ਸਿੱਧੂ-ਮਜੀਠੀਆ ਚੋਣ ਦੰਗਲ ਕਾਰਣ ਅੰਮ੍ਰਿਤਸਰ-ਪੂਰਬੀ ਵਿਧਾਨ ਸਭਾ ਹਾਟ ਸੀਟ ਬਣਿਆ

ਸਿੱਧੂ-ਮਜੀਠੀਆ ਚੋਣ ਦੰਗਲ ਕਾਰਣ ਅੰਮ੍ਰਿਤਸਰ-ਪੂਰਬੀ ਵਿਧਾਨ ਸਭਾ ਹਾਟ ਸੀਟ ਬਣਿਆ

*ਸਿੱਧੂ ਦੀ ਵੱਡੀ ਭੈਣ ਨੇ ਲਾਏ  ਸਿੱਧੂ 'ਤੇ ਦੋਸ਼, ਅਖੇ ਪ੍ਰਾਪਰਟੀ 'ਤੇ ਕਬਜ਼ਾ ਕਰ ਕੇ ਮਾਂ ਨੂੰ ਕੀਤਾ ਬੇਘਰ

 *ਸਿੱਧੂ ਦਾ ਜਵਾਬ ਕਿ ਮਾਂ ਨੂੰ ਮਰਿਆ 40 ਸਾਲ ਹੋ ਗਏ ਨੇ ਤੇ ਹੁਣ ਕੀਤੀ ਜਾ ਰਹੀ ਏ ਸਿਆਸਤ

 * ਸਿੱਧੂ ਦੀ ਮਜੀਠੀਆ ਨੂੰ ਚੁਣੌਤੀ, ਕਿਹਾ-ਮਜੀਠਾ ਛੱਡ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਲੜਨ ਚੋਣ 

 ਅੰਮ੍ਰਿਤਸਰ ਟਾਈਮਜ਼

 ਜਲੰਧਰ:ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਸ ਵਾਰ ਮਿੱਥ ਕੇ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ-ਪੂਰਬੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਜਿੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਹਨ। ਕਿਉਂਕਿ ਨਵਜੋਤ ਸਿੰਘ ਸਿੱਧੂ  ਨੇ ਮਜੀਠੀਆ ਵਿਰੁਧ ਡਰਗ ਦੇ ਪੁਰਾਣੇ ਕੇਸ ਨੂੰ ਖੁਲਵਾ ਕੇ ਬਾਦਲ ਦਲ ਲਈ ਧਰਮ ਸੰਕਟ ਖੜਾ ਕਰ ਦਿਤਾ ਹੈ।ਇਸੇ ਤੋਂ ਖੁਣਸ ਖਾਕੇ ਬਾਦਲ ਪਰਿਵਾਰ ਵਲੋਂ  ਬਾਦਲ ਦਲ ਦੇ ਮਾਝੇ ਦੇ ਜਰਨੈਲ ਕਹੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ-ਪੂਰਬੀ ਵਿਧਾਨ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਖੜਾ ਕਰ ਦਿਤਾ ਹੈ।ਇਸ ਤਰ੍ਹਾਂ ਇਹ ਹਲਕਾ  ਹੌਟ ਸੀਟ ਬਣ ਗਿਆ ਹੈ। ਸੁਭਾਵਕ ਤੌਰ ’ਤੇ ਇਸ ਹਲਕੇ ਦੀਆਂ ਚੋਣ ਸਰਗਰਮੀਆਂ ਤੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਸਭ ਦੀ ਦਿਲਚਸਪੀ ਰਹੇਗੀ।

