'ਲੜਾਈ ਜਦੋਂ ਫ਼ਸਲਾਂ ਤੇ ਨਸਲਾਂ ਦੀ ਹੋਵੇ ਤਾਂ ਟਿਕ ਕੇ ਨਹੀਂ ਬੈਠਿਆ ਜਾਂਦਾ': ਬੰਤਾ ਸਿੰਘ

 'ਲੜਾਈ ਜਦੋਂ ਫ਼ਸਲਾਂ ਤੇ ਨਸਲਾਂ ਦੀ ਹੋਵੇ ਤਾਂ ਟਿਕ ਕੇ ਨਹੀਂ ਬੈਠਿਆ ਜਾਂਦਾ': ਬੰਤਾ ਸਿੰਘ

*10 ਕਿਲੋਮੀਟਰ ਰੋਜ਼ ਸਾਈਕਲ ਚਲਾ ਕੇ ਕਿਸਾਨ ਧਰਨੇ 'ਤੇ ਆਉਦਾ ਹੈ 82 ਸਾਲਾ ਬੰਤਾ ਸਿੰਘ*

''ਲੜਾਈ ਜਿੱਤ ਕੇ ਹੀ ਹੁਣ ਮੁੜਾਂਗਾ  ਤੇ ਤਿੰਨੇ ਖੇਤੀ ਕਾਨੂੰਨ ਰੱਦ ਹੋਣ 'ਤੇ ਖੇਤਾਂ ਨੂੰ ਜਾਵਾਂਗਾ।'-'ਬੰਤਾ ਸਿੰਘ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ: ਇੱਕ ਸਾਲ ਤੋਂ ਚੱਲ ਰਹੇ ਕਿਸਾਨ ਮੋਰਚੇ ਨੇ ਕਈ ਪ੍ਰੇਰਣਾਦਾਇਕ ਕਹਾਣੀਆਂ ਸਾਹਮਣੇ ਲਿਆਂਦੀਆਂ ਹਨ। ਬੰਤਾ ਸਿੰਘ ਪਿੰਡ ਡੱਲਾ ਜਗਰਾਓਂ ਵਿਚ 408 ਦਿਨ ਪੂਰੇ ਕਰ ਚੁੱਕੇ ਕਿਸਾਨ ਮੋਰਚੇ ਵਿਚ ਬਿਨਾਂ ਨਾਗ਼ੇ ਤੋਂ ਸ਼ਾਮਲ ਹੋ ਰਹੇ ਹਨ।ਉਨ੍ਹਾਂ ਦੀ ਹਿੰਮਤ ਤੇ ਹੌਂਸਲੇ ਨੇ ਨੌਜਵਾਨਾਂ ਨੂੰ ਮਾਤ ਪਾਈ ਹੈ ਅਤੇ ਕਈਆਂ ਲਈ ਉਹ ਮਿਸਾਲ ਬਣੇ ਹਨ।ਬੰਤਾ ਸਿੰਘ ਦੇ ਪੁੱਤਰ ਹਰਪਾਲ ਸਿੰਘ ਨੇ 9 ਕਿੱਲੇ ਦੀ ਖੇਤੀ ਸੰਭਾਲ ਲਈ ਤਾਂ ਬਾਬੇ ਨੇ ਕਿਸਾਨ ਮੋਰਚੇ ਦਾ ਪਿੜ। ਜਿਹੜਾ ਬਾਪੂ ਕਦੇ ਖੇਤਾਂ 'ਚੋਂ ਬਾਹਰ ਨਹੀਂ ਆਉਂਦਾ ਸੀ, ਉਸ ਨੇ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਮਗਰੋਂ ਖੇਤ ਪੈਰ ਨਹੀਂ ਪਾਇਆ।ਬੰਤਾ ਸਿੰਘ ਕਹਿੰਦੇ ਹਨ, ''ਲੜਾਈ ਜਦੋਂ ਫ਼ਸਲਾਂ ਤੇ ਨਾਲ ਨਸਲਾਂ ਦੀ ਹੋਵੇ ਤਾਂ ਟਿਕ ਕੇ ਨਹੀਂ ਬੈਠਿਆ ਜਾਂਦਾ।''''ਲੜਾਈ ਜਿੱਤ ਕੇ ਹੀ ਹੁਣ ਮੁੜ ਹੋਣਾ ਹੈ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਹੋਣ 'ਤੇ ਖੇਤਾਂ ਨੂੰ ਜਾਵਾਂਗਾ।''ਬੰਤਾ ਸਿੰਘ ਦੀ ਨੂੰਹ ਹਰਪ੍ਰੀਤ ਕੌਰ ਸਵੇਰੇ ਉੱਠ ਕੇ ਬਾਪੂ ਲਈ ਚਾਹ ਪਾਣੀ ਤਿਆਰ ਕਰ ਦਿੰਦੇ ਹਨ।ਬੰਤਾ ਸਿੰਘ ਇਕੱਲੇ ਪਿੰਡ ਲਈ ਨਹੀਂ ਸਗੋਂ ਪੂਰੇ ਇਲਾਕੇ ਲਈ ਪ੍ਰੇਰਣਾ ਸਰੋਤ ਬਣ ਗਏ ਹਨ। ਉਨ੍ਹਾਂ ਦੀ ਪੋਤੀ ਕੈਨੇਡਾ ਦੀ ਨਾਗਰਿਕ ਹੈ ਜਦਕਿ ਪੋਤਾ ਤੇ ਪੋਤ ਨੂੰਹ ਵੀ ਕੈਨੇਡਾ ਜਾ ਵੱਸੇ ਹਨ।ਪੁੱਤ-ਨੂੰਹ ਬਾਪੂ ਨੂੰ ਰੋਕਣ ਦੀ ਥਾਂ ਉਲਟਾ ਕਿਸਾਨ ਸੰਘਰਸ਼ ਵਿਚ ਸ਼ਮੂਲੀਅਤ ਲਈ ਸਾਥ ਤੇ ਸਹਿਯੋਗ ਦਿੰਦੇ ਹਨ।ਪਿੰਡੋਂ ਹੀ ਜਗਰੂਪ ਸਿੰਘ ਰੂਪ ਤੇ ਇੱਕ ਦੋ ਹੋਰ ਸਾਥੀਆਂ ਨਾਲ ਉਹ ਸਾਈਕਲ 'ਤੇ ਜਗਰਾਓਂ ਪਹੁੰਚਦੇ ਹਨ।

82 ਸਾਲਾ ਬਾਪੂ ਨੇ 1982 ਵਿਚ ਸਾਈਕਲ ਲਿਆ ਸੀ ਜੋ ਉਨ੍ਹਾਂ ਦੇ ਇਸ ਸਫ਼ਰ ਦਾ ਪੱਕਾ ਸਾਥੀ ਹੈ। ਸਾਈਕਲ ਦਾ ਡੰਡਾ ਚੜ੍ਹਨ ਵਿਚ ਅੜਿੱਕਾ ਬਣਨ ਲੱਗਿਆ ਤਾਂ ਬਾਪੂ ਸਾਈਕਲ ਲੈ ਕੇ ਝੋਰੜਾਂ ਦੇ ਇੱਕ ਮਿਸਤਰੀ ਕੋਲ ਪਹੁੰਚ ਗਏ। ਉਨ੍ਹਾਂ ਨੇ ਸਾਈਕਲ ਦਾ ਡੰਡਾ ਕਟਵਾ ਕੇ ਇਸ ਨੂੰ 'ਲੇਡੀ ਸਾਈਕਲ' ਬਣਵਾ ਲਿਆ, ਜਿਸ 'ਤੇ ਕਿਸਾਨੀ ਝੰਡਾ ਬੰਨ੍ਹ ਕੇ ਹੁਣ ਉਹ ਹਰ ਰੋਜ਼ ਪਿੰਡੋਂ ਨਿੱਕਲਦੇ ਹਨ, 30 ਮਿੰਟ ਵਿਚ ਦੱਸ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਧਰਨੇ ਵਿਢਚ ਸ਼ਾਮਲ ਹੁੰਦੇ ਹਨ। ਧਰਨੇ ਵਿਚ ਵੀ ਉਨ੍ਹਾਂ ਦੀ ਥਾਂ ਮੂਹਰਲੀ ਕਤਾਰ ਵਿੱਚ ਹੈ, ਜਿਥੇ ਕਿਸਾਨੀ ਝੰਡਾ ਫੜੀ ਜੋਸ਼ ਤੇ ਉੱਚੀ ਆਵਾਜ਼ ਵਿਚ ਉਹ ਨਾਅਰੇ ਬੁਲੰਦ ਕਰਦੇ ਹਨ।ਉਨ੍ਹਾਂ ਨੂੰ ਉਮੀਦ ਨਹੀਂ ਯਕੀਨ ਹੈ ਕਿ ਮੋਦੀ ਹਕੂਮਤ ਤਿੰਨੇ ਕਾਲੇ ਕਾਨੂੰਨ ਰੱਦ ਕਰੇਗੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਹੋਵੇਗੀ।ਬੰਤਾ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਫ਼ਸਲਾਂ ਤੇ ਨਸਲਾਂ ਦੀ ਲੜਾਈ ਲੜ ਰਹੇ ਹਨ।ਬਾਪੂ ਅਕਸਰ ਪਿੰਡੋਂ ਧਰਨੇ ਵਾਲੇ ਲੰਗਰ ਦੀ ਚਾਹ ਲਈ ਦੁੱਧ ਵੀ ਇਕੱਠਾ ਕਰਕੇ ਲਿਆਉਂਦੇ ਹਨ ਅਤੇ ਇੱਕ ਸਾਲ ਤੇ ਇੱਕ ਮਹੀਨੇ ਵਿਚ ਉਨ੍ਹਾਂ ਨੇ ਖਰਚ ਵੀ ਪੱਲਿਓਂ ਹੀ ਕੀਤਾ ਹੈ।ਪਿੰਡ ਵਾਸੀ ਵੀ ਬੰਤਾ ਸਿੰਘ 'ਤੇ ਮਾਣ ਕਰਦੇ ਕਹਿੰਦੇ ਹਨ ਇਕੱਲੇ ਬਾਪੂ ਨੇ ਕਿਸਾਨ ਸੰਘਰਸ਼ ਪੂਰੇ ਪਿੰਡ ਦੀ ਲਾਜ ਰੱਖੀ ਹੈ।ਮੰਦਰ ਸਿੰਘ ਸਰਾਂ ਤੇ ਰਣਧੀਰ ਸਿੰਘ ਧੀਰਾ ਦਾ ਕਹਿਣਾ ਸੀ ਕਿ ਬਾਪੂ ਬੰਤਾ ਸਿੰਘ ਦੇ ਸਿਰੜ ਨੂੰ ਪੂਰਾ ਪਿੰਡ ਸਲਾਮ ਕਰਦਾ ਹੈ।ਬੰਤਾ ਸਿੰਘ ਵਾਂਗ ਪਿੰਡ ਰੂਮੀ ਦੇ 84 ਸਾਲਾ ਤੇਜਾ ਸਿੰਘ ਦੇ ਸਰੀਰ ਵਿਚ ਕੁੱਬ ਪੈ ਗਿਆ ਪਰ ਉਨ੍ਹਾਂ ਨੇ ਜਜ਼ਬੇ ਵਿਚ ਕੁੱਬ ਨਹੀਂ ਪੈਣ ਦਿੱਤਾ ਤਾਂਹੀਓਂ ਤਾਂ ਖੁੰਡਿਆਂ ਸਹਾਰੇ ਰੋਜ਼ਾਨਾ ਧਰਨੇ ਵਿਚ ਹਾਜ਼ਰੀ ਭਰਨਾ ਉਨ੍ਹਾਂ ਦਾ ਧਰਮ ਹੈ।ਚਾਰ ਧੀਆਂ ਅਤੇ ਇੱਕ ਪੁੱਤ ਦੇ ਪਿਤਾ ਤੇਜਾ ਸਿੰਘ 6 ਕਿੱਲੇ ਦੀ ਖੇਤੀ ਆਪਣੇ ਪੁੱਤ ਅਤੇ ਪੋਤੇ ਦੇ ਸਿਰ 'ਤੇ ਕਰਦੇ ਹਨ।

85 ਸਾਲਾ ਗਿੰਦਰ ਸਿੰਘ ਕੋਲ ਨਾ ਜ਼ਮੀਨ ਹੈ ਤੇ ਨਾ ਖੇਤੀ ਪਰ ਉਹ ਵੀ ਧਰਨੇ 'ਚ ਆਉਣਾ ਕਦੇ ਨਹੀਂ ਭੁੱਲੇ। ਦਲਿਤ ਮੁਹੱਲੇ ਦਾ ਬੇਜ਼ਮੀਨਾ ਬਾਪੂ ਮੋਰਚੇ ਦੇ ਲੰਗਰ ਸਟੋਰ ਦਾ ਇੰਚਾਰਜ ਹੈ। ਰੋਜ਼ ਦਰੀਆਂ ਵਿਛਾਉਣ, ਸਫਾਈ ਕਰਨ ਸਮੇਤ ਹੋਰ ਕੰਮ ਉਨ੍ਹਾਂ ਨੇ ਆਪਣੇ ਜ਼ਿੰਮੇ ਲਏ ਹੋਏ ਹਨ।ਸਾਈਕਲ 'ਤੇ ਹੀ ਆਉਂਦੇ ਪਿੰਡ ਅਖਾੜਾ ਦੇ ਬਿੱਕਰ ਸਿੰਘ ਲਈ ਵੀ ਮੋਰਚੇ ਦੀ ਹਾਜ਼ਰੀ ਸਾਹਾਂ ਜਿੰਨੀ ਜ਼ਰੂਰੀ ਹੈ।ਇਸੇ ਤਰ੍ਹਾਂ ਕੋਠੇ ਖੰਜੂਰਾਂ ਪਿੰਡ ਦੇ ਜਗਦੀਪ ਸਿੰਘ ਦੀ ਵੀ ਕੋਈ ਗ਼ੈਰ ਹਾਜ਼ਰੀ ਨਹੀਂ ਹੈ। ਕੋਠੇ ਸ਼ੇਰਜੰਗ ਦੇ ਅਜਾਇਬ ਸਿੰਘ, ਗੁਰਬਖਸ਼ ਸਿੰਘ ਅਤੇ ਹੋਰ ਕਈ ਕਿਸਾਨ ਹਨ ਜਿਹੜੇ ਧਰਨੇ ਦੇ ਪੱਕੇ ਸੰਗੀ ਬਣੇ ਹੋਏ ਹਨ।ਇਹ ਸਭ ਦੱਸਦੇ ਹਨ ਕਿ ਇੱਕ ਸਾਲ ਤੇ ਇੱਕ ਮਹੀਨੇ ਦੌਰਾਨ ਸਰਦੀ ਵੀ ਆਈ ਤੇ ਗਰਮੀ ਵੀ, ਬਰਸਾਤ ਦੇ ਦਿਨ ਵੀ ਆਏ ਪਰ ਉਨ੍ਹਾਂ ਦੀ ਕਿਸਾਨ ਮੋਰਚੇ 'ਚ ਕੋਈ ਗੈਰ ਹਾਜ਼ਰੀ ਨਹੀਂ।ਬਾਪੂ ਬੰਤਾ ਸਿੰਘ ਨੇ ਕਿਹਾ ਕਿ ਕਈ ਵਾਰ ਉਹ ਜਗਰਾਓਂ ਸ਼ਹਿਰ 'ਚ ਮੀਂਹ ਦੇ ਗੋਡੇ-ਗੋਡੇ ਖੜ੍ਹੇ ਪਾਣੀ 'ਚੋਂ ਵੀ ਲੰਘ ਕੇ ਧਰਨੇ ਵਿਚ ਪਹੁੰਚੇ।ਉਨ੍ਹਾਂ ਦੇ ਲਾਮਿਸਾਲ ਜਜ਼ਬੇ ਕਰਕੇ ਪਿੰਡ ਵਾਸੀ ਅਤੇ ਐਨ.ਆਰ.ਆਈ. ਕਮੇਟੀ ਵੱਲੋਂ ਬੰਤਾ ਸਿੰਘ ਚਾਹਲ ਦਾ ਸਨਮਾਨ ਕੀਤਾ ਜਾ ਚੁੱਕਿਆ ਹੈ।