ ਸ਼ਬਦ ‘ਚੁਰਾਸੀ’ ਆਪਣੇ ਆਪ ਨੂੰ ਗੁੰਜਾਉਣ ਦਾ ਮੌਕਾ ਹੀ ਭਾਲਦਾ ਰਹਿੰਦਾ ਹੈ। ਪਤਾ ਹੀ ਨਹੀਂ ਲਗਦਾ, ਕਦੋਂ ਇਹ ਅਫ਼ਵਾਹਾਂ ਵਾਂਗ ਸਾਹ ਲੈਣ ਲਗ ਪੈਂਦਾ ਹੈ।”

ਨਾਵਲ ਵਿਚ ਚੁਰਾਸੀ ਦੇ ਅਸਰਾਂ ਦਾ ਪ੍ਰਛਾਵਾਂ ਗਿੰਦੀ ਦੇ ਪਾਤਰ ਰਾਹੀਂ ਸੰਵੇਦਨਸ਼ੀਲ ਰਮਜ਼ਾਂ ਨਾਲ ਸਾਕਾਰ ਹੁੰਦਾ ਹੈ। ਗਿੰਦੀ ਨਸ਼ੇ ਕਰਦਾ ਅਤੇ ਕਬੂਤਰ ਪਾਲ਼ਦਾ ਹੈ। ਉਸ ਦਾ ਪਿਤਾ ਉਸ ਤੋਂ ਰਜ ਕੇ ਔਖਾ ਹੈ। ਆਪਣੇ ਬਾਪ ਨਾਲ਼ ਬਹਿਸ ਕਰਦਾ-ਕਰਦਾ ਉਹ ਚੁਰਾਸੀ ਨੂੰ ਵਿਚ ਲੈ ਆਉਂਦਾ। ਉਸ ਦਾ ਚਾਚਾ ਚੁਰਾਸੀ ਵਿਚ ਅਸਾਲਟਾਂ ਚੁਕੀ ਫ਼ਿਰਦਾ ਸੀ ਤੇ ਅੰਤ ਨੂੰ ਸਾਈਨਾਈਡ ਖਾ ਕੇ ਫ਼ੌਤ ਹੋ ਗਿਆ ਸੀ। ਮੌਤ ਦੀ ਇਹ ਤੋਰ ਅਛੋਪਲੇ ਹੀ ਗਿੰਦੀ ਤਕ ਆ ਪਹੁੰਚਦੀ ਹੈ। ਉਹ ਜਿਸ ਤਰਾਂ ਦਾ ਹੈ, ਉਸ ਵਿਚ ‘ਚੁਰਾਸੀ’ ਦੇ ਹੋਣੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਗਿੰਦੀ ਨੂੰ ਨੀਂਦ ਨਹੀਂ ਆਉਂਦੀ, ਜਦੋਂ ਕਿਤੇ ਨੀਂਦ ਆਉਂਦੀ ਵੀ ਹੈ ਤਾਂ ਉਸ ਨੂੰ ਸੁਪਨੇ ਵਿਚ ਆਪਣੇ ਹਥ ਲਟਕਦੇ ਦਿਖਦੇ ਨੇ, ‘ਜਿਸ ਤਰਾਂ ਬੰਦਾ ਦਰਖ਼ਤ ਉਪਰ ਲਟਕਦਾ ਦਿਖਦਾ।’ ਗਿੰਦੀ ਬਾਬੇ ਬਿਰਸੇ ਨੂੰ ਜਦੋਂ ਹੇਠ ਦਰਜ ਬੋਲਾਂ ਨਾਲ ਸੰਬੋਧਿਤ ਹੁੰਦਾ ਤਾਂ ਪੰਜਾਬ ’ਤੇ ‘ਚੁਰਾਸੀ’ ਦੇ ਅਸਰ ਸਮਝ ਆਉਂਦੇ ਨੇ : ‘‘ਮੈਂ ਹੀ ਨਹੀਂ ਬਾਬੇ ਚਲ ਤੂੰ ਆਪਣੇ ਪੋਤੇ ਤੋਂ ਪੁਛਲੀਂ ਸਾਨੂੰ ਕੋਈ ਬੀਮਾਰੀ ਲਗਗੀ ਤੁਸੀਂ ਸਮਝਦੇ ਕਿਉਂ ਨੀ?” (ਪੰਨਾ 118)

ਨਾਵਲ ਦੀ ਸਮਰਥਾ ਕਿਸਾਨੀ ਜੀਵਨ ਦੀਆਂ ਘਟਨਾਵਾਂ ਤੋਂ ਅਗਾਂਹ ਅਹਿਸਾਸਾਂ/ਅੰਤਰ-ਦਿ੍ਰਸ਼ਟੀਆਂ ਦੀ ਪੇਸ਼ਕਾਰੀ ਵਿਚ ਹੈ। ਘਟਨਾਵਾਂ ਦਿਸਦਾ ਸਚ ਹੁੰਦੀਆਂ ਹਨ, ਕੁਝ ਦਿਸਦੇ ਅਹਿਸਾਸ ਵੀ ਹੁੰਦੇ ਹਨ; ਪਰ ਅਸਲ ਗਲ ਦਿਸਦੇ ਤੋਂ ਅਗਾਂਹ ਅਦਿਸਦੇ ਅਹਿਸਾਸਾਂ/ਅੰਤਰ-ਦਿ੍ਰਸ਼ਟੀਆਂ ਨੂੰ ਸਮਝਣ ਅਤੇ ਕਥਾਕਾਰੀ ਵਿਚ ਪਾਉਣ ਦੀ ਹੁੰਦੀ ਹੈ। ਕਥਾਕਾਰੀ ਦਾ ਪਹਿਲਾ ਮੂਲ ਆਧਾਰ ਬੇਸ਼ਕ ਘਟਨਾਵਾਂ ਹੀ ਹੁੰਦੀਆਂ ਹਨ। ਇਸੇ ਕਾਰਨ ਪੰਜਾਬੀ ਨਾਵਲ ਦੀਆਂ ਬਹੁਤੀਆਂ ਕਥਾਵਾਂ ਘਟਨਾਵਾਂ ਦੀ ਆਸਾਨ ਜਿਹੀ ਜੜਤ ਹੀ ਹਨ। ਪਾਤਰਾਂ ਰਾਹੀਂ ਘਟਦੀਆਂ ਘਟਨਾਵਾਂ ਦੇ ਉਤਰਾਅ-ਚੜਾਅ ਬਿਰਤਾਂਤ ਦੀ ਸਭ ਤੋਂ ਰੌਚਕ ਜੁਗਤ ਹਨ। ਘਟਨਾਵਾਂ ਵਿਚਲੀ ਅਦਭੁਤਤਾ, ਹਿੰਸਾ, ਕਾਮੁਕਤਾ, ਰੁਮਾਂਸ, ਬਹਾਦਰੀ ਬਿਰਤਾਂਤ ਦੀ ਆਧਾਰ-ਭੂਮੀ ਹਨ। ਘਟਨਾਵਾਂ ਦਾ ਨਾਟਕੀ ਟਕਰਾ, ਵਿਰੋਧੀ ਸਥਿਤੀਆਂ ਵਿਚਲਾ ਤਣਾਅ, ਚੰਗੇ ਅਤੇ ਬੁਰੇ ਦੀ ਦੁਵੰਡ, ਨੈਤਿਕ ਅਤੇ ਅਨੈਤਿਕ ਦਾ ਸੰਘਰਸ਼ ਬਿਰਤਾਂਤ ਸਿਰਜਣਾ ਦੀਆਂ ਮੂਲ ਕੜੀਆਂ ਹਨ।