ਨਵਜੋਤ ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਈਸਟ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਲੋਕਾਂ ਦੀ ਮੰਗ ਅਤੇ ਪਾਰਟੀ ਦੇ ਹੁਕਮ ਅਨੁਸਾਰ ਹੀ ਉਨ੍ਹਾਂ ਸਿੱਧੂ ਖ਼ਿਲਾਫ਼ ਕਾਗਜ਼ ਭਰੇ ਹਨ।  ਸਿੱਧੂ ’ਤੇ ਹਮਲਾ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਮਜੀਠੀਆ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਐੱਨਡੀਪੀਐੱਸ ਐਕਟ ਦੀ ਦੁਰਵਰਤੋਂ ਕੀਤੀ ਗਈ ਅਤੇ ਸੁਪਰੀਮ ਕੋਰਟ ਦੀ ਹਦਾਇਤ ਦੇ ਬਾਵਜੂਦ ਉਨ੍ਹਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ। ਮਜੀਠੀਆ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਹੜਾ ਮਾਡਲਾਂ ਦੀਆਂ ਗੱਲ ਕਰ ਰਿਹਾ ਹੈ, ਉਸ ਦਾ ਆਪਣਾ ਮਾਡਲ ਵਿਗੜਿਆ ਪਿਆ ਹੈ। ਜਿਸ ਤਰ੍ਹਾਂ ਨਵਜੋਤ ਸਿੱਧੂ ਦੀ ਭੈਣ ਸੁਮਨ ਕੌਰ ਨੇ ਹਾਲਾਤ ਬਿਆਨ ਕੀਤੇ ਹਨ, ਇਹੋ ਜਿਹੇ ਹਾਲਾਤ ਰੱਬ ਕਿਸੇ ਨੂੰ ਦੇਵੇ। ਸਿੱਧੂ ਦੀ ਭੈਣ ਤਰਸਯੋਗ ਹਾਲਾਤ ਵਿਚ ਰਹਿ ਰਹੀ ਸੀ। ਇਥੇ ਜਿਕਰਯੋਗ ਹੈ ਕਿ ਸਿੱਧੂ ਤੇ ਮਜੀਠੀਆ ਦੀ ਸਿਆਸੀ ਜੰਗ ਦੌਰਾਨ ਅਚਨਚੇਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਮਰੀਕਾ ਵਿਚ ਰਹਿ ਰਹੀ  ਭੈਣ ਡਾਕਟਰ ਸੁਮਨ ਤੂਰ ਨੇ ਉਨ੍ਹਾਂ 'ਤੇ ਗੰਭੀਰ ਦੋਸ਼ ਲਾਏ ਹਨ ਕਿ  ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਭਰਾ ਸਿੱਧੂ ਨੇ ਮਾਂ ਨਿਰਮਲ ਭਗਵੰਤ ਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਜਦੋਂ ਉਹ (ਸਿੱਧੂ) ਦੋ ਸਾਲ ਦਾ ਸੀ ਤਾਂ ਉਸਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਸੁਮਨ ਤੂਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਲਾਵਾਰਸ ਹਾਲਤ 'ਚ ਦਿੱਲੀ ਰੇਲਵੇ ਸਟੇਸ਼ਨ 'ਤੇ ਦਮ ਤੋੜਿਆ ਸੀ।ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਕਿਹਾ ਕਿ ਉਹ  ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਏ ਸਨ ਪਰ ਉਨ੍ਹਾਂ ਗੇਟ ਨਹੀਂ ਖੋਲ੍ਹਿਆ। ਇੱਥੋਂ ਤਕ ਕਿ ਉਸ ਦਾ ਮੋਬਾਈਲ ਨੰਬਰ ਵੀ ਬੰਦ ਸੀ।                 ਮਜੀਠੀਆ ਨੇ ਇਸ ਬਾਰੇ ਸਿੱਧੂ ਉਪਰ ਟਿਪਣੀ ਕਰਦਿਆਂ ਕਿਹਾ ਕਿ ਲਿਹਾਜ਼ਾ ਸਿੱਧੂ ਨੂੰ ਆਪਣੀ ਭੈਣ ਸੁਮਨ ਤੂਰ ਕੋਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀ ਮ੍ਰਿਤਕ ਮਾਂ ਕੋਲੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ। 18 ਸਾਲ ਵੱਡੇ ਅਹੁਦਿਆਂ ’ਤੇ ਰਹਿਣ ਦੇ ਬਾਵਜੂਦ ਵੀ ਸਿੱਧੂ ਨੇ ਦੀ ਪ੍ਰਾਪਤੀ ਜ਼ੀਰੋ ਦੇ ਬਰਾਬਰ ਹੈ। ਸਿੱਧੂ ਪਹਿਲਾਂ ਇਹ ਦੱਸੇ ਕਿ ਘਰ-ਘਰ ਨੌਕਰੀ ਦਾ ਕੀ ਬਣਿਆ, ਸੋਸ਼ਲ ਵੈਲਫੇਅਰ ਸਕੀਮਾਂ ਦਾ ਕੀ ਬਣਿਆ ਹੈ। ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਇੰਝ ਲੱਗਦੈ ਜਿਵੇਂ ਜੇ ਕਾਂਗਰਸ ਨੇ ਮੁੱਖ ਮੰਤਰੀ ਨਾ ਬਣਾਇਆ ਤਾਂ ਸਿੱਧੂ ਕਿਤੇ ਪਾਕਿਸਤਾਨ ਵਿਚ ਜਾ ਕੇ ਇਮਰਾਨ ਖਾਨ ਨਾਲ ਗੰਠਤੁੱਪ ਕਰਕੇ ਪਾਕਿਸਤਾਨ ਮੁਸਲਿਮ ਲੀਗ ਦਾ ਪ੍ਰਧਾਨ ਨਾ ਲੱਗ ਜਾਵੇ। ਫਿਰ ਉਥੇ ਜਾ ਕੇ ਮਾਡਲ ਵੇਚਣੇ ਸ਼ੁਰੂ ਕਰ ਦਵੇਗਾ, ਇਸ ਲਈ ਧੋਖੇ ਦੇ ਮਾਡਲ ਦਾ ਪਰਦਾਫਾਸ਼ ਹੋ ਰਿਹਾ ਹੈ।   

ਸਿੱਧੂ ਵਲੋਂ ਮਜੀਠੀਆ ਨੂੰ ਚੁਣੌਤੀ     

ਦੂਸਰੇ ਪਾਸੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਘ ਸਿੱਧੂ ਨੇ ਬੀਤੇ ਦਿਨੀਂ  ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਸੀ। ਇਸ ਦੌਰਾਨ  ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਕਈ ਨਿਸ਼ਾਨੇ ਵਿੰਨ੍ਹੇ। ਨਵਜੋਤ ਨੇ ਕਿਹਾ ਕਿ ਮਜੀਠੀਆ 2 ਹਲਕਿਆਂ ਤੋਂ ਚੋਣ ਲੜ ਕੇ ਜਿੱਤ ਹਾਸਲ ਕਰਨਾ ਚਾਹੁੰਦਾ ਹੈ। ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਮਜੀਠਾ ਹਲਕਾ ਛੱਡ ਕੇ ਇਕੱਲੇ ਉਸ ਦੇ ਹਲਕੇ ਵਿਚੋਂ ਚੋਣ ਲੜਨ। ਮਜੀਠੀਆ ’ਤੇ ਤੰਜ ਕੱਸਦੇ ਹੋੋਏ ਨਵਜੋਤ ਨੇ ਕਿਹਾ ਕਿ ਜਿਹੜੇ ਲੋਕ ਖੁਦ ਮੁਲਜ਼ਮ ਹਨ ਅਤੇ ਰਾਹਤ ਪਾਉਣ ਲਈ ਦਰ-ਦਰ ਦੀਆਂ ਠੋਕਰਾ ਖਾਂ ਰਹੇ ਹਨ, ਉਹ ਨਵਜੋਤ ਸਿੱਧੂ ਨੂੰ ਸਵਾਲ ਕਰਨ ਦੀ ਔਕਾਤ ਨਹੀਂ ਰੱਖ ਸਕਦੇ। ਉਨ੍ਹਾਂ ਮਜੀਠੀਆ ਬਾਰੇ ਆਖਿਆ ਕਿ ਉਹ ਨਸ਼ਿਆਂ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਪਣੀ ਜ਼ਮਾਨਤ ਬਚਾਉਣ ਲਈ ਦਰ-ਦਰ ਭੱਜ ਰਿਹਾ ਹੈ। ‘ਅਜਿਹਾ ਵਿਅਕਤੀ ਮੇਰੇ ਖਿਲਾਫ਼ ਕਿਸ ਆਧਾਰ ’ਤੇ ਬਿਆਨਬਾਜ਼ੀ ਕਰ ਸਕਦਾ ਹੈ। ਸਿੱਧੂ ਨੇ ਸ਼ਹਿਰ ਵਿਚ ਰਹਿ ਕੇ ਪਰਚੇ ਦਰਜ ਨਹੀਂ ਕਰਵਾਏ। ਸਿੱਧੂ ਨੇ ਨਾ ਲੋਕਾਂ ਨੂੰ ਕੁੱਟਿਆ ਹੈ ਅਤੇ ਨਾ ਹੀ ਪੰਜਾਬ ਨੂੰ ਲੁੱਟਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਿਛਲੇ 17 ਸਾਲਾ ਤੋਂ ਸਿਆਸਤ ਵਿਚ ਹਨ। ਸਿੱਧੂ ਨੇ ਕਿਹਾ ਕਿ ਅਸੀਂ ਕਦੇ ਆਪਣਾ ਇਮਾਨ ਨਹੀਂ ਵੇਚਿਆ ਅਤੇ ਇਨ੍ਹਾਂ ਨੇ ਚਿੱਟਾ ਵੇਚਿਆ ਹੈ। ਪੰਜਾਬ ਦੇ ਲੋਕਾਂ ਦੀ ਜਵਾਨੀ ਨਸ਼ੇ ਵਿਚ ਤਬਾਹ ਕਰ ਦਿੱਤੀ, ਜਿਸ ਕਰਕੇ ਇਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ। ਅਕਾਲੀਆਂ ’ਤੇ ਸ਼ਬਦੀ ਹਮਲਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਇਨ੍ਹਾਂ ਨੇ ਪੰਜਾਬ ’ਚ ਆਪਣੀਆਂ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਨ੍ਹਾਂ ਨੇ ਆਪਣੇ ਹੋਟਲ ਖੋਲ੍ਹੇ ਹੋਏ ਹਨ। ਇਨ੍ਹਾਂ ਨੂੰ ਲਾਹਨਤ ਪੱਤਰ ਤੱਕ ਲਿਖੇ ਗਏ।  ਅਕਾਲੀ ਉਮੀਦਵਾਰ ’ਤੇ ਰੇਤ, ਸ਼ਰਾਬ, ਭੌਂ ਆਦਿ ਮਾਫੀਆ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਸਿੱਧੂ ਤੋਂ ਇਸ ਲਈ ਡਰਦੇ ਹਨ ਕਿ ਜੇਕਰ ਉਸ ਦੇ ਹੱਥ ਸਿਆਸਤ ਆ ਗਈ ਤਾਂ ਇਨ੍ਹਾਂ ਦੇ ਮਾੜੇ ਕਾਰੋਬਾਰ ਖ਼ਤਮ ਹੋ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਿਰ ਚੜ੍ਹਿਆ ਕਰਜ਼ਾ ਵੀ ਇਨ੍ਹਾਂ ਸਿਆਸੀ ਆਗੂਆਂ ਦੀ ਜੇਬ ਵਿਚ ਗਿਆ ਹੈ ਅਤੇ ਇਸੇ ਧਨ ਨੂੰ ਮੁੜ ਚੋਣਾਂ ਵਿਚ ਵਰਤਿਆ ਜਾਵੇਗਾ।  ਸਿੱਧੂ ਨੇ ਕਿਹਾ ਕਿ ਇਸ ਸ਼ਹਿਰ ਦੇ ਲੋਕਾਂ ਦਾ ਕਾਂਗਰਸ ਸਰਕਾਰ ’ਤੇ ਭਰੋਸਾ ਸੀ, ਹੁਣ ਵੀ ਹੈ ਅਤੇ ਅੱਗੇ ਵੀ ਰਹੇਗਾ।  ਸਿੱਧੂ ਨੇ ਕਿਹਾ ਕਿ ਉਹ ਕਿਸੇ ਦੀ ਬਦਮਾਸ਼ੀ ਨਹੀਂ ਚੱਲਣ ਦੇਣਗੇ। ਸਿੱਧੂ ਨੇ ਚਿਤਾਵਨੀ ਦਿੱਤੀ ਕਿ ‘ਜੇਕਰ ਮੇਰੇ ਵਰਕਰਾਂ ਨਾਲ ਕਿਸੇ ਨੇ ਬਦਮਾਸ਼ੀ ਕੀਤੀ ਤਾਂ ਉਸਨੂੰ ਗੱਡ ਦਿਆਂਗਾ। ਇਨ੍ਹਾਂ ਤੋਂ ਦੂਜੇ ਹੋਣਗੇ, ਜਿਹੜੇ ਡਰਦੇ ਹੋਣ। ਇਹ ਕਾਂਗਰਸ ਦੀ ਸੀਟ ਹੈ ਅਤੇ ਸਾਡੀ ਵੀ ਮੁੱਛ ਦਾ ਸਵਾਲ ਹੈ। ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ।’ 

