ਕੇਂਦਰ ਦੀ ਭਾਜਪਾ ਅਤੇ ਦਿੱਲੀ ਦੀ ਆਪ ਦੀ ਸਰਕਾਰ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਨਹੀਂ ਤਾਂ ਵਿਰੋਧ ਝੱਲਣ ਲਈ  ਤਿਆਰ ਰਹਿਣ:ਦਲ ਖਾਲਸਾ

ਕੇਂਦਰ ਦੀ ਭਾਜਪਾ ਅਤੇ ਦਿੱਲੀ ਦੀ ਆਪ ਦੀ ਸਰਕਾਰ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਨਹੀਂ ਤਾਂ ਵਿਰੋਧ ਝੱਲਣ ਲਈ  ਤਿਆਰ ਰਹਿਣ:ਦਲ ਖਾਲਸਾ

ਆਪ ਦੇ ਕੇਜਰੀਵਾਲ ਅਤੇ ਭਗਵੰਤ ਮਾਨ ਵੋਟਰਾਂ ਨੂੰ ਗੁਮਰਾਹ ਕਰ ਰਹੇ ਹਨ 

ਪੰਜਾਬ ਦੇ ਅਣਖੀ ਲੋਕ 26 ਜਨਵਰੀ ਦੇ ਸਰਕਾਰੀ ਜਸ਼ਨਾਂ ਤੋ ਦੂਰ ਰਹਿਣ 

26 ਜਨਵਰੀ ਨੂੰ ਲਾਲ ਕਿਲੇ ਉਤੇ ਖਾਲਸਾਈ ਪਰਚਮ ਲਹਿਰਾਉਣ  ਦੀ ਘਟਨਾ ਦੀ ਪਹਿਲੀ ਵਰੇਗੰਢ ਮੌਕੇ ਪਿੰਡ ਵਾਂ ਦੇ ਜੁਗਰਾਜ ਸਿੰਘ ਨੂੰ ਸਨਮਾਨਿਤ ਕਰਾਂਗੇ 

ਰਿਹਾਈਆਂ ਦੇ ਮਾਮਲੇ ‘ਚ 27 ਨੂੰ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਫਗਵਾੜਾ ਵਿੱਖੇ ਕੇਂਦਰੀ ਮੰਤਰੀ ਦੀ  ਜਵਾਬ-ਤਲਬੀ ਕਰਨ ਲਈ  ਘਿਰਾਉ ਕਰਾਂਗੇ 

ਅੰਮ੍ਰਿਤਸਰ ਟਾਈਮਜ਼ ​​​​​​​

ਅੰਮ੍ਰਿਤਸਰ : ਪਿਛਲੇ ਕਰੀਬ 27 ਸਾਲਾਂ ਤੋਂ ਅੰਮ੍ਰਿਤਸਰ ਜੇਲ 'ਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ 9 ਸਿੱਖ ਰਾਜਸੀ ਕੈਦੀਆਂ ਦੀ ਰਿਹਾਈਆਂ ਲਈ ਆਵਾਜ਼ ਬੁਲੰਦ ਕਰਨ ਹਿੱਤ ਦਲ ਖਾਲਸਾ ਦੀ ਅਗਵਾਈ  ਹੇਠ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ 26 ਨੂੰ ਅੰਮ੍ਰਿਤਸਰ ਅਤੇ ਕਿਸਾਨ ਸੰਗਠਨਾਂ ਵੱਲੋਂ ਫਗਵਾੜਾ ਵਿੱਖੇ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ। 