ਇਹ ਗਲ ਧਿਆਨਯੋਗ ਹੈ ਕਿ ਘਟਨਾਵਾਂ ਬਿਰਤਾਂਤ-ਉਸਾਰੀ ਦਾ ਲਾਜ਼ਮੀ ਅੰਗ ਤਾਂ ਹਨ, ਪਰ ਬਿਰਤਾਂਤ ਦੀ ਅਸਲ ਤਾਕਤ ਇਨਾਂ ਤੋਂ ਕਿਤੇ ਅਗਾਂਹ ਵਸਦੀ ਹੈ। ਇਹ ਤਾਕਤ ਅਹਿਸਾਸ ਦੀ ਗਹਿਰਾਈ ਅਤੇ ਵਿਚਾਰ ਦੇ ਨਿਵੇਕਲੇਪਣ ਦੀ ਹੈ। ਅਹਿਸਾਸ ਅਤੇ ਵਿਚਾਰ ਵੀ ਉਹ, ਜਿਸ ਦੀ ਫ਼ਿਤਰਤ ਲੋਕਧਾਰਾਈ ਅਤੇ ਦਾਰਸ਼ਨਿਕ ਹੋਵੇ। ਪਾਠਕ ਨੂੰ ਇਉਂ ਪ੍ਰਤੀਤ ਹੋਵੇ ਕਿ ਇਹ ਹੈ ਤਾਂ ਵਿਲਖਣ ਪਰ ਓਪਰੇ ਨਹੀਂ। ਇਉਂ ਲਗੇ ਜਿਵੇਂ ਲੋਕ-ਪ੍ਰਤਿਭਾ ਵਿਚੋਂ ਇਹ ਸਹਿਜੇ ਹੀ ਜਨਮੇ ਹਨ। ਵਡਾ ਕਥਾਕਾਰ ਲੋਕ-ਧਾਰਾਈ ਪ੍ਰਤਿਭਾ ਦਾ ਮਾਲਕ ਵੀ ਹੁੰਦਾ ਹੈ। ਜਸਬੀਰ ਮੰਡ ਅਜਿਹਾ ਹੀ ਕਥਾਕਾਰ ਹੈ। ਉਸ ਦੀ ਕਥਾਕਾਰੀ ਵਿਚ ਘਟਨਾਵਾਂ ਕਥਾ ਦਾ ਮੂਲ ਆਧਾਰ ਨਹੀਂ ਹਨ। ਉਹ ਪਾਠਕ ਨੂੰ ਘਟਨਾਵੀਂ ਰਸ ਰਾਹੀਂ ਰੁਝਾਉਣ ਦੇ ਚਕਰ ਵਿਚ ਨਹੀਂ ਪੈਂਦਾ। ਉਹ ਕਿਸਾਨੀ ਜੀਵਨ ਦੇ ਅਹਿਸਾਸਾਂ ਅਤੇ ਵਿਚਾਰਧਾਰਕ ਨੁਕਤਿਆਂ ਨੂੰ ਨਵੀਂ ਤਰਾਂ ਦੀ ਭਾਸ਼ਾ ਨਾਲ ਉਭਾਰਦਾ ਹੈ। ਇਸ ਭਾਸ਼ਾ ਵਿਚ ਦਰਾਸ਼ਨਿਕ ਸੂਝ ਵੀ ਰਮੀ ਹੋਈ ਹੈ। ਇਹੀ ਇਸ ਕਥਾ ਨੂੰ ਪਾਰਕਾਲੀ ਬਣਾਉਂਦੀ ਹੈ। ਦਾਰਸ਼ਨਿਕ ਗਹਿਰਾਈਆਂ ਨਾਵਲ ਵਿਚ ਥਾਂ-ਪੁਰ-ਥਾਂ ਵਿਦਮਾਨ ਹਨ:

‘‘ਇਹ ਜੀਵਨ ਸੀ। ਇਹ ਅਤੀਤ ਨਹੀਂ ਵਰਤਮਾਨ ਵੀ ਸੀ। ਇਸ ਦੁਖ ਨੂੰ ਰੋਜ਼ ਸਮਝਣਾ ਪੈਂਦਾ ਸੀ।” (ਪੰਨਾ- 05)

‘ਰੂਹ ਦਾ ਸਾਕ ਅਕਾਸ਼ ਨਾਲ ਹੈ, ਪਰ ਬੰਦਾ ਮੋਹ ਮਿਟੀ ਨਾਲ਼ ਕਰੀ ਜਾਂਦਾ ਹੈ” । (ਪੰਨਾ- 16)

‘‘ਦੇਖੋ ਬੀਜ ਜੰਮਣ ਵੇਲ਼ੇ ਤੋਂ ਹੀ ਦੋ ਹਿਸਿਆਂ ਵਿਚ ਵੰਡ ਹੋ ਜਾਂਦਾ, ਇਕ ਹਿਸਾ ਥਲੇ ਧਰਤੀ ਵਲ ਹੋ ਲੈਂਦਾ ਤੇ ਦੂਜਾ ਉਪਰ ਸੂਰਜ ਵਲ ਚਲ ਪੈਂਦਾ। ਹੋਰ ਊਂਈ ਤਾਂ ਨਹੀਂ ਇਹ ਹਰੇ ਪਤੇ ਸੂਰਜ ਅਗੇ ਝੂਮਦੇ।” ਉਹ ਥੋੜੀ ਦੇਰ ਗਲ ਪੂਰੀ ਕਰਨ ਲਈ ਰੁਕਦਾ, “ਪਰ ਭਾਈ ਕਈ ਵਾਰ ਬੰਦਾ ਸਿਰਫ਼ ਉਪਰ ਜਾਣ ਨੂੰ ਹੀ ਲੋਚਦਾ ਓਸੇ ਨੂੰ ਹੀ ਹੋਛਾ ਕਹਿੰਦੇ।” (ਪੰਨਾ- 46)

“ਇਹ ਸਰੀਰ ਵੀ ਜ਼ਮੀਨ ਵਰਗਾ ਹੀ ਹੈ, ਖਾਲੀ ਰਖੋ ਤਾਂ ਗੁਨਾਹ ਜੰਮਦਾ ਹੈ।”

ਮੰਡ ਦੀ ਕਥਾਕਾਰੀ ਦਾ ਆਕਰਸ਼ਨ ਇਹਦੀ ਗਲਪੀ ਭਾਸ਼ਾ ਦਾ ਨਵਾਂ ਹੋਣ ਵਿਚ ਹੈ। ਭਾਸ਼ਾ ਦੀ ਮੌਲਿਕਤਾ ਪ੍ਰਚਲਿਤ ਤੋਂ ਖਹਿੜਾ ਛੁਡਾਉਂਦੀ ਹੈ। ਪ੍ਰਚਲਿਤ ਭਾਸ਼ਾ, ਪ੍ਰਚਲਿਤ ਵਿਚਾਰਾਂ ਨੂੰ ਹੀ ਪੇਸ਼ ਕਰਨ ਦੇ ਸਮਰਥ ਹੁੰਦੀ ਹੈ। ਪ੍ਰਚਲਿਤ ਤਬਦੀਲੀ ਦੀ ਸੰਭਾਵਨਾ ਤੋਂ ਕੋਰਾ ਹੁੰਦਾ ਹੈ। ਤਬਦੀਲੀ ਲਈ ਹਮੇਸ਼ਾਂ ਨਵੇਂ ਦੀ ਲੋੜ ਹੁੰਦੀ ਹੈ। ਨਵੇਂ ਦੀ ਲੋੜ ਵਿਚ ਭਾਸ਼ਾ ਦਾ ਨਵਾਂਪਣ ਸਭ ਤੋਂ ਉਚੇਰਾ ਸਥਾਨ ਰਖਦਾ ਹੈ। ‘ਆਖਰੀ ਬਾਬੇ’ ਨਾਵਲ ਵਿਚ ਥਾਂ-ਪੁਰ-ਥਾਂ ਨਵੀਂ ਭਾਸ਼ਾ ਦਾ ਜਲੌਅ ਦੇਖਿਆ ਜਾ ਸਕਦਾ ਹੈ। ਮੰਡ ਬਹੁਤ ਸਾਰੀਆਂ ਘਟਨਾਵਾਂ ਨੂੰ ਤੇਜ਼ ਗਤੀ ਵਿਚ ਕਹਿਣ ਦੀ ਬਜਾਇ ਕਥਾ ਨੂੰ ਮਠਾਰ ਕੇ, ਗਹਿਰਾ ਕੇ ਪੇਸ਼ ਕਰਦਾ ਹੈ। ਕਥਾ ਦੀ ਧੀਮੀ ਗਤੀ ਅਹਿਸਾਸਾਂ, ਸੁਆਲਾਂ ਅਤੇ ਦਾਰਸ਼ਨਿਕ ਧੁਨਾਂ ਨੂੰ ਲੋੜੀਂਦੀ ਥਾਂ ਅਤੇ ਗਹਿਰਾਈ ਪ੍ਰਦਾਨ ਕਰਦੀ ਹੈ।

