ਜੁਝਾਰੂ ਪੱਤਰਕਾਰ ਯੋਧਾ ਵਿਨੋਦ ਦੂਆ ਚਲ ਵਸੇ 

ਜੁਝਾਰੂ ਪੱਤਰਕਾਰ ਯੋਧਾ ਵਿਨੋਦ ਦੂਆ ਚਲ ਵਸੇ 

*ਕੁਝ ਦਿਨਾਂ ਤੋਂ ਲਿਵਰ ਦੀ ਬਿਮਾਰੀ ਕਾਰਣ ਅਪੋਲੋ ਹਸਪਤਾਲ ਵਿਚ ਸਨ ਦਾਖ਼ਲ

*ਹਕੂਮਤੀ ਦਬਾਵਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਰਖਦਾ ਸੀ ਦੂਆ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਬਲੈਕ ਐਂਡ ਵ੍ਹਾਈਟ ਦੇ ਯੁੱਗ ਵਿਚ ਦੂਰਦਰਸ਼ਨ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਅਤੇ ਬਾਅਦ ਦੇ ਦਹਾਕਿਆਂ ਵਿਚ ਡਿਜੀਟਲ ਦੁਨੀਆ ਵਿਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਮਸ਼ਹੂਰ ਪੱਤਰਕਾਰ ਵਿਨੋਦ ਦੂਆ ਦਾ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਵਿਨੋਦ ਦੂਆ ਨੇ ਕਈ ਪੁਰਸਕਾਰ ਜਿੱਤੇ। ਸਾਲ 2008 ਵਿਚ ਵਿਨੋਦ ਦੂਆ ਨੂੰ ਪੱਤਰਕਾਰੀ ਲਈ ਪਦਮਸ੍ਰੀ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ ਉਹ ਪੱਤਰਕਾਰੀ ਵਿਚ ਰਾਮਨਾਥ ਗੋਇਨਕਾ ਐਕਸੀਲੈਂਸ ਪੁਰਸਕਾਰ ਹਾਸਲ ਕਰਨ ਵਾਲੇ ਇਲੈਕਟ੍ਰੌਨਿਕ ਮੀਡੀਆ ਦੇ ਪਹਿਲੇ ਪੱਤਰਕਾਰ ਸਨ।ਉਨ੍ਹਾਂ ਦੀ ਧੀ ਮਲਿਕਾ  ਅਦਾਕਾਰਾ-ਹਾਸ ਕਲਾਕਾਰ   ਹੈ।  ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਕਰੋਨਾਵਾਇਰਸ ਕਾਰਨ  ਇਸੇ ਸਾਲ ਜੂਨ ਮਹੀਨੇ ਵਿਚ ਉਨ੍ਹਾਂ ਨੇ ਆਪਣੀ ਪਤਨੀ, ਰੇਡੀਓਲੌਜਿਸਟ ਪਦਮਾਵਤੀ ‘ਚਿੰਨਾ’ ਦੂਆ ਨੂੰ ਗੁਆ ਦਿੱਤਾ ਸੀ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅਪੋਲੋ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਵਿਨੋਦ ਦੂਆ ਲਿਵਰ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਸਨ। 

ਵਿਨੋਦ ਦੂਆ ਦਾ ਵੰਡ ਦੇ ਸ਼ਰਨਾਰਥੀ ਕੈਂਪਾਂ ਤੋਂ ਲੈ ਕੇ ਦੇਸ਼ ਦੇ ਨਾਮੀ ਚੈਨਲਾਂ ਤੱਕ ਦਾ ਸਫ਼ਰ

 ਉੱਘੇ ਟੀਵੀ ਐਂਕਰ ਵਿਨੋਦ ਦੂਆ ਦਾ ਜਾਣਾ ਟੀਵੀ ਪੱਤਰਕਾਰੀ ਦੇ ਇੱਕ ਯੁੱਗ ਦਾ ਅੰਤ ਹੈ। ਖ਼ਾਸ ਤੌਰ 'ਤੇ ਟੀਵੀ ਪੱਤਰਕਾਰੀ ਲਈ। ਉਨ੍ਹਾਂ ਕਰਕੇ ਹਿੰਦੀ ਪੱਤਰਕਾਰੀ ਪਹਿਲੀ ਵਾਰ ਜਗਮਗਾਈ ਸੀ।ਦੂਰਦਰਸ਼ਨ ਉੱਪਰ ਉਨ੍ਹਾਂ ਦੀ ਸ਼ੁਰੂਆਤ, ਗ਼ੈਰ ਖ਼ਬਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਤੋਂ ਹੋਈ ਸੀ ਪਰ ਬਾਅਦ ਵਿੱਚ ਉਹ ਖ਼ਬਰਾਂ ਬਾਰੇ ਪ੍ਰੋਗਰਾਮਾਂ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਅਤੇ ਛਾ ਗਏ।ਚੋਣ ਵਿਸ਼ਲੇਸ਼ਣ ਨੇ ਉਨ੍ਹਾਂ ਦੀ ਪ੍ਰਸਿੱਧੀ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ ਸੀ। ਜਨਵਾਣੀ ਪ੍ਰੋਗਰਾਮ ਵਿੱਚ ਉਹ ਮੰਤਰੀਆਂ ਤੋਂ ਜਿਸ ਤਰ੍ਹਾਂ ਦੇ ਸਵਾਲ ਪੁੱਛਦੇ ਸਨ ਜਾਂ  ਉਨ੍ਹਾਂ ਦੀ ਕਲਪਨਾ ਕਰਨਾ ਉਸ ਜ਼ਮਾਨੇ ਵਿੱਚ ਅਸੰਭਵ ਜਿਹੀ ਗੱਲ ਸੀ।ਮੰਤਰੀ ਦੇ ਮੂੰਹ ’ਤੇ ਆਲੋਚਨਾ ਕਰਨ ਦੀ ਹਿੰਮਤ ਕੀਤੀ, ਸਰਕਾਰੀ ਕੰਟਰੋਲ ਵਾਲੇ ਦੂਰਦਰਸ਼ਨ ਵਿੱਚ ਕੋਈ ਐਂਕਰ ਸ਼ਕਤੀਸ਼ਾਲੀ ਮੰਤਰੀ ਨੂੰ ਇਹ ਕਹੇ ਕਿ ਉਨ੍ਹਾਂ ਦੇ ਕੰਮਕਾਜ ਦੇ ਅਧਾਰ ਉੱਪਰ ਉਹ ਉਨ੍ਹਾਂ ਨੂੰ ਦਸ ਵਿੱਚੋਂ ਤਿੰਨ ਨੰਬਰ ਦਿੰਦੇ ਹਨ ਅਤੇ ਇਹ ਉਸ ਲਈ ਬਹੁਤ ਸ਼ਰਮਨਾਕ ਗੱਲ ਸੀ। ਦੂਆ ਵਿੱਚ ਅਜਿਹਾ ਕਹਿਣ ਦੀ ਹਿੰਮਤ ਸੀ ਅਤੇ ਉਹ ਵਾਰ-ਵਾਰ ਅਜਿਹਾ ਕਰਦੇ ਸਨ। ਇਸ ਲਈ ਮੰਤਰੀਆਂ ਨੇ ਪ੍ਰਧਾਨ ਮੰਤਰੀ ਕੋਲ ਇਸ ਦੀ ਸ਼ਿਕਾਇਤ ਕਰਕੇ ਪ੍ਰੋਗਰਾਮ ਬੰਦ ਕਰਵਾਉਣ ਦੀ ਵਾਹ ਲਾਈ ਪਰ ਸਫ਼ਲ ਨਹੀਂ ਹੋ ਸਕੇ।ਉਨ੍ਹਾਂ ਨੇ ਕਦੇ ਇਸ ਗੱਲ ਦੀ ਫਿਕਰ ਨਹੀਂ ਕੀਤੀ ਕਿ ਸੱਤਾ ਉਨ੍ਹਾਂ ਨੇ ਨਾਲ ਕੀ ਸਲੂਕ ਕਰੇਗੀ। ਸੱਤਾਧਾਰੀ ਦਲ ਨੇ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਕੇਸ ਵਿੱਚ ਫ਼ਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਲੜਾਈ ਲੜੀ ਅਤੇ ਸੁਪਰੀਮ ਕੋਰਟ ਵਿੱਚੋਂ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਮੁੱਕਦਮਾ ਮੀਡੀਆ ਲਈ ਵੀ ਇੱਕ ਰਾਹਤ ਸਾਬਤ ਹੋਇਆ।

ਇਹ ਸਹੀ ਹੈ ਕਿ ਉਹ ਘਟਨਾਵਾਂ ਦੀ ਰਿਪੋਰਟਿੰਗ ਲਈ ਸ਼ੁਰੂਆਤੀ ਦੌਰ ਤੋਂ ਇਲਾਵਾ (ਨਿਊਜ਼ ਲਾਈਨ) ਕਦੇ ਫ਼ੀਲਡ ਵਿੱਚ ਨਹੀਂ ਉੱਤਰੇ (ਖਾਣ-ਪਾਨ ਦੇ ਪ੍ਰੋਗਰਾਮ, ਜ਼ਾਇਕਾ ਇੰਡੀਆ ਨੂੰ ਛੱਡ ਕੇ ਅਤੇ ਨਾ ਹੀ ਅਖ਼ਬਾਰ-ਰਸਾਲਿਆਂ ਵਿੱਚ ਲੇਖ ਵਗੈਰਾ ਲਿਖਦੇ ਸਨ ਪਰ ਦੇਸ਼-ਦੁਨੀਆਂ ਦੀਆਂ ਹਲਚਲਾਂ ਦੇ ਬਾਰੇ ਬਹੁਤ ਚੇਤੰਨ ਰਹਿੰਦੇ ਸਨ। ਇਹ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ ਪੱਤਰਕਾਰੀ ਦੀ ਸੂਝ ਅਤੇ ਜਾਣਕਾਰੀਆਂ ਨਾਲ ਭਰੀ ਹੁੰਦੀ ਸੀ। ਉਨ੍ਹਾਂ ਦੇ ਸਵਾਲਾਂ ਵਿੱਚ ਇਸ ਦੀ ਛਾਪ ਨਜ਼ਰ ਆਉਂਦੀ ਸੀ।ਵਿਨੋਦ ਦੂਆ ਦੀ ਪੱਤਰਕਾਰੀ ਨਾਲ ਜੁੜੀ ਸਮਝ ਦੀ ਇੱਕ ਮਿਸਾਲ ਸਹਾਰਾ ਵਨ ਉੱਪਰ ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਪ੍ਰਤੀਦਿਨ ਵੀ ਸੀ।ਇਸ ਪ੍ਰੋਗਰਾਮ ਵਿੱਚ ਉਹ ਪੱਤਰਕਾਰਾਂ ਨਾਲ ਮਿਲ ਕੇ ਉਸ ਦਿਨ ਦੀਆਂ ਅਖ਼ਬਾਰੀ ਸੁਰਖੀਆਂ ਦੀ ਚਰਚਾ ਕਰਦੇ ਸਨ।ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਇਸ ਐਂਕਰ ਵਿੱਚ ਪੱਤਰਕਾਰੀ ਨਹੀਂ ਹੈ।ਵਿਨੋਦ ਦੂਆ ਟੀਵੀ ਪੱਤਰਕਾਰੀ ਦੀ ਪਹਿਲੀ ਪੀੜ੍ਹੀ ਦੇ ਐਂਕਰ ਸਨ। ਉਨ੍ਹਾਂ ਨੇ ਉਸ ਦੌਰ ਵਿੱਚ ਪੱਤਰਕਾਰੀ ਸ਼ੁਰੂ ਕੀਤੀ ਸੀ ਜਦੋਂ ਸਿੱਧਾ ਪ੍ਰਸਾਰਣ ਨਾ ਦੇ ਬਰਾਬਰ ਹੁੰਦਾ ਸੀ। ਯੁਵਾ ਮੰਚ (1974) ਅਤੇ ਆਪਕੇ ਲੀਏ (1981) ਵਰਗੇ ਪ੍ਰੋਗਰਾਮ ਰਿਕਾਰਡ ਹੁੰਦੇ ਸਨ।ਬਹੁਤ ਬਾਅਦ ਵਿੱਚ, 1985 ਵਿੱਚ ਚੋਣ ਵਿਸ਼ਲੇਸ਼ਣ 'ਤੇ ਅਧਾਰਿਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸ਼ੁਰੂ ਹੋਇਆ। ਇਸ ਵਿੱਚ ਵੀ ਵਿਨੋਦ ਦੂਆ ਨੇ ਆਪਣੀ ਮੁਹਾਰਤ ਸਾਬਤ ਕਰ ਦਿੱਤੀ ਸੀ।ਬਾਅਦ ਵਿੱਚ ਜਦੋਂ ਖ਼ਬਰੀ ਚੈਨਲਾਂ ਦਾ ਦੌਰ ਆਇਆ, ਜਿਸ ਵਿੱਚ ਲਾਈਵ ਹੀ ਲਾਈਵ ਸੀ। ਉਸ ਵਿੱਚ ਸਮਤੋਲ ਬਣਾਉਣ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ ਅਤੇ ਜਦੋਂ ਡਿਜੀਟਲ ਪੱਤਰਕਾਰੀ ਦਾ ਦੌਰ ਆਇਆ ਤਾਂ ਉਹ ਇਸ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫ਼ਲ ਰਹੇ। ਦਿ ਵਾਇਰ ਅਤੇ ਐੱਚਡਬਲਿਊ ਉੱਪਰ ਉਨ੍ਹਾਂ ਦੇ ਸ਼ੋਅ ਦੇ ਦਰਸ਼ਕਾਂ ਦੀ ਸੰਖਿਆ ਲੱਖਾਂ ਵਿੱਚ ਸੀ।ਸਾਹਿਤ ਤੋਂ ਇਲਾਵਾ ਹੋਰ ਵਿਸ਼ਿਆ ਬਾਰੇ ਵੀ ਉਨ੍ਹਾਂ ਦਾ ਅਧਿਐਨ ਚਲਦਾ ਰਹਿੰਦਾ ਸੀ। ਕਿਤਾਬਾਂ ਉਨ੍ਹਾਂ ਦੀਆਂ ਅਨਿੱਖੜ ਦੋਸਤ ਸਨ।ਵਿਨੋਦ ਦੂਆ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ। ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਦੇ ਡੇਰਾ ਇਸਮਾਈਲ ਖ਼ਾਨ ਤੋਂ ਹਿਜਰਤ ਕਰਕੇ ਆਇਆ ਸੀ।ਉਸ ਅਰਸੇ ਦੌਰਾਨ ਉਨ੍ਹਾਂ ਨੇ ਉਹ ਸਾਰੀਆਂ ਦੁਸ਼ਵਾਰੀਆਂ ਆਪਣੇ ਪਿੰਡੇ 'ਤੇ ਹੰਢਾਈਆਂ ਹੋਣਗੀਆਂ ਜੋ ਵੰਡ ਦੇ ਮਾਰੇ ਹੋਰ ਪਰਿਵਾਰਾਂ ਦੇ ਨੌਨਿਹਾਲਾਂ ਨੇ ਝੱਲੀਆਂ ਹੋਣਗੀਆਂ।ਇਸ ਲਈ ਉਨ੍ਹਾਂ ਵਿੱਚ ਹਲੀਮੀ ਸੀ। ਖ਼ੈਰ ਵਿਨੋਦ ਦੂਆ ਦਾ ਇਸ ਤਰ੍ਹਾਂ ਅਜਿਹੇ ਸਮੇਂ ਤੁਰ ਜਾਣਾ ਪੱਤਰਕਾਰੀ ਦਾ ਨਹੀਂ, ਲੋਕਤੰਤਰ ਲਈ ਇੱਕ ਬਹੁਤ ਵੱਡਾ ਘਾਟਾ ਹੈ।ਉਨ੍ਹਾਂ ਦੀ ਮੌਜੂਦਗੀ ਸਾਡੇ ਵਰਗੇ ਬਹੁਤ ਸਾਰੇ ਪੱਤਰਕਾਰਾਂ ਨੂੰ ਪ੍ਰੇਰਣਾ ਦਿੰਦੀ ਹੀ ਸੀ, ਉਨ੍ਹਾਂ ਲੜਾਕਿਆਂ ਨੂੰ ਵੀ ਲੜਨ ਅਤੇ ਹਕੂਮਤੀ ਦਬਾਵਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਦਿੰਦੀ ਸੀ, ਜੋ ਲੋਕਤੰਤਰ ਅਤੇ ਸਾਂਝੀ ਵਿਰਾਸਤ ਨੂੰ ਬਚਾਉਣ ਲਈ ਕੋਸ਼ਿਸ਼ ਵਿੱਚ ਹਨ।