ਪ੍ਰੈੱਸ  ਨੇ ਜਾਣਕਾਰੀ ਦੇਦਿੰਆਂ ਕੰਵਰਪਾਲ  ਸਿੰਘ , ਰਣਬੀਰ ਸਿੰਘ , ਪਰਮਜੀਤ ਸਿੰਘ ਟਾਂਡਾ ਅਤੇ ਗੁਰਪ੍ਰੀਤ ਸਿੰਘ ਨੇ ਦਸਿਆ  ਕਿ ਦਲ ਖਾਲਸਾ ਨਾਲ ਸਬੰਧਤਿ ਨੌਜਵਾਨ ਜਥੇਬੰਦੀਆਂ ਸਿੱਖ ਯੂਥ ਆਫ  ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ, ਆਲ  ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 26 ਜਨਵਰੀ ਨੂੰ ਸੰਵਿਧਾਨਿਕ ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ, ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫ਼ੀ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਇਨਸਾਫ਼ ਨਾਲ ਖਿਲਵਾੜ ਤੇ ਸਿੱਖਾਂ ਦੀਆਂ ਮਨਘੜਤ ਕੇਸਾਂ ਵਿੱਚ ਗ੍ਰਿਫ਼ਤਾਰੀਆਂ  ਵਿਰੱੁਧ ਅੰਮ੍ਰਿਤਸਰ ਵਿੱਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਜਾਵੇਗਾ ਉਪਰੰਤ ਵਿਰਾਸਤੀ ਮਾਰਗ ਚ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੱੁਤ ਤੱਕ ਮਾਰਚ ਕੱਢਿਆ ਜਾਵੇਗਾ। ਉਹਨਾਂ ਦਸਿਆ ਕਿ ਮਾਰਚ ਦੀ ਸਮਾਪਤੀ ਤੋ ਬਾਅਦ ਉਹ ਦਰਬਾਰ ਸਾਹਿਬ ਤੇ ਅਕਾਲ ਤਖਤ ‘ਤੇ ਨਤਮਸਤਕ ਹੋਣਗੇ ਜਿੱਥੇ ਬੀਤੇ ਵਰੇ 26 ਜਨਵਰੀ ਨੂੰ ਲਾਲ ਕਿਲੇ ਉਤੇ ਖਾਲਸਾਈ ਪਰਚਮ ਲਹਿਰਾਉਣ  ਵਾਲੇ ਪਿੰਡ ਵਾਂ ਦੇ ਜੁਗਰਾਜ ਸਿੰਘ ਨੂੰ ਇਤਿਹਾਸਕ ਘਟਨਾ ਦੀ ਪਹਿਲੀ ਵਰੇਗੰਢ ਮੌਕੇ ਸਨਮਾਨ ਕੀਤਾ ਜਾਵੇਗਾ। ਏਸੇ ਤਰਾਂ, ਦਲ ਖਾਲਸਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ,ਦੋਆਬਾ ਕਿਸਾਨ ਕਮੇਟੀ (ਪੰਜਾਬ),  ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ, ਸਿੱਖ ਅਲਾਇੰਸ ਅਤੇ ਅਕਾਲ ਸਟੂਡੈਂਟਸ ਫੈਡਰੇਸ਼ਨ ਨਾਲ ਮਿਲਕੇ ਸਾਂਝੇ ਤੌਰ ‘ਤੇ  27 ਜਨਵਰੀ ਨੂੰ ਫਗਵਾੜਾ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਦਸਿਆ  ਕਿ ਸੋਮ ਪ੍ਰਕਾਸ਼ ਪੰਜਾਬ ਵਿੱਚ ਮੌਜੂਦਾ ਮੋਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਇਕੱਲੇ ਮੰਤਰੀ ਹਨ ਅਤੇ ਇਸ ਨਾਤੇ ਉਨ੍ਹਾਂ ਦੀ ਜੁਆਬਤਲਬੀ ਕਰਨ ਜ਼ਰੂਰੀ ਹੈ ਕਿ ਉਨ੍ਹਾਂ ਦੀ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਨਾਲ ਵਿਤਕਰਾ  ਕਿਉਂ ਕਰ ਰਹੀ। ਉਹਨਾਂ ਕਿਹਾ ਕਿ ਸਿੱਖ ਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ 27 ਤਰੀਕ ਨੂੰ ਮੰਤਰੀ ਦੀ ਫਗਵਾੜਾ ਸਥਿਤ ਰਿਹਾਇਸ਼ ਵੱਲ ਮਾਰਚ ਕਰਨਗੇ। 

ਆਪ ਆਗੂ ਭਗਵੰਤ ਮਾਨ ਵੱਲੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਮੌਕੇ ਦਿਤੇ ਬਿਆਨ ਕਿ ਕਾਨੂੰਨੀ ਪ੍ਰਕਿਰਿਆ  ਖਤਮ  ਹੋਣ ਤੋ ਬਾਅਦ ਹੀ ਅਰਵਿੰਦਰ ਕੇਜਰੀਵਾਲ ਪ੍ਰੋਫੈਸਰ ਭੁੱਲਰ ਬਾਰੇ ਫੈਸਲਾ ਕਰਨਗੇ ‘ਤੇ ਆਪਣੀ  ਸਖ਼ਤ ਟਿੱਪਣੀ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਜਦਕਿ ਐਡਵੋਕੇਟ  ਜਸਪਾਲ  ਸਿੰਘ ਮੰਝਪੁਰ ਅਨੁਸਾਰ ਭੁਲੱਰ ਦੇ ਮਾਮਲੇ ਵਿੱਚ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਹੋ ਚੁਕੀਆਂ ਹਨ। ਉਹਨਾਂ 'ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਦਿੱਲੀ ਦੀ 'ਆਪ' ਸਰਕਾਰ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਜਾਂ ਫਿਰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।