ਇਸ ਨਾਵਲ ਵਿਚ ਗਲਪੀ ਭਾਸ਼ਾ ਦਾ ਜਲੌਅ ਘਾੜ ਦੇ ਇਲਾਕੇ ਦੀ ਸਥਾਨਿਕਤਾ ਰਾਹੀਂ ਵੀ ਸਾਕਾਰ ਹੁੰਦਾ ਹੈ। ਨਾਵਲ ਦੇ ਪਾਤਰਾਂ ਦੀ ਭਾਸ਼ਾ ਧਰਤੀ ਨਾਲ ਜੁੜੇ ਬੰਦੇ ਦੀ ਭਾਸ਼ਾ ਹੈ। ਖਾਸ ਕਰ ਬਾਬੇ ਬਿਰਸੇ ਅਤੇ ਬੇਬੇ ਪ੍ਰਸਿੰਨੀ ਦੀ ਭਾਸ਼ਾ। ਪਾਤਰ ਜਦੋਂ ਆਪਣੀ ਸਥਾਨਿਕ ਭਾਸ਼ਾ ਬੋਲਦੇ ਨੇ ਤਾਂ ਉਸ ਵਿਚਲਾ ਰਸ, ਉਸ ਵਿਚਲੀਆਂ ਗਹਿਰਾਈਆਂ, ਸਹਿਜ ਸਮਾਏ ਜ਼ਿੰਦਗੀ ਦੇ ਤਤ-ਸਾਰ ਦਿਲ ਨੂੰ ਧੂਹ ਪਾਉਂਦੇ ਹਨ। ਪਾਤਰਾਂ ਦੀ ਬੋਲੀ ਦਸਦੀ ਹੈ ਕਿ ਇਹ ਬੜੇ ਭਰੇ-ਪੂਰੇ ਲੋਕ ਸਨ, ਇਨਾਂ ਨੇ ਆਪਣੀ ਭਾਸ਼ਾ ਵਿਚ ਸਭ ਸਿਰਜਿਆ ਹੋਇਆ ਸੀ। ਜ਼ਿੰਦਗੀ ਦੀ ਸੂਖ਼ਮ ਤੋਂ ਸੂਖ਼ਮ ਗਲ ਨੂੰ ਇਨਾਂ ਦੀ ਭਾਸ਼ਾ ਨੇ ਬੇਹਦ ਸਰਲਤਾ ਨਾਲ ਬਿਆਨ ਕਰ ਦੇਣ ਦਾ ਵਲ ਸਿਖ ਲਿਆ ਹੋਇਆ ਸੀ। ਮਿਸਾਲ ਵਜੋਂ ਬੇਬੇ ਪ੍ਰਸਿੰਨੀ ਦੇ ਆਪਣੀ ਪੋਤੀ ਪ੍ਰਭਜੀਤ (ਜਿਸ ਦਾ ਆਪਣੇ ਪਤਿ ਨਾਲ ਝਗੜਾ ਸੀ) ਨੂੰ ਕਹੇ ਇਹ ਬੋਲ ਦੇਖੇ ਜਾ ਸਕਦੇ ਹਨ: “ਧੀਏ ਹੁਣ ਤੇਰਾ ਠਰ ਫੁਟਿਆ ਜੇ ਪਹਿਲਾਂ ਹੀ ਕੋਸੀ ਹੋ ਕੇ ਰਹਿੰਦੀ ।” (ਪੰਨਾ-80)

ਇਸ ਨਾਵਲ ਵਿਚ ਕਿਸਾਨੀ ਦੇ ਪਰਿਵਤਰੵੵਨ ਨੂੰ ਕੰਕਰੀਟ ਦੇ ਬਲਦਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਪਾਣੀ ਦੀ ਟੈਂਕੀ ਦੇ ਰੂਪ ਵਿਚ ਛਤ ’ਤੇ ਖੜੇ ਕੀਤੇ ਕੰਕਰੀਟ ਦੇ ਬਲਦ ਕਿਸਾਨੀ ਦੇ ਸਮਕਾਲੀ ਸੁਭਾਅ ਨੂੰ ਚਿੰਨਤ ਕਰਦੇ ਹਨ। ਇਹ ਜਿਉਂਦੀਆਂ-ਜਾਗਦੀਆਂ ਧਿਰਾਂ/ਸਾਂਝਾਂ ਨੂੰ ਜੜ ਕਰ ਦਿਤੇ ਜਾਣ ਦੀ ਪ੍ਰਕਿਰਿਆ ਦਾ ਚਿਹਨ ਹੈ। ਤਾਕਤਵਰ ਚਿਹਨ ਸਿਰਜਣਾ ਅੰਦਰ ਇਹ ਸਮਰਥਾ ਹੁੰਦੀ ਹੈ ਕਿ ਥੋੜੇ ਨਾਲ ਬਹੁਤਾ ਸੰਚਾਰ ਦਿਤਾ ਜਾਂਦਾ ਹੈ। ਬਲਦਾਂ ਦੇ ਰੂਪ ਨੂੰ ਟੈਂਕੀ ਵਿਚ ਤਬਦੀਲ ਕਰ ਦੇਣਾ ਕਿਸਾਨੀ ਵਿਚਲੇ ਪਰਿਵਤਰਨ ਦੀ ਸਮੁਚੀ ਪ੍ਰਕਿਰਿਆ ਦਾ ਮੂਲ ਹੈ। ਨਾਵਲ ਵਿਚ ਇਸ ਦਾ ਇਸ ਤਰਾਂ ਜ਼ਿਕਰ ਆਉਂਦਾ ਹੈ : ‘ ‘ਇਕ ਖੇਤਾਂ ਵਿਚ ਤੁਰਦਾ ਫਿਰਦਾ ਆਕਾਰ ਕਿਵੇਂ ਕੰਕਰੀਟ ਵਿਚ ਬਦਲ ਗਿਆ, ਇਹ ਭੁਲਾਇਆ ਨਹੀਂ ਸੀ ਜਾ ਸਕਦਾ। ”(ਪੰਨਾ-33)

ਇਸ ਨਾਵਲ ਦਾ ਪਾਠਕ ਨਾਲ ਸੰਵਾਦ ਬੇਹਦ ਸੰਵੇਦਨਸ਼ੀਲ ਅਤੇ ਦਾਰਸ਼ਨਿਕ ਹੈ। ਸੰਵਾਦ ਵਿਚ ਤੀਬਰ ਅਹਿਸਾਸ ਅਤੇ ਗਹਿਰੀ ਬੌਧਿਕਤਾ ਸ਼ਾਮਿਲ ਹੈ। ਨਾਵਲ ਵਿਚ ਇਕ ਵੀ ਜਗਾ ਅਜਿਹੀ ਨਹੀਂ ਹੈ, ਜਿਥੇ ਪਾਠਕ ਨੂੰ ਰੁਝਾਉਣ ਦੇ ਮਨਸ਼ੇ ਨਾਲ਼ ਕੋਈ ਹਲਕੀ ਗਲ ਕੀਤੀ ਗਈ ਹੋਵੇ। ਇਸ ਤਰਾਂ ਦੀ ਕਥਾਕਾਰੀ ਪਾਠਕ ਨੂੰ ਵੀ ਸਤਿਕਾਰ ਦਿੰਦੀ ਹੈ। ਪਾਠਕ ਗਹਿਰੀ ਸੰਵੇਦਨਾ ਅਤੇ ਉਚੇਰੀ ਬੌਧਿਕਤਾ ਵਾਲ਼ੀ ਧਿਰ ਦੇ ਰੂਪ ਵਿਚ ਸਥਾਪਿਤ ਹੁੰਦਾ ਹੈ।

ਜਸਬੀਰ ਮੰਡ ਰਚਿਤ ‘ਆਖਰੀ ਬਾਬੇ’ ਪੰਜਾਬੀ ਨਾਵਲਕਾਰੀ ਵਿਚ ਵਾਹਦ ਅਜਿਹਾ ਨਾਵਲ ਹੈ, ਜਿਹੜਾ ਖੇਤਾਂ ਦੁਆਲੇ, ਖੇਤਾਂ ਵਿਚ ਘਟਦਾ ਹੈ। ਕਿਸਾਨੀ ਬਾਬਤ ਨਾਵਲ ਤਾਂ ਹੋਰ ਵੀ ਬਹੁਤ ਹਨ, ਪਰ ਉਨਾਂ ਦੇ ਕੇਂਦਰ ਵਿਚ ਖੇਤੀ ਨਹੀਂ ਹੈ। ਇਹ ਨਾਵਲ ਕਿਸਾਨੀ ਅਤੇ ਭੋਇੰ ਦੀ ਕਥਾ ਹੈ, ਇਸ ਵਿਚ ਹੋਰ ਪ੍ਰਸੰਗਾਂ ਦੀ ਸ਼ਮੂਲੀਅਤ ਨਾ-ਮਾਤਰ ਹੈ। ਭੋਇੰ ਦੇ ਰੰਗ-ਰੂਪ, ਫ਼ਸਲਾਂ ਦਾ ਵਿਗਸਣਾ, ਮੁਕ ਜਾਣਾ, ਸੰਦਾਂ/ਮਸ਼ੀਨਰੀ ਦਾ ਆਉਣਾ/ਜਾਣਾ ਇਸ ਨਾਵਲ ਦੇ ਕੇਂਦਰੀ ਜੁਜ਼ ਹਨ। ਮਿਸਾਲ ਵਜੋਂ ਨਾਵਲ ਦੇ ਪੰਨਾ 3 ਉਤੇ ਦਰਜ ਇਹ ਉਚਾਰ ਦੇਖਿਆ ਜਾ ਸਕਦਾ ਹੈ :

