ਅਕਾਲ ਤਖਤ ਵਲੋਂ ਗੁਰਦੁਆਰਾ ਕਮੇਟੀ ਦਾ ਇਕ ਮੈਂਬਰ ਤਨਖ਼ਾਹੀਆ , ਤਿੰਨ ਮੈਂਬਰਾਂ ਨੂੰ ਧਾਰਮਿਕ ਸਜ਼ਾ

ਅਕਾਲ ਤਖਤ ਵਲੋਂ ਗੁਰਦੁਆਰਾ ਕਮੇਟੀ ਦਾ ਇਕ ਮੈਂਬਰ ਤਨਖ਼ਾਹੀਆ , ਤਿੰਨ ਮੈਂਬਰਾਂ ਨੂੰ ਧਾਰਮਿਕ ਸਜ਼ਾ

ਮਾਮਲਾ ਗੁਰਦੁਆਰਾ ਨਾਨਕ ਮਤਾ ਸਾਹਿਬ 'ਚ ਮਰਿਆਦਾ ਦੀ ਉਲੰਘਣਾ ਦਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ-ਪਿਛਲੇ ਦਿਨੀਂ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਫੇਰੀ ਮੌਕੇ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਵਲੋਂ ਗੁਰਦੁਆਰਾ ਕਮੇਟੀ ਦੇ 3 ਅਹੁਦੇਦਾਰਾਂ ਨੂੰ ਧਾਰਮਿਕ ਤਨਖ਼ਾਹ ਲਗਾਈ ਗਈ, ਜਦੋਂ ਕਿ ਇਕ ਅਹੁਦੇਦਾਰ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ਗੁਰਦੁਆਰਾ ਨਾਨਕ ਮਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ, ਜਨਰਲ ਸਕੱਤਰ ਧੰਨਾ ਸਿੰਘ ਅਤੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੂੰ  ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਪੰਦਰਾਂ ਦਿਨ ਰੋਜ਼ਾਨਾ ਸਵੇਰੇ ਇਕ ਘੰਟਾ ਗੁਰਦੁਆਰਾ ਨਾਨਕ ਮਤਾ ਸਾਹਿਬ ਵਿਖੇ ਕਥਾ ਸਰਵਣ ਕਰਨ, ਇਕ ਘੰਟਾ ਸੰਗਤਾਂ ਦੇ ਜੋੜੇ ਸਾਫ਼ ਕਰਨ, ਇਕ ਘੰਟਾ ਲੰਗਰ ਦੇ ਜੂਠੇ ਬਰਤਨ ਧੋਣ ਅਤੇ ਨਿੱਤਨੇਮ ਤੋਂ ਇਲਾਵਾ ਰੋਜ਼ਾਨਾ ਇਕ  ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਇੱਕੀ ਸੌ ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣ ਅਤੇ ਇੱਕੀ ਸੌ ਰੁਪਏ ਗੋਲਕ ਵਿਚ ਭੇਟਾ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪਾਸੋਂ ਖਿਮਾ ਜਾਚਨਾ ਦੀ ਅਰਦਾਸ ਕਰਵਾਉਣ ਦਾ ਆਦੇਸ਼ ਦਿੱਤਾ ਗਿਆ । ਇਸ ਮੌਕੇ  ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸਾਹਮਣੇ ਜੁੜੀਆਂ ਸੰਗਤਾਂ ਉਸ ਵੇਲੇ ਹੈਰਾਨ ਰਹਿ ਗਈਆਂ ਜਦੋਂ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੂੰ ਜਦੋਂ ਦਾੜ੍ਹੀ ਰੰਗਣ ਕਾਰਨ ਪਹਿਲਾਂ ਪੰਜ ਪਿਆਰਿਆਂ ਅੱਗੇ ਪੇਸ਼ ਹੋਣ ਬਾਰੇ ਸਿੰਘ ਸਾਹਿਬਾਨ ਵਲੋਂ ਕਿਹਾ ਗਿਆ ਤਾਂ ਉਨ੍ਹਾਂ ਨੇ ਜਥੇਦਾਰ ਸਾਹਿਬਾਨ ਦਾ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ । ਜਿਸ 'ਤੇ ਸਿੰਘ ਸਾਹਿਬਾਨ ਵਲੋਂ ਉਸ ਨੂੰ ਤੁਰੰਤ ਸਿੱਖ ਪੰਥ 'ਚੋਂ ਤਨਖ਼ਾਹੀਆ ਕਰਾਰ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ । ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ, ਗਿਆਨੀ ਮਲਕੀਤ ਸਿੰਘ ਵਰਪਾਲ, ਭਾਈ ਮੰਗਲ ਸਿੰਘ ਤੇ ਭਾਈ ਬਿਕਰਮਜੀਤ ਸਿੰਘ ਹਾਜ਼ਰ ਸਨ ।