ਮਾਮਲਾ ਸੰਤੋਖ ਸਿੰਘ ਨੂੰ ਅਗਵਾ ਤੇ ਲਾਪਤਾ ਕਰਨ ਦਾ    

ਮਾਮਲਾ ਸੰਤੋਖ ਸਿੰਘ ਨੂੰ ਅਗਵਾ ਤੇ ਲਾਪਤਾ ਕਰਨ ਦਾ    

 ਇੰਸਪੈਕਟਰ ਨੂੰ 10 ਸਾਲ ਕੈਦ ਤੇ 70 ਹਜ਼ਾਰ ਰੁਪਏ ਜੁਰਮਾਨਾ

ਅੰਮ੍ਰਿਤਸਰ ਟਾਈਮਜ਼

ਐੱਸ. ਏ. ਐੱਸ. ਨਗਰ-ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਜੁਲਾਈ 1991 ਵਿਚ ਪੁਲਿਸ ਵਲੋਂ ਸੰਤੋਖ ਸਿੰਘ ਵਾਸੀ ਪਿੰਡ ਜਸਪਾਲ ਜ਼ਿਲ੍ਹਾ ਅੰਮਿ੍ਤਸਰ ਨੂੰ ਘਰੋਂ ਜ਼ਬਰਦਸਤੀ ਚੁੱਕ ਕੇ ਲਿਜਾਣ ਉਪਰੰਤ ਅੱਜ ਤੱਕ ਉਸ ਦਾ ਕੋਈ ਅਤਾ-ਪਤਾ ਨਾ ਲੱਗਣ ਦੇ ਮਾਮਲੇ ਵਿਚ ਸਾਬਕਾ ਇੰਸਪੈਕਟਰ ਮੇਜਰ ਸਿੰਘ ਨੂੰ ਧਾਰਾ-364 ਵਿਚ 10 ਸਾਲ ਦੀ ਕੈਦ ਤੇ 50 ਹਜ਼ਾਰ ਰੁ. ਜੁਰਮਾਨਾ ਅਤੇ ਧਾਰਾ 344 ਵਿਚ 3 ਸਾਲ ਦੀ ਕੈਦ ਤੇ 20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਜੁਰਮਾਨਾ ਅਦਾ ਨਾ ਕਰਨ 'ਤੇ 1 ਸਾਲ ਦੀ ਹੋਰ ਕੈਦ ਕੱਟਣੀ ਪਵੇਗੀ । ਇਸ ਮਾਮਲੇ ਦੀ ਪੈਰਵਾਈ ਸੀਬੀਆਈ. ਦੇ ਵਕੀਲ ਗੁਰਵਿੰਦਰ ਸਿੰਘ ਅਤੇ ਸ਼ਿਕਾਇਤਕਰਤਾ ਧਿਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਤੇ ਪੁਸ਼ਪਿੰਦਰ ਸਿੰਘ ਨੱਤ ਕਰ ਰਹੇ ਸਨ । ਇਸ ਸੰਬੰਧੀ ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ 31 ਜੁਲਾਈ 1991 ਨੂੰ ਰਾਤ ਦੇ 8 ਵਜੇ ਦੇ ਕਰੀਬ ਥਾਣਾ ਸਦਰ ਤਰਨਤਾਰਨ ਦਾ ਉਸ ਸਮੇਂ ਦਾ ਮੁਖੀ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਸੰਤੋਖ ਸਿੰਘ ਦੇ ਘਰ ਆਇਆ ਅਤੇ ਸੰਤੋਖ ਸਿੰਘ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ ।ਸੰਤੋਖ ਸਿੰਘ ਦਾ ਪਰਿਵਾਰ 8-10 ਦਿਨ ਲਗਾਤਾਰ ਥਾਣੇ ਜਾਂਦਾ ਰਿਹਾ ਅਤੇ ਪੁਲਿਸ ਵਲੋਂ ਪਰਿਵਾਰ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਸੀ ਕਿ ਉਸ ਨੂੰ ਪੁੱਛਗਿੱਛ ਤੋਂ ਬਾਅਦ ਜਲਦ ਛੱਡ ਦਿੱਤਾ ਜਾਵੇਗਾ ।ਪਰਿਵਾਰ ਵਲੋਂ ਹਾਈਕੋਰਟ ਦਾ ਦਰਵਾਜਾ ਖੜ੍ਹਕਾਇਆ ਗਿਆ | ਹਾਈਕੋਰਟ ਵਲੋਂ 23 ਫਰਵਰੀ 1998 ਨੂੰ ਉਕਤ ਕੇਸ ਸੀ. ਬੀ. ਆਈ. ਨੂੰ ਰੈਫਰ ਕਰ ਦਿੱਤਾ ਗਿਆ । ਸੀ. ਬੀ. ਆਈ. ਵਲੋਂ ਆਪਣੀ ਜਾਂਚ ਤੋਂ ਬਾਅਦ ਇੰਸਪੈਕਟਰ ਮੇਜਰ ਸਿੰਘ ਖ਼ਿਲਾਫ਼ 28 ਅਗਸਤ 1998 ਨੂੰ ਕੇਸ ਦਰਜ ਕਰ ਲਿਆ ਗਿਆ ਅਤੇ ਇੰਸਪੈਕਟਰ ਮੇਜਰ ਸਿੰਘ ਖ਼ਿਲਾਫ਼ ਧਾਰਾ-364 ਅਤੇ 344 ਦੇ ਤਹਿਤ 21 ਅਪ੍ਰੈਲ 1999 ਨੂੰ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ।| ਉਧਰ ਮੇਜਰ ਸਿੰਘ ਵਲੋਂ ਉਕਤ ਮਾਮਲੇ 'ਚ ਸੁਪਰੀਮ ਕੋਰਟ 'ਚ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ ਗਈ ਅਤੇ ਕਰੀਬ 18 ਸਾਲ ਉਕਤ ਮਾਮਲਾ ਠੰਢੇ ਬਸਤੇ 'ਚ ਪਿਆ ਰਿਹਾ ।ਪਿਛਲੇ ਸਾਲ ਹਾਈਕੋਰਟ ਵਲੋਂ 2 ਮਹੀਨਿਆਂ 'ਚ ਉਕਤ ਮਾਮਲੇ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ ਸਨ । ਇਸ ਮਾਮਲੇ ਵਿਚ ਸੰਤੋਖ ਸਿੰਘ ਦੀ ਮਾਤਾ ਸਵਰਨ ਕੌਰ ਵਲੋਂ ਮੁਆਵਜੇ ਲਈ ਅਦਾਲਤ 'ਚ ਅਪੀਲ ਦਾਇਰ ਕੀਤੀ ਗਈ, ਪਰ ਸੀ. ਬੀ. ਆਈ. ਅਦਾਲਤ ਵਲੋਂ ਮੁਆਵਜੇ ਸੰਬੰਧੀ ਕੇਸ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਭੇਜ ਦਿੱਤਾ ਗਿਆ ।
ਸੰਤੋਖ ਸਿੰਘ ਦੇ ਦੂਜੇ ਭਰਾ ਗੁਰਭੇਜ ਸਿੰਘ ਦੀ ਮੁਕਾਬਲੇ 'ਚ ਹੋ ਚੁੱਕੀ ਹੈ ਮੌਤ
ਸੰਤੋਖ ਸਿੰਘ ਦੀ ਮਾਤਾ ਸਵਰਨ ਕੌਰ ਦਾ ਕਹਿਣਾ ਹੈ ਕਿ ਉਸ ਦੇ 4 ਲੜਕੇ ਅਤੇ ਇਕ ਲੜਕੀ ਹੈ | ਉਸ ਦੇ ਦੂਜੇ ਲੜਕੇ ਗੁਰਭੇਜ ਸਿੰਘ ਨੂੰ ਵੀ ਪੁਲਿਸ ਵਲੋਂ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ, ਜਦਕਿ ਤੀਜਾ ਲੜਕਾ ਹਰਭਜਨ ਸਿੰਘ ਫ਼ੌਜ ਵਿਚੋਂ ਸੇਵਾ-ਮੁਕਤ ਹੋ ਚੁੱਕਾ ਹੈ ਅਤੇ ਚੌਥਾ ਲੜਕਾ ਗੁਰਮੇਜ ਸਿੰਘ ਬਿਜਲੀ ਬੋਰਡ ਵਿਚ ਨੌਕਰੀ ਕਰ ਰਿਹਾ ਹੈ |