ਟਰੈਕਟਰ ਦੀ ਆਵਾਜ਼ ਥੋੜੀ ਧੀਮੀ ਹੋ ਗਈ ਸੀ। ਗਾਹਣ ਦਾ ਦੂਹਰਾ, ਤੀਹਰਾ ਸੁਹਾਗਾ ਵਜ ਰਿਹਾ ਸੀ। ਧਰਤੀ ਨੇ ਆਪਣੇ ਤਲ ਨੂੰ ਸਖ਼ਤ ਕਰ ਲਿਆ ਸੀ। ਹੁਣ ਮਿਟੀ ਆਪਣੀ ਮਰਜ਼ੀ ਨਾਲ ਪਾਣੀ ਨਹੀਂ ਸੀ ਪੀ ਸਕਦੀ। ਟਰੈਕਟਰ ’ਤੇ ਬੈਠੇ ਪੋਤੇ ਹਰਜੀਤ ਦੀ ਵੀ ਇਹੋ ਇਛਾ ਸੀ। ਧਰਤੀ ਦੇ ਮੂੰਹ ਉਤੇ ਧਾਤ ਦੀ ਇਕ ਗੁਲਾਈ ਘੁੰਮ ਰਹੀ ਸੀ। ਕਈ ਵਾਰੀ ‘ਬੈੜ’ ਏਨੇ ਲਿਬੜ ਜਾਂਦੇ, ਜਾਪਦਾ ਮਿਟੀ ਹੀ ਘੁੰਮਣ ਲਗ ਪਈ ਹੈ। ਡੌਲਾਂ ਲਿਪਦੇ ਬਾਬੇ ਕੋਲ਼ੋਂ ਕਈ ਵਾਰ ਬੈੜ ਖਹਿ ਕੇ ਲੰਘਿਆ ਤਾਂ ਹਰਜੀਤ ਉਚੀ ਸਾਰੀ ਬੋਲਿਆ ਸੀ, “ਤੂੰ ਟਰੈਕਟਰ ਥਲੇ ਆ ਜਾਣਾ ।” ਦਾਦੇ ਦਾ ਉਤਰ ਤਾਂ ਉਹਨੇ ਸੁਣਨਾ ਹੀ ਨਹੀਂ ਸੀ।

ਇਸ ਨਾਵਲ ਨੂੰ ਪੜਨ ਤੋਂ ਬਾਅਦ ਆਪਣੇ ਬਜ਼ੁਰਗ, ਆਪਣੀ ਭੋਇੰ, ਆਪਣਾ ਸਮੁਚਾ ਆਲਾ-ਦੁਆਲਾ ਵਖਰੀ ਤਰਾਂ ਨਜ਼ਰ ਆਉਣ ਲਗਦਾ ਹੈ। ਇਸ ਕਥਾਕਾਰੀ ਵਿਚੋਂ ਗੁਜ਼ਰ ਕੇ ਇਨਾਂ ਨਾਲ ਮੁਹਬਤ ਹੋ ਜਾਂਦੀ ਹੈ। ਇਹ ਨਾਵਲ ਆਪਣੀ ਭੋਇੰ ਨੂੰ, ਖੇਤੀ ਨੂੰ ਅਤੇ ਸਮੁਚੇ ਚੁਗਿਰਦੇ ਨੂੰ ਦੇਖਣ ਦੀ ਇਕ ਵਿਲਖਣ ਨਜ਼ਰ ਦਿੰਦਾ ਹੈ। ਇਹ ਖ਼ਿਆਲ ਵਾਰ-ਵਾਰ ਮਨ ਵਿਚ ਅੰਗੜਾਈਆਂ ਲੈਂਦਾ ਹੈ ਕਿ ਕੀ ਖੇਤੀ ਨੂੰ, ਜ਼ਮੀਨ ਨੂੰ ਅਤੇ ਆਪਣੇ ਪ੍ਰਕਿ੍ਰਤਕ ਆਲੇ-ਦੁਆਲੇ ਨੂੰ ਇਸ ਤਰਾਂ ਵੀ ਅਪਣਾਇਆ/ਹੰਢਾਇਆ ਜਾ ਸਕਦਾ ਹੈ। ਬਾਬਾ ਬਿਰਸਾ ਖੇਤਾਂ ਨੂੰ, ਖੇਤੀ ਦੇ ਸੰਦਾਂ ਨੂੰ, ਮੌਤ ਨੂੰ, ਆਪਣੇ ਸੰਗੀਆਂ ਨੂੰ, ਕੀੜਿਆਂ-ਮਕੌੜਿਆਂ, ਪਸ਼ੂਆਂ-ਪੰਛੀਆਂ ਨੂੰ ਜਿਸ ਤਰਾਂ ਨਿਹਾਰਦਾ ਅਤੇ ਸੋਚਦਾ ਹੈ, ਉਹ ਬਹੁਤ ਗਹਿਰਾ, ਅਨੋਖਾ ਅਤੇ ਖਿਚਪਾਊ ਹੈ। ਕਥਾ ਦਾ ਅਨੁਭਵ ਪਾਠਕ ਦੀ ਯਾਦ ਵਿਚ ਬਾਬੇ ਬਿਰਸੇ ਦੇ ਜਿਉਣ ਨੂੰ ਵਸਾ ਦਿੰਦਾ ਹੈ। ਯਾਦ ਦੇ ਇਸ ਰੂਪ ਵਿਚ ਉਸ ਦੇ ਹੋਣ ਨੂੰ ਘੜਨ ਦੀ ਸਮਰਥਾ ਹੈ। ਯਾਦਾਂ ਦੀ ਇਹ ਬਿਰਤਾਂਤਕਾਰੀ ਪੰਜਾਬੀ ਬੰਦੇ ਦੀਆਂ ਕਾਮਨਾਵਾਂ ਨੂੰ ਨਵੀਂ ਤਰਾਂ ਨਾਲ਼ ਵਿਉਂਤਦੀ ਹੈ।

ਕੁੱਲ ਮਿਲਾ ਕੇ, ਇਹ ਨਾਵਲ ਪੰਜਾਬ ਦੀ ਸਭਿਆਚਾਰਕ ਯਾਦ ਹੈ, ਇਹ ਉਸ ਦਾ ਸਭਿਆਚਾਰਕ ਸਰਮਾਇਆ ਹੈ। ਪੰਜਾਬ ਦੀ ਕਿਸਾਨੀ ਦੇ ਕਦੀਮੀ ਸੁਭਾਅ ਨੂੰ ਯਾਦ ਕਰਾਉਣਾ, ਇਸ ਦਾ ਸਭ ਤੋਂ ਵਡਾ ਹਾਸਿਲ ਹੈ। ਇਸ ਵਿਚ ਪੰਜਾਬ ਦੀ ਕਿਸਾਨੀ ਦਾ ਬਹੁਤ ਕੁਝ ਸਾਂਭਿਆ ਗਿਆ ਹੈ। ਸੰਕਲਪ ਅਤੇ ਅਰਥ ਹੀ ਨਹੀਂ ਸਾਂਭੇ, ਕਿਸਾਨੀ ਦੇ ਸੰਦ, ਗੁਜ਼ਰ ਗਈਆਂ ਫ਼ਸਲਾਂ, ਬੀਤ ਗਏ ਦਰਖਤ ਵੀ ਸਾਂਭ ਲਏ ਗਏ ਹਨ। ਪੰਜਾਬ ਵਿਚ ਰੁਚੀ ਰਖਣ ਵਾਲ਼ੇ, ਅਜ ਦੇ ਅਤੇ ਆਉਣ ਵਾਲ਼ੇ ਕਲ ਦੇ, ਹਰ ਬਸ਼ਿੰਦੇ ਲਈ ਇਹ ਨਾਵਲ ਕੀਮਤੀ ਸਰਮਾਇਆ ਬਣਿਆ ਰਹੇਗਾ।

ਸਮਾਂ ਬੀਤਣ ਨਾਲ ਇਸ ਨਾਵਲ ਦੀ ਮਹਤਤਾ ਦੇ ਹੋਰ ਪਾਸਾਰ ਉਜਾਗਰ ਹੁੰਦੇ ਰਹਿਣੇ ਹਨ।