ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ *ਸਾਬਕਾ ਡੀਆਈਜੀ ਖਟੜਾ ਵੱਲੋਂ  ਅਹਿਮ ਖੁਲਾਸੇ

ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ *ਸਾਬਕਾ ਡੀਆਈਜੀ ਖਟੜਾ ਵੱਲੋਂ  ਅਹਿਮ ਖੁਲਾਸੇ

*ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਹੁਣ ਡੇਰਾ ਮੁਖੀ ਮੁਲਜ਼ਮਾਂ ਦੀ ਲਿਸਟ 'ਚੋਂ ਬਾਹਰ ਹੈ।

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ: ਸਾਬਕਾ ਡੀਆਈਜੀ ਰਣਬੀਰ ਸਿੰਘ ਖਟੜਾ ਵੱਲੋਂ ਪੰਥ ਸਾਹਮਣੇ ਅਹਿਮ ਖੁਲਾਸੇ ਕੀਤੇ ਗਏ। ਦਰਅਸਲ, ਖਟੜਾ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ 'ਚ ਸ਼ਾਮਲ ਹੋਏ, ਜਿਸ ਦੌਰਾਨ ਬੇਅਦਬੀ ਮਾਮਲੇ ‘ਚ ਪਹਿਲੀ ਵਾਰ ਖੁੱਲ੍ਹ ਕੇ ਖਟੜਾ ਸਾਹਮਣੇ ਆਏ।  ਖਟੜਾ ਨੇ ਦੱਸਿਆ, 'ਅਕਾਲ ਤਖ਼ਤ ਸਾਹਿਬ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਸੀ। ਛੇ ਸਾਲ ਤੋਂ ਸੱਦਾ ਪੱਤਰ ਦੀ ਉਡੀਕ ਵਿੱਚ ਸੀ। 30 ਨਵੰਬਰ, 2015 ਨੂੰ ਮੈਨੂੰ ਜਾਂਚ ਸੌਂਪੀ ਗਈ ਸੀ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਸਾਰੀ ਤਫਤੀਸ਼ ਸਿਰੇ ਲਾਈ ਗਈ।"ਉਨ੍ਹਾਂ ਕਿਹਾ, "ਸਾਢੇ ਤਿੰਨ ਸਾਲ ਬਾਅਦ ਦੋਸ਼ੀਆਂ ਦੀ ਪਛਾਣ ਹੋਈ ਸੀ। ਸਾਰੀਆਂ ਘਟਨਾਵਾਂ ਨੂੰ ਇੱਕੋ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਸਵੇਰੇ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਘਟਨਾਵਾਂ ਵਾਪਰੀਆਂ ਸੀ। ਲੋਕਾਂ ਵਿੱਚ ਵਖਰੇਵਾਂ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।" ਸਾਬਕਾ ਡੀਆਈਜੀ ਨੇ ਕਿਹਾ,"ਮੈਂ ਸਿਰਫ ਤੇ ਸਿਰਫ ਬੇਅਦਬੀ ਦੀ ਗੱਲ ਕਰ ਰਿਹਾਂ ਹਾਂ।" ਬੇਅਦਬੀ ਕੇਸ ‘ਚ 28 ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 63 ਨੰਬਰ ਐਫ ਆਈ ਆਰ‘ਚ ਡੇਰਾ ਮੁਖੀ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਸੀ ਅਤੇ ਸਰੂਪ ਚੋਰੀ ਮਾਮਲੇ ‘ਚ ਵੀ ਡੇਰਾ ਮੁਖੀ ਦਾ ਨਾਂ ਬੋਲਦਾ ਹੈ।ਰਣਬੀਰ ਸਿੰਘ ਖਟੜਾ ਨੇ ਖੁਲਾਸਾ ਕੀਤਾ ਕਿ ਹੁਣ ਡੇਰਾ ਮੁਖੀ ਮੁਲਜ਼ਮਾਂ ਦੀ ਲਿਸਟ 'ਚੋਂ ਬਾਹਰ ਹੈ। ਸਾਬਕਾ ਡੀਆਈਜੀ ਮੁਤਾਬਕ ਅਦਾਲਤ ਵਿੱਚ ਬਰਗਾੜੀ ਬੇਅਦਬੀ ਨਾਲ ਸਬੰਧਤ ਐਫਆਈਆਰਜ਼ ਨੰ. 117 ਤੇ 128 ਤਹਿਤ ਪੇਸ਼ ਕੀਤੇ ਤਾਜ਼ਾ ਚਲਾਨਾਂ ਵਿੱਚ ਡੇਰਾ ਮੁਖੀ ਦਾ ਨਾਂਅ ਦਰਜ ਨਹੀਂ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੂਰੀ ਵਿਉਂਤਬੰਦੀ ਨਾਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਰਣਬੀਰ ਸਿੰਘ ਖਟੜਾ ਨੇ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਘਟਨਾਵਾਂ ਦੀ ਪੜਤਾਲ ਕਰਨ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ ਸੀ। ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ’ਚ ਚਾਰ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ

ਫ਼ਰੀਦਕੋਟ: ਇਲਾਕਾ ਮੈਜਿਸਟਰੇਟ ਮਿਸ ਤਰਜਨੀ ਦੀ ਅਦਾਲਤ ਨੇ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਡੇਰਾ ਪ੍ਰੇਮੀਆਂ ਨੂੰ ਮੁਕੱਦਮਾ ਚੱਲਣ ਤੱਕ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਜਾਂਚ ਟੀਮ ਨੇ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਇਸ ਸਬੰਧੀ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ 23 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਕੁਮਾਰ ਮੌਂਗਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਿਆਸੀ ਕਾਰਨਾਂ ਕਰਕੇ ਝੂਠੇ ਮੁਕੱਦਮੇ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਡੇਰਾ ਪ੍ਰੇਮੀਆਂ ਨੇ ਕਦੇ ਵੀ ਇਤਰਾਜ਼ਯੋਗ ਪੋਸਟਰ ਨਹੀਂ ਲਾਏ। ਦੂਜੇ ਪਾਸੇ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਹੋਏ ਐਡਵੋਕੇਟ ਪੰਕਜ ਤਨੇਜਾ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਜੇਕਰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਜਾਂਚ ਪ੍ਰਕਿਰਿਆ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਦੇਸ਼ ਦਿੱਤਾ ਕਿ ਚੱਲਦੇ ਮੁਕੱਦਮੇ ਤੱਕ ਡੇਰਾ ਪ੍ਰੇਮੀਆਂ ਨੂੰ ਰਿਹਾਅ ਕੀਤਾ ਜਾਵੇ।