‘ਕਮਲ ਦੇ ਫੁੱਲ’ ਨੇ ਵਿਗਾੜੀ ਕੈਪਟਨ ਦੀ ਖੇਡ

‘ਕਮਲ ਦੇ ਫੁੱਲ’ ਨੇ ਵਿਗਾੜੀ ਕੈਪਟਨ ਦੀ ਖੇਡ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ‘ਪੰਜਾਬ ਲੋਕ ਕਾਂਗਰਸ’ ਦੀ ਖੇਡ ਠੁਸ ਹੋਣ ਲੱਗੀ ਹੈ। ‘ਖਿੱਦੋ ਖੂੰਡੀ’ ਚੋਣ ਨਿਸ਼ਾਨ ਲੈਣ ਤੋਂ ਪੰਜਾਬ ਲੋਕ ਕਾਂਗਰਸ ਦੇ ਸ਼ਹਿਰੀ ਉਮੀਦਵਾਰ ਕਿਨਾਰਾ ਕਰਨ ਲੱਗੇ ਹਨ। ਪੰਜ ਉਮੀਦਵਾਰਾਂ ਨੇ ਤਾਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ।  ਜਾਣਕਾਰੀ ਮੁਤਾਬਕ ਛੇ ਹੋਰ ਉਮੀਦਵਾਰਾਂ ਨੇ ਭਾਜਪਾ ਚੋਣ ਨਿਸ਼ਾਨ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਚੋਣਾਂ ਤੋਂ ਪਹਿਲਾਂ ਹੀ ਪੰਜਾਬ ਲੋਕ ਕਾਂਗਰਸ ਤਿੜਕਣ ਲੱਗੀ ਹੈ। ਕੈਪਟਨ  ਨੂੰ ਵੱਡੀ ਆਸ ਕਾਂਗਰਸ ਦੇ ਬਾਗ਼ੀ ਉਮੀਦਵਾਰਾਂ ਤੋਂ ਸੀ ਪ੍ਰੰਤੂ ਕਾਂਗਰਸੀ ਟਿਕਟ ਤੋਂ ਖੁੰਝੇ ਕਿਸੇ ਵੀ ਬਾਗ਼ੀ ਉਮੀਦਵਾਰ ਨੇ ਕੈਪਟਨ ਦਾ ਪੱਲਾ ਨਹੀਂ ਫੜਿਆ। ਇੱਥੋਂ ਤੱਕ ਕਿ ਕੈਪਟਨ ਦੇ ਨੇੜਲੇ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਭਾਜਪਾ ਵਿਚ ਸ਼ਾਮਲ ਹੋਣਾ ਬਿਹਤਰ ਸਮਝਿਆ।ਕੈਪਟਨ ਦਾ ਆਪਣਾ ਨਿੱਜੀ ਕੋਈ ਕਾਡਰ ਨਹੀਂ ਸੀ ਅਤੇ ਸਭ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ’ਚੋਂ ਆਏ ਲੋਕ ਹੀ ਸਨ। ਰਾਜਪੁਰਾ ਤੋਂ ਜਿਸ ਜਗਦੀਸ਼ ਜੱਗਾ ਨੂੰ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ, ਉਹ ਹੁਣ ਭਾਜਪਾ ਉਮੀਦਵਾਰ ਬਣ ਕੇ ਰਾਜਪੁਰਾ ਤੋਂ ਚੋਣ ਮੈਦਾਨ ਵਿੱਚ ਉਤਰਿਆ ਹੈ। ਕੈਪਟਨ ਨੇ ਆਪਣੀ ਪਾਰਟੀ ਤਰਫ਼ੋਂ ਨਵਾਂ ਸ਼ਹਿਰ ਤੋਂ ਸਤਬੀਰ ਸਿੰਘ ਸੈਣੀ ਨੂੰ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਸ ਨੂੰ ਹੁਣ ਕਾਂਗਰਸ ਨੇ ਆਪਣਾ ਉਮੀਦਵਾਰ ਬਣਾ ਲਿਆ ਹੈ, ਜਿਸ ਮਗਰੋਂ ਕੈਪਟਨ ਨੇ ਹੁਣ ਨਵਾਂ ਸ਼ਹਿਰ ਸੀਟ ਭਾਜਪਾ ਲਈ ਛੱਡ ਦਿੱਤੀ ਹੈ। ਪੰਜਾਬ ਲੋਕ ਕਾਂਗਰਸ ਨੇ ਨਕੋਦਰ ਤੋਂ ਓਲੰਪੀਅਨ ਅਜੀਤਪਾਲ ਸਿੰਘ ਨੂੰ ਟਿਕਟ ਦਿੱਤੀ ਸੀ ਪ੍ਰੰਤੂ ਵੋਟਰ ਨਾ ਹੋਣ ਦੇ ਤਕਨੀਕੀ ਮਸਲੇ ਕਾਰਨ ਉਨ੍ਹਾਂ ਦੀ ਥਾਂ ਟਿਕਟ ਹੁਣ ਸ਼ੰਮੀ ਨੂੰ ਦਿੱਤੀ ਗਈ ਹੈ। ਹਲਕਾ ਬਠਿੰਡਾ ਦਿਹਾਤੀ ਤੋਂ ਪਹਿਲਾਂ ਕੈਪਟਨ ਨੇ ਸਾਬਕਾ ਵਿਧਾਇਕ ਮਰਹੂਮ ਮੱਖਣ ਸਿੰਘ ਦੇ ਲੜਕੇ ਸਵੇਰਾ ਸਿੰਘ ਨੂੰ ਟਿਕਟ ਦਿੱਤੀ ਅਤੇ ਮਗਰੋਂ ਮੱਖਣ ਸਿੰਘ ਦੀ ਪਤਨੀ ਮਾਇਆ ਦੇਵੀ ਨੂੰ ਉਮੀਦਵਾਰ ਐਲਾਨ ਦਿੱਤਾ। ਇਹ ਵੀ ਦੱਸਣਯੋਗ ਹੈੈ ਕਿ ਹੁਣ ਪੰਜਾਬ ਲੋਕ ਕਾਂਗਰਸ ਨੇ ਮੁੜ ਸਵੇਰਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਹਿੱਸੇ ਭਾਜਪਾ ਗਠਜੋੜ ਵਿੱਚ 37 ਸੀਟਾਂ ਆਈਆਂ ਸਨ ਜਿਨ੍ਹਾਂ ’ਚੋਂ ਹੁਣ ਨਵਾਂ ਸ਼ਹਿਰ ਸੀਟ ਭਾਜਪਾ ਦੇ ਖਾਤੇ ਵਿੱਚ ਚਲੀ ਗਈ ਹੈ।ਕਰਨ ਕੈਪਟਨ ਨੇ ਸਾਰੀਆਂ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਪੰਜਾਬ ਲੋਕ ਕਾਂਗਰਸ ਦੇ ਖਰੜ, ਲੁਧਿਆਣਾ ਪੂਰਬੀ, ਆਤਮ ਨਗਰ, ਬਠਿੰਡਾ ਸ਼ਹਿਰੀ ਦੇ ਉਮੀਦਵਾਰਾਂ ਨੇ ‘ਕਮਲ ਦਾ ਫ਼ੁਲ’ ਚੋਣ ਨਿਸ਼ਾਨ ਚੁਣ ਲਿਆ ਹੈ। ਛੇ ਹੋਰ ਉਮੀਦਵਾਰਾਂ ਨੇ ਭਾਜਪਾ ਦਾ ਚੋਣ ਨਿਸ਼ਾਨ ਮੰਗਿਆ ਹੈ। ਕੈਪਟਨ ਨੇ ਆਪਣੇ ਕਾਗ਼ਜ਼ ਦਾਖ਼ਲ ਕਰ ਦਿੱਤੇ ਹਨ ਪ੍ਰੰਤੂ ਉਨ੍ਹਾਂ ਕਿਸੇ ਵੀ ਹਲਕੇ ਤੋਂ ਚੋਣ ਮੁਹਿੰਮ ਨਹੀਂ ਵਿੱਢੀ। ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਵਿਮਲ ਸੁੰਬਲੀ ਦਾ ਕਹਿਣਾ ਸੀ ਕਿ ਭਾਜਪਾ ਨਾਲ ਸਮਝੌਤੇ ਸਮੇਂ ਹੀ ਇਹ ਤੈਅ ਹੋ ਗਿਆ ਸੀ ਕਿ ਸ਼ਹਿਰੀ ਸੀਟਾਂ ’ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਜਿਸ ਚੋਣ ਨਿਸ਼ਾਨ ’ਤੇ ਚੋਣ ਲੜਨਾ ਚਾਹੁਣ, ਉਹ ਲੜ ਸਕਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਭਾਜਪਾ ਦਾ ਆਧਾਰ ਜ਼ਿਆਦਾ ਹੈ।