ਭੈਣ ਵੱਲੋਂ ਲਾਏ ਇਲਜ਼ਾਮਾਂ 'ਤੇ ਆਇਆ ਨਵਜੋਤ ਸਿੱਧੂ ਦਾ ਬਿਆਨ

 ਨਵਜੋਤ ਸਿੰਘ ਸਿੱਧੂ ਨੇ ਆਪਣੀ ਵੱਡੀ ਭੈਣ ਸੁਮਨ ਤੂਰ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਇਕ ਸਿਆਸਤ ਦਾ ਹਿੱਸਾ ਕਿਹਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਮਰਿਆ 40 ਸਾਲ ਹੋ ਗਏ ਹਨ ਤੇ ਹੁਣ ਉਨ੍ਹਾਂ ਦੀ ਮਰੀ ਮਾਂ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ। ਸਿੱਧੂ ਨੇ ਐੱਨਆਰਆਈ ਭੈਣ ਸੁਮਨਜੋਤ ਤੂਰ ਵਲੋਂ ਲਾਏ ਗਏ ਦੋਸ਼ਾਂ ਨੂੰ ਵਿਰੋਧੀਆਂ ਦੀ ਘਟੀਆ ਸਿਆਸਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਏਨੇ ਡਿੱਗ ਗਏ ਹਨ ਕਿ ਆਪਣੀ ਸਿਆਸਤ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਬਰ ਵਿਚੋਂ ਕੱਢ ਲਿਆਏ ਹਨ। ਉਨ੍ਹਾਂ ਦੀ ਮਾਂ ਨੂੰ ਗੁਜਰੇ 40 ਸਾਲ ਹੋ ਗਏ ਹਨ। ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹਡ਼ੇ ਸਿਆਸਤ ਕਰ ਰਹੇ ਹਨ। ਸਿੱਧੂ ਕਦੇ ਏਨਾ ਨਹੀਂ ਡਿੱਗਾ ਤੇ ਨਾ ਹੀ ਆਪਣੀ ਮਾਂ ਨੂੰ ਚਿੱਕ ਵਿਚ ਸੁੱਟੇਗਾ। ਉਨ੍ਹਾਂ ਕਿਹਾ ਕਿ ਸਿਆਸਤ ਕਰਨ ਵਾਲੇ ਕੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਮਾਂ ਜਿਹਡ਼ੀ 40 ਸਾਲ ਪਹਿਲਾਂ ਮਰ ਚੁੱਕੀ ਹੈ, ਉਨ੍ਹਾਂ ਨੂੰ ਗਵਾਹੀ ਲਈ ਲੈ ਕੇ ਆਵੇ। ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹਡ਼ੇ ਅਜਿਹੀ ਹੋਛੀ ਸਿਆਸਤ ’ਤੇ ਉਤਰ ਆਏ ਹਨ।

ਸਿੱਧੂ ਨੇ ਕੈਪਟਨ  ਨੂੰ ਵੀ ਅੰਮ੍ਰਿਤਸਰ ਆ ਕੇ ਚੋਣ ਲੜਨ ਲਈ ਵੰਗਾਰਿਆ

 ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਚੋਣਾਂ ਵਿਚ ਜ਼ੋਰ-ਅਜ਼ਮਾਈ ਕਰਨਾ ਚਾਹੁੰਦੇ ਹਨ ਤਾਂ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਆ ਕੇ ਉਨ੍ਹਾਂ ਖ਼ਿਲਾਫ਼ ਚੋਣ ਲੜਨ। 

ਸਿੱਧੂ ਵਲੋਂ ਇਕ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਜਲਦ ਪੂਰਾ ਕਰਾਂਗੇ-ਮਜੀਠੀਆ

ਵੇਰਕਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੁਆਰਾ ਬਿਕਰਮ ਸਿੰਘ ਮਜੀਠੀਆ ਨੂੰ ਇਕ ਹਲਕੇ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ ਦਾ ਜਵਾਬ ਦਿੰਦਿਆ  ਹਲਕੇ ਦੇ ਦੌਰੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਸਿੱਧੂ ਦੀ ਇਸ ਚੁਣੌਤੀ ਨੂੰ ਉਹ ਜਲਦ ਪੂਰਿਆਂ ਕਰਕੇ ਕੇਵਲ ਵਿਧਾਨ ਸਭਾ ਹਲਕਾ ਪੂਰਬੀ ਤੋਂ ਹੀ ਚੋਣ ਲੜਨ ਦਾ ਇਕ ਦੋ ਦਿਨ੍ਹਾਂ 'ਵਿਚ ਪਾਰਟੀ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰ ਕੇ ਐਲਾਨ ਕਰਨਗੇ ਅਤੇ ਹਲਕਾ ਮਜੀਠਾ ਤੋਂ ਆਪਣੇ ਹੀ ਕਿਸੇ ਇਕ ਪਰਿਵਾਰਕ ਮੈਂਬਰ ਨੂੰ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨਗੇ ।