ਨਿਊਜ਼ੀਲੈਂਡ ਪਾਰਲੀਮੈਂਟ ਨੇ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦਾ ਧੰਨਵਾਦ ਕੀਤਾ

ਨਿਊਜ਼ੀਲੈਂਡ ਪਾਰਲੀਮੈਂਟ ਨੇ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦਾ ਧੰਨਵਾਦ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ 'ਚ ਨਿਭਾਈ ਭੂਮਿਕਾ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵਲੋਂ ਜਥੇਬੰਦਕ ਤੌਰ 'ਤੇ ਪੂਰੇ ਨਿਊਜ਼ੀਲੈਂਡ ਵਿਚ ਲੋੜਵੰਦ 25,000 ਤੋਂ ਵੱਧ ਪਰਵਾਰਾਂ ਨੂੰ ਵੰਡੀਆਂ ਫ਼ੂਡ ਕਿੱਟਾਂ, ਜਿਨ੍ਹਾਂ ਦੀ ਪਹੁੰਚ ਤਕਰੀਬਨ ਦੋ ਲੱਖ ਲੋਕਾਂ ਤਕ ਹੋਈ ਬਾਬਤ 2 ਜੂਨ ਨੂੰ ਵਿਗਰਮ ਤੋਂ ਲੇਬਰ ਐਮ.ਪੀ. ਅਤੇ ਹਾਊਸਿੰਗ ਮਨਿਸਟਰ ਡਾ. ਮੈਗਿਨ ਵੁੱਡ ਵਲੋਂ ਇਕ ਧੰਨਵਾਦੀ ਮਤਾ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਲਿਆਂਦਾ ਗਿਆ, ਜਿਸ ਨੂੰ ਉਥੋਂ ਦੀ ਪਾਰਲੀਮੈਂਟ ਵਲੋਂ ਪਾਸ ਕਰਦਿਆਂ ਸਿੱਖ ਭਾਈਚਾਰੇ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਸੰਸਥਾਵਾਂ ਵਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਇਸ ਸੰਕਟ ਦੌਰਾਨ ਕੀਤੀ ਸੇਵਾ ਲਈ ਸਰਕਾਰੀ ਮਦਦ ਦੀ ਵੀ ਪੇਸ਼ਕਸ਼ ਕੀਤੀ ਸੀ। ਜਿਸ ਨੂੰ ਸੁਸਾਇਟੀ ਵਲੋਂ ਨਿਮਰਤਾ ਸਹਿਤ ਨਾਂਹ ਕਹਿ ਦਿਤੀ ਗਈ ਸੀ ਕਿਉਂਕਿ ਗੁਰੂ ਨਾਨਕ ਦੇ ਲੰਗਰ ਸਦੀਵੀ ਸੰਗਤ ਦੇ ਸਹਿਯੋਗ ਨਾਲ ਲਗਦੇ ਹਨ, ਇਹ ਇਕ ਇਤਿਹਾਸਕ ਪਰੰਪਰਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੀ ਮਾਣਮੱਤੀ ਇਤਿਹਾਸਕ ਪਰੰਪਰਾ ਵਜੋਂ ਹੀ ਵੇਖਿਆ ਜਾਵੇ।

ਇਸ ਮਤੇ ਦੇ ਪਾਸ ਹੋਣ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਅਤੇ ਉਕਤ ਇਤਿਹਾਸਕ ਸੇਵਾ ਦੌਰਾਨ ਸਮੁੱਚੇ ਕਾਰਜਾਂ ਦੀ ਦੇਖ ਰੇਖ ਕਰ ਰਹੇ ਦਲਜੀਤ ਸਿੰਘ ਨੇ ਦਸਿਆ ਕਿ ਇਹ ਪ੍ਰਾਪਤੀ ਨਹੀਂ ਸਗੋਂ ਇਹ ਸਾਡੇ ਗੁਰੂ ਦੇ ਫਲਸਫ਼ੇ ਦਾ ਹੀ ਪ੍ਰਤਾਪ ਹੈ।

ਪਾਰਲੀਮੈਂਟ ਦਾ ਉਕਤ ਧੰਨਵਾਦੀ ਮਤਾ ਜਿਥੇ ਸਿੱਖੀ ਦੀ ਪਹਿਚਾਣ ਸਾਡੇ ਚਿੰਨ੍ਹਾਂ, ਸਾਡੇ ਵਿਰਸੇ ਨੂੰ ਅੱਗੇ ਲੈ ਕੇ ਜਾਵੇਗਾ ਉਥੇ ਹੀ ਸੇਵਾ ਭਾਵਨਾ, ਆਪਸੀ ਸਹਿਯੋਗ ਤੇ ਮੁਲਕ ਦੇ ਕੌਮੀ ਦ੍ਰਿਸ਼ ਵਿਚ ਵੀ ਸਾਨੂੰ ਸਮਾਜਕ ਅਤੇ ਰਾਜਨਤਕ ਤੌਰ 'ਤੇ ਮਜ਼ਬੂਤ ਕਰੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।