ਐਨ.ਆਈ.ਏ. ਵਲੋਂ ਜਲਾਲਾਬਾਦ ਆਈ.ਈ.ਡੀ. ਧਮਾਕੇ ਮਾਮਲੇ 'ਵਿਚ ਮਾਰੇ ਛਾਪੇ

ਐਨ.ਆਈ.ਏ. ਵਲੋਂ ਜਲਾਲਾਬਾਦ ਆਈ.ਈ.ਡੀ. ਧਮਾਕੇ ਮਾਮਲੇ 'ਵਿਚ ਮਾਰੇ ਛਾਪੇ

*ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਾਂ, ਗੋਲਾ ਬਾਰੂਦ ਤੇ ਹੋਰ ਅਪਰਾਧਕ ਦਸਤਾਵੇਜ ਜ਼ਬਤ ਕੀਤੇ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਪਿਛਲੇ ਸਾਲ ਪੰਜਾਬ ਦੇ ਜਲਾਲਾਬਾਦ 'ਵਿਚ ਹੋਏ ਬੰਬ ਧਮਾਕੇ ਮਾਮਲੇ ਦੇ ਸੰਬੰਧ ਵਿਚ ਕੌਮੀ ਜਾਂਚ ਏਜੰਸੀ ਵਲੋਂ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨ ਤਾਰਨ ਵਿਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ।ਐਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਨੇੜੇ ਬਜਾਜ ਪਲੈਟੀਨਾ ਮੋਟਰਸਾਈਕਲ 'ਤੇ ਹੋਏ ਧਮਾਕੇ ਨਾਲ ਸੰਬੰਧਤ ਹੈ । ਐਨ.ਆਈ.ਏ. ਨੇ ਕਿਹਾ ਕਿ ਦੋਸ਼ੀ ਪਾਕਿਸਤਾਨ ਸਥਿਤ ਖਾੜਕੂਆਂ ਤੇ ਤਸਕਰਾਂ ਦੇ ਸੰਪਰਕ 'ਵਿਚ ਸਨ ਅਤੇ ਹਥਿਆਰਾਂ ਅਤੇ ਧਮਾਕਾਖੇਜ਼ ਸਮਗਰੀ ਦੀ ਵਰਤੋਂ ਕਰਕੇ  ਹਿੰਸਕ ਹਮਲਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਸਨ ।ਐਨ.ਆਈ.ਏ. ਅਨੁਸਾਰ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਾਂ (ਮੋਬਾਈਲ ਫੋਨ, ਸਿਮ ਕਾਰਡ, ਮੈਮਰੀ ਕਾਰਡ, ਡੀ.ਵੀ.ਆਰ.), ਗੋਲਾ ਬਾਰੂਦ ਅਤੇ ਹੋਰ ਅਪਰਾਧਕ ਦਸਤਾਵੇਜ਼/ਸਮੱਗਰੀ ਜ਼ਬਤ ਕੀਤੀ ਗਈ ਹੈੈ ।

ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ ਜ਼ਿਲ੍ਹਿਆਂ ’ਵਿਚ ਛਾਪੇ 

  ਸੂਤਰ ਦੱਸਦੇ ਹਨ ਕਿ ਐੱਨਆਈਏ ਨੇ ਕੁਝ ਸਮਾਂ ਪਹਿਲਾਂ ਕਰਨਾਲ ਵਿਚ ਧਮਾਕਾਖੇਜ਼ ਸਮੱਗਰੀ ਤੇ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤੇ ਚਾਰ ਖਾੜਕੂਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸੀ। ਇਸ ਮਾਮਲੇ ’ਵਿਚ ਕੁਝ ਹੋਰ ਸੂਚਨਾਵਾਂ ਮਿਲਣ ਮਗਰੋਂ ਐੱਨਆਈਏ ਦੀਆਂ ਟੀਮਾਂ ਵੱਲੋਂ ਬੀਤੇ ਦਿਨ ਦੀ ਕਾਰਵਾਈ ਕੀਤੀ ਗਈ ਹੈ। ਐੱਨਆਈਏ ਦੀ ਟੀਮ ਨੇ ਲੁਧਿਆਣਾ ਦੇ ਭੱਟੀਆਂ ਇਲਾਕੇ ਵਿਚ ਛਾਪਾ ਮਾਰਿਆ ਪਰ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ’ਵਿਚ ਕੁਝ ਪਤਾ ਨਹੀਂ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲੀਸ ਵੱਲੋਂ ਕਰਨਾਲ ਵਿੱਚ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਸਮੇਤ ਫੜੇ ਗਏ ਚਾਰ ਖਾੜਕੂਆਂ ਵਿਚੋਂ ਇੱਕ ਲੁਧਿਆਣਾ ਦੇ ਪਿੰਡ ਭੱਟੀਆਂ ਦਾ ਭੁਪਿੰਦਰ ਸਿੰਘ ਸੀ। ਵੱਖ ਵੱਖ ਏਜੰਸੀਆਂ ਨੇ ਭੁਪਿੰਦਰ ਸਿੰਘ ਦੇ ਘਰ ਦੀ ਤਲਾਸ਼ੀ ਲਈ ਪਰ ਇਸ ਦੌਰਾਨ ਕੁਝ ਵੀ ਨਾ ਮਿਲਣ ਮਗਰੋਂ ਇਹ ਕੇਸ ਐਨਆਈਏ ਕੋਲ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਦੀ ਟੀਮ ਨੇ ਭੱਟੀਆਂ ਸਥਿਤ ਭੁਪਿੰਦਰ ਸਿੰਘ ਦੇ ਘਰ ਦੀ ਚੈਕਿੰਗ ਕੀਤੀ ਤੇ ਪਰਿਵਾਰ ਤੋਂ ਪੁੱਛ ਪੜਤਾਲ ਵੀ ਕੀਤੀ।

ਐਨਆਈਏ  ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ’ਵਿਚ ਕੁਝ ਥਾਵਾਂ ਤੇ ਛਾਪੇ ਮਾਰੇ ਗਏ ਹਨ।  ਜਾਣਕਾਰੀ ਦੇ ਮੁਤਾਬਿਕ ਇਹ ਟੀਮ ਪੰਜਾਬ ਸਮੇਤ ਕੁਝ ਹੋਰ ਰਾਜਾਂ ਦੀ ਪੁਲੀਸ ਨੂੰ ਲੋੜੀਂਦੇ ਖਾੜਕੂ ਹਰਵਿੰਦਰ ਸਿੰਘ ਰਿੰਦਾ ਨਾਲ ਸਬੰਧ ਰੱਖਣ ਵਾਲੇ ਉਸ ਦੇ ਸਾਥੀਆਂ ਦੀ ਤਲਾਸ਼ ਕਰ ਰਹੀ ਹੈ। ਟੀਮ ਨੇ ਲੰਘੇ ਕੱਲ੍ਹ ਫ਼ਿਰੋਜ਼ਪੁਰ ਦੇ ਇੱਕ ਨੌਜਵਾਨ ਸੁਖਬੀਰ ਸਿੰਘ ਜਸ਼ਨ ਦੇ ਘਰ ਵੀ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲਿਆ। ਹਰਿਆਣਾ ਦੇ ਕਰਨਾਲ ਵਿਚ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਫੜੇ ਜਾਣ ਮਗਰੋਂ ਜਸ਼ਨ ਸਮੇਤ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਝ ਨੌਜਵਾਨਾਂ ਦਾ ਨਾਂ ਸਾਹਮਣੇ ਆਇਆ ਸੀ। ਜਸ਼ਨ ਉਸ ਦਿਨ ਤੋਂ ਫ਼ਰਾਰ ਦੱਸਿਆ ਜਾਂਦਾ ਹੈ। ਜਸ਼ਨ ਦਾ ਪਿਤਾ ਵੀ ਕਈ ਗੰਭੀਰ ਕੇਸਾਂ ਵਿੱਚ ਜੇਲ੍ਹ ਵਿਚ ਹੈ। 

 ਗੁਰਵਿੰਦਰ ਸਿੰਘ ਬਾਬਾ ਦੇ ਘਰ ਪਹੁੰਚੀ ਟੀਮ

 ਗੁਰਦਾਸਪੁਰ ਦੇ ਪਿੰਡ ਪੀਰਾਂਬਾਗ ਵਿਖੇ  ਤੜਕਸਾਰ ਦਿੱਲੀ ਤੋਂ ਆਈ ਐੱਨਆਈਏ ਦੀ ਇਕ ਟੀਮ ਨੇ ਕਈ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਗੁਰਵਿੰਦਰ ਸਿੰਘ ਬਾਬਾ ਦੇ ਘਰ ਵਿਖੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਦੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਕਰਨਾਲ ਪੁਲੀਸ ਦੀ ਹਿਰਾਸਤ ਵਿਚ ਹੈ। ਤਫ਼ਤੀਸ਼ ਦੇ ਚੱਲਦਿਆਂ ਐਨਆਈਏ ਦੀ ਇਕ ਟੀਮ ਨੇ  ਉਸ ਦੇ ਪਿੰਡ ਪੀਰਾਂਬਾਗ ਵਿਖੇ ਪਹੁੰਚ ਕੇ ਉਸ ਦੇ ਘਰ ਛਾਪਾ ਮਾਰਿਆ। ਘਰ ਵਿੱਚ ਉਸ ਦੀ ਬਜ਼ੁਰਗ ਮਾਤਾ ਹੀ ਮੌਜੂਦ ਸੀ। ਟੀਮ ਦੇ ਮੈਂਬਰਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ਵਿੱਚ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਨੂੰ ਹੋਰ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ।