ਕਿਸਾਨੀ ਮੁੱਦਿਆਂ ਦੇ ਹੱਲ ਲਈ ਅਮਿਤ ਸ਼ਾਹ ਨੇ ਸੱਦੇ ਕਿਸਾਨ ਨੇਤਾ, ਬਣੀ ਪੰਜ ਮੈਂਬਰੀ ਕਮੇਟੀ

ਕਿਸਾਨੀ ਮੁੱਦਿਆਂ ਦੇ ਹੱਲ ਲਈ ਅਮਿਤ ਸ਼ਾਹ ਨੇ ਸੱਦੇ ਕਿਸਾਨ ਨੇਤਾ, ਬਣੀ ਪੰਜ ਮੈਂਬਰੀ ਕਮੇਟੀ

* ਹਰਿਆਣਾ ਮੁੱਖਮੰਤਰੀ ਨਾਲ ਨਹੀਂ ਬਣੀ ਕੋਈ ਸਹਿਮਤੀ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਕਿਸਾਨ ਅੰਦੋਲਨ ਦੇ ਭਵਿੱਖ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਸਿੰਘੂ ਬਾਰਡਰ 'ਤੇ ਅਹਿਮ ਮੀਟਿੰਗ ਕੀਤੀ।  ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਬੁਲਾਇਆ ਹੈ।  ਇਸ ਤੋਂ ਬਾਅਦ ਗੱਲਬਾਤ ਲਈ ਪੰਜ ਲੋਕਾਂ ਦਾ ਪੈਨਲ ਬਣਾਇਆ ਗਿਆ ਹੈ।  ਕਿਸਾਨ ਜਥੇਬੰਦੀਆਂ ਨੇ ਇਸ ਮੀਟਿੰਗ ਵਿੱਚ ਅੰਦੋਲਨ ਦੀ ਪ੍ਰਕਿਰਤੀ, ਦਸ਼ਾ ਅਤੇ ਦਿਸ਼ਾ ਬਾਰੇ ਚਰਚਾ ਕੀਤੀ।  ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦੀਆਂ ਬਾਕੀ ਮੰਗਾਂ 'ਤੇ ਸਰਕਾਰ ਨਾਲ ਗੱਲਬਾਤ ਲਈ ਪੰਜ ਲੋਕਾਂ ਦਾ ਪੈਨਲ ਬਣਾਇਆ ਹੈ।  ਇਸ ਪੈਨਲ ਵਿੱਚ ਯੁੱਧਵੀਰ, ਅਸ਼ੋਕ ਧਾਵਲੇ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਸ਼ਿਵ ਕੁਮਾਰ ਕੱਕਾ ਦੇ ਨਾਂ ਸ਼ਾਮਲ ਕੀਤੇ ਗਏ ਹਨ।

ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਵਲੋਂ ਅੰਦੋਲਨ ਨੂੰ ਵਾਪਸ ਲੈਣ ਬਾਰੇ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਜਦੋਂ ਤਕ ਸਰਕਾਰ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਨਹੀਂ ਲੈਂਦੀ ਤਦ ਤਕ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ ਕਿਉਂਕਿ ਇਸ ਮੰਗ 'ਤੇ ਸਾਰੀਆਂ ਕਿਸਾਨ ਜਥੇਬੰਦੀਆਂ ਇਕਮਤ ਹਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀ ਅਗਲੀ ਮੀਟਿੰਗ 7 ਦਸੰਬਰ ਨੂੰ ਹੋਵੇਗੀ ਅਤੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।  ਘੱਟੋ-ਘੱਟ ਸਮਰਥਨ ਮੁੱਲ, ਪਿਛਲੇ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਦਰਜ ਕੀਤੇ ਕੇਸ ਵਾਪਸ ਲੈਣ ਵਰਗੀਆਂ ਮੰਗਾਂ ਲਈ ਕਿਸਾਨ ਅੰਦੋਲਨ ਨੂੰ ਫਿਲਹਾਲ ਜਾਰੀ ਰੱਖਣਗੇ।ਮੰਗਲਵਾਰ ਨੂੰ ਕੇਂਦਰ ਨੇ ਐਮ ਐਸ ਪੀ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚਾ ਤੋਂ 5 ਨਾਂ ਮੰਗੇ ਸਨ।  ਉਸੇ ਦਿਨ ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕੇਂਦਰ ਤੋਂ ਫੋਨ ਆਇਆ ਪਰ ਕੋਈ ਰਸਮੀ ਸੁਨੇਹਾ ਨਹੀਂ ਮਿਲਿਆ ਸੀ ਜਦਕਿ ਸੋਮਵਾਰ ਨੂੰ ਹੀ ਸੰਸਦ 'ਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ ਪਾਸ ਕਰ ਦਿੱਤਾ ਗਿਆ ਸੀ ।ਹਰਿਆਣਾ ਦੇ ਕਈ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਸੀ, ਪਰ ਕਿਸਾਨਾਂ ਵਿਰੁੱਧ ਦਰਜ ਕੇਸਾਂ ਦੀ ਵਾਪਸੀ ਅਤੇ ਹੋਰ ਕਈ ਮੁੱਦਿਆਂ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ ਸੀ ।